ਉਮਰਾਂ ‘ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ: 42.2 ਕਿਲੋਮੀਟਰ ਲੰਬੀ ਮੈਰਾਥਨ ਦੌੜ 78 ਸਾਲਾ ਬਲਬੀਰ ਸਿੰਘ ਬਸਰਾ ਅਤੇ 29 ਸਾਲਾ ਅਰਜਨ ਸਿੰਘ ਨੇ ਪੂਰੀ ਕਰਕੇ ਵਧਾਇਆ ਮਾਣ

NZ PIC 3 May-2ਬੀਤੇ ਦਿਨੀਂ ਇਥੇ ਰੋਟੋਰੂਆ ਸ਼ਹਿਰ ਵਿਖੇ ‘ਦਾ ਲਾਇਨ ਫਾਊਂਡੇਸ਼ਨ’  ਵੱਲੋਂ 52ਵੀਂ ਮੈਰਾਥਨ ਦੌੜ ਜੋ ਕਿ 42 ਕਿਲੋਮੀਟਰ ਲੰਬੀ ਸੀ, ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਦੌੜ ਦੇ ਵਿਚ 17 ਦੇਸ਼ਾਂ ਤੋਂ ਲਗਪਗ 1016 ਲੋਕਾਂ ਨੇ ਭਾਗ ਲਿਆ ਜਿਨ੍ਹਾਂ ਦੇ ਵਿਚ ਦੋ ਪੰਜਾਬੀਆਂ ਨੇ ਭਾਗ ਲਿਆ ਨਿਊਜ਼ੀਲੈਂਡ ਵਸਦੇ ਪੂਰੇ ਪੰਜਾਬੀਆਂ ਦਾ ਪੂਰੇ ਸੰਸਾਰ ਵਿਚ ਮਾਣ ਵਧਾਇਆ। ਪੰਜਾਬੀ ਗੀਤ ਹੈ ”ਉਮਰਾਂ ‘ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ” ਇਹਨਾਂ ਸਤਰਾਂ ਨੂੰ ਜੀਵਿਆ ਹੈ ਨਿਊਜ਼ੀਲੈਂਡ ਦੇ ਫੌਜਾ ਸਿੰਘ ਸ. ਬਲਬੀਰ ਸਿੰਘ ਬਸਰਾ ਨੇ।
ਸ. ਬਸਰਾ ਜਿਨ੍ਹਾਂ ਨੂੰ 78 ਸਾਲਾ ਨੌਜਵਾਨ ਕਿਹਾ ਜਾ ਸਕਦਾ ਹੈ, ਦੀ ਹੈ ਪੰਜਵੀਂ ਮੈਰਾਥਨ ਦੌੜ ਸੀ। ਸ. ਬਲਬੀਰ ਸਿੰਘ ਬਸਰਾ ਨੇ 42.2 ਕਿਲੋਮੀਟਰ ਲੰਬੀ ਦੌੜ 5 ਘੰਟੇ 17 ਮਿੰਟ ਦੇ ਵਿਚ ਪੂਰੀ ਕਰਕੇ ਆਪਣੀ ਉਮਰ ਦੇ ਵਰਗ ਵਿਚ ਚੌਥਾ ਸਥਾਨ ਹਾਸਿਲ ਕੀਤਾ। ਇਨ੍ਹਾਂ ਦੀ ਔਸਤਨ ਦੌੜ 8.16 ਕਿਲੋਮੀਟਰ ਪ੍ਰਤੀ ਘੰਟਾ ਨਿਕਲੀ ਹੈ। ਇਸ ਦੌੜ ਦੇ ਵਿਚ 643 ਮਰਦ ਸਨ ਅਤੇ ਬਾਕੀ ਮਹਿਲਾਵਾਂ। ਸ. ਬਲਬੀਰ ਸਿੰਘ ਬਸਰਾ ਸੰਨ 2000 ਤੋਂ ਇਥੇ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਜੱਦੀ ਸ਼ਹਿਰ ਫਗਵਾੜਾ ਹੈ। ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ ਵੀ ਹਰ ਹਫਤੇ ਉਨ੍ਹਾਂ ਦੀ ਵਿਸ਼ੇਸ਼ ਸੇਵਾ ਲੱਗੀ ਹੁੰਦੀ ਹੈ। ਸ. ਬਸਰਾ ਨੂੰ ਉਸਦੇ ਪਰਿਵਾਰਕ ਮੈਂਬਰਾਂ, ਪੰਜਾਬੀ ਮੀਡੀਏ ਅਤੇ ਭਾਰਤੀ ਭਾਈਚਾਰੇ ਨੇ ਵਧਾਈ ਭੇਜੀ ਹੈ।
ਇਸ ਦੌੜ ਦੇ ਵਿਚ ਇਕ ਹੋਰ ਸਿੱਖ ਨੌਜਵਾਨ ਸ. ਅਰਜਨ ਸਿੰਘ ਨੇ ਵੀ ਹਿੱਸਾ ਲਿਆ। ਇਸ ਨੌਜਵਾਨ ਕੋਲੋਂ ਭਾਵੇਂ 78 ਸਾਲਾ ਸ. ਬਲਬੀਰ ਸਿੰਘ ਬਸਰਾ ਨੂੰ ਨਹੀਂ ਪਛਾੜਿਆ ਗਿਆ ਪਰ ਫਿਰ ਵੀ ਇਸ ਨੌਜਵਾਨ 42.2 ਕਿਲੋਮੀਟਰ ਦੀ ਦੌੜ ਪੂਰੀ ਕਰਕੇ ਪੱਗ ਦੀ ਸ਼ਾਨ ਵਧਾਈ। ਇਸਨੇ ਇਹ ਦੌੜ 6 ਘੰਟੇ 14 ਮਿੰਟ ਅਤੇ 18 ਸੈਕਿੰਡ ਦੇ ਵਿਚ ਪੂਰੀ ਕਰਕੇ ਓਵਰ ਆਲ 881 ਵਾਂ ਸਥਾਨ ਹਾਸਿਲ ਕੀਤਾ। ਸ. ਅਰਜਨ ਸਿੰਘ ਦੀ ਇਹ ਦੂਜੀ ਮੈਰਾਥਨ ਦੌੜ ਸੀ, ਪਰ ਇਸ ਵਾਰ ਪ੍ਰੈਕਟਿਸ ਨਾ ਹੋਣ ਕਰਕੇ ਭਾਵੇਂ ਉਹ ਜਾਣਾ ਨਹੀਂ ਸਨ ਚਾਹੁੰਦੇ ਪਰ ਸ. ਬਲਬੀਰ ਸਿੰਘ ਬਸਰਾ ਹੋਰਾਂ ਨੇ ਹੌਂਸਲਾ ਦਿੰਦਿਆ ਉਨ੍ਹਾਂ ਨੂੰ ਆਪਣੇ ਨਾਲ ਲੈ ਲਿਆ। ਇਨ੍ਹਾਂ ਦੋਹਾਂ ਪੰਜਾਬੀਆਂ ਨੇ ਮੈਰਾਥਨ ਦੌੜ ਦੇ ਵਿਚ ਜਿੱਥੇ ਦਸਤਾਰਾਂ ਸਜਾਈਆਂ ਹੋਈਆਂ ਸਨ ਉਥੇ ਖੁੱਲ੍ਹੇ ਦਾਹੜੇ ਦੇ ਨਾਲ ਵੱਖਰੀ ਹੀ ਸਿੱਖਾਂ ਦੀ ਪਹਿਚਾਣ ਦਰਜ ਕਰਵਾ ਰਹੇ ਸਨ। ਇਨ੍ਹਾਂ ਦੋਵਾਂ ਜਵਾਨਾਂ ਨੂੰ ਦੌੜਦਿਆਂ ਵੇਖ ਕੇ ਬਹੁਤ ਸਾਰੇ ਗੋਰੇ ਅਤੇ ਦੂਜੇ ਦੇਸ਼ਾਂ ਦੇ ਲੋਕਾਂ ਨੇ ਸਲਾਹਿਆ ਅਤੇ ‘ਗੁੱਡ ਆਨ ਯੂ’ ਆਖਿਆ। ਦੋਹਾਂ ਦੌੜਾਕਾਂ ਨੂੰ ਯਾਦਗਾਰੀ ਮੈਡਲ ਪਹਿਨਾਏ ਗਏ।
ਸ. ਅਰਜਨ ਸਿੰਘ ਨੂੰ ਵੀ ਬਹੁਤ-ਬਹੁਤ ਵਧਾਈ। ਸ਼ਾਲਾ! ਇਹੋ ਜਿਹੇ ਪੰਜਾਬੀਆਂ ਦੀ ਗਿਣਤੀ ਹੋਰ ਵਧੇ।