ਅਰਵਿੰਦਰ ਭਲਵਾਨ ਦੇ ਕਤਲ ਵਿਰੁੱਧ ਉੱਠੀ ‘ਫਾਸਟ ਟ੍ਰੈਕ ਇਨਸਾਫ’ ਦੀ ਮੰਗ

16 ਮਈ , — ਅੱਜ ਕਬੱਡੀ ਦੇ ਅੰਰਰਾਸ਼ਟਰੀ ਖਿਡਾਰੀ ਅਰਵਿੰਦਰ ਭਲਵਾਨ ਦੀ ਅੰਤਿਮ ਅਰਦਾਸ ਮੌਕੇ ਲੱਖਣ ਕੇ ਪੱਡਾ ਵਿਖੇ ਜੁੜੇ ਸਿਆਸੀ ਤੇ ਸਮਾਜਿਕ ਆਗੂਆਂ, ਸਮੂਹ ਕਬੱਡੀ ਫੈਡਰੇਸ਼ਨਾਂ ਅਤੇ ਕਬੱਡੀ ਦੇ ਬੁਲਾਰਿਆਂ ਨੇ ਭਲਵਾਨ ਦੇ ਪਰਿਵਾਰ ਲਈ ਸਰਕਾਰ ਕੋਲੋਂ ਉਸਦੇ ਵਹਿਸ਼ੀਆਨਾ ਕਤਲ ਦੇ ਫਾਸਟ ਟ੍ਰੈਕ ਇਨਸਾਫ ਦੀ ਮੰਗ ਕਰਦਿਆਂ ਪਰਿਵਾਰ ਨਾਲ ਖੜਨ ਅਤੇ ਦੋਸ਼ੀਆਂ ਨੂੰ ਸਜਾਵਾਂ ਮਿਲਣ ਤੱਕ ਲੜਨ ਦਾ ਅਹਿਦ ਵੀ ਕੀਤਾ। ਇਸ ਮੌਕੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਅਤੇ ਸਮੂਹ ਕੋਚ ਸਾਹਿਬਾਨ ਵੀ ਹਾਜਰ ਸਨ ਜਿਨਾਂ ਪਰਿਵਾਰ ਨੂੰ ਅਰਵਿੰਦਰ ਦੇ ਕਤਲ ਦੇ ਇਨਸਾਫ ਤੱਕ ਹਰ ਮਦਦ ਦਾ ਭਰੋਸਾ ਦੁਆਇਆ ਅਤੇ ਸਰਧਾਂਜਲੀ ਸਮਾਗਮ ਉਪਰੰਤ ਇਸ ਕਾਂਡ ਵਿਚ ਜਖਮੀ ਖਿਡਾਰੀ ਪ੍ਰਦੀਪ ਪੱਡਾ ਦੇ ਘਰ ਜਾ ਕੇ ਉਸਦਾ ਹਾਲ ਵੀ ਪੁੱਛਿਆ। ਪੰਜਾਬ ਅਤੇ ਵਿਦੇਸ਼ਾਂ ਤੋਂ ਕਬੱਡੀ ਸੰਸਥਾਵਾਂ ਅਤੇ ਐਨ.ਆਰ.ਆਈਜ ਦੇ ਵੱਡੀ ਗਿਣਤੀ ਵਿਚ ਸ਼ੋਕ ਸੁਨੇਹੇ ਪੁੱਜੇ।
ਸ. ਸ਼ਰਨਜੀਤ ਸਿੰਘ ਪੱਡਾ ਸਰਪੰਚ ਲੱਖਣ ਕੇ ਪੱਡਾ ਨੇ ਸਰਧਾਂਜਲੀ ਸਮਾਗਮ ਦੀ ਸ਼ੁਰੂਆਤ ਕਰਦਿਆਂ ਆਖਿਆ ਅਰਵਿੰਦਰ ਭਲਵਾਨ ਮਾਪਿਆਂ ਦਾ ਸਰਵਣ ਪੁੱਤ ਹੀ ਨਹੀਂ ਸਗੋਂ ਹਸਮੁਖ ਸੁਭਾਅ ਦਾ ਵਧੀਆ ਖਿਡਾਰੀ ਹੋਣ ਕਰ ਕੇ ਪਿੰਡ ਤੇ ਇਲਾਕੇ ਦਾ ਮਾਣ ਵੀ ਸੀ,ਅਸੀਂ ਸਾਰੇ ਪ੍ਰਮਾਤਮਾ ਦੇ ਓਟ ਆਸਰੇ ਨਾਲ ਅਰਵਿੰਦਰ ਲਈ ਇਨਸਾਫ ਦੀ ਲੜਾਈ ਜਿੱਤ ਕੇ ਰਹਾਂਗੇ ।
ਇਲਾਕੇ ਦੇ ਪ੍ਰਸਿੱਧ ਸਿਆਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਪੰਜਾਬ ਵਿਚ ਅਰਵਿੰਦਰ ਦਾ ਕਤਲ ਪੁਲਿਸ ਦਾ ਕਾਇਰਾਨਾ ਕਾਰਾ ਹੈ। ਉਨਹਾਂ ਸਰਕਾਰ ‘ਤੇ ਸੁਆਲ ਉਠਾਇਆ ਕਿ ਜਸੂਸ ਸਰਬਜੀਤ ਸਿੰਘ ਜੋ ਪਾਕਿਸਤਾਨੀਆਂ ਨੇ ਮਾਰਿਆ ਸੀ ਉਸ ਲਈ ਸੂਬਾ ਤੇ ਕੇਂਦਰ ਸਰਕਾਰਾਂ ਨੇ 1 ਕਰੋੜ ਦਾ ਮੁਆਵਜਾ ਦਿੱਤਾ, ਅਰਵਿੰਦਰ ਦਾ ਕਤਲ ਤਾਂ ਆਪਣਿਆ ਨੇ ਕੀਤਾ ਹੈ ਜੋ ਕਿ ਅੱਤਵਾਦ ਸਮੇਂ ਹੋਏ ਝੂਠੇ ਮੁਲਿਸ ਮੁਕਾਬਲੇ ਤੋਂ ਘੱਟ ਨਹੀਂ। ਕਾਂਗਰਸੀ ਆਗੂ ਦਲਜੀਤ ਸਿੰਘ ਨਡਾਲਾ ਨੇ ਆਖਿਆ ਸਰਕਾਰ ਦੀ ਟੁੱਟੀ ਭੱਜੀ ਤੇ ਲਾਚਾਰ ਅਵਸਥਾ ਕਾਰਨ ਪੰਜਾਬ ਦੇ ਲੋਕ ਤ੍ਰਾਸਦੀ ਭੋਗ ਰਹੇ ਹਨ। ਕਬੱਡੀ ਦੇ ਪ੍ਰਸਿੱਧ ਬੁਲਾਰੇ ਰੁਪਿੰਦਰ ਜਲਾਲ ਨੇ ਆਖਿਆ ਕਿ ਪੰਜਾਬ ਦੀਆਂ ਸਮੂਹ ਕਬੱਡੀ ਫੈਡਰੇਸ਼ਨਾਂ ਤੇ ਕਬੱਡੀ ਜਗਤ ਅਰਵਿੰਦਰ ਨੂੰ ਇਨਾਸਫ ਲਈ ਇਸ ਕਤਲ ਕਾਂਡ ਦੀ ਫਾਸਟ ਟ੍ਰੈਕ ਸੁਣਵਾਈ ਚਾਹੁੰਦਾ ਹੈ। ਉਨਹਾਂ ਆਖਿਆ ਕਿ ਅਜਿਹੇ ਦਰਿੰਦਆਂ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਹੈ। ਉਨਹਾਂ ਸਰਕਾਰ ‘ਤੇ ਨਿਸਾਂ਼ਨਾ ਲਾਉਂਦਿਆਂ ਕਿਹਾ ਇਸ ਕਹਿਰ ਦੀ ਘਟਨਾ ਲਈ ਮੁੱਖ ਮੰਤਰੀ ਤੋਂ ਇਕ ਟਵੀਟ ਵੀ ਨਹੀਂ ਸਰਿਆ। ਡਾ. ਆਸਾ ਸਿੰਘ ਘੁੰਮਣ ਨੇ ਆਖਿਆ ਕਿ ਅਰਵਿੰਦਰ ਦੇ ਮਾਪਿਆਂ ਨੇ ਬੜੀ ਘਾਲਣਾ ‘ਚੋਂ ਗੁਜਰ ਕੇ ਉਸਨੂੰ ਖਿਡਾਰੀ ਬਣਾਇਆ ਤੇ ਉਹ ਹੈ ਵੀ ਬੜਾ ਕਹਿਣੀਕਾਰ ਸੀ। ਸਟੇਜ ਸਕੱਤਰ ਅਤੇ ਅਰਵਿੰਦਰ ਭਲਵਾਨ ਦੇ ਅਧਿਆਪਕ ਰਹੇ ਪ੍ਰਸਿੱਧ ਕਬੱਡੀ ਬੁਲਾਰੇ ਇੰਦਰਜੀਤ ਪੱਡਾ ਨੇ ਵੀ ਉਸਦੇ ਸਾਊ ਤੇ ਹਸਮੁਖ ਸੁਭਾਅ ਦੀ ਗੱਲ ਕੀਤੀ। ਪ੍ਰਸਿੱਧ ਗਾਇਕ ਆਰਨੇਤ ਨੇ ਵੀ ਦੁਖ ਸਾਂਝਾ ਕਰਦਿਆਂ ਆਖਿਆ ਕਿ ਅਰਵਿੰਦਰ ਦਾ ਕਤਲ ਉਸਦੇ ਮਾਪਿਆਂ ਅਤੇ ਭੈਣਾਂ ਵਾਂਗ ਸਾਡੇ ਲਈ ਵੀ ਅਸਹਿ ਹੈ। ਸਮਾਗਮ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਸਮੇਤ, ਪੰਜਾਬ ਕਬੱਡੀ ਐਸ਼ੋਸੀਏਸਨ਼ ਅਤੇ ਮੇਜਰ ਲੀਗ ਕਬੱਡੀ ਦੇ ਪਰਿਵਾਰ ਨਾਲ ਦੁੱ਼ਖ ਵੰਡਾਉਣ ਵਾਲੇ ਸੁਨੇਹੇ ਵੀ ਸਾਂਝੇ ਕੀਤੇ ਗਏ। ਸਮਾਗਮ ਵਿਚ ਮੁੱਖ ਤੌਰ ‘ਤੇ ਬਲਬੀਰ ਸਿੰਘ ਬਿੱਟੂ ਐਕਟਿੰਗ ਪ੍ਰਧਾਨ, ਕੋਚ ਕਾਲਾ ਕੁਲਥਮ ਇੰਚਾਰਜ ਡਰੱਗ ਕਮੇਟੀ, ਕੋਚ ਕੁਲਵੀਰਾ ਬਿਜਲੀ ਨੰਗਲ, ਕੋਚ ਮਹਿੰਦਰ ਸੁਰਖਪੁਰ, ਕੋਚ ਗੁਰਮੇਲ ਦਿੜਬਾ, ਪ੍ਰਸਿੱਧ ਸਾਬਕਾ ਖਿਡਾਰੀ ਰਾਣਾ ਵੰਝ, ਸਾਬਕਾ ਖਿਡਾਰੀ ਤੇ ਅਕਾਲੀ ਆਗੂ ਗੁਲਜ਼ਾਰੀ ਮੂਣਕ, ਕੋਚ ਲਾਲੀ ਰਾਇਲ ਕਿੰਗ, ਕੋਚ ਕੁਲਵਿੰਦਰ ਮੱਲ੍ਹੀ, ਕੋਚ ਮਦਨ ਗੋਪਾਲ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਪਾਲਾ ਜਲਾਲਪੁਰ, ਦੁੱਲਾ ਬੱਗਾ, ਫਰਿਆਦ, ਮਲੂਕ ਅਲੀ , ਗੱਗੀ ਖੀਰਾਂਵਾਲੀ , ਕਮਲ ਟਿੱਬਾ, ਜੀਤਾ ਤਲਵੰਡੀ, ਯਾਦਾ ਤੇ ਜੋਧਾ ਸੁਰਖਪੁਰ, ਜੋਤਾ ਮਹਿਮਦਵਾਲ ਅਤੇ ਕਬੱਡੀ ਬੁਲਾਰੇ ਸਤਪਾਲ ਖਡਿਆਲ ਸਮੇਤ ਅਨੇਕਾਂ ਖਿਡਾਰੀ ਵੀ ਪੁੱਜੇ ਹੋਏ ਸਨ।

(ਪਰਮਜੀਤ ਸਿੰਘ ਬਾਗੜੀਆ) +91 9814765705

Install Punjabi Akhbar App

Install
×