ਔਕਲੈਂਡ ‘ਚ ਲੱਗੇ ਦਿਵਾਲੀ ਮੇਲੇ ਦੌਰਾਨ ਨਿਊਜ਼ੀਲੈਂਡ ਪੁਲਿਸ ਨੇ ਵੀ ਪਾਇਆ ਭੰਗੜਾ ਅਤੇ ਗਿੱਧਾ

NZ PIC 13 Oct-3
ਨਿਊਜ਼ੀਲੈਂਡ ਦੇ ਵਿਚ ਦੋ ਦਿਨਾਂ ਦਿਵਾਲੀ ਮੇਲਾ ‘ਓਏਟੀਆ ਸੁਕੇਅਰ’ ਸੈਂਟਰ ਵਿਖੇ ਬੜੇ ਚਾਵਾਂ ਮਲਾਰਾਂ ਅਤੇ ਖੁਸ਼ੀਆਂ ਦੇ ਨਾਲ ਸਮਾਪਤ ਹੋਇਆ। ਇਸ ਮੇਲੇ ਵਿਚ ਜਿੱਥੇ ਤਰ੍ਹਾਂ-ਤਰ੍ਹਾਂ ਦੇ ਪਕਵਾਨ, ਫੈਸ਼ਨ ਸ਼ੋਅ, ਗੀਤ ਸੰਗੀਤ ਅਤੇ ਭਾਰਤੀ ਨਾਚਾਂ ਦਾ ਅਨੰਦ ਮਾਣਿਆ ਉਥੇ ਪੰਜਾਬੀਆਂ ਦੇ ਭੰਗੜੇ ਅਤੇ ਗਿੱਧੇ ਨੇ ਧਮਾਲ ਪਾ ਕੇ ਸਾਰੇ ਰੰਗ ਫਿੱਕੇ ਕਰ ਦਿੱਤੇ। ਇਸ ਮੇਲੇ ਵਿਚ ਜੋ ਸਭ ਤੋਂ ਵੱਧ ਖਿੱਚ ਦਾ ਕੇਂਦਰ ਸੀ ਉਹ ਸੀ ਪੰਜਾਬੀ ਕੁੜੀਆਂ ਦੇ ਇਕ ਗਰੁੱਪ ‘ਵਿਰਾਸਤ ਫਾਊਂਡੇਸ਼ਨ ਪੰਜਾਬੀ ਸਵੈਗਰਜ਼’ ਦਾ ਗਿੱਧਾ ਅਤੇ ਭੰਗੜਾ। ਇਸ ਗਰੁੱਪ ਦੀ ਸ਼ਾਨ ਉਦੋਂ ਹੋਰ ਵੱਧ ਗਈ ਜਦੋਂ ਨਿਊਜ਼ੀਲੈਂਡ ਪੁਲਿਸ ਦੇ ਵਿਚ ਪਹਿਲੀ
ਪੰਜਾਬਣ ਮੁਟਿਆਰ ਮੰਦੀਪ ਕੌਰ ਚੰਡੀਗੜ੍ਹ ਪੰਜਾਬੀ ਪਹਿਰਾਵੇ ਵਿਚ, ਪੰਜਾਬੀ ਨੌਜਵਾਨ ਸਤਿੰਦਰ ਸਿੰਘ ਪਿੰਡ ਜੰਗਪੁਰਾ (ਮੋਹਾਲੀ) ਅਤੇ ਗੁਰਜੋਤ ਧੀਮਾਨ ਮਨੀਮਾਜਰਾ ਨਿਊਜ਼ੀਲੈਂਡ ਪੁਲਿਸ ਦੀ
ਵਰਦੀ ਵਿਚ ਸਟੇਜ ਉਤੇ ਭੰਗੜੇ ਅਤੇ ਗਿੱਧੇ ਵਿਚ ਪੂਰਾ ਸਾਥ ਦੇ ਗਏ। ਨਿਊਜ਼ੀਲੈਂਡ ਪੁਲਿਸ ਦੇ ਇਨ੍ਹਾਂ ਤਿੰਨ ਅਫਸਰਾਂ ਨੇ ਸਟੇਜ ਉਤੇ ਆਪਣੀ ਕਲਾ ਵਿਖਾਉਣ ਤੋਂ ਪਹਿਲਾਂ ਦੋ ਹਫਤੇ ਤੱਕ ਉਟਾਹੂਹੂ ਪੁਲਿਸ ਸਟੇਸ਼ਨ ਵਿਖੇ ਗਰੁੱਪ ਦੇ ਨਾਲ ਰਿਹਰਸਲ ਕੀਤੀ। ਇਸ ਤਰ੍ਹਾਂ ਕਿਸੇ ਸਭਿਆਚਾਰਕ ਸਮਾਗਮ ਦੇ ਵਿਚ ਸ਼ਾਮਿਲ ਹੋਣ ਪਿੱਛੇ ਉਦੇਸ਼ ਬਾਰੇ ਮੰਦੀਪ ਕੌਰ ਹੋਰਾਂ ਦੱਸਿਆ ਕਿ ਨਿਊਜ਼ੀਲੈਂਡ
ਪੁਲਿਸ ਹਰ ਇਕ ਏਥਨਿਕ ਕਮਿਊਨਿਟੀ ਦੇ ਨਾਲ ਗੂੜੀ ਸਾਂਝ ਪਾਉਣਾ ਚਾਹੁੰਦੀ ਹੈ ਤੇ ਲੋਕਾਂ ਤੱਕ ਪਹੁੰਚ ਕਰਨ ਲਈ ਸਭਿਆਚਾਰਕ, ਧਾਰਮਿਕ ਅਤੇ ਸਮਾਜਿਕ ਦਰਵਾਜ਼ਿਆਂ ‘ਤੇ ਦਸਤਕ ਦਿੰਦੀ ਹੈ। ਪੁਲਿਸ ਦਾ ਮਾਟੋ ਹੈ  ‘ਸੇਫਰ ਕਮਿਊਨਿਟੀ’ ਮਤਲਬ ਕਿ ਨਿਊਜ਼ੀਲੈਂਡ ਵਸਦੀਆਂ ਸਾਰੀਆਂ ਕਮਿਊਨਿਟੀਆਂ ਦੀ ਸੁਰੱਖਿਆ ਪੁਲਿਸ ਦਾ ਪਹਿਲੀ ਉਦੇਸ਼ ਹੈ। ਲੋਕਾਂ ਦੇ ਨੇੜਾ ਜਾਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਪੁਲਿਸ ‘ਆਪਣੀ ਪੁਲਿਸ’ ਪ੍ਰਤੀਤ ਹੋਵੇ। ਜਿਸ ਵੇਲੇ ਨਿਊਜ਼ੀਲੈਂਡ ਪੁਲਿਸ ਵਰਦੀ ਦੇ ਵਿਚ ਸਟੇਜ ਉਤੇ ਨੌਜਵਾਨ ਨੱਚ ਰਹੇ ਸਨ ਤਾਂ ਉਥੇ ਦਰਸ਼ਕਾਂ ਦਾ ਵੱਡਾ ਹਜ਼ੂਮ ਇਕੱਠਾ ਹੋਇਆ, ਤਾੜੀਆਂ ਹੀ ਤਾੜੀਆਂ ਵੱਜੀਆਂ ਅਤੇ ਗੋਰਿਆਂ ਨੇ ਵਾਹ ਵਾਹ ਕੀਤੀ। ਮੈਨੁਕਾਓ ਪੁਲਿਸ ਦੇ ਐਕਟਿੰਗ ਏਰੀਆ ਕਮਾਂਡਰ ਵੈਸਟ ਸ੍ਰੀ ਕ੍ਰਿਸ  ਡੀ ਵਾਟੀਗਨਰ ਆਪਣੇ ਪਰਿਵਾਰ ਸਮੇਤ ਇਹ ਵੰਨਗੀ ਵੇਖਣ ਪੁੱਜੇ ਹੋਏ
ਸਨ। ਉਨ੍ਹਾਂ ਆਪਣੇ ਮੁਲਾਜ਼ਮਾਂ ਅਤੇ ਪੰਜਾਬੀ ਕੁੜੀਆਂ ਨੂੰ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ। ਜਿਨ੍ਹਾਂ ਕੁੜੀਆਂ ਨੇ ਇਸ ਗਿੱਧੇ-ਭੰਗੜੇ ਦੀ ਆਈਟਮ ਵਿਚ ਭਾਗ ਲਿਆ ਉਨ੍ਹਾਂ ਵਿਚ
ਹਰਜੀਤ ਕੌਰ, ਅਸ਼ਤੀ ਖੋਸਾ, ਜਗਦੀਪ, ਹਰਜ ਢੀਂਡਸਾ, ਸੁਪ੍ਰੀਤ ਕੌਰ ਮਾਨ, ਸੁਖਵੀਰ ਕੌਰ, ਗਗਨਦੀਪ ਕੌਰ ਤੇ ਸਿਮਰਨ ਚੌਹਾਨ ਸ਼ਾਮਿਲ ਸਨ।

ਵਰਨਣਯੋਗ ਹੈ ਕਿ ਨਿਊਜ਼ੀਲੈਂਡ ਪੁਲਿਸ ਬਹੁਤ ਹੀ ਜਲਦੀ ਇਕ ਪੰਜਾਬੀ ਸਭਿਆਚਾਰਕ ਗਰੁੱਪ ਵੀ ਬਣਾ ਰਹੀ ਹੈ ਜਿਹੜਾ ਕਿ ਭਾਰਤੀ ਲੋਕਾਂ ਦੇ ਸਾਂਝੇ ਤਿਉਹਾਰਾਂ ਦੇ ਵਿਚ ਆਪਣੀ ਭੰਗੜੇ ਅਤੇ ਗਿੱਧੇ
ਨਾਲ ਸ਼ਮੂਲੀਅਤ ਬਰਕਰਾਰ ਰੱਖਿਆ ਕਰੇਗਾ। ਇਸ ਵੇਲੇ ਨਿਊਜ਼ੀਲੈਂਡ ਪੁਲਿਸ ਦੇ ਵਿਚ ਮਾਓਰੀ ਅਤੇ ਪੈਸੇਫਿਕ ਲੋਕਾਂ ਦੇ ਵੀ ਸਭਿਆਚਾਰਕ ਵਿੰਗ ਹਨ।

Welcome to Punjabi Akhbar

Install Punjabi Akhbar
×