ਆਸਟ੍ਰੇਲੀਆ ਵਿੱਚ ਟੈਕਸ ਵਿਭਾਗ ਦੀਆਂ ਰੇਡਾਂ: ਟੈਕਸ ਬਚਾਉਣ ਵਾਲੇ ਸਾਫ਼ਟਵੇਅਰ ਅਤੇ ਹੋਰ ਸਾਜੋ ਸਾਮਾਨ ਬਣੇ ਕਾਰਨ

ਏ.ਟੀ.ਓ. (ਆਸਟ੍ਰੇਲੀਆਈ ਟੇਕਸ ਆਫ਼ਿਸ) ਅਤੇ ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਇੱਕ ਸੰਯੁਕਤ ਕਾਰਵਾਈ ਕਰਦਿਆਂ, ਸਮੁੱਚੇ ਦੇਸ਼ ਅੰਦਰ ਹੀ ਤਕਰੀਬਨ 35 ਅਜਿਹੀਆਂ ਥਾਂਵਾਂ ਤੇ ਛਾਪੇਮਾਰੀ ਕੀਤੀ ਜਿੱਥੇ ਸ਼ੱਕ ਕੀਤਾ ਜਾ ਰਿਹਾ ਸੀ ਕਿ ਉਕਤ ਅਦਾਰਿਆਂ ਵੱਲੋਂ ਅਜਿਹੇ ਸਾਜੋ ਸਾਮਾਨ ਅਤੇ ਸਾਫ਼ਟਵੇਅਰਾਂ ਦੀ ਵਰਤੋਂ ਧੜੱਲੇ ਨਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਕਾਰਨ ਟੈਕਸ ਆਦਿ ਨੂੰ ਬਚਾਇਆ ਜਾ ਸਕਦਾ ਹੈ।
ਇਹ ਛਾਪੇ ਮਾਰੀ ਵਿਕਟੌਰੀਆ, ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ ਅਤੇ ਤਸਮਾਨੀਆ ਰਾਜਾਂ ਵਿੱਚ ਕੀਤੀ ਗਈ ਹੈ।
ਏ.ਟੀ.ਓ. ਦੇ ਡਿਪਟੀ ਕਮਿਸ਼ਨਰ -ਜੋਹਨ ਫੋਰਡ ਦਾ ਕਹਿਣਾ ਹੈ ਕਿ ਇਨ੍ਹਾਂ ਰੇਡਾਂ ਰਾਹੀਂ ਬਹੁਤ ਹੀ ਮਹੱਤਵਪੂਰਨ ਜਾਣਕਾਰੀਆਂ ਹਾਸਿਲ ਕੀਤੀਆਂ ਗਈਆਂ ਹਨ ਪਰੰਤੂ ਹਾਲੇ ਤੱਕ ਕਿਸੇ ਇਲਜ਼ਾਮਾਂ ਤਹਿਤ ਕਿਸੇ ਨੂੰ ਵੀ ਨਾਮਜ਼ਦ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕੁੱਝ ਕੰਪਿਊਟਰ ਸਾਫ਼ਟਵੇਅਰ ਅਜਿਹੇ ਹਨ ਜਿਨ੍ਹਾਂ ਦੀ ਮਦਦ ਨਾਲ ਵਿਕੀਆਂ ਹੋਈਆਂ ਵਸਤੂਆਂ ਦੀ ਐਂਟਰੀ ਡਿਲੀਟ ਕੀਤੀ ਜਾ ਸਕਦੀ ਹੈ ਜਾਂ ਉਨ੍ਹਾਂ ਦੇ ਮੁੱਲ੍ਹਾਂ ਵਿੱਚ ਵੀ ਫੇਰ-ਬਦਲ ਕੀਤੀ ਜਾ ਸਕਦੀ ਹੈ ਅਤੇ ਇਸੇ ਕਾਰਨ ਟੈਕਸਾਂ ਵਿੱਚ ਫ਼ਰਕ ਪੈ ਜਾਂਦਾ ਹੈ ਅਤੇ ਸਰਕਾਰ ਨੂੰ ਅਜਿਹੇ ਦੁਕਾਨਦਾਰਾਂ ਅਤੇ ਰਿਟੇਲਰਾਂ ਵੱਲੋਂ ਸ਼ਰੇਆਮ ਚੂਨਾ ਲਗਾਇਆ ਜਾਂਦਾ ਹੈ।