ਐਮ.ਪੀਆਂ ਦੇ ਕੋਵਿਡ ਬਾਬਤ ਗਲਤ ਬਿਆਨੀ ਨੂੰ ਮਾਈਕਲ ਮੈਕਕੋਰਮੈਕ ਨੇ ਕੀਤਾ ਨਜ਼ਰ ਅੰਦਾਜ਼ -ਕਿਹਾ, ਸੱਚਾਈਆਂ ਕਈ ਵਾਰੀ ਵਿਵਾਦਪੂਰਵਕ ਹੋ ਜਾਂਦੀਆਂ ਹਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਾਰਜਕਾਰੀ ਪ੍ਰਧਾਨ ਮੰਤਰੀ (ਵਧੀਕ) ਮਾਈਕਲ ਮੈਕਕੋਰਮੈਕ ਇੱਕ ਵਾਰੀ ਫੇਰ ਤੋਂ ਵਿਵਾਦਾਂ ਵਿਚ ਘਿਰੇ ਨਜ਼ਰ ਆ ਰਹੇ ਹਨ। ਕਾਰਨ ਸਪਸ਼ਟ ਹੈ ਕਿ ਉਹ ਲਿਬਰਲ ਐਮ.ਪੀ. ਕਰੇਗ ਕੈਲੀ ਦੀ ਕੋਵਿਡ ਸਬੰਧੀ ਗਲਤ ਬਿਆਨੀ ਨੂੰ ਸਿਰੇ ਤੋਂ ਹੀ ਨਜ਼ਰ-ਅੰਦਾਜ਼ ਕਰ ਰਹੇ ਹਨ ਅਤ ਆਪਣੇ ਇੱਕ ਬਿਆਨ ਵਿੱਚ ਉਹ ਕਹਿੰਦੇ ਹਨ ਕਿ ‘ਸਚਾਈਆਂ ਕਈ ਵਾਰੀ ਵਿਵਾਦਪੂਰਵਕ ਵੀ ਹੋ ਜਾਂਦੀਆਂ ਹਨ’ ਅਤੇ ਅਜਿਹੇ ਬਿਆਨਾਂ ਕਾਰਨ ਉਹ ਕਰੇਗ ਕੈਲੀ ਦਾ ਪੱਖ ਪੂਰਦੇ ਸਾਫ ਦਿਖਾਈ ਦਿੰਦੇ ਹਨ।
ਲਿਬਰਲ ਐਮ.ਪੀ. ਕਰੇਗ ਕੈਲੀ ਉਪਰ ਕਈ ਵਾਰੀ ਇਲਜ਼ਾਮ ਲੱਗੇ ਹਨ ਕਿ ਉਹ ਕੋਵਿਡ ਸਬੰਧੀ ਗਲਤ ਅਤੇ ਤੱਥ-ਵਿਹੀਨ ਬਿਆਨ ਬਾਜ਼ੀ ਕਰਦੇ ਹਨ ਜਿਸ ਦਾ ਕਿ ਸਿੱਧੇ ਤੌਰ ਉਪਰ ਮਾੜਾ ਅਸਰ ਦੇਸ਼ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਉਪਰ ਪੈ ਸਕਦਾ ਹੈ ਅਤੇ ਪੈ ਰਿਹਾ ਵੀ ਹੈ ਅਤੇ ਗੱਲ ਤਾਂ ਇੱਥੋਂ ਤੱਕ ਵੀ ਹੋਈ ਕਿ ਐਮ.ਪੀ. ਕਰੇਗ ਕੈਲੀ ਦੇ ਸ਼ੋਸ਼ਲ ਮੀਡੀਆ ਉਪਰਲੇ ਬਿਆਨਾਂ ਉਪਰ ਵੀ ‘ਸੈਂਸਰਸ਼ਿਪ’ ਲਗਾਈ ਜਾਵੇ ਜਦੋਂ ਉਨ੍ਹਾਂ ਨੇ ਇੱਕ ਬਿਆਨ ਨਸ਼ਰ ਕੀਤਾ ਸੀ ਕਿ ਬੱਚਿਆਂ ਨੂੰ ਕੋਵਿਡ ਤੋਂ ਬਚਾਉਣ ਵਾਸਤੇ ਉਨ੍ਹਾਂ ਦੇ ਮੂੰਹ ਉਪਰ ਫੇਸ ਮਾਸਕ ਲਗਾਉਣਾ ਉਨ੍ਹਾਂ ਦੇ ਸਰੀਰਕ ਸ਼ੋਸ਼ਣ ਕਰਨ ਬਰਾਬਰ ਹੈ। ਪਰੰਤੂ ਇਸ ਬਾਬਤ ਵੀ ਵਧੀਕ ਕਾਰਜਕਾਰੀ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹ ਤਾਂ ਸ਼ੋਸ਼ਲ ਮੀਡੀਆ ਉਪਰ ਸੈਂਸਰਸ਼ਿਪ ਦੇ ਪੱਖ ਵਿੱਚ ਬਿਲਕੁਲ ਵੀ ਨਹੀਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਹਰ ਇੱਕ ਦੀ ਸੋਚਣੀ ਅਤੇ ਸਮਝਣੀ ਅਲੱਗ ਅਲੱਗ ਹੁੰਦੀ ਹੈ ਅਤੇ ਇਹੀ ਕੁਦਰਤ ਦਾ ਅਸੂਲ ਵੀ ਹੈ ਕਿ ਜਿਸ ਗੱਲ ਨੂੰ ਤੁਸੀਂ ਇੱਕ ਪਾਸੇ ਤੋਂ ਗਲਤ ਜਾਂ ਠੀਕ ਸਮਝਦੇ ਹੋਵੋ, ਸ਼ਾਇਦ ਦੂਸਰੀ ਤਰਫ ਤੋਂ ਦੇਖਣ ਵਾਲਾ ਉਸਨੂੰ ਆਪਣੇ ਨਜ਼ਰੀਏ ਜਾਂ ਦਿੱਖ ਰਾਹੀਂ ਸਮਝਦਾ, ਪਹਿਚਾਣਦਾ ਅਤੇ ਬਿਆਨਦਾ ਹੋਵੇ… ਤਾਂ ਇਸ ਵਿੱਚ ਗਲਤ ਕੀ ਹੈ…? ਸਭ ਦੀ ਆਪਣੀ ਸੋਚ ਸਮਝ ਮੁਤਾਬਿਕ, ਸਭ ਨੂੰ ਆਪਣਾ ਖਿਆਲ ਪ੍ਰਗਟ ਕਰਨ ਦੀ ਖੁੱਲ੍ਹ ਹੈ ਅਤੇ ਇਸ ਵਿੱਚ ਕੋਈ ਪਾਬੰਧੀ ਜਾਂ ਸੈਂਸਰਸ਼ਿਪ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
ਲੇਬਰ ਪਾਰਟੀ ਦੇ ਸਿਹਤ ਵਿਭਾਗ ਦੇ ਪ੍ਰਵਕਤਾ ਕ੍ਰਿਸ ਬੋਵੇਨ ਨੇ ਵਧੀਕ ਪ੍ਰਧਾਨ ਮੰਤਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਐਮ.ਪੀ. ਕਰੇਗ ਕੈਲੀ ਤਾਂ ਆਪਣੀ ਗਲਤ ਬਿਆਨ ਬਾਜ਼ੀ ਕਾਰਨ ਜਿੱਥੇ ਇੱਕ ਬਹੁਤ ਵੱਡਾ ਸਿਰ ਦਰਦ ਬਣ ਗਏ ਹਨ ਉਥੇ ਉਹ ਸਮਾਜ ਦੀਆਂ ਅਸਲ ਧਾਰਨਾਵਾਂ ਅਤੇ ਸੱਚਾਈਆਂ ਪ੍ਰਤੀ ਖ਼ਤਰਾ ਵੀ ਬਣ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਗਲਤ ਬਿਆਨਬਾਜ਼ੀਆਂ ਕਾਰਨ ਹਮੇਸ਼ਾ ਅਰਾਜਕਤਾ ਦਾ ਮਾਹੌਲ ਬਣਦਾ ਹੈ ਅਤੇ ਪਹਿਲਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਉਸ ਦਾ ਪੱਖ ਪੂਰਦੇ ਰਹੇ ਅਤੇ ਹੁਣ ਵਧੀਕ ਪ੍ਰਧਾਨ ਮੰਤਰੀ ਮੈਕ ਕੋਰਮੈਕ ਵੀ ਉਸ ਦੀ ਮਦਦ ਲਈ ਖੜ੍ਹੇ ਦਿਖਾਈ ਦੇ ਰਹੇ ਹਨ -ਜੋ ਕਿ ਸਰਾਸਰ ਗਲਤ ਹੈ ਅਤੇ ਦੇਸ਼ ਦੇ ਉਘੇ ਨੇਤਾਵਾਂ ਨੂੰ ਇਸ ਬਾਬਤ ਫੌਰਨ ਸੋਚਣਾ ਚਾਹੀਦਾ ਹੈ।
ਉਧਰ ਸ੍ਰੀ ਮੈਕਕੋਰਮੈਕ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਸ੍ਰੀ ਕੈਲੀ ਦੇ ਬੱਚਿਆਂ ਦੇ ਫੇਸ ਮਾਸਕ ਪ੍ਰਤੀ ਦਿੱਤੇ ਗਏ ਬਿਆਨ ਦੇ ਹੱਕ ਵਿੱਚ ਨਹੀਂ ਹਨ ਪਰੰਤੂ ਉਹ ਉਨ੍ਹਾਂ ਨੂੰ ਅਜਿਹੇ ਬਿਆਨਾਂ ਕਾਰਨ ਆਪਣਾ ਅਹੁਦਾ ਛੱਡਣ ਲਈ ਵੀ ਨਹੀਂ ਕਹਿ ਸਕਦੇ ਅਤੇ ਉਹ ਕਹਿਣਗੇ ਵੀ ਨਹੀਂ….।

Install Punjabi Akhbar App

Install
×