ਗਲਾਸਗੋ ਖੇਡ ਪ੍ਰੀਸ਼ਦ ਦੇ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਅਤੇ ਐੱਮ ਬੀ ਈ ਦੀ ਉਪਾਧੀ ਪ੍ਰਾਪਤ ਸ੍ਰ: ਦਿਲਾਵਰ ਸਿੰਘ ਨੂੰ ਉਹਨਾਂ ਦੀਆਂ ਵਡਮੁੱਲੀਆਂ ਸੇਵਾਵਾਂ ਬਦਲੇ ਵੱਕਾਰੀ ਸਨਮਾਨ ਏਸ਼ੀਅਨ ਅਚੀਵਰਜ ਨਾਲ ਸਨਮਾਨਿਤ ਕਤਾ ਗਿਆ ਹੈ। ਲੰਡਨ ਦੇ ਗਰਾਸਵੈਨਰ ਹੋਟਲ ਵਿਖੇ ਆਯੋਜਿਤ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਉਹਨਾਂ ਵੱਲੋਂ ਖੇਡਾਂ ਅਤੇ ਚੈਰਿਟੀ ਖੇਤਰ ਵਿੱਚ ਕੀਤੇ ਕਾਰਜਾਂ ਬਦਲੇ ਉਕਤ ਸਨਮਾਨ ਨਾਲ ਉਹਨਾਂ ਨੂੰ ਨਿਵਾਜਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸ੍ਰ: ਦਿਲਾਵਰ ਸਿੰਘ ਸਕਾਟਲੈਂਡ ਦੇ ਪਹਿਲੇ ਸਿੱਖ ਪੁਲਿਸ ਅਫਸਰ ਵਜੋਂ ਲੰਮਾ ਸਮਾਂ ਸੇਵਾਵਾਂ ਨਿਭਾਉਣ ਉਪਰੰਤ ਗਲਾਸਗੋ ਦੀ ਖੇਡ ਪ੍ਰੀਸ਼ਦ ਦੇ ਮੌਜੂਦਾ ਉਪ- ਚੇਅਰਪਰਸਨ ਹਨ ਅਤੇ ਉਹ ਗਲਾਸਗੋ ਰਾਸ਼ਟਰਮੰਡਲ ਖੇਡਾਂ 2014 ਦੇ ਕਮੇਟੀ ਮੈਂਬਰ ਵੀ ਸਨ। ਖੇਡ ਖੇਤਰ ਨਾਲ ਵਿਸ਼ੇਸ਼ ਲਗਾਅ ਦਾ ਕਾਰਨ ਇਹ ਵੀ ਹੈ ਕਿ ਸ੍ਰ: ਦਿਲਾਵਰ ਸਿੰਘ ਨੇ ਪਹਿਲਵਾਨੀ, ਕਬੱਡੀ, ਬੈਡਮਿੰਟਨ ਖੇਡਾਂ ਵਿੱਚ ਜ਼ੋਰ ਅਜਮਾਈ ਕਰਨ ਦੇ ਨਾਲ ਨਾਲ ਅਨੇਕਾਂ ਮੈਰਾਥਨ ਦੌੜਾਂ ‘ਚ ਵੀ ਹਿੱਸਾ ਲਿਆ ਹੈ। ਅੱਜ ਕੱਲ• ਉਹ ਕੋਚ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਸਨਮਾਨ ਸੰਬੰਧੀ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਕਤ ਸਨਮਾਨ ਉਹਨਾਂ ਸਭ ਲੋਕਾਂ ਦਾ ਸਨਮਾਨ ਹੈ ਜੋ ਸਮਾਜ ਨੂੰ ਸਾਫ ਸੁਥਰਾ, ਨਿਰੋਗ ਅਤੇ ਵਿਤਕਰਾ ਰਹਿਤ ਦੇਖਣ ਦੇ ਇੱਛੁਕ ਹਨ।