ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗਜ਼ ਵਿਖੇ ਸੰਗਤਾਂ ਨੇ ਮਨਾਇਆ 640ਵਾਂ ਪ੍ਰਕਾਸ਼ ਦਿਵਸ: 17 ਤੋਂ 19 ਫਰਵਰੀ ਤੱਕ ਚੱਲੇ ਸਮਾਗਮ

(ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗਜ਼ ਵਿਖੇ ਸਥਾਨਕ ਮੇਅਰ ਸ੍ਰੀ ਲਾਰੇਂਸ ਜਿਊਲ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। (ਹੇਠਾਂ) ਭਾਈ ਬਲਦੇਵ ਸਿੰਘ, ਮੇਅਰ ਸ੍ਰੀ ਲਾਰੰਸ ਜਿਊਲ, ਸ੍ਰੀ ਮਨਜੀਤ ਸੰਧੂ, ਸ੍ਰੀ ਕੁਲਵਿੰਦਰ ਝੱਮਟ ਅਤੇ ਸ੍ਰੀ ਸੋਹਨ ਲਾਲ ਸੰਬੋਧਨ)
(ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗਜ਼ ਵਿਖੇ ਸਥਾਨਕ ਮੇਅਰ ਸ੍ਰੀ ਲਾਰੇਂਸ ਜਿਊਲ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। (ਹੇਠਾਂ) ਭਾਈ ਬਲਦੇਵ ਸਿੰਘ, ਮੇਅਰ ਸ੍ਰੀ ਲਾਰੰਸ ਜਿਊਲ, ਸ੍ਰੀ ਮਨਜੀਤ ਸੰਧੂ, ਸ੍ਰੀ ਕੁਲਵਿੰਦਰ ਝੱਮਟ ਅਤੇ ਸ੍ਰੀ ਸੋਹਨ ਲਾਲ ਸੰਬੋਧਨ)

ਆਕਲੈਂਡ ਤੋਂ ਲਗਪਗ 450 ਕਿਲੋਮੀਟਰ ਦੂਰ ਵਸੇ ਸ਼ਹਿਰ ਹੇਸਟਿੰਗਜ਼ ਵਿਖੇ ਫਰਵਰੀ 2008 ਤੋਂ ਸਥਾਪਿਤ ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗਜ਼ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ 640ਵਾਂ ਪ੍ਰਕਾਸ਼ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪਹਿਲਾ ਸਮਾਗਮ 10 ਫਰਵਰੀ ਨੂੰ ਸ਼ਾਮ ਦੇ ਦੀਵਾਨ ਸਜਾ ਕੇ ਕੀਤਾ ਗਿਆ ਸੀ ਅਤੇ ਦੂਜਾ ਵੱਡਾ ਸਮਾਗਮ 17 ਤੋਂ 19 ਫਰਵਰੀ ਨੂੰ ਚੱਲਿਆ। ਇਸ ਮੌਕੇ ਰੱਖੇ ਗਏ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। ਸਵੇਰੇ 9 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਸ੍ਰੀ ਮੋਹਨ ਲਾਲ ਦੇ ਪਰਿਵਾਰ ਵੱਲੋਂ ਕਰਵਾਈ ਗਈ। ਸਜੇ ਕੀਰਤਨ ਦੀਵਾਨ ਦੇ ਵਿਚ ਭਾਈ ਗੁਰਪਾਲ ਸਿੰਘ ਕਲਸੀ, ਗੁਰਨਾਮ ਸਿੰਘ ਗਾਮਾ ਅਤੇ ਰਾਮਜੀਤ ਸਿੰਘ ਬਿੱਲਾ ਵੱਲੋਂ ਰਸਭਿੰਨਾ ਕਥਾ-ਕੀਰਤਨ ਕੀਤਾ ਗਿਆ। ਸਥਾਨਕ ਨੌਜਵਾਨਾਂ ਕਾਕਾ ਹਰਸ਼ ਹਨੀ, ਗੋਗੀ ਸੰਧੂ ਅਤੇ ਅਮਨਜੋਤ ਤੋਂ ਇਲਾਵਾ ਕਾਫੀ ਲੰਬੇ ਸਮੇਂ ਤੋਂ ਕੀਰਤਨ ਦੀ ਸਿਖਿਆ ਲੈ ਰਿਹਾ ਨੌਜਵਾਨ ਮੁੰਡਾ ਬਫੀ ਕਲੇਰ ਨੇ ਵੀ ਇਕ ਸ਼ਬਦ ਦੇ ਨਾਲ ਹਾਜ਼ਰੀ ਲਗਵਾਈ। ਇਕ ਹੋਰ ਸ਼ਰਧਾਵਾਨ ਦੱਦਰਾ ਪਰਿਵਾਰ ਦੀਆਂ ਬੱਚੀਆਂ ਨੀਲਮ ਦੱਦਰਾ, ਲਵਪ੍ਰੀਤ ਦੱਦਰਾ ਤੇ ਮੰਦੀਪ ਦੱਦਰਾ ਨੇ ਵੀ ਸ਼ਬਦ ਕੀਰਤਨ ਨਾਲ ਹਾਜ਼ਰੀ ਲਗਵਾਈ।  ਭਾਈ ਬਲਦੇਵ ਸਿੰਘ ਜੋ ਕਿ ਸਿੱਖ ਟੈਂਪਲ ਹੇਸਟਿੰਗਜ਼ ਵਿਖੇ ਕਥਾ ਵਾਸਤੇ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪੁਹੰਚੇ ਹੋਏ ਹਨ ਨੇ ਵੀ ਕਥਾ ਨਾਲ ਸਾਂਝ ਪੁਆਈ। ਸਥਾਨਕ ਕੌਂਸਿਲ ਤੋਂ ਮੇਅਰ ਸ੍ਰੀ ਲਾਰੇਂਸ ਜਿਊਲ ਵੀ ਉਚੇਚੇ ਤੌਰ ‘ਤੇ ਪਹੁਚੇ। ਉਨ੍ਹਾਂ ਆਪਣੇ ਸੰਖੇਪ ਭਾਸ਼ਣ ਦੇ ਵਿਚ ਸਮੂਹ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਕੀਰਤਨ ਕਰਨ ਵਾਲੇ ਸਾਰੇ ਨੌਜਵਾਨ ਬੱਚਿਆਂ ਨੂੰ ਮੇਅਰ ਵੱਲੋਂ ਸਰਟੀਫਿਕੇਟ ਦਿਵਾ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ। ਭਾਈ ਬਲਜੀਤ ਸਿੰਘ, ਸ. ਬਚਨ ਸਿੰਘ ਅਤੇ ਸ. ਪ੍ਰਿਥੀਪਾਲ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਆਕਲੈਂਡ ਤੋਂ ਆਏ ਸ੍ਰੀ ਕੁਲਵਿੰਦਰ ਸਿੰਘ ਝੱਮਟ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸ੍ਰੀ ਸੋਹਨ ਲਾਲ ਨੇ ਵੀ ਗੁਰ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਸੰਗਤ ਨੂੰ ਵਧਾਈ ਦਿੱਤੀ।
ਇਲਾਕੇ ਭਰ ਦੀ ਸੰਗਤ ਤੋਂ ਇਲਾਵਾ ਆਕਲੈਂਡ ਤੋਂ ਵੀ ਕਾਫੀ ਸੰਗਤਾਂ ਪਹੁੰਚੀਆਂ ਸਨ। ਇਸ ਵਾਰ ਦਾ ਸਮਾਗਮ ਪਿਛਲੇ ਸਾਰੇ ਸਮਾਗਮਾਂ ਤੋਂ ਭਰਵਾਂ ਰਿਹਾ ਅਤੇ ਸੰਗਤਾਂ ਵਿਚ ਖਾਸ ਉਤਸ਼ਾਹ ਵੇਖਿਆ ਗਿਆ। ਸਟੇਜ ਸਕੱਤਰ ਸ੍ਰੀ ਮਨਜੀਤ ਸੰਧੂ ਵੱਲੋਂ ਜਿੱਥੇ ਵਧੀਆ ਸਟੇਜ ਸੰਚਾਲਨ ਕੀਤਾ ਗਿਆ ਉਥੇ ਉਨ੍ਹਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਅਤੇ ਸਾਰੇ ਪ੍ਰਚਾਰਕਾਂ ਦਾ ਵੀ ਧੰਨਵਾਦ ਕੀਤਾ ਗਿਆ। ਬਿੱਲੂ ਸਟੂਡੀਓ ਹੈਵਲੌਕ ਵੱਲੋਂ ਸਾਰੇ ਪ੍ਰੋਗਰਾਮ ਦੀ ਲਾਈਵ ਕਵਰੇਜ਼ ਅਤੇ ਤਸਵੀਰਾਂ ਰਾਹੀਂ ਸੇਵਾ ਕੀਤੀ ਗਈ।

Install Punjabi Akhbar App

Install
×