‘ਵਿਲੱਖਣ ਸੰਸਥਾ ਦਾ ਵਿਲੱਖਣ ਕਾਰਜ’ -ਆਤਮ ਪਰਗਾਸ ਸੰਸਥਾ ਨੇ ਸ਼ਹੀਦ ਕਿਸਾਨ ਪਰਿਵਾਰਾਂ ਦੀ ਜੁਮੇਵਾਰੀ ਉਠਾਈ

ਬਠਿੰਡਾ -‘ਆਤਮ ਪਰਗਾਸ ਸੰਸਥਾ’ ਨੇ ਹੋਰ ਸੰਸਥਾਵਾਂ ਨਾਲੋਂ ਵੱਖਰਾ ਰਾਹ ਅਖਤਿਆਰ ਕਰਦਿਆਂ ਇੱਕ ਵਿਲੱਖਣ ਕਾਰਜ ਸੁਰੂ ਕਰਕੇ ਮਿਸਾਲ ਕਾਇਮ ਕੀਤੀ ਹੈ। ਇਸ ਸੰਸਥਾ ਨੇ ਉਹਨਾਂ ਕਿਸਾਨ ਪਰਿਵਾਰਾਂ ਦੀ ਜੁਮੇਵਾਰੀ ਆਪਣੇ ਸਿਰ ਉਠਾ ਲਈ ਹੈ, ਜਿਹੜੇ ਕਿਸਾਨੀ ਨੂੰ ਖਤਮ ਕਰਨ ਲਈ ਕੇਂਦਰ ਵੱਲੋਂ ਲਾਗੂ ਕੀਤੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਵਿੱਢੇ ਕਿਸਾਨ ਅੰਦੋਲਨ ਵਿੱਚ ਆਪਣੀਆਂ ਜਾਨਾਂ ਵਾਰ ਗਏ ਹਨ। ਹੁਣ ਤੱਕ ਇਸ ਸੰਸਥਾ ਵੱਲੋ 491 ਪਰਿਵਾਰਾਂ ਦੀ ਵੱਡਮੁੱਲੀ ਸਹਾਇਤਾ ਕੀਤੀ ਜਾ ਚੁੱਕੀ ਹੈ।
ਸੰਸਥਾ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦਿੰਦਿਆਂ ਇਸਦੇ ਚੇਅਰਮੈਨ ਡਾ: ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਮੁੱਚੇ ਦੇਸ਼ ਵਿੱਚ ਸੰਸਥਾ ਦੀਆਂ 25 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦੀਆਂ ਲੋੜਾਂ ਸਮਝਣ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਜੁਟੀਆਂ ਹੋਈਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਟੀਮਾਂ ਵਿੱਚ ਦੇਸ਼ ਦੇ ਪ੍ਰਮੁੱਖ ਵਿੱਦਅਕ ਅਦਾਰਿਆਂ ਦੇ ਪ੍ਰੋਫੈਸਰ ਤੇ ਵਿਗਿਆਨੀ ਸ਼ਾਮਲ ਹਨ, ਜੋ ਆਪ ਕਿਸਾਨਾਂ ਦੇ ਘਰੋ ਘਰੀਂ ਪਹੁੰਚ ਕੇ ਜਾਣਕਾਰੀ ਇਕੱਤਰ ਕਰਦੇ ਹਨ ਕਿ ਪਰਿਵਾਰ ਦੀਆਂ ਲੋੜਾਂ ਕੀ ਹਨ? ਪੂਰੀਆਂ ਕਿਹੜੀਆਂ ਕੀਤੀਆਂ ਜਾ ਚੁੱਕੀਆਂ ਹਨ? ਬਾਕੀ ਕਿਹੜੀਆਂ ਹਨ? ਉਹਨਾਂ ਦੱਸਿਆ ਕਿ ਸੰਸਥਾ ਦੇ ਕੰਮਾਂ ਦੀ ਜਾਣਕਾਰੀ ਪਾਰਦਰਸੀ ਰੂਪ ਵਿੱਚ ਅਤਮ ਪਰਗਾਸ ਦੀ ਵੈੱਬਸਾਈਟ ਤੇ ਵੀ ਉਪਲੱਭਦ ਕਰਵਾਈ ਜਾ ਰਹੀ ਹੈ।
ਭਾਰਤ ਸਰਕਾਰ ਦੇ ਮੰਤਰੀ ਪਾਸੋਂ ਮੰਚ ਉਪਰ ਖੜੋ ਕੇ ਰਾਸ਼ਟਰੀ ਸਨਮਾਨ ਤੇ ਸੋਨੇ ਦਾ ਤਮਗਾ ਠੁਕਰਾਉਣ ਵਾਲੇ ਡਾ: ਵਰਿੰਦਰਪਾਲ ਸਿੰਘ ਜੋ ਇਸ ਸੰਸਥਾ ਦੇ ਚੇਅਰਮੇਨ ਹਨ ਬੀਤੇ ਦਿਨ ਵਿਸੇਸ਼ ਤੌਰ ਤੇ ਬਠਿੰਡਾ ਵਿਖੇ ਪਹੁੰਚੇ ਤੇ ਉਹਨਾਂ 16 ਕਿਸਾਨ ਪਰਿਵਾਰ ਨੂੰ ਨਿੱਜੀ ਤੌਰ ਤੇ ਸਨਮਾਨਿਤ ਕੀਤਾ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਇਸੇ ਤਹਿਤ ਉਹਨਾਂ ਪਿੰਡ ਘੜੈਲੀ ਦੇ ਕਿਸਾਨ ਸ੍ਰੀ ਲੀਲਾ ਸਿੰਘ ਦੇ ਘਰ ਦੀ ਉਸਾਰੀ ਕਰਨ ਲਈ ਲੋੜੀਂਦੀ ਸਮੱਗਰੀ ਦੇਣ ਅਤੇ ਉਹਨਾਂ ਦੇ ਪਿਿਰਵਾਰ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਉਸ ਸਮੇਂ ਤੱਕ ਪੈਨਸਨ ਦੇਣ ਦਾ ਐਲਾਨ ਕੀਤਾ, ਜਦ ਤੱਕ ਪਰਿਵਾਰ ਦਾ ਕੋਈ ਬੱਚਾ ਪੜ੍ਹ ਕੇ ਕਮਾਈ ਦੇ ਯੋਗ ਨਹੀਂ ਹੋ ਜਾਂਦਾ। ਇੱਥੇ ਇਹ ਵਰਨਣਯੋਗ ਹੈ ਕਿ ਲੀਲਾ ਸਿੰਘ ਕਿਸਾਨ ਅੰਦੋਲਨ ਦੌਰਾਨ ਸਹੀਦ ਹੋ ਗਿਆ ਸੀ, ਜੋ ਆਪਣੇ ਪਿੱਛੇ ਪਤਨੀ, ਦੋ ਜਵਾਨ ਪੁੱਤਰੀਆਂ ਤੇ ਇੱਕ ਛੋਟਾ ਪੁੱਤਰ ਛੱਡ ਗਿਆ ਹੈ। ਇਸ ਮੌਕੇ ਲੀਲਾ ਸਿੰਘ ਦੀ ਪਤਨੀ ਜਸਪਾਲ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਮਾਸਿਕ ਸਹਾਇਤਾ ਮਿਲਣੀ ਸੁਰੂ ਹੋ ਗਈ ਹੈ ਅਤੇ ਘਰ ਦੀ ਉਸਾਰੀ ਲਈ ਇੱਕ ਲੱਖ ਰੁਪਏ ਦੀ ਪਹਿਲੀ ਕਿਸਤ ਉਹਨਾਂ ਦੇ ਬੈਂਕ ਖਾਤੇ ਵਿੱਚ ਜਮਾਂ ਹੋ ਚੁੱਕੀ ਹੈ।

ਸ੍ਰ: ਦਰਬਾਰਾ ਸਿੰਘ ਸਾਬਕਾ ਬੈਂਕ ਅਧਿਕਾਰੀ ਨੂੰ ਪਰਿਵਾਰ ਦੀ ਦੇਖ ਰੇਖ ਲਈ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਲੀਲਾ ਸਿੰਘ ਦੇ ਪੁੱਤਰ ਦੀ ਸਕੂਲ ਫੀਸ ਪ੍ਰਿਸੀਪਲ ਗੁਰੂ ਹਰਗੋਬਿੰਦ ਸਕੂਲ ਪਿੱਥੋ ਨੇ ਮੁਆਫ਼ ਕਰਨ ਦਾ ਵਿਸਵਾਸ ਦਿਵਾਇਆ ਹੈ। ਇਸ ਮੌਕੇ ਡਾ: ਵਰਿੰਦਰਪਾਲ ਸਿੰਘ ਤੇ ਉਹਨਾਂ ਦੀ ਸੁਪਤਨੀ ਵੱਲੋਂ ਸ:੍ਰ ਲੀਲਾ ਸਿੰਘ ਦੇ ਪਰਿਵਾਰ ਨੂੰ ਸਨਮਾਨ ਚਿੰਨ, ਪੁਸਤਕਾਂ ਅਤੇ ਸੁਖਚੈਨ ਦਾ ਬੂਟਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਹੀਦ ਕਿਸਾਨ ਦੀ ਯਾਦ ਵਿੱਚ ਇਹ ਬੂਟਾ ਗੁਰਦੁਆਰਾ ਸਾਹਿਬ ਵਿਖੇ ਲਾ ਕੇ ਸਾਂਭ ਸੰਭਾਲ ਲਈ ਪਰੇਰਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਸਕੱਤਰ ਡਾ: ਸੁਖਵਿੰਦਰ ਸਿੰਘ ਸਹਾਹਿਕ ਪ੍ਰੋਫੈਸਰ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਤੇ ਜਸਦੀਪ ਸਿੰਘ ਅਧਿਆਪਕ ਜੀਨੀਅਸ ਇੰਸਟੀਚਿਊਟ, ਕਿਸਾਨ ਯੂਨੀਅਨ ਦੇ ਪਿੰਡ ਇਕਾਈ ਵੱਲੋਂ ਜਸਵੰਤ ਸਿੰਘ, ਸਵਰਨ ਸਿੰਘ, ਜਸਵੰਤ ਸਿੰਘ ਨੰਬਰਦਾਰ ਆਦਿ ਵੀ ਮੌਜੂਦ ਸਨ।

Install Punjabi Akhbar App

Install
×