ਆਕਲੈਂਡ ਸ਼ਹਿਰ ਦੁਨੀਆ ਦੇ ਵਿਚ ਉਚ ਗੁਣਵੱਤਾ ‘ਤੇ ਰਹਿਣ ਲਈ ਫਿਰ ਤੀਜੇ ਨੰਬਰ ਉਤੇ

NZ PIC 4 March-1
ਨਿਊਜ਼ੀਲੈਂਡ ਦਾ ਸ਼ਹਿਰ ਆਕਲੈਂਡ ਦੁਨੀਆ ਦੇ ਵਿਚ ਲਗਾਤਾਰ ਉਚ ਗੁਣਵੱਤਾ (ਬੈਸਟ ਕੁਆਲਿਟੀ) ਦੇ ਤੌਰ ‘ਤੇ ਰਹਿਣ ਦੇ ਲਈ ਤੀਜੇ ਨੰਬਰ ‘ਤੇ ਆਇਆ ਹੈ। ਇਸ ਤੋਂ ਪਹਿਲਾਂ 2012 ਅਤੇ 2014 ਦੇ ਵਿਚ ਵੀ ਇਹ ਤੀਜੇ ਨੰਬਰ ਉਤੇ ਆਇਆ ਸੀ। ਪਹਿਲੇ ਨੰਬਰ ਉਤੇ ਵਿਆਨਾ (ਅਸਟਰੀਆ) ਅਤੇ ਦੂਜੇ ਉਤੇ ਯੂਰਿਕ (ਸਵਿਟਜ਼ਰਲੈਂਡ) ਆਇਆ ਹੈ। ਚੌਥੇ ਉਤੇ ਮੁਨਿੱਚ (ਜਰਮਨੀ) ਅਤੇ ਪੰਜਵੇਂ ਉਤੇ ਵੈਨਕੁਵਰ (ਕੈਨੇਡਾ) ਆਇਆ ਹੈ। ਵਲਿੰਗਟਨ ਸ਼ਹਿਰ ਨੂੰ 12ਵਾਂ ਸਥਾਨ ਮਿਲਿਆ ਹੈ। ਗੁਆਂਡੀ ਮੁਲਕ ਦੇ ਸਿਡਨੀ ਸ਼ਹਿ ਨੂੰ 10ਵਾਂ ਸਥਾਨ ਅਤੇ ਮੈਲਬੌਰਨ ਨੂੰ 16ਵਾਂ ਸਥਾਨ ਪ੍ਰਾਪਤ ਹੋਇਆ ਹੈ। ਭਾਰਤ ਦੇ ਪੂਨੇ ਸ਼ਹਿਰ ਨੂੰ 145ਵਾਂ ਰੈਂਕ ਮਿਲਿਆ ਹੈ ਅਤੇ ਇਥੇ ਆਈ. ਟੀ. ਅਤੇ ਆਟੋਮੋਬਾਇਲ ਦੇ ਨਿਰਮਾਣ ਵਿਚ ਹੋਰ ਸੁਧਾਰ ਹੋਣ ਨਾਲ ਇਸ ਦਾ ਰੈਂਕ ਉਪਰ ਗਿਆ ਹੈ। ਇਸੀ ਤਰ੍ਹਾਂ ਹੈਦਰਾਬਾਦ ਨੂੰ 138ਵਾਂ ਸਥਾਨ, ਬੰਗਲੌਰ ਨੂੰ 146ਵਾਂ, ਚੇਨਈ 151ਵਾਂ, ਮੁੰਬਈ 152ਵਾਂ,  ਨਵੀਂ ਦਿੱਲੀ 154ਵਾਂ ਅਤੇ ਕੋਲਕਾਤਾ ਨੂੰ 160ਵਾਂ ਸਥਾਨ ਮਿਲਿਆ ਹੈ। ਮਰਸਰ ਕੰਪਨੀ ਵੱਲੋਂ ਕੀਤਾ ਗਿਆ ਇਹ ਸਰਵੇ ਦਰਜਨਾਂ ਵੱਖ-ਵੱਖ ਰਹਿਣ ਦੇ ਮਾਪਦੰਢਾ ਉਤੇ ਪਰਖਿਆ ਜਾਂਦਾ ਹੈ ਜਿਵੇਂ ਅਪਰਾਧ ਦਰ, ਸਿਹਤ ਸੇਵਾਵਾਂ, ਪਾਣੀ ਦੀ ਵਰਤੋਂ ਅਤੇ ਕੁਆਲਿਟੀ, ਜਲਵਾਯੂ, ਇਨਫ੍ਰਾਸਟਰੱਕਚਰ, ਟਰਾਂਸਪੋਰਟ, ਰਾਜਨੀਤਿਕ ਸਥਿਰਤਾ ਅਤੇ ਦੁਨੀਆ ਦੇ ਵੱਖ-ਵੱਖ 230 ਵੱਡੇ ਸ਼ਹਿਰਾਂ ਦੇ ਨਾਲ ਤਾਲਮੇਲ। ਸਾਰਿਆਂ ਤੋਂ ਹੇਠਾਂ ਇਰਾਕ ਦਾ ਬਗਦਾਦ ਸ਼ਹਿਰ ਰਿਹਾ ਹੈ ਜਿਸ ਦਾ 230ਵਾਂ ਸਥਾਨ ਹੈ।