ਨਿਊਜ਼ੀਲੈਂਡ ‘ਚ ਇਕ ਭਾਰਤੀ ਮੂਲ ਦੇ ਦੁਕਾਨ ਮਾਲਕ ਅਤੇ ਉਸਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਕੁੱਟਿਆ

NZ PIC 29 Nov-B
ਔਕਲੈਂਡ -ਆਕਲੈਂਡ ਤੋਂ ਲਗਪਗ 35 ਕਿਲੋਮੀਟਰ ਦੂਰ ਜ਼ਿਲ੍ਹਾ ਪਾਪਾਕੁਰਾ ਵਿਖੇ  ਪਿਛਲੇ 27 ਸਾਲਾਂ ਤੋਂ ਇਕ ਡੇਅਰੀ ਸ਼ਾਪ ਚਲਾ ਰਹੇ ਭਾਰਤੀ ਮੂਲ ਦੇ ਪਰਿਵਾਰ ਨੂੰ ਬੀਤੀ ਸੋਮਵਾਰ ਦੀ ਰਾਤ ਨੂੰ ਦੁਕਾਨ ਬੰਦ ਕਰਨ ਵੇਲੇ ਦੋ ਲੁਟੇਰਿਆਂ ਨੇ ਬੁਰੀ ਤਰ੍ਹਾਂ ਕੁੱਟਿਆ।  ‘ਓਪੇਕੇਹੀ ਸੁਪਰਏਟੇ’ ਨਾਂਅ ਦੀ ਦੁਕਾਨ ਦੇ ਮਾਲਕ ਨਾਨੂ ਪਟੇਲ ਰਾਤ ਨੂੰ 8.30 ਵਜੇ ਆਪਣੀ ਦੁਕਾਨ ਦਾ ਸ਼ਟਰ ਬੰਦ ਕਰ ਰਹੇ ਸੀ। ਅਜੇ ਜਿੰਦਰਾ ਲਗਾਉਣਾ ਬਾਕੀ ਸੀ ਐਨੇ ਨੂੰ ਇਕ ਲੁਟੇਰੇ ਨੇ ਬਿਨਾਂ ਕੁਝ ਪੁੱਛੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸਦੇ ਸਿਰ ਉਤੇ ਸੱਟ ਮਾਰੀ ਅੱਖ ਦੇ ਉਤੇ ਬਾਅਦ ਵਿਚ ਟਾਂਕੇ ਲਗਾਏ ਗਏ। ਜਦੋਂ ਉਸ ਉਤੇ ਹਮਲਾ ਹੋ ਰਿਹਾ ਸੀ ਤਾਂ ਉਸਨੇ ਪਰਿਵਾਰ ਨੂੰ ਸਹਾਇਤਾ ਵਾਸਤੇ ਆਵਾਜ ਮਾਰੀ ਤਾਂ ਦੁਕਾਨ ਦੇ ਪਿੱਛੇ ਬਣੇ ਘਰ ਅੰਦਰ ਰਹਿੰਦੀ ਉਸਦੀ ਪਤਨੀ ਅਤੇ ਲੜਕੀ ਬਾਹਰ ਨਿਕਲੀ। ਉਨ੍ਹਾਂ ਨੂੰ ਬਾਹਰ ਨਿਕਲਦਿਆਂ ਹੀ ਦੂਜੇ ਲੁਟੇਰੇ ਨੇ ਘੇਰ ਲਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਸਦੀ ਪਤਨੀ ਦੀ ਸੱਜੀ ਅੱਖ ਭੰਨ ਦਿੱਤੀ ਗਈ ਅਤੇ ਲੜਕੀ ਦਾ ਜਬਾੜਾ ਤੋੜ ਦਿੱਤਾ ਗਿਆ। ਚੋਰ ਜਾਂਦਾ ਹੋਇਆ ਘਰ ਅੰਦਰ ਪਿਆ ਲੈਪਟਾਪ ਵੀ ਲੈ ਗਿਆ। ਦੁਕਾਨ ਮਾਲਕ ਦਾ ਮੁੰਡਾ ਦੂਜੇ ਕਮਰੇ ਵਿਚ ਸੀ ਉਸਨੇ ਫੋਨ ਕਰਕੇ ਪੁਲਿਸ ਸੱਦੀ। ਪੁਲਿਸ ਨੇ ਵੀ ਫੁਰਤੀ ਵਿਖਾਉਂਦਿਆਂ ਥੋੜ੍ਹੀ ਦੇਰ ਵਿਚ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੇ ਦਿਨ ਅਦਾਲਤ ਵਿਚ ਪੇਸ਼ ਕੀਤਾ। ਅੱਜ ਇਸ ਪੱਤਰਕਾਰ ਨੇ ਦੁਕਾਨ ਉਤੇ ਜਾ ਕੇ ਪਰਿਵਾਰ ਤੋਂ ਸਾਰੀ ਜਾਣਕਾਰੀ ਲਈ। ਬਹੁਤ ਸਾਰੇ ਸਥਾਨਕ ਗੋਰੇ ਲੋਕ ਫੁੱਲਾਂ ਦੇ ਗੁਲਦਸਤੇ ਲੈ ਕੇ ਹਮਦਰਦੀ ਕਰਨ ਪਹੁੰਚੇ ਹੋਏ ਸਨ। ਇਕ ਲੁਟੇਰਾ 28 ਸਾਲ ਅਤੇ ਦੂਜਾ 19 ਸਾਲ ਦਾ ਸੀ।  ਪਿਛਲੇ 27 ਸਾਲਾਂ ਤੋਂ ਦੁਕਾਨ ਚਲਾ ਰਹੇ ਇਸ ਪਰਿਵਾਰ ਉਤੇ ਇਹ ਦੂਜਾ ਅਤੇ ਭਿਆਨਕ ਹਮਲਾ ਸੀ।

Install Punjabi Akhbar App

Install
×