ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਸਿਖਿਆ ਹਰ ਤਰਾਂ ਦੇ ਫੋਕੇ ਕਰਮਕਾਂਡ, ਵਹਿਮ,ਭਰਮ ਅਤੇ ਅੰਧ ਵਿਸਵਾਸ ਨੂੰ ਰੱਦ ਕਰਦੀ ਹੈ।ਸਰਬ ਸਾਂਝੀਵਾਲਤਾ ਦਾ ਸੰਦੇਸ ਵੀ ਗੁਰੂ ਗਰੰਥ ਸਹਿਬ ਚੋਂ ਮਿਲਦਾ ਹੈ।ਗੁਰਬਾਣੀ ਤੇ ਅਧਾਰਤ ਸਿੱਖੀ ਸਿਧਾਂਤ ਮਨੁਖਤਾ ਨੂੰ ਅਡੰਬਰਵਾਦ ਤੋਂ ਨਿਖੇੜਦੇ ਹਨ। ਜਦੋਂ ਪੰਦਰਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਹੀ ਗੁਰੂ ਨਾਨਕ ਬਾਬੇ ਨੇ ਬਾਲ ਉਮਰ ਵਿੱਚ ਪੰਡਤਾਂ ਦੇ ਕਰਮਕਾਂਡੀ ਸਿਸਟਮ ਖਿਲਾਫ ਮੋਰਚਾ ਖੋਲ ਦਿੱਤਾ ਤਾਂ ਸਦੀਆਂ ਤੋਂ ਲੋਕਾਂ ਨੂੰ ਵਹਿਮਾ ਭਰਮਾਂ ਵਿੱਚ ਪਾ ਕੇ ਉਹਨਾਂ ਦਾ ਸਰੀਰਕ,ਮਾਨਸਿਕ,ਸਮਾਜਿਕ ਅਤੇ ਆਰਥਿਕ ਸ਼ੋਸ਼ਣ ਕਰਨ ਵਾਲੀ ਬਰਾਂਹਮਣ ਜਮਾਂਤ ਦੇ ਹਾਜਮ ਨਾ ਹੋਣਾ ਕੁਦਰਤੀ ਸੀ, ਸੋਂ ਉਹਨਾਂ ਨੇ ਵੀ ਬਾਬੇ ਦਾ ਵਿਰੋਧ ਬਚਪਣ ਤੋਂ ਹੀ ਸੁਰੂ ਕਰ ਦਿੱਤਾ ਸੀ। ਬਾਬੇ ਨੇ ਇਸ ਅੰਧੇਰਗਰਦੀ ਦੇ ਖਿਲਾਫ ਫੈਸਲਾਕੁਨ ਲੜਾਈ ਵਿੱਢ ਦਿੱਤੀ ਜਿਹੜੀ ਪੰਦਰਵੀਂ ਸਦੀ ਦੇ ਅੱਠਵੇਂ ਦਹਾਕੇ ਤੋਂ ਸੁਰੂ ਹੋਈ ਤੇ ਸ਼ਤਾਰਵੀਂ ਸਦੀ ਦੇ ਅੰਤਲੇ ਸਾਲ ਭਾਵ 1699 ਤੱਕ ਸ਼ਿਖਰਾਂ ਨੂੰ ਸ਼ੁਹ ਗਈ, ਨਤੀਜੇ ਵਜੋਂ ਇੱਕ ਵਿਲੱਖਣ ਨਿਆਰੀ ਤੇ ਇਨਸਾਫ ਪਸੰਦ ਵੱਖਰੀ ਕੌਂਮ ਦਾ ਐਲਾਨ ਇਸ ਫੈਸਲਾਕੁਨ ਲਹਿਰ ਦੇ ਦਸਵੇਂ ਨਾਨਕ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਦੀ ਧਰਤੀ ਤੋਂ ਕੀਤਾ। ਨਾਨਕ ਬਾਬੇ ਦੇ ਸਮੇ ਤੋਂ ਹੀ ਬਰਾਬਰ ਵਿਰੋਧ ਜਤਾਉਂਦੇ ਆ ਰਹੇ ਉਹਨਾਂ ਦੇ ਵਾਰਸਾਂ ਨੇ ਸਮੇ ਸਮੇਂ ਦੀਆਂ ਹਕੂਮਤਾਂ ਨਾਲ ਮਿਲ ਕੇ ਇਸ ਲਹਿਰ ਨੂੰ ਦਵਾਉਣ ਦੇ ਅਨੇਕਾਂ ਯਤਨ ਕੀਤੇ,ਜੁਲਮ ਢਾਹੇ, ਸ਼ਹਾਦਤਾਂ ਹੋਈਆਂ ਪਰ ਨਾਨਕ ਦੀ ਸਿੱਖੀ ਦੀ ਲਹਿਰ ਹੋਰ ਪਰਪੱਕਤਾਂ ਨਾਲ ਪੈਂਡਾ ਤਹਿ ਕਰਦੀ ਰਹੀ। ਗੁਰੂ ਗੋਬਿੰਦ ਸਿੰਘ ਦੇ ਨਾਲ ਸਭ ਤੋਂ ਵੱਧ ਖਾਰ ਖਾਣ ਵਾਲੇ ਵੀ ਉਹ ਪਹਾੜੀ ਰਾਜੇ ਹੀ ਸਨ ਜਿਹੜੇ ਕਿਸੇ ਵੀ ਕੀਮਤ ਤੇ ਇਸ ਵੱਖਰੀ ਕੌਂਮ ਨੂੰ ਵਧਦਾ ਫੁਲਦਾ ਸਹਿਣ ਨਹੀ ਸਨ ਕਰ ਸਕਦੇ।ਉਹਨਾਂ ਨੇ ਇਸ ਤੀਸਰੇ ਪੰਥ ਤੋਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਸੁਚੇਤ ਕੀਤਾ ਤੇ ਕਿਸੇ ਵੀ ਹਾਲਤ ਵਿੱਚ ਇਹਨਾਂ ਨੂੰ ਸਿਰ ਨਾ ਚੁੱਕਣ ਦੇਣ ਦੀਆਂ ਨਸੀਹਤਾਂ ਪੁਸਤ ਦਰ ਪੁਸਤ ਦਿੰਦੇ ਰਹੇ। ਇੱਕ ਉਹ ਸਮਾਂ ਵੀ ਆਇਆ ਜਦੋਂ ਖਾਲਸੇ ਨੇ ਆਪਣੇ ਗੁਰੂ ਦੇ ਓਟ ਆਸਰੇ ਅਤੇ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਆਪਣਾ ਵਿਸ਼ਾਲ ਤੇ ਸ਼ਕਤੀਸ਼ਾਲੀ ਰਾਜ ਭਾਗ ਕਾਇਮ ਕਰ ਲਿਆ।ਇੱਕ ਅਜਿਹਾ ਹਲੀਮੀ ਰਾਜ ਜਿਸ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀ,ਕਿਸੇ ਬੇਗੁਨਾਹ ਨੂੰ ਸਜਾ ਨਹੀ,ਕੋਈ ਨਸਲੀ ਭੇਦ ਭਾਵ ਨਹੀ, ਇੱਥੋਂ ਤੱਕ ਕਿ ਕਿਸੇ ਵੱਡੇ ਤੋਂ ਵੱਡੇ ਗੁਨਾਹਗਾਰ ਨੂੰ ਵੀ ਮੌਤ ਦੀ ਸ਼ਜਾ ਨਹੀ, ਫਿਰ ਵੀ ਉਹ ਰਾਜ ਚਾਰ ਦਹਾਕਿਆਂ ਤੋਂ ਵੱਧ ਦੀ ਉਮਰ ਨਾ ਭੋਗ ਸਕਿਆ,ਉਸਦਾ ਕਾਰਨ ਸਪੱਸਟ ਹੈ ਕਿ ਨਾਨਕ ਦੇ ਰਾਹ ਚੱਲਣ ਵਾਲੇ ਲੋਕ ਇਹ ਭੁੱਲ ਵਿਸਰ ਗਏ ਕਿ ਸਾਡੇ ਪੁਰਖਿਆਂ ਦੀ ਲੜਾਈ ਇੱਕ ਅਜਿਹੀ ਲੁਟੇਰੀ ਜਮਾਤ ਨਾਲ ਰਹੀ ਹੈ ਜਿਸਦੇ ਵਾਰਸ ਕਿਸੇ ਨਾਂ ਕਿਸੇ ਰੂਪ ਵਿੱਚ ਸਿੱਖੀ ਨਾਲ ਦੁਸ਼ਮਣੀ ਨਿਰੰਤਰ ਨਿਭਾਉਂਦੇ ਆ ਰਹੇ ਹਨ। ਸਿੱਖ ਰਾਜ ਦਾ ਉਹ ਅਜੇਤੂ ਬਾਦਸਾਹ ਇਸ ਭੁੱਲ ਕਰਕੇ ਮਾਤ ਖਾ ਗਿਆ ਕਿ ਉਹਨੇ ਉਹਨਾਂ ਲੋਕਾਂ ਤੇ ਹੀ ਭਰੋਸਾ ਕਰ ਲਿਆ ਜਿਹੜੇ ਮੁੱਢੋਂ ਹੀ ਸਿੱਖੀ ਦੇ ਦੁਸ਼ਮਣ ਚੱਲੇ ਆ ਰਹੇ ਸਨ। ਖੈਰ ! ਸਮਾ ਬਦਲ ਗਿਆ।ਸਿੱਖਾਂ ਦਾ ਰਾਜ ਭਾਗ ਖੁੱਸ਼ ਗਿਆ। ਅੰਗਰੇਜਾਂ ਨੇ ਖਾਲਸਾ ਰਾਜ ਨੂੰ ਮੁਅੱਤਲ ਕਰਕੇ ਹਿੰਦੁਸਤਾਨ ਵਿੱਚ ਸਾਮਲ ਕਰ ਲਿਆ।ਹੁਣ ਉਹ ਸਮਾ ਸੁਰੂ ਹੁੰਦਾ ਹੈ ਜਦੋਂ ਬਹਾਦਰੀ ਦਾ ਲੋਹਾ ਮਨਵਾਉਣ ਵਾਲੀ ਸਿੱਖ ਕੌਂਮ ਕੁਰਬਾਨੀਆਂ ਕਰਦੀ ਰਹੀ ਤੇ ਨਾਨਕ ਦੀ ਦੁਸ਼ਮਣ ਜਮਾਤ ਦੇ ਵਾਰਸ ਗੁਲਾਮੀ ਵਿੱਚ ਵੀ ਤਾਕਤਬਰ ਹੁੰਦੇ ਗਏ।ਉਹ ਅਜਾਦੀ ਦੀ ਲੜਾਈ ਦੇ ਨਾਲ ਨਾਲ ਅੰਗਰੇਜਾਂ ਨਾਲ ਅੰਦਰਖਾਤੇ ਸਮਝੌਤਿਆਂ ਤੋਂ ਇਲਾਵਾ ਉਹ ਗੁਰ ਵੀ ਸਿੱਖਦੇ ਰਹੇ ਜਿਸ ਨਾਲ ਸਿੱਖ ਕੌਂਮ ਨੂੰ ਨਿੱਸਲ, ਨਿਕੱਮੀ ਤੇ ਬਲਹੀਣ ਬਣਾਇਆ ਜਾ ਸਕੇ। ਸੋ ਦੇਸ ਅਜਾਦ ਹੁੰਦਿਆਂ ਹੀ ਮੁਲਕ ਤੇ ਕਾਬਜ ਹੋਈ ਪੰਦਰਵੀਂ ਸਦੀ ਦੇ ਲੁਟੇਰੇ ਪਾਧਿਆਂ ਦੀ ਵਾਰਸ ਜਮਾਤ ਨੇ ਨੀਤੀ ਤਹਿਤ ਅੰਗਰੇਜਾਂ ਦੀ ਤਰਜ ਤੇ ਸਿੱਖਾਂ ਦੇ ਗੁਰਦੁਆਰਾ ਪ੍ਰਬੰਧ ਵਿੱਚ ਲੁਕਮੇਂ ਰੂਪ ਵਿੱਚ ਘੁਸਪੈਹਠ ਅਰੰਭ ਦਿੱਤੀ ਤਾਂ ਕਿ ਸਿੱਖਾਂ ਦੀ ਸ਼ਕਤੀ ਦੇ ਸੋਮੇ ਸਿੱਖੀ ਸਿਧਾਤਾਂ ਨੂੰ ਤੋੜਿਆ ਮਰੋੜਿਆ ਜਾ ਸਕੇ। ਦੂਸਰਾਂ ਉਹਨਾਂ ਨੇ ਸਿੱਖ ਆਗੂਆਂ ਚੋਂ ਉਹ ਲੋਕਾਂ ਨੂੰ ਅਲੱਗ ਕਰ ਲਿਆ ਜਿਹੜੇ ਜੂਠੀ ਬੁਰਕੀ ਦੀ ਝਾਕ ਵਿੱਚ ਆਪਣਿਆਂ ਤੇ ਵਾਰ ਕਰਨ ਤੋਂ ਗੁਰੇਜ ਕਰਨ ਨਹੀ ਸਨ ਕਰਦੇ। ਸਿੱਖ ਕੌਂਮ ਦੇ ਇਹਨਾਂ ਕੌਂਮ ਧਰੋਹੀ ਆਗੂਆਂ ਦੀ ਬਦੌਲਤ ਹੀ ਸਿੱਖ ਦੁਸ਼ਮਣ ਜਮਾਤ ਸਿੱਖੀ ਸਿਧਾਤਾਂ ਦਾ ਘਾਣ ਕਰਵਾਉਣ ਵਿੱਚ ਕਾਮਯਾਬ ਹੁੰਦੀ ਰਹੀ ਹੈ। ਭਾਵੇਂ 1978 ਦੀ ਵਿਸਾਖੀ ਹੋਵੇ,ਭਾਵੇ ਜੂਨ 1984,1990 ਦਾ ਉਹ ਦੌਰ ਜਦੋਂ ਸੂਬੇ ਦੀ ਸਿੱਖ ਜੁਆਨੀ ਨੂੰ ਕੋਹ ਕੋਹ ਕੇ ਖਤਮ ਕਰ ਦਿੱਤਾ ਗਿਆ ਸੀ ਜਾਂ ਮਜੂਦਾ ਦੌਰ ਵਿੱਚ ਵਾਪਰੇ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੀ ਗੱਲ ਹੋਵੇ, ਸਾਰੇ ਹੀ ਮਾਰੂ ਹਮਲਿਆਂ ਵਿੱਚ ਆਪਣਿਆਂ ਦੀ ਸਰਮਨਾਕ ਸਮੂਲੀਅਤ ਰਹੀ ਹੈ।ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਜਿਹੜੀ ਅੱਜ ਵੀ ਲਗਾਤਾਰ ਜਾਰੀ ਹੈ ਇਸ ਦਾ ਮੁੱਖ ਮਕਸਦ ਵੀ ਸਿੱਖੀ ਸਿਧਾਂਤਾਂ ਦਾ ਘਾਣ ਕਰਨਾ ਹੈ। ਗੁਰੂ ਦੀ ਬੇਅਦਬੀ ਕਰਕੇ ਸਿੱਖਾਂ ਦੇ ਮਨਾਂ ਚੋਂ ਗੁਰੂ ਪ੍ਰਤੀ ਸ਼ਰਧਾ ਨੂੰ ਖਤਮ ਕਰਨ ਦੇ ਭੈੜੇ ਮਨਸੂਬੇ ਹਨ। ਗੁਰੂ ਦੀ ਬੇਅਦਬੀ ਦੇ ਖਿਲਾਫ ਬੋਲਣ ਵਾਲਿਆਂ ਨੂੰ ਜੇਲਾਂ ਵਿੱਚ ਤੁੰਨ ਦੇਣਾ ਅੱਤਿਆਚਾਰ ਕਰਨੇ, ਗੋਲੀਆਂ ਨਾਲ ਭੁੰਨ ਸੁੱਟਣਾ ਆਮ ਵਰਤਾਰਾ ਬਣ ਗਿਆ ਹੈ। ਇਸ ਦਾ ਵੀ ਕਾਰਨ ਸਪੱਸਟ ਹੈ ਕਿ ਕੌਮੀ ਆਗੂ ਜਮੀਰਾਂ ਵੇਚ ਕੇ ਦੁਸਮਣ ਜਮਾਤ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ, ਜਦੋਂ ਕਿ ਦੁਸ਼ਮਣ ਜਮਾਤ ਕੇਂਦਰ ਵਿੱਚ ਮਜਬੂਤ ਹਕੂਮਤ ਕਾਇਮ ਕਰੀ ਬੈਠੀ ਹੈ ਜਿਹਨਾਂ ਦਾ ਮੁੱਖ ਨਿਸਾਨਾ ਸਿੱਖੀ ਨੂੰ ਖਤਮ ਕਰਨਾ ਮਿਥਿਆ ਹੋਇਆ ਹੈ ਜਿਸ ਤੇ ਕੇਂਦਰ ਦੀਆਂ ਅਜੰਸੀਆਂ ਪੂਰੀ ਤਨਦੇਹੀ ਨਾਲ ਪਹਿਰਾ ਦੇ ਰਹੀਆਂ ਹਨ।ਉਧਰ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੀ ਅਜਾਦੀ ਲਈ ਕੰਮ ਕਰਦੀਆਂ ਜਥੇਵੰਦੀਆਂ 2020 ਚ ਰਿਫਰੈਂਡਮ ਦੀ ਗੱਲ ਕਰ ਰਹੀਆਂ ਹਨ ਤੇ ਇੱਧਰ ਘੱਟ ਗਿਣਤੀ ਕੌਮਾਂ ਦੀ ਸਾਂਝੀ ਦੁਸ਼ਮਣ ਆਰ ਐਸ ਐਸ 2020 ਤੱਕ ਮੁਲਕ ਨੂੰ ਹਿੰਦੂ ਰਾਜ ਘੋਸਤ ਕਰਨ ਦਾ ਮਨ ਬਣਾਈ ਬੈਠੀ ਹੈ ਜਿਸ ਲਈ ਉਹ ਸਿੱਖਾਂ ਨੂੰ ਆਪਣੇ ਰਾਹ ਦਾ ਸਭ ਤੋਂ ਵੱਡਾ ਰੋੜਾ ਸਮਝ ਰਹੀ ਹੈ ਇਸ ਕਰਕੇ ਹੁਣ ਉਹਨਾਂ ਨੇ ਪੂਰੀ ਗੰਭੀਰਤਾ ਨਾਲ ਸਿੱਖੀ ਸਿਧਾਂਤਾਂ ਅਤੇ ਸਿਧਾਂਤਕ ਪਰਚਾਰਕਾਂ ਤੇ ਆਪਣੀ ਮਾਰੂ ਨਜਰ ਰੱਖੀ ਹੋਈ ਹੈ।ਪਿਛਲੇ ਦਿਨਾਂ ਵਿੱਚ ਹੋਇਆ ਸਿੱਖ ਪਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਹਮਲਾ ਵੀ ਏਸੇ ਨਜਰੀਏ ਨਾਲ ਦੇਖਿਆ ਜਾਣਾ ਬਣਦਾ ਹੈ। ਇਥੇ ਇੱਕ ਗੱਲ ਬਹੁਤ ਹੀ ਗੰਭੀਰਤਾ ਨਾਲ ਵਿਚਾਰਨੀ ਬਣਦੀ ਹੈ ਕਿ ਕੀ ਸਿੱਖੀ ਸਿਧਾਤਾਂ ਦੀ ਗੱਲ ਕਰਨ ਵਾਲੇ ਪਰਚਾਰਕਾਂ ਨੂੰ ਦੁਸ਼ਮਣ ਤਾਕਤਾਂ ਆਪਣਾ ਨਿਸਾਨਾ ਬਨਾਉਣ ਵਿੱਚ ਸਫਲ ਹੁੰਦੀਆਂ ਰਹਿਣਗੀਆਂ ? ਕੀ ਹੁਣ ਸਿੱਖੀ ਸਿਧਾਤਾਂ ਤੇ ਹੋ ਰਹੇ ਸਿਧੇ ਕਾਤਲਾਨਾ ਹਮਲੇ ਬਰਦਾਸਤ ਕਰਨ ਯੋਗ ਹਨ? ਕੀ ਢੱਡਰੀਆਂ ਵਾਲਿਆਂ ਤੇ ਕੀਤੇ ਗਏ ਹਮਲੇ ਵਿੱਚ ਛਬੀਲ ਵਾਲੀ ਘਟਨਾ ਸਿੱਖੀ ਦੀ ਸੰਗਤ ਪੰਗਤ ਦੇ ਸਿਧਾਂਤ ਨੂੰ ਕਤਲ ਕਰਨ ਵਾਲੀ ਕੋਝੀ ਹਰਕਤ ਨਹੀ? ਪਿਛਲੇ ਸਾਲ ਤੋਂ ਸੁਰੂ ਹੋ ਕੇ ਲਗਾਤਾਰ ਵਾਪਰ ਰਹੇ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਤੋਂ ਢੱਡਰੀਆਂ ਵਾਲਿਆਂ ਤੇ ਛਬੀਲ ਲਾ ਕੇ ਕੀਤੇ ਗਏ ਹਮਲੇ ਤੱਕ ਇਹ ਸਿੱਖੀ ਸਿਧਾਤਾਂ ਦਾ ਨੰਗਾ ਚਿੱਟਾ ਕਤਲੇਆਮ ਹੈ ਜਿਸ ਨੂੰ ਗੰਭੀਰਤਾ ਨਾਲ ਵਿਚਾਰਕੇ ਚਿਤਾਵਨੀ ਵਜੋਂ ਪ੍ਰਵਾਨ ਕਰਨਾ ਹੋਵੇਗਾ, ਅਤੇ ਸਮੁੱਚੀ ਸਿੱਖ ਕੌਂਮ ਨੂੰ ਸ੍ਰੀ ਅਕਾਲ ਤਖਤ ਸਹਿਬ ਦੀ ਮਰਯਾਦਾ ਅਤੇ ਸਿੱਖੀ ਸਿਧਾਤਾਂ ਨੂੰ ਬਚਾਉਣ ਲਈ ਇੱਕ ਕੇਸਰੀ ਨਿਸਾਨ ਥੱਲੇ ਇਕੱਤਰ ਹੋਣਾ ਹੀ ਪਵੇਗਾ ਨਹੀ ਉਹ ਸਮਾਂ ਬਹੁਤੀ ਦੂਰ ਨਹੀ ਜਦੋਂ ਦੁਸ਼ਮਣ ਆਪਣੇ ਕਾਤਲ ਮਨਸੂਬਿਆਂ ਵਿੱਚ ਸਫਲ ਹੋਣ ਦਾ ਐਲਾਨ ਕਰਨਗੇ।