ਆਕਲੈਂਡ ਦੇ ਵਿਚ ਇਕ ਰੈਸਟੋਰੈਂਟ ਚੇਨ ਦੇ ਪ੍ਰਬੰਧਕ ਘੱਟ ਮਿਹਨਤਾਨਾ ਦੇਣ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਤੇ ਜ਼ਮਾਨਤ ‘ਤੇ ਰਿਹਾਅ

ਨਿਊਜ਼ੀਲੈਂਡ ਦੇ ਵਿਚ ਘੱਟ ਮਿਹਨਤਾਨਾ ਦੇ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਜਾਂ ਹੋਰ ਲੋਕਾਂ ਦਾ ਸ਼ੋਸ਼ਣ ਆਮ ਗੱਲ ਹੋ ਗਈ ਹੈ। ਇਸ ਸਬੰਧੀ ਕਈ ਭਾਰਤੀ ਕੰਪਨੀਆਂ ਦੇ ਮਾਲਕ ਵੀ ਘੇਰੇ ਵਿਚ ਆਏ ਹੋਏ ਹਨ। ਅੱਜ ਸਵੇਰੇ ਇਥੇ ਇਕ ਰੈਸਟੋਰੈਂਟ ਚੇਨ ਦੇ ਤਿੰਨ ਪ੍ਰਬੰਧਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਨਾਂਅ ਅਜੇ ਗੁਪਤ ਰੱਖਿਆ ਗਿਆ ਹੈ। ਇਨ੍ਹਾਂ ਨੇ ਪ੍ਰਵਾਸੀ ਕਾਮਿਆਂ ਦਾ ਸ਼ੋਸਣ ਕੀਤਾ ਸੀ। ਬਿਜ਼ਨਸ, ਇਨੋਵੇਸ਼ਨ ਅਤੇ ਇੰਪਲਾਇਮੈਂਟ ਵਿਭਾਗ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਇਸ ਸਬੰਧੀ ਨਿਊਜ਼ੀਲੈਂਡ ਇਮੀਗ੍ਰੇਸ਼ਨ ਚਿਰ ਤੋਂ ਕੰਮ ਕਰ ਰਹੀ ਸੀ। ਇਨ੍ਹਾਂ ਤਿੰਨਾਂ ਦੇ ਵਿਚੋਂ ਇਕ ਦੋਸ਼ੀ ਉਤੇ 14 ਦੋਸ਼ ਲਗਾਏ ਗਏ ਹਨ। ਇਕ ਕੇਸ ਦੇ ਵਿਚ ਇਕ ਕਾਮਾ ਇਨ੍ਹਾਂ ਦੇ ਕਾਰਨ ਹੀ ਇਥੇ ਗੈਰ ਕਾਨੂੰਨੀ ਹੋਣ ਲਈ ਮਜ਼ਬੂਰ ਹੋਇਆ। ਦੂਜੇ ਦੋਸ਼ੀ ਉੇਤ ਪੰਜ ਦੋਸ਼ ਹਨ ਅਤੇ ਤੀਜੇ ਉਤੇ ਛੇ ਦੋਸ਼ ਲਗਾਏ ਗਏ ਹਨ। ਇਸ ਕੇਸ ਦੇ ਵਿਚ ਇਮੀਗ੍ਰੇਸ਼ਨ ਨੂੰ ਨਕਲੀ ਕਾਗਜ਼ਾਤ ਵੀ ਪੇਸ਼ ਕੀਤੇ ਗਏ ਅਤੇ ਮਿਸ ਗਾਈਡ ਵੀ ਕੀਤਾ ਗਿਆ। ਇਮੀਗ੍ਰੇਸ਼ਨ ਅਗਲੇਰੀ ਕਾਰਵਾਈ ਕਰ ਰਹੀ ਹੈ ਅਤੇ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।

Install Punjabi Akhbar App

Install
×