ਅਫਗਾਨਿਸਤਾਨ ‘ਚ ਗੁਰੂਘਰ ‘ਤੇ ਬੰਦੂਕਧਾਰੀਆਂ ਵਲੋਂ ਹਮਲਾ ਅਤਿ ਨਿੰਦਣਯੋਗ: ਸਿੱਖਸ ਆਫ ਅਮਰੀਕਾ

ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਗੁਰੂਘਰ ਤੇ ਹਮਲਾ ਕਰਨਾ ਇਨਸਾਨੀਅਤ ਦਾ ਘਾਣ : ਜਸਦੀਪ ਸਿੰਘ ਜੱਸੀ

ਵਾਸ਼ਿੰਗਟਨ ਡੀ. ਸੀ. 25 ਮਾਰਚ – ਅਫਗਾਨਿਸਤਾਨ ਵਿੱਚ ਬੰਦੂਕਧਾਰੀਆਂ ਦੇ ਇੱਕ ਸਮੂਹ ਵਲੋਂ ਅਫਗਾਨਿਸਤਾਨ ਦੀ ਰਾਜਧਾਨੀ ਦੇ ਪੁਰਾਣੇ ਸ਼ਹਿਰ ਦੇ ਮੱਧ ਵਿੱੱਚ ਇੱਕ ਗੁਰਦੁਆਰੇ ‘ਤੇ ਹਮਲਾ ਕੀਤਾ ਅਤੇ ਜਿਸ ਵਿੱਚ 10-11 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ ਜ਼ਖਮੀ ਵੀ ਹੋਏ ਹਨ। ਇਸ ਗੁਰਦੁਆਰਾ ਸਾਹਿਬ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇਹ ਸ਼ੋਰ ਬਜ਼ਾਰ ਅੰਦਰ ਹੈ। ਅਫਗਾਨਿਸਤਾਨ ਵਿਚ ਸਿੱਖ ਭਾਈਚਾਰਾ ਇਕ ਘੱਟਗਿਣਤੀ ਵਰਗ ਹੈ।

ਇਸ ਮੌਕੇ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਸ. ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਅਫਗਾਨਿਸਤਾਨ ਦੇ ਇਸ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਇਨਸਾਨੀਅਤ ਦਾ ਘਾਣ ਕਰਨ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਸਿੱਖ ਸੰਗਤਾਂ ਵਲੋਂ ਕਰੋਨਾਵਾਇਰਸ ਦੀ ਮਹਾਂਮਾਰੀ ਦੇ ਖਾਤਮੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਸਮਾਗਮ ਕੀਤਾ ਜਾ ਰਿਹਾ ਸੀ, ਪਰ ਇੱਥੇ ਹਮਲਾ ਹੋ ਗਿਆ ਅਤੇ ਇੱਕ ਆਤਮਘਾਤੀ ਹਮਲਾਵਰ ਅੰਦਰ ਵੜ੍ਹ ਗਿਆ। ਜਿਸ ਕਾਰਨ ਇਹ ਭਾਣਾ ਵਾਪਰਿਆ।
ਇਸ ਮੌਕੇ ਸ. ਜਸਦੀਪ ਸਿੰਘ ਜੱਸੀ ਹੁਰਾਂ ਨਾਲ ਅਡੱਪਾ ਪ੍ਰਸਾਦ ਉੱਪ ਪ੍ਰਧਾਨ ਬੀ ਜੀ ਪੀ ਓਵਰਸੀਜ਼,ਬਲਜਿੰਦਰ ਸਿੰਘ ਸ਼ੰਮੀ ਚੇਅਰਮੈਨ ਸਿੱਖ  ਐਸੋਸੀਏਸ਼ਨ  ਬਾਲਟੀਮੋਰ, ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ, ਕੰਵਲਜੀਤ ਸਿੰਘ ਸੋਨੀ ਚੇਅਰਮੈਨ ਸਿੱਖ ਅਫੇਅਰਜ਼ ਵਿੰਗ ਨੇ ਵੀ ਰੋਸ   ਜਤਾਇਆ ਹੈ।ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪੁਲਿਸ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸੀ, ਪਰ ਗੋਲੀਬਾਰੀ ਅਜੇ ਵੀ ਜਾਰੀ ਹੈ। ਸੰਸਦ ਮੈਂਬਰ ਨਰਿੰਦਰਾ ਸਿੰਘ ਖਾਲਸਾ ਨੇ ਕਿਹਾ ਕਿ ਜਦੋਂ ਸਵੇਰੇ 7 ਕੁ ਵਜੇ ਹਮਲਾ ਹੋਇਆ ਤਾਂ ਉਹ ਗੁਰਦੁਆਰੇ ਦੇ ਨਜ਼ਦੀਕ ਸੀ ਅਤੇ ਉਹ ਭੱਜਿਆ ਅਤੇ ਆਪਣਾ ਬਚਾਅ ਕੀਤਾ। ਉਸਨੇ ਕਿਹਾ ਕਿ ਉਦੋਂ ਘੱਟੋ ਘੱਟ ਚਾਰ ਲੋਕ ਮਾਰੇ ਗਏ ਸਨ। ਅਜੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਇਸਲਾਮਿਕ ਸਟੇਟ ਨਾਲ ਸਬੰਧਤ ਇਕ ਸੰਗਠਨ ਨੇ ਰਾਜਧਾਨੀ ਕਾਬੁਲ ਵਿਚ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਦੇ ਇਕੱਠ ਤੇ ਹਮਲਾ ਕੀਤਾ ਸੀ, ਜਿਸ ਵਿੱਚ 32 ਲੋਕਾਂ ਦੀ ਮੌਤ ਹੋ ਗਈ ਸੀ।
ਅੱਤਵਾਦੀ  ਮੁਸਲਿਮ ਦੇਸ਼ ਵਿੱਚ ਸਿੱਖਾਂ ਨੇ ਵਿਆਪਕ ਵਿਤਕਰੇ ਦਾ ਸਾਹਮਣਾ ਕੀਤਾ ਹੈ ਅਤੇ ਅੱਤਵਾਦੀਆਂ ਦੁਆਰਾ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ   ਗਿਆ ਹੈ।