ਪੱਤਰਕਾਰਾਂ ਤੇ ਹੋ ਰਹੇ ਯੋਜਨਾਵੱਧ ਹਮਲਿਆਂ ਦੇ ਸੰਦਰਭ ਵਿੱਚ

ਸੱਚ ਲਿਖਦੀਆਂ ਕਲਮਾਂ ਨੂੰ ਤੋੜ ਦੇਣ ਲਈ ਯਤਨਸ਼ੀਲ ਸਰਕਾਰੀ ਤੇ ਗੈਰ ਸਰਕਾਰੀ ਦਹਿਸਤਗਰਦੀ ਦੇ ਖਿਲਾਫ ਲਾਮਵੰਦ ਹੋਣਾ ਹੀ ਪਵੇਗਾ:
ਲੋਕਤੰਤਰ ਦਾ ਚੌਥਾ ਥੰਮ ਸਮਝੇ ਜਾਂਦੇ ਭਾਰਤੀ ਮੀਡੀਏ ਦੀ ਹਾਲਤ ਦਿਨੋਂ ਦਿਨ ਤਰਸਯੋਗ ਹੁੰਦੀ ਜਾ ਰਹੀ ਹੈ। ਨਿਰਪੱਖ ਪੱਤਰਕਾਰਤਾ ਦੋ ਪਿੜਾਂ ਵਿਚਾਲੇ ਬੁਰੀ ਤਰਾਂ ਪੀਛੀ ਜਾ  ਰਹੀ ਹੈ। ਸਰਕਾਰੀ ਤੇ ਗੈਰ ਸਰਕਾਰੀ ਦਹਿਸਤਗਰਦੀ ਦਾ ਜੁਲਮੀ ਸ਼ਾਇਆ ਹਰ ਸਮੇ ਲੁੱਟ ਘਸੁੱਟ, ਨਸ਼ਾਖੋਰੀ, ਗੁੰਡਾਗਰਦੀ ਅਤੇ ਹਰ ਤਰਾਂ ਦੇ ਜਬਰ ਜੁਲਮ ਦੇ ਖਿਲਾਫ ਚੱਲ ਰਹੀਆਂ ਕਲਮਾਂ ਤੇ ਬਣਿਆ ਰਹਿੰਦਾ ਹੈ। ਇਸ ਦਾ ਕਾਰਨ ਸਾਫ ਹੈ ਕਿ ਇਥੋਂ ਦਾ ਰਾਜਸੀ ਸਿਸਟਮ ਭਰਿਸ਼ਟਾਚਾਰ ਦੀ ਦਲਦਲ ਵਿੱਚ  ਨੱਕੋ ਨੱਕ ਡੁੱਬਿਆ ਹੋਇਆ ਹੈ ਜਿਸ ਵਿੱਚ ਅਪਰਾਧਿਕ ਬਿਰਤੀ ਵਾਲੇ ਲੋਕਾਂ ਦੀ ਬਹੁਤਾਤ ਹੈ ।ਇੱਥੋਂ ਦਾ ਿਬਜਲਈ ਮੀਡੀਆ ਹਿੰਦੂ ਤਵੀ ਸਰਮਾਏਦਾਰ ਜਮਾਤ ਦੀ ਮਜਬੂਤ ਪਕੜ ਵਿੱਚ ਹੋਣ ਕਰਕੇ ਨਿਰਪੱਖਤਾ ਅਸਲੋਂ ਹੀ ਖੋ ਚੁੱਕਾ ਹੈ। ਰਾਸ਼ਟਰ ਪੱਧਰ ਦੇ ਅਖਵਾਰੀ ਅਦਾਰੇ ਵੀ ਇਸੇ ਸੋਚ ਨੂੰ ਪ੍ਰਨਾਏ ਹੋਣ ਕਾਰਨ ਨਿਰਪੱਖਤਾ ਦੀ ਆਸ ਇਹਨਾਂ ਤੋਂ ਵੀ ਨਹੀ ਕੀਤੀ ਜਾ ਸਕਦੀ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਹੱਕ ਸੱਚ ਦੀ ਗੱਲ ਕਰਨ ਵਾਲੇ ਅਦਾਰੇ ਅਤੇ ਪੱਤਰਕਾਰ ਉਂਗਲਾਂ ਤੇ ਗਿਣੇ ਜਾਣ ਜੋਗੇ ਹੀ ਰਹਿ ਗਏ ਹਨ ਜਿੰਨਾ ਦਾ ਹਸ਼ਰ ਆਏ ਦਿਨ ਅਖਵਾਰਾਂ ਦੀਆਂ ਸੁਰਖੀਆਂ ਬਣ ਕੇ ਇਸ ਕਿੱਤੇ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਚਿੰਤਤ ਕਰਦਾ ਰਹਿੰਦਾ ਹੈ। ਕਦੇ ਮਹਾਰਾਸ਼ਟਰ ਵਿੱਚ ਸੱਚ ਦੀ ਅਵਾਜ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਕਦੇ ਉਤਰ ਪ੍ਰਦੇਸ਼ ਵਿੱਚ ਜਿੰਦਾ ਜਲਾ ਕੇ ਇਸ ਅਵਾਜ ਨੂੰ ਲੂਹ ਦੇਣ ਵਰਗੇ ਸੁਨੇਹੇ ਮਿਲਦੇ ਹਨ। ਇਹ ਸਾਰਾ ਵਰਤਾਰਾ ਗੁੰਡਾ ਸਿਆਸੀ ਗੱਠਜੋੜ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ, ਕਿਉਂ ਕਿ ਸੱਚ ਸੁਣਨਾ ਨਾਂ ਹੀ ਸਿਆਸੀ ਜਗਤ ਨੂੰ ਪਸੰਦ ਹੈ ਤੇ ਨਾਂ ਹੀ ਅਪਰਾਧ ਜਗਤ ਨੂੰ,ਇਸ ਲਈ ਇਮਾਨਦਾਰੀ ਤੇ ਪਹਿਰਾ ਦੇ ਰਹੀ ਉਸਾਰੂ ਪੱਤਰਕਾਰਤਾ ਤੇ ਹਕੂਮਤਾਂ ਦਾ ਕਹਿਰ ਢਹਿਣਾ ਵੀ ਸੁਭਾਵਕ ਹੈ। ਪੰਜਾਬ ਵਿੱਚ ਵੀ ਇਸ ਚੌਥੇ ਥੰਮ ਦਾ ਹਾਲ ਕੋਈ ਬਹੁਤਾ ਠੀਕ ਨਹੀ ਚੱਲ ਰਿਹਾ ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਇੱਥੋਂ ਦਾ ਹਾਲ ਬਾਕੀ ਦੇਸ਼ ਦੇ ਮੁਕਾਬਲੇ ਬਹੁਤ ਮਾੜਾ ਹੈ. ਪਿਛਲੇ ਤਕਰੀਬਨ ਨੌਂ ਸਾਲਾਂ ਤੋਂ ਪੰਜਾਬ ਵਿੱਚ ਕੋਈ ਅਜਿਹਾ ਖੇਤਰੀ ਟੀ ਵੀ ਚੈਨਲ ਚੱਲਣ ਹੀ ਨਹੀ ਦਿੱਤਾ ਜਾ ਰਿਹਾ ਜਿਹੜਾ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰ ਸਕਦਾ ਹੋਵੇ, ਸੂਬਾ ਸਰਕਾਰ ਦੀਆਂ ਵਧੀਕੀਆਂ ਨੂੰ ਜੱਗ ਜਾਹਰ ਕਰ ਸਕਦਾ ਹੋਵੇ,ਪੰਜਾਬ ਵਿੱਚ ਦਿਨੋਂ ਦਿਨ ਅਮਰ ਵੇਲ ਦੀ ਤਰਾਂ ਫੈਲ ਰਹੇ ਭਰਿਸ਼ਟਾਚਾਰ,ਰਿਸਬਤਖੋਰੀ,ਗੁੰਡਾਗਰਦੀ, ਅਤੇ ਬਦਅਮਨੀ ਵਾਰੇ ਦੁਨੀਆਂ ਨੂੰ ਜਾਣੂ ਕਰਵਾ ਸਕਦਾ ਹੋਵੇ।ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਪਰਿਵਾਰਵਾਦ ਨੂੰ ਬੜ੍ਹਾਵਾ ਦੇਣ ਕਰਕੇ ਬਿਗੜੀ ਸੂਬੇ ਦੀ ਆਰਥਿਕ ਹਾਲਤ ਤੋਂ ਪਰਦਾ ਚੁੱਕ ਸਕਦਾ ਹੋਵੇ,ਪੂਰੇ ਦੇਸ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਮਿਹਨਤੀ ਕਿਸਾਨ ਦੇ ਆਪਣੇ ਪਰਿਵਾਰ ਦੀ ਹੋ ਰਹੀ ਮੰਦੀ ਹਾਲਤ ਨੂੰ ਬਿਆਨ ਕਰ ਸਕਦਾ ਹੋਵੇ, ਸਰਕਾਰ ਦੀ ਸਹਿ ਤੇ ਸਰੇਆਮ ਵਿਕ ਰਹੇ ਚਿੱਟੇ ,ਕਾਲੇ ਤੇ ਤਰਲ ਨਸ਼ੇ ਦੀ ਮਾਰ ਚ ਆਈ ਪੰਜਾਬ ਦੀ ਸੱਤਰ ਫੀਸਦੀ ਨੌਜਵਾਨ ਪੀੜ੍ਹੀ ਦੇ ਗਰਕ ਚੁੱਕੇ ਭਵਿੱਖ ਵਾਰੇ ਚਿੰਤਾ ਜਾਹਰ ਕਰ ਸਕਦਾ ਹੋਵੇ। ਪਿਛਲੇ ਸਾਲਾਂ ਵਿੱਚ ਅਜਿਹੇ ਟੀ ਵੀ ਚੈਨਲਾਂ ਦਾ ਹਸ਼ਰ ਵੀ ਅਸੀਂ ਅੱਖੀਂ ਦੇਖ ਚੁੱਕੇ ਹਾਂ।ਮੌਜੂਦਾ ਸਮੇ ਵਿੱਚ ਚਲਦੇ ਪੰਜਾਬੀ ਤੇ ਹਿੰਦੀ ਦੇ ਖੇਤਰੀ ਚੈਨਲ ਸਿਰਫ ਸੂਬੇ ਦੇ ਹਾਕਮ ਪਰਿਵਾਰ ਦੇ ਨਿੱਜੀ ਮਾਲਕੀ ਅਤੇ ਹਿੱਸੇਦਾਰੀ ਵਾਲੇ ਟੀਵੀ ਚੈਨਲ ਹਨ ਜਿੰਨਾਂ ਤੇ ਹਰ ਸਮੇ ਸਰਕਾਰ ਦੇ ਗੁਣਗਾਣ ਤੇ ਵਿਰੋਧੀਆਂ ਨੂੰ ਪਾਣੀ ਪੀ ਪੀ ਕੋਸਣ ਤੋਂ ਇਲਾਵਾ ਕਰੋੜਾਂ ਰੁਪਏ ਦੀ ਸਰਕਾਰੀ ਇਸਤਿਹਾਰਵਾਜੀ ਦਾ ਖੁੱਲਾ ਵਿਉਪਾਰ ਹੋ ਰਿਹਾ ਹੁੰਦਾ ਹੈ ।ਸੂਬੇ ਵਿੱਚ ਛਪਣ ਵਾਲੇ ਪੰਜਾਬੀ ਦੇ ਕੁੱਝ ਇੱਕ ਅਖਵਾਰਾਂ ਨੂੰ ਛੱਡ ਕੇ ਬਾਕੀ ਸਭ ਇਸ਼ਤਿਹਾਰਾਂ ਦੀ ਚਕਾਚੌਂਧ ਵਿੱਚ ਗੁਆਚ ਕੇ ਆਪਣੇ ਫਰਜਾਂ ਨੂੰ ਭੁੱਲ ਅਤੇ ਜਮੀਰ ਨੂੰ ਮਾਰ ਕੇ ਹਾਕਮਾਂ ਸਾਹਮਣੇ ਆਪਾ ਸਮੱਰਪਤ ਕਰ ਚੁੱਕੇ ਹਨ।ਅਖਵਾਰੀ ਅਦਾਰਿਆਂ ਦੀ ਆਪਣੀ ਪਦਰਥਕ ਭੁੱਖ ਨੇ ਪੱਤਰਕਾਰਤਾ ਨੂੰ ਕਲੰਕਤ ਕਰ ਦਿੱਤਾ ਹੈ ਜਿਸ ਕਰਕੇ ਸੂਬੇ ਵਿੱਚ ਪੱਤਰਕਾਰ ਭਾਈਚਾਰੇ ਵਿੱਚ ਵੀ  ਇੱਕ ਅਮਿੱਟ ਲੀਕ ਖਿੱਚੀ ਜਾ ਚੁੱਕੀ ਹੈ ਜਿਹੜੀ ਸੂਬੇ ਦੇ ਭਰਿਸ਼ਟ ਤਾਣੇ ਬਾਣੇ ਨੂੰ ਤਾਂ ਪੂਰੀ ਤਰਾਂ ਫਿੱਟ ਬੈਠਦੀ ਹੈ ਪਰ ਸੱਚ ਦਾ ਪੱਲਾ ਘੁੱਟ ਕੇ ਫੜਨ ਵਾਲੇ ਅਖਵਾਰੀ ਅਦਾਰਿਆਂ,ਪੱਤਰਕਾਰਾਂ ਅਤੇ ਆਮ ਲੋਕਾਂ ਲਈ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ।ਇਹੋ ਕਾਰਨ ਹੈ ਕਿ ਸੱਚ ਲਿਖਣ ਵਾਲੇ ਅਤੇ ਸੱਚ ਬੋਲਣ ਵਾਲੇ ਅਦਾਰਿਆਂ ਅਤੇ ਪੱਤਰਕਾਰਾਂ ਨੂੰ ਸਰੇਆਮ ਸਰਕਾਰੀ ਜਬਰ ਦਾ ਸਿਕਾਰ ਤੇ ਜਲੀਲ ਹੋਣਾ ਪੈ ਰਿਹਾ ਹੈ।  ਬੰਦੀ ਸਿੱਖਾਂ ਦੀ ਰਿਹਾਈ ਲਈ ਪਿਛਲੇ ਇੱਕ ਸਾਲ ਤੋਂ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਵਰਤੇ ਜਾ ਰਹੇ ਹਥਕੰਡਿਆਂ ਨੂੰ ਨੰਗਾ ਕਰਨ ਵਾਲੇ ਪੱਤਰਕਾਰਾਂ ਤੇ ਪਿਛਲੇ ਮਹੀਨਿਆਂ ਵਿੱਚ ਸੂਬੇ ਦੀ ਪੁਲਿਸ ਵੱਲੋਂ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਨਾਲ ਕੀਤਾ ਗਿਆ ਹਮਲਾ ਸੂਬਾ ਸਰਕਾਰ ਦਾ ਪ੍ਰੈਸ ਦੀ ਅਜਾਦੀ ਤੇ ਦਿਨ ਦਿਹਾੜੇ ਕਾਤਲਾਨਾ ਹਮਲਾ ਹੈ ਜਿਹੜਾ ਇਸ ਗੱਲ ਦੀ ਗਵਾਹੀ ਭਰਦਾ ਹੈ, ਕਿ ਸੂਬੇ ਵਿੱਚ ਸੱਚੀ ਸੱਚੀ ਪੱਤਰਕਾਰਤਾ ਦੇ ਕਿੱਤੇ ਨਾਲ ਜੁੜਿਆ ਕੋਈ ਵੀ ਇਮਾਨਦਾਰ ਪੱਤਰਕਾਰ ਸੁਰਖਿਅਤ ਨਹੀ।ਜਦੋਂ ਜੀਅ ਚਾਹੇ ਪੁਲਿਸ ਪੱਤਰਕਾਰਾਂ ਦੇ ਕੈਮਰੇ ਤੋੜ ਦਿੰਦੀ ਹੈ ਜਾਂ ਖੋਹ ਲੈਂਦੀ ਹੈ ਇਸ ਦੀ ਕਿਤੇ ਕੋਈ ਸੁਣਵਾਈ ਨਹੀ। ਪਿਛਲੇ ਦਿਨਾਂ ਵਿੱਚ ਅਦਾਰਾ ਪਹਿਰੇਦਾਰ ਦੇ ਮੁੱਖ ਦਫਤਰ ਅਤੇ ਮੁੱਖ ਸੰਪਾਦਕ ਦੇ ਘਰ ਤੇ ਪੁਲਿਸ ਛਾਪੇ, ਉਹਨਾਂ ਦੇ ਇਕਲੌਤੇ ਪੁੱਤਰ ਤੇ ਇੱਕ ਮਮੂਲੀ ਝਗੜੇ ਵਿੱਚ 307 ਦਾ ਝੂਠਾ ਸੰਗੀਨ ਜੁਰਮ ਅਤੇ ਕਨੇਡੀਅਨ ਪੱਤਰਕਾਰ ਬਲਤੇਜ ਪੰਨੂ ਤੇ ਬਲਾਤਕਾਰ ਦਾ ਝੂਠਾ ਪਰਚਾ ਦਰਜ ਕਰਨਾ ਸਿੱਧ ਕਰਦਾ ਹੈ ਕਿ ਇੱਥੇ ਕਿਸੇ ਵੀ ਖੱਬੀਖਾਨ ਨੂੰ ਸੱਚ ਬੋਲਣ ਤੇ ਲਿਖਣ ਦਾ ਕੋਈ ਅਧਿਕਾਰ ਨਹੀ।ਸ਼ੋਸ਼ਲ ਸਾਇਟਾਂ ਦੇ ਜਰੀਏ ਲੋਕਾਂ ਨੂੰ ਸਰਕਾਰੀ ਗੁੰਡਾਗਰਦੀ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਸੱਚ ਤੋਂ ਜਾਣੂ ਕਰਵਾ ਕੇ ਸੂਬਾ ਸਰਕਾਰ ਅਤੇ ਸੂਬੇ ਦੀ ਪੁਲਿਸ ਦਾ ਭਾਂਡਾ ਭੰਨਣ ਵਾਲੇ ਨਿਧੱੜਕ ਅਤੇ ਸੀਨੀਅਰ ਪੱਤਰਕਾਰ ਕੰਬਰ ਸੰਧੂ ਤੇ ਪਟਿਆਲਾ ਸੈਂਟਰਲ ਜ੍ਹੇਲ ਵਿੱਚ ਬੇਅੰਤ ਕਤਲ ਕੇਸ ਵਿੱਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਵੱਲੋਂ ਪਹਿਲਾਂ ਹੀ ਤਿਆਰ ਕੀਤੀ ਯੋਜਨਾ ਤਹਿਤ ਬੁਲਾ ਕੇ ਕੀਤਾ ਗਿਆ ਹਮਲਾ ਵੀ ਸਰਕਾਰ ਨੂੰ ਸੱਕ ਦੇ ਕਟਿਹਰੇ ਵਿੱਚ ਖੜਾ ਕਰਦਾ ਹੈ।ਕਿਉਂ ਕਿ ਕੰਵਰ ਸੰਧੂ ਦੀ ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਦੀ ਇੰਟਰਵਿਊ ਵਾਲੀ ਵੀਡੀਓ  ਨੇ ਜੋ ਪੰਜਾਹ ਝੂਠੇ ਪੁਲਿਸ ਮੁਕਾਬਲਿਆਂ ਦੇ ਸੱਚ ਅਤੇ ਕੁੱਝ ਹੋਰ ਗੁੱਝੇ ਭੇਤਾਂ ਦੀਆਂ ਪਰਤਾਂ ਖੋਲੀਆਂ ਹਨ ਉਸ ਨੇ ਕੁੱਝ ਹੋਰ ਬਾਰਸ਼ੂਖ ਵਿਅਕਤੀਆਂ ਅਤੇ ਸੂਬੇ ਦੇ ਹਾਕਮਾਂ ਦੀ ਨੀਦ ਉਡਾ ਕੇ ਰੱਖ ਦਿੱਤੀ ਸੀ। ਸੋ ਨਾਂ ਹੀ ਕੰਵਰ ਸੰਧੂ ਤੇ ਕੀਤਾ ਗਿਆ ਹਮਲਾ ਮਹਿਜ ਰਾਜੋਆਣਾ ਦੀ ਬੌਖਲਾਹਟ ਕਹੀ ਜਾ ਸਕਦੀ ਹੈ,ਅਤੇ ਨਾਂ ਹੀ ਪਟਿਆਲੇ ਦੇ ਇੱਕ ਹੋਰ ਪੱਤਰਕਾਰ ਤੇ ਅੰਤਰਰਾਸ਼ਟਰੀ ਸਮਗਲਰ ਤੇ ਸਾਬਕਾ ਪੁਲਿਸ ਅਫਸਰ ਜਗਦੀਸ਼ ਭੋਲੇ ਵੱਲੋਂ ਕੀਤਾ ਗਿਆ ਹਮਲਾ ਕਿਸੇ ਬੌਖਲਾਹਟ ਦੀ ਕਾਰਵਾਈ  ਕਹੀ ਜਾ ਸਕਦੀ ਹੈ, ਬਲਕਿ ਇਹ ਸਰਕਾਰ ਦੇ ਸੱਚੀ ਪੱਤਰਕਾਰਤਾ ਨੂੰ ਸਬਕ ਸਿਖਾਉਂਣ ਦੀ ਗਹਿਰੀ ਸਾਜਿਸ਼ ਹੈ ਜਿਸ ਨੂੰ ਅਣਗੌਲਿਆ ਵੀ ਨਹੀ ਕੀਤਾ ਜਾਣਾ ਚਾਹੀਂਦਾ।ਹੱਕ ਸੱਚ ਦੀ ਅਵਾਜ਼ ਨੂੰ ਹੋਰ ਉੱਚਾ ਕਰਨ ਅਤੇ ਸੁਣਨ ਦੇ ਆਸਕ ਲੋਕਾਂ ਨੂੰ ਜਿੱਥੇ ਇਸ ਵੰਗਾਰ ਨੂੰ ਕਬੂਲ ਕਰ ਲੈਣਾ ਚਾਹੀਂਦਾ ਹੈ ਉਥੇ ਇਹ ਗੱਲ ਵੀ ਦਿਲ ਦਿਮਾਗ ਵਿੱਚ ਬੈਠਾ ਲੈਣੀ ਚਾਹੀਂਦੀ ਹੈ ਕਿ  ਸਰਕਾਰੀ ਦਹਿਸਤਗਰਦੀ ਦੇ ਖਿਲਾਫ ਲਾਮਵੰਦ ਹੋ ਕੇ ਸੰਘਰਸ਼ ਵਿੱਢਣ ਤੋਂ ਸ਼ਿਵਾਏ ਹੋਰ ਕੋਈ ਵੀ ਚਾਰਾ ਨਹੀ ਜਿਹੜਾ ਸੱਚੀਆਂ ਕਲਮਾਂ ਨੂੰ ਖੁੰਢਾ ਹੋਣ ਤੋਂ ਵਚਾਅ ਸਕਦਾ ਹੋਵੇ। ਨਹੀਂ ਤਾਂ ਆਏ ਦਿਨ ਸਰਕਾਰੀ ਸਰਪ੍ਰਸਤੀ ਪਰਾਪਤ ਅਪਰਾਧੀ ਲਾਣੇ ਵੱਲੋਂ ਪੱਤਰਕਾਰਾਂ ਤੇ ਹਮਲਿਆਂ ਦੀਆਂ ਖਬਰਾਂ ਸੱਚ ਦੇ ਰਾਹ ਚੱਲਣ ਵਾਲੇ ਲੋਕਾਂ ਨੂੰ ਭੈਭੀਤ ਕਰਦੀਆਂ ਰਹਿਣਗੀਆਂ।

Welcome to Punjabi Akhbar

Install Punjabi Akhbar
×
Enable Notifications    OK No thanks