ਐਨਾ ਗੁੱਸਾ….ਓਵਰਟੇਕ ਕੀਤਾ, ਨਾ ਕਿ ਗੁਨਾਹ ਕੀਤਾ

ਹਮਿਲਟਨ ਹਵਾਈ ਅੱਡੇ ਉਤੇ ਪੰਜਾਬੀ ਟੈਕਸੀ ਡ੍ਰਾਈਵਰ ਉਤੇ ਹਮਲਾ-ਸੱਜੇ ਪਾਸੇ ਦੀ ਅੱਖ ਜ਼ਖਮੀ

(‘ਟੈਕਸੀ ਚਾਲਕ ਸ. ਸੁਖਜੀਤ ਸਿੰਘ ਦੀ ਅੱਖ ਵਿਚੋਂ ਨਿਕਲਦਾ ਖੂਨ ਅਤੇ ਸੁੱਜੀ ਹੋਈ ਅੱਖ। ਨਾਲ ਦੀ ਤਸਵੀਰ ਉਸਦੀ ਆਮ ਤਸਵੀਰ)

ਔਕਲੈਂਡ :-ਹਮਿਲਟਨ ਹਵਾਈ ਅੱਡੇ ਉਤੇ ਮੰਗਲਵਾਰ ਰਾਤ 8.40 ਵਜੇ ਇਕ ਵਿਅਕਤੀ ਵੱਲੋਂ ਪੰਜਾਬੀ ਟੈਕਸੀ ਡ੍ਰਾਈਵਰ ਸੁਖਜੀਤ ਸਿੰਘ ਰੱਤੂ (29) ਉਤੇ ਹਮਲਾ ਕੀਤਾ ਗਿਆ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ‘‘ਉਹ ਹਮਿਲਟਨ ਹਵਾਈ ਅੱਡੇ ਵਲੱ ਜਾ ਰਹੇ ਸਨ। ਉਨ੍ਹਾਂ ਦੇ ਮੂਹਰੇ-ਮੂਹਰੇ ਇਕ ਜੋੜਾ ਕਿਸੀ ਹੋਰ ਕਾਰ ਦੇ ਵਿਚ ਜਾ ਰਿਹਾ ਸੀ, ਜਿਸ ਨੂੰ ਔਰਤ ਚਲਾ ਰਹੀ ਸੀ। 100 ਦੀ ਸਪੀਡ ਵਾਲੇ ਹਾਈਵੇਅ ਉਤੇ ਉਹ ਕਾਫੀ ਹੌਲੀ ਚੱਲ ਰਹੇ ਸਨ ਜਿਸ ਕਰਕੇ ਉਨ੍ਹਾਂ ਆਪਣੀ ਕਾਰ ਓਵਰਟੇਕ ਕਰਕੇ ਅੱਗੇ ਕੱਢ ਲਈ। ਜਦੋਂ ਉਹ ਹਵਾਈ ਅੱਡੇ ਵਾਲੇ ਪਾਸੇ ਨੂੰ ਮੁੜੇ ਤਾਂ ਉਹੀ ਕਾਰ ਪਿੱਛਾ ਕਰਦੀ ਉਨ੍ਹਾਂ ਦੀ ਕਾਰ ਮੂਹਰੇ ਆ ਕੇ ਖੜ੍ਹੀ ਹੋ ਗਈ ਜਿਸ ਕਰਕੇ ਉਨ੍ਹਾਂ ਨੂੰ ਆਪਣੀ ਕਾਰ ਰੋਕਣੀ ਪਈ। ਇਸ ਸਮੇਂ ਦੌਰਾਨ ਉਹ ਸਪੀਕਰ ਫੋਨ ਉਤੇ ਆਪਣੇ ਦੂਸਰੇ ਟੈਕਸੀ ਚਾਲਕ ਮਿੱਤਰ ਦੇ ਨਾਲ ਗੱਲਬਾਤ ਵੀ ਕਰ ਰਿਹਾ ਸੀ। ਉਸਨੇ ਆਪਣੇ ਮਿੱਤਰ ਨੂੰ ਕਿਹਾ ਕਿ ਇਕ ਵਿਅਕਤੀ ਉਸਦੀ ਕਾਰ ਵੱਲ ਨੂੰ ਆ ਰਿਹਾ ਹੈ। ਐਨੇ ਨੂੰ ਮੂਹਰੇ ਰੁਕੀ ਕਾਰ ਦੇ ਵਿਚੋਂ ਨਿਕਲ ਕੇ ਆਇਆ ਵਿਅਕਤੀ ਸਿੱਧਾ ਉਸ ਦੀ ਬਾਰੀ ਦੇ ਕੋਲ ਆਇਆ, ਪਹਿਲਾਂ ਬਾਰੀ ਦੇ ਸ਼ੀਸ਼ੇ ਉਤੇ ਮੁੱਕਾ ਮਾਰਿਆ ਅਤੇ ਫਿਰ ਦਰਵਾਜ਼ਾ ਖੋਲ੍ਹ ਕੇ ਉਸਦੀ ਸੱਜੇ ਪਾਸੇ ਵਾਲੀ ਅੱਖ ਉਤੇ ਮੁੱਕਾ ਮਾਰ ਦਿੱਤਾ, ਕੋਈ ਗੱਲਬਾਤ ਨਹੀਂ ਕੀਤੀ ਅਤੇ ਨਾ ਕੋਈ ਪ੍ਰਸ਼ਨ ਕੀਤਾ। ਇਹ ਕਾਰਾ ਕਰਕੇ ਉਹ ਵਾਪਿਸ ਆਪਣੀ ਗੱਡੀ ਦੇ ਵਿਚ ਹਵਾਈ ਅੱਡੇ ਵੱਲ ਚਲੇ ਗਏ। ਸਪੀਕਰ ਉਤੇ ਉਸਦਾ ਦੋਸਤ ਹੋਣ ਕਰਕੇ ਉਸਨੇ ਐਨਾ ਜ਼ਰੂਰ ਮੌਕਾ ਪਾ ਕੇ ਉਸਨੂੰ ਦੱਸ ਦਿੱਤਾ ਕਿ ਉਹ ਮੇਰੀ ਅੱਖ ਉਤੇ ਮੁੱਕਾ ਮਾਰ ਕੇ ਚਲਾ ਗਿਆ ਹੈ, ਤੇ ਮੇਰੀ ਨਜ਼ਰ ਧੁੰਧਲੀ ਹੋ ਗਈ ਹੈ, ਤੇ ਉਸਦਾ ਪਿੱਛਾ ਕਰ। ਉਸਦਾ ਦੋਸਤ ਜੋ ਪਿੱਛੇ ਆ ਰਿਹਾ ਸੀ, ਉਸਨੇ ਆ ਕੇ ਉਸ ਦੀ ਕਾਰ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਾਰ ਹਵਾਈ ਅੱਡੇ ਉਤੇ ਜਾ ਕੇ ਕਿਸੀ ਨੂੰ ਲੈ ਕੇ ਉਥੋਂ ਜਲਦੀ ਖਿਸਕ ਗਈ, ਸ਼ਾਇਦ ਉਸਨੂੰ ਕਿਸੀ ਤਰ੍ਹਾਂ ਪਤਾ ਲੱਗ ਗਿਆ ਹੋਵੇ ਕਿ ਕੋਈ ਪਿੱਛਾ ਕਰ ਰਿਹਾ ਹੈ। ਉਸਦੇ ਦੋਸਤ ਨੇ ਉਸਦੀ ਕਾਰ ਦਾ ਨੰਬਰ ਆਦਿ ਨੋਟ ਕਰ ਲਿਆ ਅਤੇ ਪੁਲਿਸ ਨੂੰ ਦੇ ਦਿੱਤਾ ਹੈ। ਐਂਬੂਲੈਂਸ ਬੁਲਾਈ ਗਈ, ਜ਼ਖਮੀ ਟੈਕਸੀ ਚਾਲਕ ਸੁਖਜੀਤ ਸਿੰਘ ਰੱਤੂ ਨੂੰ ਪਹਿਲਾਂ ਵੱਡੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕੋਈ ਡਾਕਟਰ ਉਪਲਬਧ ਨਾ ਹੋਣ ਕਰਕੇ ਉਸਨੂੰ ਐਂਜਲੀਸੀਅ ਕਲੀਨਿਕ ਭੇਜਿਆ ਗਿਆ। ਉਥੇ ਵੀ ਜਿਆਦਾ ਕੁਝ ਤਾਂ ਨਹੀਂ ਕੀਤਾ ਗਿਆ ਪਰ ਅੱਖ ਸਾਫ ਕਰਕੇ ਘਰ ਭੇਜ ਦਿੱਤਾ ਗਿਆ ਤੇ ਕਿਹਾ ਗਿਆ ਕਿ ਆਪਣੇ ਫੈਮਿਲੀ ਡਾਕਟਰ  ਜਾਂ ਅੱਖਾਂ ਦੇ ਸਪੈਸ਼ਲਿਸਟ ਨੂੰ ਵਿਖਾਓ। ਇਸ ਵੇਲੇ ਇਸ ਅੱਖ ਦੇ ਵਿਚੋਂ ਧੁੰਧਲਾ ਦਿਸ ਰਿਹਾ ਹੈ। ਹਮਲਾਵਾਰ ਨੇ  ਭਾਰਤੀ ਹੋਣ ਕਰਕੇ ਗਾਲਾਂ ਵੀ ਕੱਢੀਆਂ।’’ ਵਰਨਣਯੋਗ ਹੈ ਕਿ ਸ. ਸੁਖਜੀਤ ਸਿੰਘ ਨਾਲ ਇਹ ਪਹਿਲੀ ਵਾਰ ਹੋਇਆ ਅਤੇ ਉਹ ਇਸ ਸੋਹਣੇ ਮੁਲਕ ਦੇ ਵਿਚ ਅਜਿਹੀ ਘਟਨਾ ਬਾਅਦ ਬਹੁਤ ਬੁਰਾ ਮਹਿਸੂਸ ਕਰ ਰਿਹਾ ਹੈ। ਵਾਇਕਾਟੋ ਸ਼ਹੀਦੇ ਆਜ਼ਸ ਸ. ਭਗਤ ਸਿੰਘ ਕਲਚਰਲ ਐਂਡ ਸਪੋਰਟਸ ਟ੍ਰਸਟ ਦੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਅਸੀਂ ਇਸ ਮੁਲਕ ਦੇ ਵਿਚ ਸੁਰੱਖਿਅਤ ਮਹਿਸੂਸ ਕਰਦੇ ਹਾਂ ਪਰ ਅਜਿਹੀਆਂ ਘਟਨਾਵਾਂ ਪ੍ਰਵਾਸੀਆਂ ਦੇ ਲਈ ਪੀੜਾ ਦਾਇਕ ਹਨ ਅਤੇ ਪੁਲਿਸ ਨੂੰ ਸਖਤੀ ਨਾਲ ਅਜਿਹੇ ਅਨਸਰਾਂ ਉਤੇ ਲਗਾਮ ਕੱਸਣੀ ਚਾਹੀਦੀ ਹੈ। ਜੇਕਰ ਕੋਈ ਹੌਲੀ ਚੱਲ ਰਿਹਾ ਹੋਵੇ ਤਾਂ ਓਵਰਟੇਕ ਕਰਨਾ ਕੋਈ ਜ਼ੁਰਮ ਨਹੀਂ ਹੈ, ਪਰ ਹਮਲਾਵਰ ਸ਼ਾਇਦ ਜਿਆਦਾ ਹੀ ਗੁੱਸਾ ਕਰ ਗਿਆ ਹੋਵੇ, ਪਰ ਇਹ ਉਸ ਲਈ ਚੰਗੀ ਗੱਲ ਨਹੀਂ ਸੀ।

Welcome to Punjabi Akhbar

Install Punjabi Akhbar
×
Enable Notifications    OK No thanks