ਫੋਕਾ ਟੌਹਰ

article141001
ਅਧੀ ਕੁ ਸਦੀ ਪਹਿਲਾਂ ਪੰਜਾਬ ਵਿਚ ਰਹਿੰਦਿਆਂ ਵੇਖਦੇ ਸਾਂ ਕਿ ਵਜ਼ੀਰਾਂ, ਅਫ਼ਸਰਾਂ ਆਦਿ ਦੀ ਆਮਦ ਨਾਲ਼ ਬੜਾ ਭਾਰੀ ਲਾਉ ਲਸ਼ਕਰ ਵੀ ਆਇਆ ਕਰਦਾ ਹੁੰਦਾ ਸੀ। ਇਸ ਦੇ ਉਲ਼ਟ ਇਕ ਦਿਨ ਮੈਂ ਅੰਮ੍ਰਿਤਸਰ ਵਿਚਲੇ ਘੰਟਾਘਰ ਵਾਲ਼ੇ ਪਾਸੇ, ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਸ਼ੀਸ਼ੇ ਵਾਲੇ ਦਰਵਾਜੇ ਰਾਹੀਂ ਬਾਹਰ ਵੱਲ ਵੇਖਿਆ ਕਿ ਘੰਟਾਘਰ ਦੀਆਂ ਦੁਕਾਨਾਂ ਦੁਆਲ਼ੇ ਇਕ ਜਥੇਦਾਰ ਤੁਰਿਆ ਫਿਰੇ। ਹੋਰ ਗਹੁ ਨਾਲ਼ ਵੇਖਿਆ ਤਾਂ ਸਮਝ ਆਈ ਕਿ ਉਹ ਜਥੇਦਾਰ ਕਰਮ ਸਿੰਘ ਜਾਗੀਰਦਾਰ ਸਨ। ਜਥੇਦਾਰ ਜੀ ਉਸ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪੰਜਾਬ ਸਰਕਾਰ ਵਿਚ ਛੋਟੇ ਵਜ਼ੀਰ ਸਨ। ਮੇਰੇ ਉਹ ਚੰਗੇ ਵਾਕਫ਼ ਸਨ ਤੇ ਵਜ਼ੀਰ ਬਣਨ ਤੋਂ ਪਹਿਲਾਂ ਇਕ ਦੋ ਵਾਰੀਂ ਮੇਰੇ ਨਾਲ਼ ਚੰਡੀਗੜ੍ਹ ਵਿਚਲੇ ਕਿਸੇ ਦਫ਼ਤਰ ਵਿਚ, ਸਰਕਾਰੀ ਕੰਮ ਕਰਵਾਉਣ ਲਈ ਵੀ, ਥਰੀ ਵੀ੍ਹਲਰ ਉਪਰ ਗਏ ਸਨ। ਦਫ਼ਤਰ ਵਿਚ ਅਫ਼ਸਰਾਂ ਵੱਲੋਂ ਉਹਨਾਂ ਦਾ ਮਾਣ ਹੁੰਦਾ ਵੇਖ ਕੇ ਮੈਂ ਆਖਿਆ, “ਜਥੇਦਾਰ ਜੀ, ਅਫ਼ਸਰ ਤੁਹਾਡਾ ਬੜਾ ਮਾਣ ਕਰਦੇ ਹਨ!” ਉਹਨਾਂ ਨੇ ਆਖਿਆ, “ਇਹਨਾਂ ਨੂੰ ਪਤਾ ਹੈ ਕਿ ਮੈਂ ਵਜ਼ੀਰ ਬਣਨ ਵਾਲਾ ਹਾਂ।” ਉਸ ਸਮੇ ਉਹ ਅਜੇ ਕੇਵਲ ਐਮ.ਐਲ.ਏ. ਹੀ ਸਨ।
ਮੁੱਕਦੀ ਗੱਲ ਕਿ ਘੰਟਾਘਰ ਦੀਆਂ ਦੁਕਾਨਾਂ ਦੀ ਯਾਤਰਾ ਦੌਰਾਨ ਮੈਂ ਵੀ ਜਥੇਦਾਰ ਜੀ ਦੇ ਨਾਲ਼ ਹੀ ਹੋ ਲਿਆ। ਇਸ ਸਮੇ ਮੈਂ ਪੁੱਛਿਆ ਕਿ ਬਾਕੀ ਵਜ਼ੀਰਾਂ ਵਾਂਙ ਉਹਨਾਂ ਨਾਲ਼ ਲਾਮ ਲਸ਼ਕਰ ਕਿਉਂ ਨਹੀਂ; ਉਹ ਇਕੱਲੇ ਹੀ ਘੁੰਮ ਰਹੇ ਹਨ! ਉਹਨਾਂ ਆਖਿਆ, “ਮੇਰੀ ਕਿਸੇ ਨਾਲ਼ ਦੁਸ਼ਮਣੀ ਨਹੀਂ ਤੇ ਇਸ ਲਈ ਮੈਨੂੰ ਕਿਸੇ ਕਿਸਮ ਦਾ ਕਿਸੇ ਤੋਂ ਕੋਈ ਖ਼ਤਰਾ ਨਹੀਂ ਤੇ ਨਾ ਹੀ ਮੈਨੂੰੂ ਫੋਕਾ ਵਿਖਾਵਾ ਕਰਨ ਦਾ ਸ਼ੌਕ ਹੈ; ਫਿਰ ਕਾਹਦੇ ਲਈ ਆਪਣੇ ਦੁਆਲ਼ੇ ਭੀੜ ਇਕੱਠੀ ਕਰੀ ਰੱਖੀਏ!”
ਫਿਰ ਮਾਰਚ ੧੯੭੩ ਵਿਚ ਮੈਂ, ਸੈਂਟਰਲ ਅਫ਼੍ਰੀਕਾ ਦੇ ਇਕ ਛੋਟੇ ਜਿਹੇ ਮੁਲਕ ਮਲਾਵੀ ਵਿਚ ਚਲਿਆ ਗਿਆ। ਓਥੇ ਆਪਣੇ ਚਿੱਠੀ-ਪੱਤਰ ਦੀ ਸੁਰੱਖਿਆ ਵਾਸਤੇ ਡਾਕਖਾਨੇ ਵਿਚ ਆਪਣੇ ਨਾਂ ਦਾ ਮੇਲ ਬਾਕਸ ਰੱਖਣਾ ਯੋਗ ਜਾਣ ਕੇ, ਮੈਂ ਵੀ ਬਾਕੀਆਂ ਵਾਂਙ ਇਹ ਲੈ ਲਿਆ। ਮੈਂ ਉਸ ਸਮੇ ਇਸ ਛੋਟੇ ਜਿਹੇ ਮੁਲਕ ਦੇ ਛੋਟੇ ਜਿਹੇ ਸ਼ਹਿਰ, ਲਿੰਬੀ ਵਿਚ ਰਹਿੰਦਾ ਸਾਂ। ਇਕ ਦਿਨ ਸ਼ਾਮ ਦੇ ਘੁਸਮੁਸੇ ਜਿਹੇ ਵਿਚ ਮੈਂ ਆਪਣਾ ਬਾਕਸ ਖੋਹਲ ਕੇ ਵਿਚੋਂ ਚਿੱਠੀਆਂ ਕੱਢ ਰਿਹਾ ਸਾਂ ਕਿ ਕੁਝ ਬਾਕਸ ਛੱਡ ਕੇ ਇਕ ਹੋਰ ਉਸ ਦੇਸ਼ ਦਾ ਵਾਸੀ ਵੀ ਇਹੋ ਕੁਝ ਕਰ ਰਿਹਾ ਸੀ। ਉਹ ਸੱਜਣ, ਮਵਾਲੋ ਨਮਾਇਓ, ਦੇਸ਼ ਦਾ ਨੰਬਰ ਦੋ ਦਾ ਰਾਜਸੀ ਤੌਰ ਤੇ ਸ਼ਕਤੀਸ਼ਾਲੀ ਮਨੁਖ ਸੀ। ਮਲਾਵੀ ਦੀ ਇਕੋ ਇਕ ਪਾਰਟੀ ਦਾ ਜਨਰਲ ਸਕੱਤਰ ਤੇ ਪ੍ਰਬੰਧਕ ਸਕੱਤਰ ਹੋਣ ਦੇ ਨਾਲ਼ ਨਾਲ, ਪ੍ਰਧਾਨ ਦੇ ਦਫ਼ਤਰ ਵਿਚ ਵਜ਼ੀਰ ਵੀ ਸੀ। ਉਹ ਆਪਣੀ ਕਾਰ ਖ਼ੁਦ ਚਲਾ ਕੇ ਆਇਆ ਤੇ ਮੇਲ ਬਾਕਸ ਵਿਚੋਂ ਚਿੱਠੀਆਂ ਕੱਢ ਕੇ, ਆਪਣੀ ਕਾਰ ਚਲਾ ਕੇ ਚਲਿਆ ਗਿਆ।
ਤਕਰੀਬਨ ਬਤਾਲ਼ੀ ਸਾਲਾਂ ਪਿੱਛੋਂ ਇਹ ਘਟਨਾ ਹੁਣ ਕਿਉਂ ਯਾਦ ਆਈ? ਕਾਰਨ ਇਹ ਬਣਿਆ ਕਿ ਕਲ੍ਹ ਦੁਪਹਿਰੇ (੨੮.੯.੧੪) ਏਥੇ ਐਡੀਲੇਡ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਐਲਨਬੀ ਗਾਰਡਨਜ਼ ਵਿਖੇ ਦੁਪਹਿਰ ਤੋਂ ਪਿਛੋਂ, ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਦਾ ਸਪੀਕਰ ਆਪਣੇ ਸਾਈਕਲ ਤੇ ਆਇਆ। ਯਾਦ ਰਹੇ ਕਿ ਆਸਟ੍ਰੇਲੀਆ ਦੀਆਂ ੬ ਸਟੇਟਾਂ ਦੀਆਂ ਲੈਜਿਸਲੇਚਰਾਂ ਨੂੰ ਵੀ ਪਾਰਲੀਮੈਂਟਾਂ ਹੀ ਆਖਿਆ ਜਾਂਦਾ ਹੈ। ਦੋ ਟੈਰੇਟਰੀਜ਼ ਹਨ; ਉਹਨਾਂ ਦੀਆਂ ਅਸੈਂਬਲੀਜ਼ ਹੁੰਦੀਆਂ ਹਨ। ਉਸ ਦਾ ਨਾਂ ਹੈ ਮਿਕ ਐਟਕਿਨਸਨ ਐਮ.ਪੀ.। ਆਇਆ ਉਹ ਇਸ ਲਈ ਕਿ ਇਕ ਸਿੱਖ ਨੌਜਵਾਨ ਮਨਿੰਦਰਬੀਰ ਸਿੰਘ ਕੌਂਸਲ ਦੀ ਇਲੈਕਸ਼ਨ ਲੜ ਰਿਹਾ ਹੈ ਤੇ ਉਸ ਨਾਲ਼, ਉਸ ਨੇ ਫ਼ੋਟੋ ਖਿਚਵਾਉਣੀ ਸੀ ਤਾਂ ਕਿ ਮੀਡੀਏ ਨੂੰ ਦਿਤੀ ਜਾ ਸਕੇ। ਫ਼ੋਟੋ ਵੀ ਇਸ ਲੇਖ ਦੇ ਨਾਲ਼ ਸ਼ਾਮਲ ਹੈ। ਸਾਰੇ ਆਖੀ ਜਾਣ, ਐਮ.ਪੀ. ਨੇ ਆਉਣਾ ਹੈ, ਐਮ.ਪੀ. ਨੇ ਆਉਣਾ ਹੈ।” ਤਾਂਹੀਉਂ ਕੀ ਵੇਖਦੇ ਹਾਂ ਕਿ ਇਕ ਪਤਲਾ ਤੇ ਲੰਮਾ ਝੰਮਾ ਆਦਮੀ, ਸਿਰ ਤੇ ਹੈਲਮਿਟ ਪਾਈ, ਆਪਣੇ ਸਾਈਲ ਤੇ ਆ ਗਿਆ ਤੇ ਗੁਰਦੁਆਰੇ ਦੀ ਬਾਹਰਲੀ ਛੋਟੀ ਕੰਧ ਨਾਲ਼ ਆਪਣਾ ਸਾਈਕਲ ਲਾ ਕੇ, ਸਾਡੇ ਵਿਚ ਆ ਖਲੋਤਾ। ਉਸ ਨੇ ਸਾਰਿਆਂ ਨਾਲ਼ ਮੁਸਕਰਾ ਕੇ ਵਾਰੀ ਵਾਰੀ ਹੱਥ ਮਿਲਾਇਆ।
ਫ਼ੋਟੋ ਪਿੱਛੋਂ, ਸ. ਮਹਾਬੀਰ ਸਿੰਘ ਗਰੇਵਲ ਨੇ ਉਸ ਨੂੰ ਦਫ਼ਤਰ ਵਿਚ ਬੈਠਾ ਕੇ, ਲੰਗਰੋਂ ਚਾਹ ਦਾ ਕੱਪ ਮੰਗਾ ਕੇ ਪਿਆ ਦਿਤਾ ਤੇ ਉਹ ਸਾਰਿਆਂ ਉਪਰ ਮੁਕ੍ਰਾਹਟ ਦਾ ਛੱਟਾ ਦਿੰਦਾ ਹੋਇਆ ਤੁਰ ਗਿਆ ਪਰ ਜਾਂਦਾ ਜਾਂਦਾ ਦਫ਼ਤਰ ਵਿਚ ਆਪਣਾ ਛੋਟਾ ਜਿਹਾ ਬੈਗ ਭੁੱਲ ਗਿਆ ਜੋ ਉਹ ਪਿੱੱਛੋਂ ਲੈਣ ਵਾਸਤੇ ਆਇਆ। ਉਸ ਸਮੇ ਓਥੇ ਇਕੱਲਾ ਮੈਂ ਹੀ ਸੀ। ਬੈਗ ਦੇਣ ਸਮੇ ਮੈਂ ਉਸ ਤੋਂ ਉਸ ਦਾ ਕਾਰਡ ਮੰਗਿਆ ਤਾਂ ਪਤਾ ਲੱਗਾ ਕਿ ਉਹ ਤਾਂ ਸਟੇਟ ਪਾਰਲੀਮੈਂਟ ਦਾ ਸਪੀਕਰ ਹੈ।
ਇਹ ਹੈ ਅਸਲੀ ਟੌਹਰ ਇਸ ਮੁਲਕ ਦੇ ਆਗੂਆਂ ਦਾ! ਇਸ ਦੇ ਉਲ਼ਟ ਜੋ ਕੁਝ ਸਾਡੇ ਆਪਣੇ ਦੇਸ ਵਿਚ ਹੋ ਰਿਹਾ ਹੈ, ਉਸ ਬਾਰੇ ਓਥੇ ਰਹਿਣ ਵਾਲ਼ੇ ਮੇਰੇ ਨਾਲ਼ੋਂ ਵਧੇਰੇ ਜਾਣਦੇ ਹਨ। ਮੈਨੂੰ ਤਾਂ ਸਿਰਫ ਏਨੀ ਕੁ ਗੱਲ ਦਾ ਪਤਾ ਹੈ ਤੇ ਵੇਖ ਵੇਖ ਕੇ ਹੈਰਾਨ ਹੋਈ ਜਾਂਦਾ ਹਾਂ। “ਬੜੇ ਮੀਆਂ ਸੋ ਬੜੇ ਮੀਆਂ, ਛੋਟੇ ਮੀਆਂ ਸੁਭਹਾਨ ਅਲਾਹ!” ਰਾਜਸੀ ਤੇ ਸਰਕਾਰੀ ਵੱਡੇ ਲੋਕਾਂ ਨੇ ਤਾਂ ਜਨਤਾ ਤੇ ਰੋਹਬ ਪਾਉਣ ਲਈ ਜਾਂ ਖਿਆਲੀ ਦੁਸ਼ਮਣਾਂ ਤੋਂ ਰੱਖਿਆ ਲਈ, ਅਜਿਹਾ ‘ਠਾਠਾ-ਬਾਗਾ’ ਬਣਾਉਣਾ ਹੀ ਹੋਇਆ, ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਧਾਰਮਿਕ ਪਦਵੀਆਂ ਉਪਰ ਬੈਠੇ ਹੋਏ ਜਾਂ ਲੱਥੇ ਹੋਏ ਸੱਜਣ ਪੁਰਸ਼ ਵੀ ਅਜਿਹੇ ਲਾਮ ਲਸ਼ਕਰ ਆਪਣੇ ਨਾਲ਼ ਲਈ ਫਿਰਦੇ ਹਨ! ਹੋਰ ਹੈਰਾਨੀ ਇਹ ਜਾਣ ਕੇ ਹੋਈ ਕਿ ਅਸ਼ੂਤੋਸ਼ ਦੀ ਲਾਸ਼ ਦੀ ਰੱਖਿਆ ਵਾਸਤੇ ਵੀ ਸਰਕਾਰ ਵੱਲੋਂ ਜ਼ੈਡ ਪਲੱਸ ਸੈਕਿਉਰਟੀ ਦਿਤੀ ਗਈ ਹੋਈ ਹੈ। ਅਜਿਹੀ ਸੈਕਿਉਰਟੀ ਅੱਜ ਕਲ੍ਹ ਚੀਫ਼ ਮਿਨਿਸਟਰ ਵਾਸਤੇ ਹੁੰਦੀ ਹੈ। ਪਾਇਲਟ ਗੱਡੀਆਂ, ਬਾਡੀ ਗਾਰਡ, ਪੁਲਸੀਏ ਤੇ ਪਤਾ ਨਹੀਂ ਹੋਰ ਕੀ ਕੀ ਕੁਝ! ਦੱਸੋ ਇਹਨਾਂ ਨੂੰ ਕਾਹਦਾ ਤੇ ਕਿਸ ਤੋਂ ਖ਼ਤਰਾ ਹੈ, ਧਰਮ ਸਥਾਨ ਦੀ ਯਾਤਰਾ ਦੌਰਾਨ? ਜੇਕਰ ਅਜਿਹੇ ਧਰਮਸਥਾਨ ਤੇ ਉਹਨਾਂ ਨੂੰ ਕੋਈ ਮਾਰ ਵੀ ਜਾਵੇਗਾ ਤਾਂ ਉਹ, “ਮਰਉ ਤ ਹਰਿ ਕੈ ਦੁਆਰ” ਦੇ ਮਹਾਵਾਕ ਨੂੰ ਹੀ ਸਫ਼ਲ ਕਰ ਰਹੇ ਹੋਣਗੇ! ਜੇ ਖ਼ੁਸ਼ਕਿਮਤੀ ਨਾਲ਼ ਉਹਨਾਂ ਨਾਲ ਅਜਿਹਾ ਵਾਪਰ ਵੀ ਜਾਵੇ ਤਾਂ ਉਹ ਤਾਂ ਕੌਮੀ ਸ਼ਹੀਦ ਮੰਨੇ ਜਾਣ ਗੇ, ਆਪਣਾ ਉਹਨਾਂ ਦਾ ਵਾਸਾ ਸੱਚਖੰਡ ਵਿਚ ਹੋਵੇਗਾ ਤੇ ਪਿੱਛੇ ਰਹੀਆਂ ਉਹਨਾਂ ਦੀਆਂ ਪੀਹੜੀਆਂ ਨੂੰ, ‘ਸ਼ਹੀਦ ਦਾ ਪਰਵਾਰ’ ਦਾ ਪੰਥ ਵੱਲੋਂ ਖ਼ਿਤਾਬ ਦੇ ਕੇ, ਆਰਥਿਕ ਤੌਰ ਤੇ ਕਾਇਆਂ ਕਲਪ ਕਰ ਦਿਤਾ ਜਾਵੇਗਾ। ਏਨਾ ਸਸਤਾ ਸੌਦਾ ਵੀ ਮਨਜ਼ੂਰ ਨਹੀਂ ਤਾਂ ਦੱਸੋ ਹੋਰ ਉਹਨਾਂ ਨੂੰ ਕੀ ਚਾਹੀਦਾ ਹੈ?
ਮੇਰੇ ਅਜਿਹੇ ਵਿਚਾਰ ਸੁਣ ਕੇ ਇਕ ਦਿਨ ਇਕ ਸੱਜਣ ਬੋਲਿਆ, “ਤੈਨੂੰ ਭਾਊ ਪੁਲਸੀਆਂ ਦੇ ਰੁਝੇਵੇਂ ਦਾ ਹੀ ਫਿਕਰ ਲੱਗਿਆ ਰਹਿੰਦਾ ਹੈ। ਹੋਰ ਉਹਨਾਂ ਨੇ ਕਰਨਾ ਕੀ ਹੈ! ਚੰਗਾ ਹੈ ਕਿ ਉਹ ਆਗੂਆਂ ਦੇ ਅੱਗੇ ਪਿੱਛੇ ਫਿਰਦੇ ਹੋਏ ਵਾਹਵਾ ਰੁਝੇ ਰਹਿੰਦੇ ਨੇ ਤੇ ਜਨਤਾ ਉਹਨਾਂ ਦੇ ਜ਼ੁਲਮ ਤੋਂ ਕਿਸੇ ਹੱਦ ਤੱਕ ਰਾਹਤ ਪਰਾਪਤ ਕਰ ਲੈਂਦੀ ਹੈ। ਉਹਨਾਂ ਕੇਹੜਾ ਕਿਤੇ ਕਿਸੇ ਦੇ ਜਾਨ ਮਾਲ ਦੀ ਰੱਖਿਆ ਕਰਨੀ ਹੈ! ਸਗੋਂ ਜਿਥੇ ਵੀ ਦਾ ਲੱਗਿਆ ਕਿਸੇ ਨਾ ਕਿਸੇ ਤੋਂ ਕੁਝ ਖੋਹਣਾ ਹੀ ਹੈ; ਧਨ ਖੋਹਣ, ਜਾਨ ਜਾਂ ਇਜ਼ਤ!”

Install Punjabi Akhbar App

Install
×