ਅਖੌਤੀ ਮਾਰਕਸਵਾਦੀਆਂ ਨੇ ਨਾ ਮਾਰਕਸ ਨੂੰ ਪੜ੍ਹਿਆ ਨਾ ਸਮਝਿਆ: ਡਾ. ਸਵਰਾਜ ਸਿੰਘ 

  • ਡਾ. ਪੂਰਨ ਚੰਦ ਜੋਸ਼ੀ ਦੀ ਪੁਸਤਕ ‘ਅਸੀਂ ਨਹੀਂ ਜਾਣਦੇ’ ਲੋਕ ਅਰਪਣ

malwa research

ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਮਹੱਤਵਪੂਰਨ ਵਿਸ਼ੇ ‘ਅਖੌਤੀ ਮਾਰਕਸਵਾਦੀ, ਅਖੌਤੀ ਬੌਧਿਕਤਾਵਾਦ ਅਤੇ ਪੁਸਤਕ ਸੱਭਿਆਚਾਰ’ ਉਤੇ ਖੁੱਲ੍ਹੀ ਵਿਚਾਰ ਚਰਚਾ ਕਰਵਾਈ। ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਡਾ. ਕੁਲਦੀਪ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ, ਗੁਰਦੀਪ ਸਿੰਘ ਏ.ਆਈ.ਜੀ. ਡਾ. ਭਗਵੰਤ ਸਿੰਘ ਪ੍ਰਧਾਨ ਮਾਲਵਾ ਰਿਸਰਚ ਸੈਂਟਰ, ਡਾ. ਕੁਲਬੀਰ ਕੌਰ ਚੰਡੀਗੜ੍ਹ ਸ਼ਾਮਲ ਹੋਏ।

ਸੈਮੀਨਾਰ ਦਾ ਆਰੰਭ ਕਰਦਿਆਂ ਡਾ. ਸਵਰਾਜ ਸਿੰਘ ਨੇ ਕਿਹਾ ਕਿ “ਮਾਰਕਸਵਾਦ ਗਿਆਨ ਦਾ ਨਿਰੰਤਰ ਵਿਕਾਸ ਹੈ, ਇਹ ਕੋਈ ਹੱਠਧਰਮੀ, ਅੰਧਵਿਸ਼ਵਾਸੀ ਨਿਰਪੇਖਕ ਅੰਤ ਨਹੀਂ। ਭਾਰਤੀ ਖਾਸਕਰ ਪੰਜਾਬੀ ਅਖੌਤੀ ਮਾਰਕਸਵਾਦੀਆਂ ਨੇ ਬਿਨਾਂ ਪੜ੍ਹਿਆਂ ਸਮਝਿਆਂ ਹੀ ਇਸਨੂੰ ਨਿਰਪੇਖ ਸਿੱਟਿਆਂ ਦੀ ਜੜ੍ਹਤਾ ਵੱਲ ਧਕੇਲ ਦਿੱਤਾ, ਜਿਸਦਾ ਕਾਰਣ ਇੰਨਾਂ ਨੇ ਇਤਿਹਾਸਕ ਦਵੰਦਵਾਦ ਦੇ ਮਹੱਤਵ ਨੂੰ ਅਣਗੌਲਿਆਂ ਕਰਕੇ ਆਪਣੀ ਧਰਤੀ ਦੇ ਵਿਰਾਸਤੀ ਲੋਕ ਸੰਘਰਸ਼ਾਂ ਤੋਂ ਪਾਸਾ ਵੱਟ ਲਿਆ। ਗੁਰੂ ਨਾਨਕ ਦੇਵ ਜੀ ਦੇ ਗੁਰਮੁਖ ਸੰਕਲਪ ਨੂੰ ਗੁਰੂ ਗੋਬਿੰਦ ਸਿੰਘ ਦੇ ਖਾਲਸਾ ਵਿਚ ਬਦਲਣ ਦੀ ਪ੍ਰਕਿਰਿਆ ਨੂੰ ਬਿਨਾਂ ਵਿਰਾਸਤੀ ਸੂਝ ਦੇ ਲਾਂਭੇ ਕਰਕੇ ਬੰਦਾ ਬਹਾਦਰ ਦੇ ਇਨਕਲਾਬ ਨੂੰ ਮਾਰਕਸੀ ਨੁਕਤੇ ਤੋਂ ਨਾ ਸਮਝਣ ਦਾ ਕੁਰਾਹਾ ਅਖਤਿਆਰ ਕੀਤਾ। ਬਹਿਸ ਨੂੰ ਅੱਗੇ ਤੋਰਦਿਆਂ ਪ੍ਰੋ. ਕੁਲਬੀਰ ਕੌਰ ਦਾ ਮੱਤ ਸੀ ਕਿ ਕਾਫੀ ਸਮਾਂ ਪੰਜਾਬੀ ਬੌਧਿਕਤਾ ਨੂੰ ਅਖੌਤੀ ਮਾਰਕਸੀਆਂ ਦੇ ਦਬਾਅ ਅਧੀਨ ਵਿਕਸਤ ਹੋਣਾ ਪਿਆ, ਜਿਸਦਾ ਸਿੱਟਾ ਅਸੀਂ ਅੱਜ ਭੁਗਤ ਰਹੇ ਹਾਂ। ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਮਾਰਕਸੀ ਫਿਲਾਸਫੀ ਜਿੰਦਗੀ ਤੋਂ ਬਾਹਰ ਧੱਕੇ ਹੋਏ ਲੋਕਾਂ ਦੀ ਫ਼ਿਲਾਸਫ਼ੀ ਹੈ। ਦੁਖਾਂਤ ਇਹ ਹੈ ਕਿ ਸਾਡੇ ਮਾਰਕਸਵਾਦੀ ਯੂਨੀਵਰਸਿਟੀਆਂ ਵਿੱਚ ਬੌਧਿਕ ਕਾਮਿਆਂ ਵਜੋਂ ਤਾਂ ਕੰਮ ਕਰਦੇ ਹਨ, ਪਰ ਬੌਧਿਕ ਫਿਲਾਸਫੀ ਤੋਂ ਉਹ ਆਪਣੀਆਂ ਤਨਖਾਹਾਂ ਨੌਕਰੀਆਂ ਦੇ ਬਚਾ ਲਈ ਦੂਰ ਰਹਿੰਦੇ ਹਨ। ਇਸੇ ਲਈ ਉਹ ਸਥਾਪਤੀ ਦੇ ਪੱਖ ਵਿੱਚ ਭੁਗਤ ਜਾਂਦੇ ਹਨ। ਕੈਪੀਟਲ ਦੇ ਕੇਂਦਰ ਅਤੇ ਇਸ ਦੇ ਨਿੱਤ ਵਿਰਾਟ ਰੂਪ ਧਾਰਨ ਕਰ ਜਾਣ ਨੂੰ ਸਮਝੇ ਬਿਨਾਂ ਹੀ ਕੈਪੀਟਲਿਜਮ ਦਾ ਸ਼ਿਕਾਰ ਹੋ ਜਾਂਦੇ ਹਨ। ਜਦ ਕਿ ਸੱਚ ਇਹ ਹੈ ਕਿ ਮਾਰਕਸ ਨੇ ਕੈਪੀਟਲ ਲਿਖਿਆ ਸੀ, ਕੈਪੀਟਲਿਜਮ ਨਹੀਂ । ਡਾ. ਕੁਲਦੀਪ ਸਿੰਘ ਨੇ ਬਹੁਤ ਸਾਰੀਆਂ ਪੁਸਤਕਾਂ ਦੇ ਹਵਾਲੇ ਦਿੱਤੇ।

ਸਿਮਰਜੀਤ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਕੈਪੀਟਲਿਜਮ ਰਹੇਗਾ, ਉਨਾਂ ਚਿਰ ਮਾਰਕਸ ਦਾ ਭੂਤ ਡਰਾਉਂਦਾ ਰਹੇਗਾ। ਉਨ੍ਹਾ ਦਾ ਵਿਚਾਰਾ ਸੀ ਕਿ ਮਾਰਕਸ ਦਾ ਆਲੋਚਕ ਪੈਦਾ ਨਹੀਂ ਹੋਇਆ। 95 ਪ੍ਰਤੀਸ਼ਤ ਅਖੌਤੀ ਮਾਰਕਸਵਾਦੀ, ਬੌਧਿਕਵਾਦੀਆਂ ਨੇ ਦਸਤੋਵਸਕੀ, ਗੋਗਲ, ਪਲੈਖਾਨੋਵ ਨੂੰ ਦਬਾਅ ਰੱਖਿਆ ਗੌਰਕੀ, ਲੂਨਾਰਸਕੀ ਨੂੰ ਆਦਰਸ਼ ਵਜੋਂ ਪੇਸ਼ ਕੀਤਾ। ਗੁਰਬਚਨ ਸਿੰਘ ਨੇ ਸਪਸ਼ਟ ਕੀਤਾ ਕਿ ਅਖੌਤੀ ਮਾਰਕਸਵਾਦੀਆਂ ਦੀ ਸਮਝ ਕੇਵਲ ਪਦਾਰਥ ਤੱਕ ਸੀਮਤ ਹੈ, ਮਨ ਨੂੰ ਉਨ੍ਹਾ ਨੇ ਆਪਣੀ ਸਮਝ ਦਾ ਹਿੱਸਾ ਨਹੀਂ ਬਣਾਇਆ, ਜਦ ਮਾਰਕਸ ਪਦਾਰਥ ਦੇ ਬਾਹਰੀ ਪ੍ਰਭਾਵ ਰਾਹੀਂ ਮਨ ਦੀ ਬਦਲਦੀ ਸਥਿਤੀ ਬਾਰੇ ਪੂਰੀ ਤਰ੍ਹਾਂ ਚੇਤੰਨ ਹੈ। ਬੌਧਿਕਤਾ ਆਪਣੇ ਆਪ ਵਿੱਚ ਮਨ ਦੀ ਚੇਤਨਾ ਹੀ ਤਾਂ ਹੈ। ਡਾ: ਭਗਵੰਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀਆਂ ਦੇ ਅਖੌਤੀ ਬੁੱਧੀਜੀਵੀ ਆਪਣੀਆਂ ਤਨਖਾਹਾਂ ਦੀ ਫਿਕਰਮੰਦੀ ਦਾ ਸ਼ਿਕਾਰ ਹਨ। ਮਾਰਕਸਵਾਦ ਦੇ ਨਾਂ ਉਤੇ ਉਹ ਸਿੱਖਿਆਰਥੀਆਂ ਨੂੰ ਆਤਮਕ ਚਿੰਤਨ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ।

ਸੈਮੀਨਾਰ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ, ਜਸਵੀਰ ਸਿੰਘ ਗੁਰਦਾਸਪੁਰ, ਅਮਰ ਗਰਗ ਕਲਮਦਾਨ, ਪਵਨ ਹਰਚੰਦਪੁਰੀ, ਆਰ.ਐਸ. ਸਿਆਣ, ਜੇ.ਕੇ. ਮਿਗਲਾਨੀ, ਮੇਘ ਰਾਜ ਬਠਿੰਡਾ, ਲਕਸ਼ਮੀ ਨਰਾਇਣ ਭੀਖੀ, ਇਕਬਾਲ ਗੱਜਣ, ਪ੍ਰੋ. ਅਜਾਇਬ ਸਿੰਘ ਟਿਵਾਣਾ, ਅਵਤਾਰ ਸਿੰਘ ਧਮੋਟ, ਕੇ.ਐਸ.ਵਿਰਦੀ, ਤੇਜਾ ਸਿੰਘ ਤਿਲਕ, ਪ੍ਰੋ. ਮੇਵਾ ਸਿੰਘ ਤੁੰਗ, ਨਾਹਰ ਸਿੰਘ, ਜਗਤਾਰ ਸਿੰਘ ਕੱਟੂ, ਐਡਵੋਕੇਟ ਜਗਦੀਪ ਸਿੰਘ, ਸ਼ੁਸਮਾ ਸਭਰਾਵਾਲ, ਸੁਖਪਾਲ ਸੋਹੀ, ਡਾ. ਐਸ.ਪੀ. ਸਿੰਘ, ਚਮਕੌਰ ਸਿੰਘ ਰਹਿਲ, ਬਲਤੇਜ ਸਿੰਘ ਬਠਿੰਡਾ, ਰਘਵੀਰ ਸਿੰਘ ਮੰਡੋਲ, ਖੁਸ਼ਹਾਲ ਸਿੰਘ ਚੰਡੀਗੜ੍ਹ ਆਦਿ ਵਿਦਵਾਨਾਂ ਨੇ ਵੀ ਹਿੱਸਾ ਲਿਆ। ਹੋਈ ਵਿਚਾਰ ਚਰਚਾ ਨੂੰ ਸਮੇਟਦਿਆਂ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕਿਹਾ ਕਿ ਮਾਰਕਸ ਕੋਈ ਗੈਬੀ ਅਚੰਭਤ ਪੂਜਨ ਯੋਗ ਸ਼ਖਸ਼ੀਅਤ ਨਹੀਂ ਸੀ, ਉਸਦਾ ਸਾਰਾ ਕਾਰਜੀ ਖੇਤਰ ਅਨੁਭਵ ਅਧਾਰਤ ਮਾਨਵੀ ਸਾਪੇਖਤਾ ਨੂੰ ਪ੍ਰਣਾਇਆ ਹੋਇਆ ਹੈ। ਮਾਰਕਸਵਾਦ ਕੁਦਰਤ ਅਤੇ ਮਨੁੱਖ ਦੇ ਸੰਬੰਧਾਂ ਨੂੰ ਸਿਰਜਨਾਤਮਕ ਉਸਾਰ ਵਜੋਂ ਪਰਖਦਿਆਂ ਮਨੁੱਖਤਾ ਸ਼ਕਤੀ ਦੁਆਰਾ ਕੀਤੀ ਗਈ ਵਾਧੂ ਪੈਦਾਵਾਰ ਦੇ ਕੈਪੀਟਲ ਵਿਚ ਬਦਲ ਜਾਣ ਦੇ ਸੰਭਵ ਅਤੇ ਸੰਭਾਵੀ ਸਿੱਟਿਆਂ ਨੂੰ ਸਮਝਣ ਦਾ ਸਿਧਾਂਤ ਹੈ। ਮਾਰਕਸ ਅਨੁਸਾਰ ਪੂੰਜੀ ਦੇ ਨਿਰੰਤਰ ਵਿਕਾਸ ਦਾ ਸਿੱਟਾ ਮਨੁੱਖ ਮਾਰੂ ਹੋਏਗਾ। ਮਨੁੱਖ ਨੂੰ ਪੂੰਜੀ ਦੇ ਚੁੰਗਲ ਚੋਂ ਕਿਵੇਂ ਮੁਕਤ ਕੀਤਾ ਜਾਵੇ ਦੀ ਸਮਝ ਹੀ ਸੱਚਾਸੁੱਚਾ ਮਾਰਕਸਵਾਦ ਹੈ। ਪੰਜਾਬ ਦੇ ਅਖੌਤੀ ਮਾਰਕਸਵਾਦੀਆਂ ਦਾ ਵੱਡਾ ਸੰਕਟ ਇਹ ਹੈ ਕਿ ਉਹ ਪੰਜਾਬ ਦੀ ਵਿਰਾਸਤੀ ਮੁਕਤੀ ਭਾਵਨਾ ਦੇ ਘੋਲਾਂ ਨੂੰ ਅਣਗੌਲਿਆਂ ਕਰਕੇ ਲੋਕਾਂ ਨਾਲੋਂ ਟੁੱਟੇ ਹੋਏ ਹਨ।

ਇਸ ਮੌਕੇ ਤੇ ਪ੍ਰਸਿੱਧ ਨਿਬੰਧ ਲੇਖਕ ਡਾ. ਪੂਰਨ ਚੰਦ ਜੋਸ਼ੀ ਦੀ ਨਵੀਂ ਪ੍ਰਕਾਸ਼ਤ ਪੁਸਤਕ ‘ਅਸੀਂ ਨਹੀਂ ਜਾਣਦੇ’ ਡਾ. ਤੇਜਵੰਤ ਮਾਨ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਨੇ ਲੋਕਅਰਪਣ ਕੀਤੀ। ਉਪਰੰਤ ਡਾ. ਸਵਰਾਜ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਿੰਦਰ ਕੋਰ ਨੇ ਸੈਮੀਨਾਰ ਵਿਚ ਭਾਗ ਲੈਣ ਵਾਲੇ ਵਿਦਵਾਨਾਂ ਗੁਰਬਚਨ ਸਿੰਘ, ਡਾ. ਨਰਵਿੰਦਰ ਸਿੰਘ, ਡਾ. ਕੁਲਦੀਪ ਸਿੰਘ, ਇੰ. ਆਰ.ਐਸ. ਸਿਆਣ, ਇਕਬਾਲ ਗੱਜਣ, ਪਵਨ ਹਰੰਚਦਪੁਰੀ, ਮੇਘ ਰਾਜ, ਡਾ. ਲਕਸ਼ਮੀ ਨਰਾਇਣ ਭੀਖੀ, ਸਿਮਰਜੀਤ ਸਿੰਘ, ਵਿਦਿਆਰਥੀ ਨੇਤਾ ਪਰਗਟ ਸਿੱਧੂ, ਡਾ. ਤੇਜਾ ਸਿੰਘ ਤਿਲਕ ਦਾ ਸਨਮਾਨ ਕੀਤਾ।

ਉਪਰੰਤ ਕਵੀ ਦਰਬਾਰ ਸਿੰਘ ਜੰਗ ਸਿੰਘ ਫੱਟੜ, ਅਮਰ ਗਰਗ ਕਲਮਦਾਨ, ਨਿਰਮਲ ਸਿੰਘ, ਬਜਿੰਦਰ ਠਾਕੁਰ, ਪਰਗਟ ਸਿੱਧੂ, ਚਮਕੌਰ ਸਿੰਘ ਰਹਿਲ, ਬਲਤੇਜ ਸਿੰਘ, ਹਰਮੇਲ ਸਿੰਘ, ਬਚਨ ਸਿੰਘ ਗੁਰਮ, ਬੰਤ ਸਿੰਘ ਸਾਰੋਂ, ਦਰਬਾਰਾ ਸਿੰਘ ਢੀਂਡਸਾ, ਡਾ. ਸੁਰਜੀਤ ਖੁਰਮਾ, ਏ.ਪੀ. ਸਿੰਘ, ਸੁਖਪਾਲ ਸੋਹੀ ਭਾਸ਼ੋ, ਪ੍ਰਤਾਪ ਸਿੰਘ ਸੰਧੂ, ਗੁਲਜ਼ਾਰ ਸਿੰਘ ਸ਼ੌਂਕੀ, ਭੁਪਿੰਦਰ ਸਿੰਘ ਉਪਰਾਮ, ਰਵਿੰਦਰ ਸ਼ਰਮਾ, ਵਰਿੰਦਰਜੀਤ, ਲਛਮਣ ਤਰੋੜ, ਅਮਰਿੰਦਰ ਸੋਹਲ ਆਦਿ ਕਵੀਆਂ ਨੇ ਆਪਣੀ ਹਾਜਰੀ ਲਵਾਈ । ਇਸ ਸੈਮੀਨਾਰ ਵਿਚ ਬਠਿੰਡਾ, ਸੰਗਰੂਰ, ਚੰਡੀਗੜ੍ਹ, ਲੁਧਿਆਣਾ, ਗੁਰਦਾਸਪੁਰ, ਜਲੰਧਰ, ਆਦਿਤੋ ਅੰਤਰਿਕਤ ਹਰਿਆਣੇ ਤੋਂ ਚਿੰਤਕ ਸ਼ਾਮਲ ਹੋਏ। ਅੰਤ ਵਿਚ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਆਏ ਵਿਦਵਾਨਾਂ ਦਾ ਧੰਨਵਾਦ ਕੀਤਾ। ਸਪਰੈਡ ਬੁਕਸ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਸੀ।

Welcome to Punjabi Akhbar

Install Punjabi Akhbar
×