ਪਰਥ ਵਿਚਲੀ ਬੇਕਾਬੂ ਬੁਸ਼ਫਾਇਰ ਨੇ ਕੀਤੇ 71 ਘਰ ਸਾੜ ਕੇ ਤਬਾਹ -ਹਾਲਾਤ ਹੋ ਰਹੇ ਹੋਰ ਵੀ ਖ਼ਤਰਨਾਕ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪਰਥ ਦੇ ਉਤਰੀ ਸਬਅਰਬਾਂ ਅੰਦਰ ਫੈਲੀ ਜੰਗਲ ਦੀ ਅੱਗ ਕਾਰਨ ਹੁਣ ਤੱਕ 71 ਰਿਹਾਇਸ਼ੀ ਘਰ ਸੜ ਕੇ ਸੁਆਹ ਹੋ ਚੁਕੇ ਹਨ ਅਤੇ ਮੌਸਮ ਦੀ ਗਰਮੀ ਕਾਰਨ ਸਥਿਤੀ ਹੋਰ ਵੀ ਭਿਆਨ ਰੂਪ ਧਾਰਣ ਕਰ ਰਹੀ ਹੈ। ਵੂਰੋਲੂ ਦੇ ਪਹਾੜੀ ਕਸਬੇ ਅੰਦਰ ਬੀਤੇ ਸੋਮਵਾਰ ਦੀ ਰਾਤ ਨੂੰ ਅੱਗ ਹੋਰ ਵੀ ਭਿਆਨਕ ਰੂਪ ਲੈ ਗਈ ਅਤੇ ਅੱਗ ਬੁਝਾਊ ਕਰਮਚਾਰੀ ਲਗਾਤਾਰ, ਦਿਨ ਰਾਤ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਦੇ ਘਰਾਂ ਵਿੱਚੋਂ ਕੱਢਣ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਚਾਉਣ ਵਿੱਚ ਲੱਗੇ ਹੋਏ ਹਨ। ਪੱਛਮੀ ਆਸਟ੍ਰੇਲੀਆ ਦੇ ਅੱਗ ਅਤੇ ਆਪਾਤਕਾਲੀਨ ਸੇਵਾਵਾਂ ਦੇ ਕਮਿਸ਼ਨਰ ਡੈਰਨ ਕਲੈਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 71 ਰਿਹਾਇਸ਼ੀ ਘਰ ਸੜ ਕੇ ਸੁਆਹ ਹੋ ਚੁਕੇ ਹਨ ਪਰੰਤੂ ਜਾਨਾਂ ਬਚਾ ਲਈਆਂ ਗਈਆਂ ਹਨ ਅਤੇ ਇਸ ਭਿਆਨਕ ਆਪਦਾ ਕਾਰਨ, ਹਾਲੇ ਤੱਕ ਵੀ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਸ਼ੈਡੀ ਹਿਲਜ਼ ਅਸਟੇਟ ਅਤੇ ਬੁਲਜ਼ਬਰੁੱਕ ਦੇ ਬਾਹਰਵਾਰ ਦੇ ਇਲਾਕਿਆਂ ਵਿੱਚ ਜ਼ਿਆਦਾ ਖ਼ਤਰਾ ਮੰਡਰਾ ਰਿਹਾ ਹੈ ਅਤੇ ਲੋਕਾਂ ਨੂੰ ਪੂਰੀ ਤਰ੍ਹਾਂ ਚੇਤੰਨ ਰਹਿਣ ਨੂੰ ਕਿਹਾ ਗਿਆ ਹੈ ਅਤੇ ਨਾਲ ਹੀ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਸਮਾਂ ਰਹਿੰਦਿਆਂ ਹੀ ਆਪਣੇ ਬਚਾਅ ਵਾਸਤੇ ਆਪਣੇ ਘਰਾਂ ਵਿਚੋਂ ਬਾਹਰ ਸੁਰੱਖਿਅਤ ਥਾਵਾਂ ਉਪਰ ਪਹੁੰਚਿਆ ਜਾਵੇ ਕਿਉਂਕਿ ਅਗਲੇ 3 ਤੋਂ 5 ਦਿਨ ਇਨ੍ਹਾਂ ਖੇਤਰਾਂ ਵਿੱਚ ਕਾਫੀ ਖ਼ਤਰਨਾਕ ਹੋ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਹਫ਼ਤੇ ਦੇ ਆਖਿਰ ਵਿੱਚ ਬਾਰਿਸ਼ ਦੇ ਆਸਾਰ ਹਨ ਅਤੇ ਇਸ ਤੋਂ ਬਾਅਦ ਹੀ ਰਾਹਤ ਦੀ ਕੋਈ ਉਮੀਦ ਕੀਤੀ ਜਾ ਸਕਦੀ ਹੈ।
ਪ੍ਰਭਾਵਿਤ ਖੇਤਰਾਂ ਅੰਦਰ 2000 ਦੇ ਕਰੀਬ ਰਿਹਾਇਸ਼ੀ ਅਤੇ ਹੋਰ ਥਾਵਾਂ ਉਪਰ ਬਿਜਲੀ ਗੁੱਲ ਹੈ। ਪੱਛਮੀ ਪਾਵਰ ਅਨੁਸਾਰ, ਅੱਗ ਤੋਂ ਪ੍ਰਭਾਵਿਤ ਖੇਤਰਾਂ ਅੰਦਰ, ਬਿਜਲੀ ਦੇ 150 ਖੰਭੇ ਅਤੇ 100 ਟ੍ਰਾਂਸਫਾਰਮਰ ਡਾਊਨ ਹਨ। ਪ੍ਰੀਮੀਆਰ ਮਾਰਕ ਮੈਕਗੋਵਨ ਨੇ ਦੁੱਖ ਜਾਹਿਰ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਦਿਨ ਰਾਤ ਲੱਗਾ ਹੈ ਅਤੇ ਉਮੀਦ ਹੈ ਕਿ ਅਸੀਂ ਬਿਨ੍ਹਾਂ ਕਿਸੇ ਕੀਮਤੀ ਜ਼ਿੰਦਗੀ ਨੂੰ ਖੋਹੇ, ਇਸ ਅੱਗ ਉਪਰ ਕਾਬੂ ਪਾ ਲਵਾਂਗੇ।
ਸਵੈਨ ਵਿਊ ਦੇ ਬਰਾਊਨ ਪਾਰਕ ਰੀਕ੍ਰਿੲੈਸ਼ਨ ਕੰਪਲੈਕਸ, ਮਿਡਲੈਂਡ ਦੇ ਸਵੈਨ ਐਕਟਿਵ ਅਤੇ ਬੀਚਬੋਰੋ ਦੇ ਸਵੈਨ ਐਕਟਿਵ ਵਿਖੇ ਬਚਾਉ ਦਲ਼ਾਂ ਨੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ‘ਆਸਰਾ ਘਰ’ ਬਣਾਏ ਹਨ।
ਅੱਗ ਦੇ ਭਿਆਨਕ ਰੂਪ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਰਥ ਸੀ.ਬੀ.ਡੀ. ਅਤੇ ਕੋਸਟਲ ਸਬਅਰਬਾਂ ਦੇ ਘਰਾਂ ਅੰਦਰ ਹਵਾ ਨਾਲ ਆਸਮਾਨ ਤੋਂ ਰਾਖ ਦਾ ਗਿਰਨਾ ਜਾਰੀ ਹੈ।

Install Punjabi Akhbar App

Install
×