ਗੁਲਾਮ ਕੌਮਾਂ ਨੂੰ ਅਪਣੀ ਹੋਂਦ ਕਾਇਮ ਰੱਖਣ ਖਾਤਰ ਦੇਰ ਸਵੇਰ ਅਜਾਦੀ ਦੀ ਜੰਗ ਲੜਨੀ ਹੀ ਪਵੇਗੀ

bagel singh dhaliwal 190615 ਗੁਲਾਮ ਕੌਮਾਂ aaaa

ਭਾਂਵੇ ਦਿੱਲੀ ਦਾ ਤਖਤ ਮੁੱਢੋ ਹੀ ਫਿਰਕੂ ਸੋਚ ਦਾ ਪ੍ਰਤੀਕ ਹੈ,ਪਰੰਤੂ ਮੌਜੂਦਾ ਸਮੇ ਵਿੱਚ ਮੁਲਕ ਦੇ ਹਾਲਾਤ ਪਿਛਲੇ ਸਮਿਆਂ ਤੋ ਵੀ ਜਿਆਦਾ ਭਿਅੰਕਰ ਰੂਪ ਧਾਰਨ ਕਰਦੇ ਜਾ ਰਹੇ ਹਨ। ਭਾਜਪਾ ਦੇ ਅਸਰ ਰਸੂਖ ਵਾਲੇ ਵੱਖ ਵੱਖ ਸੂਬਿਆਂ ਵਿੱਚ ਘੱਟ ਗਿਣਤੀਆਂ ਤੇ ਦਿਨੋ ਦਿਨ ਜੁਲਮ ਵੱਧਦੇ ਜਾ ਰਹੇ ਹਨ।ਸ਼ਰੇਆਮ ਨਫਰਤ ਦੇ ਬੀਜ ਦਾ ਛਿੱਟਾ ਦਿੱਤਾ ਜਾ ਰਿਹਾ ਹੈ,ਜਿਸ ਦੀ ਫਸਲ ਦਾ ਭਰਪੂਰ ਝਾੜ ਲੈਣ ਲਈ ਕੇਂਦਰੀ ਹਕੂਮਤ ਨਾਗਪੁਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਫਿਰਕੂ ਜਾਹਿਰਾਂ ਨੂੰ ਕੀਟ ਨਾਸਕ ਵਜੋਂ ਵਰਤਦੀ ਸਾਫ ਦਿਖਾਈ ਦਿੰਦੀ ਹੈ। ਕਾਂਗਰਸ ਜਾਂ ਭਾਜਪਾ ਦੋਨੋ ਹੀ ਦੇਸ਼ ਵਿੱਚ ਫਿਰਕੂ ਨਫਰਤ ਫੈਲਾਉਣ ਦੀਆਂ ਗੁਨਾਹਗਾਰ ਹਨ।ਉੜੀਸਾ ਵਿੱਚ ਇੱਕ ਆਸਟਰੇਲੀਅਨ ਇਸਾਈ ਪਾਦਰੀ ਅਤੇ ਉਹਦੇ ਦੋ ਪੁੱਤਰਾਂ ਨੂੰ ਜਿਉਂਦਾ ਸਾੜਨ,ਕੇਰਲਾ ਵਿੱਚ ਇਸਾਈ ਪਾਦਰੀ ਦਾ ਕਤਲ,ਗੁਜਰਾਤ ਵਿੱਚ ਇੱਕ ਦਲਿਤ ਨੌਜਵਾਨ ਨੂੰ ਘੋੜ ਸਵਾਰੀ ਕਰਨ ਦੀ ਸਜ਼ਾ ਮੌਤ,ਅਤੇ ਆਂਧਰਾ ਪ੍ਰਦੇਸ਼ ਦੇ ਦਲਿਤ ਨੌਜਵਾਨ ਨੂੰ ਅੰਬ ਚੋਰੀ ਕਰਨ ਦੇ ਨਿਗੂਣੇ ਜਿਹੇ ਜੁਰਮ ਵਿੱਚ ਦਿੱਤੀ ਮੌਤ ਦੀ ਸਜ਼ਾ ਦਰਦਨਾਕ ਵਰਤਾਰਾ ਵੀ ਇਸ ਨਫਰਤ ਦੀ ਫਸਲ ਦੀ ਪੈਦਾਵਾਰ ਹੈ।

ਬੀਤੇ ਦਿਨੀ ਰਾਜਸਥਾਨ ਵਿੱਚ ਇੱਕ ਗੁਰ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋ ਬਾਅਦ ਉਹਦੇ ਕਕਾਰਾਂ ਦੀ ਬੇਅਦਬੀ ਭਾਵ ਦਾਹੜੀ ਅਤੇ ਕੇਸ ਕਤਲ ਕਰ ਦੇਣ ਦੀ ਘਟਨਾ ਨਵੰਬਰ 1984 ਦੀ ਯਾਦ ਤਾਜਾ ਕਰਵਾਉਣ ਵਾਲੀ ਹੈ।ਉਸ ਪੀੜਤ ਸਿੱਖ ਦੇ ਲੱਖ ਯਤਨ ਕਰਨ ਦੇ ਬਾਵਜੂਦ ਵੀ ਰਾਜਸਥਾਨ ਪੁਲਿਸ ਵੱਲੋਂ ਪਰਚਾ ਤੱਕ ਵੀ ਦਰਜ ਨਾ ਕਰਨਾ,ਜਿੱਥੇ ਭਾਜਪਾ ਦੇ ਕੱਟੜਵਾਦੀ ਸ਼ਾਸ਼ਨ ਦੀ ਮੂੰਹ ਬੋਲਦੀ ਤਸਵੀਰ ਹੈ,ਓਥੇ ਰਾਜਸਥਾਨ ਦੇ ਮੀਡੀਏ ਵੱਲੋਂ ਜਿਸਤਰਾਂ ਇਸ ਘਟਨਾ ਨੂੰ ਅਣਗੌਲਿਆ ਕੀਤਾ ਗਿਆ ਹੈ,ਉਹ ਚੋਰ ਕੁੱਤੀ ਰਲੇ ਹੋਣ ਦਾ ਖਤਰਨਾਕ ਅਤੇ ਸ਼ਰਮਨਾਕ ਵਰਤਾਰਾ ਹੈ। ਮੇਘਾਲਿਆ ਦੀ ਰਾਜਧਾਨੀ ਸਿਲੌਂਗ ਵਿੱਚ ਦੋ ਸੌ ਸਾਲ ਤੋ ਰਹਿ ਰਹੇ ਗਰੀਬ ਲੋਕਾਂ ਨੂੰ ਇਸ ਕਰਕੇ ਉਜੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ,ਕਿਉਕਿ ਉਹਨਾਂ ਸਿੱਖਾਂ ਨੇ ਗਰੀਬੀ ਦੀ ਹਾਲਤ ਵਿੱਚ ਵੀ ਉਥੇ ਅਪਣੀ ਪਛਾਣ ਬਤੌਰ ਸਿੱਖ ਕਾਇਮ ਰੱਖੀ ਹੋਈ ਹੈ,ਜਿਹੜੀ ਉਥੋ ਦੇ ਕੱਟੜਵਾਦੀਆਂ ਨੂੰ ਮਨਜੂਰ ਨਹੀ ਹੈ।ਏਸੇ ਤਰਾਂ ਸ੍ਰੀ ਨਗਰ ਵਿੱਚ ਵੀ ਬੀਤੇ ਦਿਨੀ ਕਸ਼ਮੀਰੀ ਪੰਡਤਾਂ ਵੱਲੋਂ ਸਿੱਖਾਂ ਨਾਲ ਮਾਰ ਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਉਪਰੋਕਤ ਕੁੱਝ ਤਾਜਾ ਫਿਰਕੂ ਘਟਨਾਵਾਂ ਤੋ ਸਪੱਸਟ ਹੋ ਜਾਂਦਾ ਹੈ ਕਿ ਕੇਂਦਰ ਵਿੱਚ ਦੁਵਾਰਾ ਸੱਤਾ ਪਰਾਪਤ ਕਰਨ ਤੋਂ ਬਾਅਦ ਕੱਟੜਵਾਦੀਆਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ ਹਨ। ਦੇਸ਼ ਦੇ ਵੱਖ ਵੱਖ ਖਿਤਿਆਂ ਵਿੱਚ ਵਾਪਰ ਰਹੀਆਂ ਇਹ ਨਸਲੀ ਵਾਰਦਾਤਾਂ ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਲਈ ਭਵਿੱਖੀ ਖਤਰੇ ਦੇ ਸੰਕੇਤ ਹਨ।ਭਾਜਪਾ ਦੇ ਰਾਜ ਵਾਲੇ ਸੂਬਿਆਂ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਤੇ ਹੋਣ ਵਾਲੇ ਜੁਲਮਾਂ ਵਿੱਚ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ। ਸਿੱਖ ਕੌਂਮ ਦੇ 1984  ਦੇ ਨਸੂਰ ਬਣੇ ਜਖਮ ਹਰ ਸਾਲ ਜੂਨ ਦੇ ਮਹੀਨੇ ਅਤੇ ਨਵੰਬਰ ਦੇ ਮਹੀਨੇ ਵਿੱਚ ਆ ਕੇ ਮੁੜ ਕੁਰੇਦੇ ਜਾਂਦੇ ਹਨ ਅਤੇ ਅਸਿਹ ਦਰਦ ਦਿੰਦੇ ਹਨ,ਪਰੰਤੂ ਹੁਣ ਜਦੋ ਦੁਵਾਰਾ ਦਿੱਲੀ ਵਿੱਚ ਪੱਚੀ ਤੀਹ ਵਿਅਕਤੀਆਂ ਵੱਲੋਂ ਦੋ ਸਿੱਖ ਨੌਜਾਵਾਨਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਂਦਾ ਹੈ,ਤਾਂ ਇੱਕਦਮ ਨਵੰਬਰ ਚੁਰਾਸੀ ਦਾ ਉਹ ਦਰਦਨਾਕ ਮੰਜਰ ਅੱਖਾਂ ਸਾਹਮਣੇ ਆ ਜਾਂਦਾ ਹੈ,ਜਦੋ ਸ਼ਰਾਬੀ ਹਾਲਤ ਵਿੱਚ ਭੜਕੀਆਂ ਭੀੜਾਂ ਵੱਲੋਂ ਸੱਤਾ ਦੇ ਥਾਪੜੇ ਨਾਲ ਹਜਾਰਾਂ ਸਿੱਖ ਪਰਿਵਾਰਾਂ ਨੂੰ ਬੁਰੀ ਤਰਾਂ ਕੋਹ ਕੋਹ ਕੇ ਮਾਰਿਆ,ਜਿੰਦਾ ਜਲਾਇਆ ਅਤੇ ਸਿੱਖ ਬੱਚੀਆਂ,ਬੀਬੀਆਂ ਅਤੇ ਬਜੁਰਗ ਮਾਤਾਵਾਂ ਤੱਕ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।ਉਸ ਮੌਕੇ ਦਿੱਲੀ ਦੀ ਸੱਤਾ ਕਾਂਗਰਸ ਦੇ ਹੱਥ ਵਿੱਚ ਸੀ ਤੇ ਅੱਜ ਸੱਤਾ ਭਾਰਤੀ ਜਨਤਾ ਪਾਰਟੀ ਦੇ ਹੱਥ ਵਿੱਚ ਹੈ।ਜੇ ਉਸ ਮੌਕੇ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਸਹਿਰਾਂ ਵਿੱਚ ਸਿੱਖਾਂ ਦਾ ਕਤਲਿਆਮ ਦਿੱਲੀ ਦੇ ਇਸਾਰੇ ਤੇ ਹੋਇਆ ਸੀ ਤਾਂ ਫਰਕ ਅੱਜ ਵੀ ਕੋਈ ਨਹੀ ਪਿਆ,ਬਲਕਿ ਹੁਣ ਦਿੱਲੀ ਦੀ ਦਰਿੰਦਗੀ ਜਿਆਦਾ ਵਿਰਾਟ ਰੂਪ ਧਾਰਨ ਕਰਦੀ ਪਰਤੀਤ ਹੋ ਰਹੀ ਹੈ।

ਸਿੱਖਾਂ ਤੇ ਹੋ ਰਹੇ ਜੁਲਮਾਂ ਵਿੱਚ ਦਿਨੋ ਦਿਨ ਹੋ ਰਿਹਾ ਵਾਧਾ ਇਹ ਸਿੱਧ ਕਰਦਾ ਹੈ ਕਿ ਜੇਕਰ ਅਠਾਰਵੀਂ ਉਨੀਵੀਂ ਸਦੀ ਵਿੱਚ ਦਿੱਲੀ ਦੇ ਸ਼ਾਸ਼ਕ ਸਿੱਖਾਂ ਨੂੰ ਖਤਮ ਕਰਨ ਲਈ ਪੂਰੀ ਵਾਹ ਲਾਉਂਦੇ ਰਹੇ ਹਨ,ਤਾਂ ਹੁਣ ਵੀ ਦਿੱਲੀ ਦੇ ਮਨ ਵਿੱਚ ਸਿੱਖਾਂ ਪ੍ਰਤੀ ਓਨੀ ਹੀ ਈਰਖਾ,ਦਵੈਤ ਭਾਵਨਾ ਅਤੇ ਦੁਸ਼ਮਣੀ ਬਰਕਰਾਰ ਹੈ,ਜਿਹੜੀ ਫਰਖ਼ਸ਼ੀਅਰ ਦੇ ਕਾਰਜਕਾਲ ਵਿੱਚ ਸਿੱਖਾਂ ਨੇ ਹੱਡੀ ਹੰਢਾਈ ਹੈ।ਫਰਕ ਸਿਰਫ ਐਨਾ ਕੁ ਹੈ ਕਿ ਉਸ ਮੌਕੇ ਮੁਗਲ ਹਕੂਮਤ ਸਿੱਧੀ ਦੁਸ਼ਮਣ ਦੇ ਰੂਪ ਵਿੱਚ ਸਿੱਖਾਂ ਤੇ ਹਮਲੇ ਕਰਦੀ ਸੀ ਤੇ ਮੌਜੂਦਾ ਹਕੂਮਤ ਮਿੱਤਰ ਦਾ ਰੂਪ ਧਾਰ ਕੇ ਜਿੱਥੇ ਸਿੱਖੀ ਸੋਚ ਨੂੰ ਖਤਮ ਕਰਨ ਲਈ ਜੋਰ ਲਾ ਰਹੀ ਹੈ,ਓਥੇ ਦਹਿਸਤ ਪਾਉਣ ਲਈ ਗੁੰਡਾ ਬ੍ਰੀਗੇਡ ਵੀ ਪਾਲੇ ਹੋਏ ਹਨ,ਜਿੰਨਾਂ ਨੂੰ ਘੱਟ ਗਿਣਤੀਆਂ ਦੀ ਨਸਲਕੁਸ਼ੀ ਲਈ ਹੀ ਸਪੈਸਿਲ ਟਰੇਨਿੰਗ ਦੇ ਕੇ ਤਿਆਰ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਆਰ ਐਸ ਐਸ ਦੇ ਅਧੀਨ ਚਲਦੀਆਂ ਤਕਰੀਵਨ ਪੰਜ ਦਰਜਨ ਫਿਰਕੂ ਜਥੇਬੰਦੀਆਂ ਅਜਿਹੀਆਂ ਹਨ ਜਿਹੜੀਆਂ ਲਗਾਤਾਰ ਮੁਲਕ ਅੰਦਰ ਤਣਾਓ ਪੈਦਾ ਕਰਨ ਲਈ ਯਤਨਸ਼ੀਲ ਰਹਿੰਦੀਆਂ ਹਨ,ਜਿੰਨਾਂ ਨੂੰ ਨਸਲੀ ਹਮਲੇ ਕਰਨ ਅਤੇ ਫਿਰਕੂ ਦੰਗਿਆਂ ਲਈ ਭਾਵਨਾਵਾਂ ਭੜਕਾਉਣ ਦੀ ਵੀ ਪੂਰੀ ਪੂਰੀ ਖੁੱਲ ਹੈ।ਇਸ ਦਾ ਸਬੂਤ ਹਰ ਸਾਲ ਦੇ ਜੂਨ ਮਹੀਨੇ ਪੰਜਾਬ ਉਸ ਮੌਕੇ ਮਿਲ ਜਾਂਦਾ ਹੈ,ਜਦੋ ਸਿੱਖ ਕੌਂਮ 1984 ਦੇ ਹਮਲੇ ਵਿੱਚ ਸ਼ਹੀਦ ਹੋਏ ਹਜਾਰਾਂ ਦੀ ਗਿਣਤੀ ਵਿੱਚ ਸਿੱਖਾਂ ਅਤੇ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆਂ ਸ਼ਹਾਦਤਾਂ ਪਾ ਜਾਣ ਵਾਲੇ ਅਪਣੇ ਕੌਮੀ ਨਾਇਕਾਂ ਨੂੰ ਯਾਦ ਕਰ ਰਹੀ ਹੁੰਦੀ ਹੈ,ਤਾਂ ਇਹਨਾਂ ਅਖੌਤੀ ਸ਼ਿਵ ਸ਼ੈਨਕਾਂ ਵੱਲੋਂ ਸਿੱਖ ਕੌਂਮ ਦੇ ਮਹਾਂਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪੁਤਲੇ ਫੂਕਣ,ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਲਈ ਜੁੰਮੇਵਾਰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ ਫੌਜੀ ਅਫਸਰਾਂ ਦੇ ਹੱਕ ਵਿੱਚ ਅਤੇ ਸਿੱਖ ਜੁਝਾਰੂਆਂ ਦੇ ਖਿਲਾਫ ਮੁਜਾਹਰੇ,ਪ੍ਰਦਰਸ਼ਣ ਕਰਕੇ ਮਹੌਲ ਨੂੰ ਤਣਾਅਪੂਰਨ ਬਨਾਉਣ ਦੀ ਪੂਰੀ ਵਾਹ ਲਾਈ ਜਾਂਦੀ ਹੈ।ਸੂਬਾ ਸਰਕਾਰ ਦੀ ਇਹ ਹਿੰਮਤ ਨਹੀ ਪੈਂਦੀ ਕਿ ਉਹ ਇਹਨਾਂ ਸਰਾਰਤੀ ਤੱਤਾਂ ਨੂੰ ਫਿਰਕੂ ਨਫਰਤ ਫੈਲਾਉਣ ਵਾਲੀਆਂ ਕਾਰਵਾਈਆਂ ਤੋ ਰੋਕ ਸਕੇ,ਬਲਕਿ ਪੰਜਾਬ ਵਿੱਚ ਜਿੰਨੇ ਵੀ ਅਜਿਹੇ ਕੱਟੜਵਾਦੀ ਲੋਕ ਸਰਗਰਮ ਹਨ,ਉਹਨਾਂ ਲਈ ਸਰਕਾਰ ਵੱਲੋਂ ਯਾਤਾਜਾਤ ਅਤੇ ਸੁਰਖਿਆ ਦੀ ਵਿਵੱਸਥਾ ਕਰਕੇ ਦਿੱਤੀ ਜਾਂਦੀ ਹੈ।

ਉਪਰੋਕਤ ਸਾਰਾ ਵਰਤਾਰਾ ਜਿੱਥੇ ਹਕੂਮਤ ਦੀ ਫਿਰਕੂ ਜਹਿਨੀਅਤ ਨੂੰ ਨੰਗਿਆਂ ਕਰਦਾ ਹੈ ਓਥੇ ਦਿੱਲੀ ਨਾਲ ਮੁੱਢ ਕਦੀਮ ਤੋ ਸਿੱਖਾਂ ਦੀ ਚੱਲੀ ਆ ਰਹੀ ਦੁਸ਼ਮਣੀ ਨੂੰ ਜਾਹਰ ਕਰਦਾ ਹੈ।ਜਦੋ ਸਿੱਖ ਅਪਣੇ ਉਸ ਮਹਾਂ ਨਾਇਕ ਦੀ ਯਾਦ ਤਾਯਾ ਕਰਕੇ ਹਟੇ ਹਨ,ਜਿਸਨੂੰ ਇਤਿਹਾਸ ਵਿੱਚ ਪਹਿਲੇ ਸਿੱਖ ਹੁਕਮਰਾਨ ਵਜੋਂ ਯਾਦ ਕੀਤਾ ਜਾਂਦਾ ਹੈ,ਤਾਂ ਉਸ ਮੌਕੇ ਅਜਿਹੇ ਨਸਲੀ ਹਮਲਿਆਂ ਦੀ ਘਟਨਾਵਾਂ ਦਾ ਵਾਪਰਨਾ ਹੋਰ ਵੀ ਅਸਿਹ ਹੋ ਜਾਂਦਾ ਹੈ।ਅਜਿਹੇ ਮੌਕੇ ਤੇ ਸਿੱਖ ਅਪਣੇ ਵੱਡਿਆਂ ਵੱਲੋਂ 1947 ਦੀ ਦੇਸ਼ ਵੰਡ ਮੌਕੇ ਕੀਤੀ ਗਲਤੀ ਨੂਂ ਪਾਣੀ ਪੀ ਪੀ ਕੋਸਦੇ ਹਨ ਤੇ ਇਹ ਸੋਚਣ ਲਈ ਮਜਬੂਰ ਵੀ ਹੋ ਜਾਂਦੇ ਹਨ ਕਿ ਤਖਤਾਂ ਤਾਜਾਂ ਦੇ ਵਾਰਸ ਅਪਣਾ ਰਾਜ ਭਾਗ ਛੱਡ ਕੇ ਗੁਲਾਮ ਹੋਣਾ ਕਿਵੇ ਸਵੀਕਾਰ ਕਰ ਗਏ।ਜਿਸ ਕੌਮ ਦਾ ਇਹ ਇਤਿਹਾਸ ਰਿਹਾ ਹੋਵੇ ਕਿ ਪੱਚੀ ਸਿੱਖਾਂ ਦੀ ਜਥੇਦਾਰੀ ਦੇਕੇ ਮਾਧੋ ਦਾਸ ਤੋ ਬੰਦਾ ਸਿੰਘ ਬਣਾਏ ਗੁਰੂ ਦੇ ਬਖਸ਼ੇ ਨੇ ਦੱਖਣ ਤੋ ਆਕੇ ਵਿਆਸ ਤੋ ਰਾਵੀ ਤੱਕ ਖਾਲਸੇ ਦੇ ਝੰਡੇ ਝੁਲਾ ਦਿੱਤੇ ਹੋਣ,ਤੇ ਉਸ ਗੁਰੂ ਦੇ  ਬੰਦੇ ਦੀ ਲਾਈ ਰਾਜ ਭਾਗ ਦੀ ਚੇਟਕ ਤੋ ਖਾਲਸੇ ਨੇ ਅਜਿਹਾ ਖਾਲਸਾ ਰਾਜ ਸਥਾਪਤ ਕੀਤਾ ਹੋਵੇ,ਜਿਸ ਦਾ ਦੁਨੀਆਂ ਵਿੱਚ ਕੋਈ ਸਾਨੀ ਨਹੀ,ਫਿਰ  ਅਜਾਦੀ ਮੌਕੇ ਕਿਹੜੀ ਅਜਿਹੀ ਮਾਰ ਪੈ ਗਈ ਕਿ ਸਿੱਖ ਇਹ ਅਸਲੋਂ ਹੀ ਭੁੱਲ ਬੈਠੇ ਕਿ ਉਹਨਾਂ ਦਾ ਅਪਣਾ ਵੀ ਕਦੇ ਵੱਡਾ ਰਾਜ ਭਾਗ ਹੁੰਦਾ ਸੀ।ਸੋ ਮੌਜੂਦਾ ਸਮੇ ਵਾਪਰ ਰਹੀਆਂ ਬੇਗਾਨਗੀ ਦਰਸਾਉਂਦੀਆਂ ਫਿਰਕੂ ਘਟਨਾਵਾਂ ਅੱਜ ਫਿਰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਗੁਲਾਮ ਕੌਮਾਂ ਨੂੰ ਅਪਣੀ ਹੋਂਦ ਕਾਇਮ ਰੱਖਣ ਖਾਤਰ ਅਜਾਦੀ ਦੀ ਜੰਗ ਲੜਨੀ ਹੀ ਪਵੇਗੀ।

Install Punjabi Akhbar App

Install
×