ਕਰੋਨਾ ਅੱਪਡੇਟ -ਔਕਲੈਂਡ ਵਿਚ ਤਾਲਾਬੰਦੀ ਦਾ ਪੱਧਰ ਕੀਤਾ ਜਾਵੇਗਾ ਪੱਧਰ-1 ਉਤੇ

ਆਕਲੈਂਡ:-ਨਿਊਜ਼ੀਲੈਂਡ ਦੇ ਵਿਚ ਕਮਿਊਨਿਟੀ ਕਰੋਨਾ ਕੇਸਾਂ ਦੇ ਆਉਣ ਬਾਅਦ 14 ਫਰਵਰੀ ਰਾਤ ਤੋਂ ਔਕਲੈਂਡ ਕਰੋਨਾ ਤਾਲਾਬੰਦੀ ਦੇ ਵੱਖ-ਵੱਖ ਪੱਧਰਾਂ ਵਿਚੋਂ ਲੰਘ ਰਿਹਾ ਸੀ ਅਤੇ ਅੱਜ ਹਾਲਾਤ ਕਾਬੂ ਵਿਚ ਹੋਣ ’ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕੀਤਾ ਹੈ ਕਿ ਅੱਜ ਐਕਲੈਂਡ ਖੇਤਰ ਦੇ ਵਿਚ ਅੱਧੀ ਰਾਤ ਯਾਨੀ 11.59 ਵਜੇ ਤੋਂ ਅਲਰਟ ਲੈਵਲ 1 ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਬਾਕੀ ਦੇਸ਼ ਪਹਿਲਾਂ ਹੀ ਲੈਵਲ-1 ਉਤੇ ਚੱਲ ਰਿਹਾ ਹੈ। ਇਸ ਤੋਂ ਬਾਅਦ ਇਕੱਠ ਕਰਨ ਉਤੇ ਕੋਈ ਪਾਬੰਦੀ ਨਹੀਂ ਹੋਵੇਗੀ ਪਰ  ਪਬਲਿਕ ਟਰਾਂਸਪੋਰਟ ਵਰਤਣ ਵੇਲੇ  ਫੇਸ ਮਾਸਕ ਲਾਉਣਾ ਹਾਲੇ ਵੀ ਪੂਰੇ ਦੇਸ਼ ਵਿੱਚ ਲਾਜ਼ਮੀ ਬਣਿਆ ਰਹੇਗਾ। ਉਬਰ ਅਤੇ ਟੈਕਸੀ ਡਰਾਈਵਰਾਂ ਨੂੰ ਮਾਸਕ ਪਹਿਨਣੇ ਪੈਣਗੇ ਜਦੋਂ ਕਿ ਉਨ੍ਹਾਂ ਦੇ ਯਾਤਰੀਆਂ ਨੂੰ ਮਾਸਕ ਪਹਿਨਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਬੱਸ ਡਰਾਈਵਰਾਂ ਨੂੰ ਆਪਣੇ ਯਾਤਰੀਆਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਪੁੱਛੀ ਜਾਏਗੀ ਪਰ ਉਹ ਚਾਹੁਣ ਤਾਂ ਉਨ੍ਹਾਂ ਨੂੰ ਉਤਸ਼ਾਹਿਤ ਕਰ ਸਕਦੇ ਹਨ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਜਾਂਦੀ ਹੈ ਅਤੇ ਮਾਸਕ ਖਾਣ-ਪੀਣ ਲਈ ਹਟਾਏ ਜਾ ਸਕਦੇ ਹਨ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਉਹ ਚਿਹਰੇ ਦੇ ਮਾਸਕ ਨੂੰ “ਆਮ ਜ਼ਿੰਦਗੀ ਦਾ ਹਿੱਸਾ” ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕੋਵਿਡ ਟਰੇਸਰ ਐਪ ਦੀ ਵਰਤੋਂ ਕਰੋ, ਇਸ ਦੀ ਵਰਤੋਂ ਨਾਲ ਪ੍ਰਕੋਪ ਫੈਲਣ ਤੋਂ ਬਚਾਅ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਲੈਵਲ 1 ’ਤੇ ਬਣੇ ਰਹਿਣ ਲਈ ਸਾਰੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਚੌਕਸ ਰਹਿਣ ਅਤੇ ਆਪਣੀ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਵਿਡ ਹਾਲੇ ਵੀ ਸਾਡੇ ਨਾਲ ਹੈ। ਗੌਰਤਲਬ ਹੈ ਕਿ ਬੀਤੇ ਐਤਵਾਰ ਤੋਂ 72,000 ਟੈੱਸਟਾਂ ਦੇ ਬਾਅਦ ਅਲਰਟ ਲੈਵਲ ਨੂੰ ਘਟਾਉਣ ਦਾ ਫ਼ੈਸਲਾ ਆਇਆ ਹੈ, ਸਾਰੇ 8 ਕਮਿਊਨਿਟੀ ਕੇਸਾਂ ਆਪਸ ਵਿੱਚ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਸਾਰੇ ਨੇੜਲੇ ਸੰਪਰਕਾਂ ਦੀ ਟੈਸਟਿੰਗ ਦੇ ਨਤੀਜੇ ਨੈਗੇਟਿਵ ਆ ਰਹੇ ਹਨ। ਅਜੇ ਵੀ ਕੋਵਿਡ ਦੇ ਕਮਿਊਨਿਟੀ ਵਿੱਚ ਫੈਲਣ ਦੇ ਸਰੋਤ ਦੀ ਪੁਸ਼ਟੀ ਨਹੀਂ ਹੋਈ ਹੈ। ਸਾਰੀ ਥਿਊਰੀ ਅਸੰਭਾਵਿਤ ਰਹੇ ਪਰ ਇਹ ਸਿਹਤ ਮੁਖੀ ਐਸ਼ਲੇ ਬਲੂਮਫੀਲਡ ਨੂੰ ਅਲਰਟ ਲੈਵਲ 1 ਉੱਤੇ ਜਾਣ ਦੀ ਸਿਫ਼ਾਰਸ਼ ਕਰਨ ਤੋਂ ਨਹੀਂ ਰੋਕ ਸਕਿਆ। ਆਕਲੈਂਡ ਦੇ ਮੇਅਰ ਫਿੱਲ ਗੌਫ ਨੇ ਅਲਰਟ ਲੈਵਲ 1 ਉੱਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਕਲੈਂਡਰਾਂ ਨੇ ਕੋਵਿਡ -19 ਦੇ ਕਮਿਊਨਿਟੀ ਟਰਾਂਸਮਿਸ਼ਨ ਨੂੰ ਕੰਟਰੋਲ ਕਰਨ ਅਤੇ ਸ਼ਹਿਰ ਤੇ ਬਾਕੀ ਨਿਊਜ਼ੀਲੈਂਡ ਦੇ ਹਿੱਸਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕੀਤੀ ਹੈ।

Install Punjabi Akhbar App

Install
×