ਨਹੀਂ ਰਹੇ ਸ. ਹਰਦੇਵ ਸਿੰਘ ਆਰਟਿਸਟ

news 190907 hardev singh artist

ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਜੇ ਕਰ ਸਾਡੇ ਪੰਜਾਬੀਆਂ ਤੋਂ ਇਹ ਸਵਾਲ ਪੁੱਛਿਆ ਜਾਵੇ ਕਿ ਸ ਹਰਦੇਵ ਸਿੰਘ ਆਰਟਿਸਟ ਨੂੰ ਜਾਣਦੇ ਹੋ? ਸ਼ਰਤੀਆ ਕਹਿ ਸਕਦਾ ਹਾਂ ਕਿ ਸੌ ‘ਚੋਂ ਸਿਰਫ਼ ਇਕ ਬੰਦਾ ਤਾਂ ਭਾਵੇਂ ਕਹਿ ਦੇਵੇ ਕਿ ਹਾਂ ਮੈਂ ਉਨ੍ਹਾਂ ਦੀ ਕਲਾ ਦਾ ਮੁਰੀਦ ਹਾਂ ਤੇ ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਨਹੀਂ ਤਾਂ ਬਹੁਤਿਆਂ ਲਈ ਇਹ ਨਾਮ ਅਣਜਾਣ ਹੀ ਹੈ।

ਪੰਜਾਬੀ ਯੂਨੀਵਰਸਿਟੀ ਵਿਚ ਪੱਥਰ ਅਤੇ ਸਟੀਲ ਪਾਈਪਾਂ ਦਾ ਆਰਟ, ਖੇਤੀਬਾੜੀ ਯੂਨੀਵਰਸਿਟੀ ਦਾ ਅਜਾਇਬ ਘਰ, ਸੜਕਾਂ ਪੁਲਾਂ ਉੱਪਰ ਗਿੱਧੇ ਭੰਗੜੇ ਪਾਉਂਦਾ ਪੰਜਾਬ, ਕਾਂਗੜਾ ਵਾਦੀ ਦੇ ਗਹਿਣੇ ਲਿਬਾਸ ਸੰਭਾਲਣ ਵਾਲੇ ਵਿਸ਼ਵ ਪ੍ਰਸਿੱਧ ਕਲਾਕਾਰ, ਕੈਨੇਡਾ ਵਿਚ ਆਰਟ ਪ੍ਰੋਫੈਸਰ ਹਰਦੇਵ ਸਿੰਘ ਸਾਡੇ ਤੋਂ ਵਿੱਛੜ ਗਏ ਹਨ। ਉਨ੍ਹਾਂ ਦਾ ਵੱਡਾ ਬੇਟਾ ਮਰਦਾਨਾ ਸਿੰਘ ਸੰਗੀਤ ਦਾ ਅਤੇ ਛੋਟਾ ਬਾਲਾ ਸਿੰਘ ਆਰਟ ਟੀਚਰ ਹਨ। ਉਨ੍ਹਾਂ ਦੀ ਧਰਮ-ਪਤਨੀ ਮਾਰੀਆ ਹਰਦੇਵ ਸਿੰਘ, ਆਰਟ ਪ੍ਰੋਫੈਸਰ ਹਨ। ਦਸ ਸਾਲ ਪਹਿਲਾਂ ਪ੍ਰੋ ਹਰਪਾਲ ਸਿੰਘ ਪੰਨੂ ਨੇ ਚਾਲੀ ਪੰਨਿਆਂ ਵਿਚ ਉਨ੍ਹਾਂ ਦੀ ਇਕ ਇੰਟਰਵਿਊ ਸੰਭਾਲੀ ਹੋਈ ਹੈ ਜੋ ਪੰਨੂ ਸਾਹਿਬ ਦੀ ਕਿਤਾਬ ‘ਬੰਦਗੀ ਤੋਂ ਆਰਟ ਤੱਕ’ ਵਿਚੋਂ ਪੜ੍ਹੀ ਜਾ ਸਕਦੀ ਹੈ।
https://drive.google.com/…/1mCgiio2SXA45nUw2ag12Mrsdxs…/view
ਬੀਤੇ ਦਿਨੀਂ ਪੰਨੂ ਸਾਹਿਬ ਦੀ ਆਸਟ੍ਰੇਲੀਆ ਫੇਰੀ ਦੌਰਾਨ ਅਸੀਂ ‘ਪੇਂਡੂ ਆਸਟ੍ਰੇਲੀਆ’ (ਯੂ ਟਿਊਬ ਚੈਨਲ) ਤੇ ਸ ਹਰਦੇਵ ਸਿੰਘ ਆਰਟਿਸਟ ਦੀਆਂ ਪੰਨੂ ਸਾਹਿਬ ਨਾਲ ਕੁਝ ਯਾਦਾਂ ਵੀ ਰਿਕਾਰਡ ਕੀਤੀਆਂ ਸਨ।
https://www.youtube.com/watch?v=jsNqI6D-gyI&feature=share
ਪਰ ਇਕ ਗੱਲ ਦਾ ਅਫਸੋਸ ਮੈਨੂੰ ਸਾਰੀ ਜ਼ਿੰਦਗੀ ਰਹੇਗਾ ਕਿ 2016 ਦੀ ਸਾਡੀ ਕੈਨੇਡਾ ਫੇਰੀ ਦੌਰਾਨ ਅਸੀਂ ਉਹਨਾਂ ਨੂੰ ਮਿਲਣ ਦਾ ਸਮਾਂ ਲੈ ਲਿਆ ਸੀ ਪਰ ਅਚਾਨਕ ਉਹਨਾਂ ਨੂੰ ਪੋਲੈਂਡ ਜਾਣਾ ਪੈ ਗਿਆ ਜਿਸ ਕਾਰਨ ਉਹਨਾਂ ਦਾ ਸੰਗ ਨਹੀਂ ਮਾਣ ਸਕੇ ਪਰ ਇਹੋ ਜਿਹੇ ਇਨਸਾਨ ਨਾਲ ਫੋਨ ਤੇ ਹੋਈ ਗੱਲਬਾਤ ਹੀ ਸਾਡੇ ਲਈ ਇਕ ਸਰਮਾਇਆ ਹੈ ਜਿਸ ਨੂੰ ਸਦਾ ਆਪਣੇ ਚੇਤਿਆਂ ‘ਚ ਸਾਂਭ ਕੇ ਰੱਖਾਂਗੇ।
ਇਕ ਮਹਾਨ ਕਲਾਕਾਰ ਅਤੇ ਆਪਣੀ ਸਿਦਕ ਦੇ ਪੱਕੇ ਇਨਸਾਨ। ਜਿਨ੍ਹਾਂ ਨੇ ਭਾਵੇਂ ਆਪਣੀ ਉਮਰ ਦਾ ਵੱਡਾ ਹਿੱਸਾ ਵਿਦੇਸ਼ਾਂ ‘ਚ ਗੁਜ਼ਾਰਿਆ, ਇਕ ਪੋਲੈਂਡ ਦੀ ਲੜਕੀ ਨਾਲ ਵਿਆਹ ਕਰਵਾਇਆ ਅਤੇ ਦੁਨੀਆ ਦੇ ਅਣਗਿਣਤ ਥਾਂਵਾਂ ਤੇ ਆਪਣੀ ਕਲਾ ਦਾ ਛਿੱਟਾ ਦਿੱਤਾ ਪਰ ਉਨ੍ਹਾਂ ਆਖ਼ਰੀ ਸਾਹਾਂ ਤੱਕ ਆਪਣੀ ਮਾਂ ਦੇ ਕਹੇ ਬੋਲਾਂ ਨੂੰ ਪੁਗਾਉਂਦੇ ਹੋਏ ਆਪਣਾ ਸਰੂਪ ਨਹੀਂ ਬਦਲਿਆ। ਅੱਜ ਭਾਵੇਂ ਇਹ ਛੁਪ ਕੇ ਰਹਿਣ ਵਾਲਾ ਧਰੂ ਤਾਰਾ ਸਦਾ ਲਈ ਛੁਪ ਗਿਆ ਪਰ ਉਨ੍ਹਾਂ ਦੇ ਕੀਤੇ ਕੰਮ ਰਹਿੰਦੀ ਦੁਨੀਆ ਤੱਕ ਚਮਕਦੇ ਰਹਿਣਗੇ।

ਪ੍ਰੋ. ਹਰਦੇਵ ਸਿੰਘ ਦੇ ਕਹੇ ਕੁਝ ਵਾਕ ਜੋ ਸਾਨੂੰ ਹਰਪਾਲ ਸਿੰਘ ਪੰਨੂ ਜੀ ਦੇ ਲੇਖ ਵਿਚੋਂ ਮਿਲਦੇ ਹਨ:

-ਜਦੋਂ ਦਿਲ ਕਰਦਾ ਮੈ ਅਨਜਾਣ ਰਸਤੇ ਤੁਰ ਪੈਂਦਾ, ਮੈਨੂੰ ਪਕਾ ਪਤਾ ਹੁੰਦਾ ਜਿੱਥੇ ਚੱਲਿਆਂ ਉੱਥੇ ਮੇਰਾ ਉਡੀਕਵਾਨ ਹੈ।
-ਜਾਣ ਬੁਝ ਕੇ ਮੈ ਟੁੱਟਣ ਵਾਲੇ ਖਿਡੌਣੇ ਖ਼ਰੀਦੇ।
-ਬਿੰਦੂ ਆਪਸ ਵਿਚ ਜੁੜ ਜਾਣ ਲਕੀਰ ਨਹੀਂ ਬਣਦੀ, ਇਕੱਲਾ ਬਿੰਦੂ ਜਿਊਂਦਾ ਹੋਕੇ ਤੁਰਨ ਲਗਦਾ ਹੈ ਤਾਂ ਲਕੀਰ ਬਣਦੀ ਹੈ। ਲਕੀਰਾਂ ਜੁੜ ਜਾਣ ਆਰਟ ਨਹੀਂ ਬਣਦਾ, ਲਕੀਰਾਂ ਉੱਡਣ ਲੱਗਣ, ਨੱਚਣ ਲੱਗਣ, ਆਰਟ ਪ੍ਰਗਟ ਹੁੰਦਾ ਹੈ।
-ਆਰਟ ਦੇ ਤਿੰਨ ਕੰਪੋਨੈਂਟ ਨੇ ਪਹਿਲਾ ਹਿੱਸਾ ਲਕੀਰ, ਲਕੀਰ ਮਿਣੀ ਜਾਂਦੀ ਹੈ, ਜਿਸ ਦੀ ਮਿਣਤੀ ਹੋ ਸਕੇ ਉਹ ਚੀਜ਼ ਛੋਟੀ ਹੁੰਦੀ ਹੈ। ਦੂਜਾ ਹਿੱਸਾ ਰੰਗ। ਰੰਗ ਤੋਲਿਆ ਜਾ ਸਕਦਾ ਹੈ। ਜਿਹੜੀ ਚੀਜ਼ ਤੁੱਲ ਸਕੇ ਉਹ ਛੋਟੀ ਹੁੰਦੀ ਹੈ। ਤੀਜਾ ਹਿੱਸਾ ਆਭਾ, ਜਲਵਾ, ਜਲੌ, ਟੋਨ। ਜਲੌ ਨਾ ਮਿਣਿਆਂ ਜਾਏ ਨਾ ਤੋਲਿਆ ਜਾ ਸਕੇ। ਜਲੌ ਆਰਟ ਹੁੰਦੈ।

Install Punjabi Akhbar App

Install
×