ਔਰਤਾਂ ਦੀਆਂ ਸਮੱਸਿਆਵਾਂ ਨੂੰ ਬੇਬਾਕ ਚਿਤਰਦੀ ਲੇਖਕਾ ਸੁਧਾ ਸ਼ਰਮਾ

g-s-pakhokalan-160917-sudha-sharma-14344899_1110906788992241_5122991178311349126_nਸਾਹਿੱਤਿਕ ਖੇਤਰ ਵਿਚ ਇਸਤਰੀ ਜਾਤੀ ਦੀਆਂ ਸਮੱਸਿਆਵਾਂ ਅਤੇ ਦੁੱਖਾਂ ਨੂੰ ਭਾਵੇਂ ਬਹੁਤ ਸਾਰੇ ਮਰਦ ਲੇਖਕ ਚਿਤਰਦੇ ਰਹਿੰਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਲੇਖਕ ਸਫਲ ਵੀ ਰਹਿੰਦੇ ਹਨ ਪਰ ਇਹਨਾਂ ਲੇਖਕਾਂ ਨੇ ਇਹ ਹੱਡੀ ਹੰਢਾਇਆ ਨਹੀਂ ਹੁੰਦਾ ਸਿਰਫ਼ ਤੀਸਰੀ ਅੱਖ ਨਾਲ ਦੇਖਿਆ ਹੀ ਹੁੰਦਾ ਹੈ ਜਾਂ ਕਲਪਨਾ ਦੇ ਘੋੜੇ ਹੀ ਦੁੜਾਏ ਹੁੰਦੇ ਹਨ। ਲੇਖਕਾ ਸੁਧਾ ਸ਼ਰਮਾ ਦੀ ਕਿਤਾਬ ਸੱਤ ਸਮੁੰਦਰੋਂ ਪਾਰ ਪੜ੍ਹਦਿਆਂ ਇਸਤਰੀਆਂ ਦੀਆਂ ਮਨ ਦੀਆਂ ਪਰਤਾਂ ਉਘੇੜਦੀ ਲੇਖਕਾ ਉਨ੍ਹਾਂ ਦੇ ਦੁੱਖਾਂ ਨੂੰ ਲਿਖਦੀ ਸਹਿਜ ਰੂਪ ਵਿਚ ਹੀ ਪਾਠਕ ਦੇ ਮਨ ਮਸਤਕ ਵਿਚ ਵਿਚਾਰਾਂ ਦਾ ਹੜ੍ਹ ਲਿਆਉਣ ਵਿਚ ਸਫਲ ਹੁੰਦੀ ਹੈ। ਇਸ ਕਿਤਾਬ ਦੀਆਂ ਕਹਾਣੀਆਂ ਨੂੰ ਬਹੁਤਾ ਵਿਸਥਾਰ ਦੇਣ ਦੀ ਥਾਂ ਕੀਮਤੀ ਸ਼ਬਦਾਂ ਵਿਚ ਲਿਖਿਆ ਹੈ ਜਿਸ ਨੂੰ ਪਾਠਕ ਹਰ ਕਹਾਣੀ ਨੂੰ ਇੱਕ ਹੀ ਵਾਰ ਵਿਚ ਪੜ੍ਹ ਲੈਂਦਾ ਹੈ। ਕਿਤਾਬ ਵਿਚਲੀਆਂ ਕਹਾਣੀਆਂ ਪੜ੍ਹਦਿਆਂ ਇਹ ਵੀ ਜਾਪਦਾ ਹੈ ਜਿਵੇਂ ਲੇਖਕਾ ਨੇ ਖ਼ੁਦ ਜਾਂ ਉਸ ਦੀਆਂ ਕਰੀਬੀ ਇਸਤਰੀ ਪਾਤਰਾਂ ਨੇ ਇਹ ਦੁੱਖ ਹੰਢਾਏ ਹੋਣਗੇ ਕਿਉਂਕਿ ਕਹਾਣੀਆਂ ਦੇ ਪਾਤਰ ਬਹੁਤ ਹੀ ਅਸਲੀਅਤ ਦੇ ਨੇੜੇ ਜਾਪਦੇ ਹਨ ਅਤੇ ਇਹ ਹੀ ਲੇਖਕ ਦੀ ਸਫਲਤਾ ਵੀ ਹੁੰਦੀ ਹੈ ਜਿਸ ਵਿਚ ਪਾਠਕ ਪਾਤਰ ਦੀ ਧੜਕਦੀ ਜ਼ਿੰਦਗੀ ਮਹਿਸੂਸ ਕਰਦਾ ਹੈ। 70 ਕੁ ਪੰਨਿਆਂ ਦੀ ਕਿਤਾਬ ਵਿਚ ੩੪ ਦੇ ਕਰੀਬ ਕਹਾਣੀਆਂ ਵਿਚ ਸਮਾਜ ਦੇ ਬਹੁਤ ਸਾਰੇ ਸਮਾਜਕ ਵਰਤਾਰਿਆਂ ਨੂੰ ਚਿਤਰਿਆ ਗਿਆ ਹੈ। ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਅਤੇ ਮਹਾਂਵੀਰ ਪ੍ਰਸਾਦ ਸ਼ਰਮਾ ਜੀ ਦੇ ਸ਼ੁਰੂਆਤੀ ਸ਼ੁੱਭ ਕਾਮਨਾਵਾਂ ਵਾਲੇ ਸੰਦੇਸ਼ਾਂ ਅਤੇ ਅਲੋਚਨਾ ਵਾਲੇ ਵਿਚਾਰਾਂ ਤੋਂ ਸ਼ੁਰੂਆਤ ਵੀ ਲੇਖਕਾ ਦੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਣ ਦੀ ਬਾਤ ਪਾਉਂਦਾ ਹੈ। ਲੇਖਕਾ ਦੀ ਨਿੱਜੀ ਜ਼ਿੰਦਗੀ ਵਿਚ ਝਾਤ ਪਾਉਂਦਿਆਂ ਵੀ ਪਤਾ ਲੱਗਦਾ ਹੈ ਕਿ ਫ਼ੌਜ ਦੇ ਕਰਨਲ ਦੀ ਇਸ ਜੁਝਾਰੂ ਬੇਟੀ ਨੇ ਨੌਜਵਾਨ ਉਮਰ ਵਿਚ ਹੀ ਬਹੁਤ ਸਾਰੇ ਸਮਾਜਕ ਅਤੇ ਪਰਿਵਾਰਕ ਦੁੱਖਾਂ ਦੇ ਵਿਚੋਂ ਲੰਘਦਿਆਂ ਸੰਘਰਸ਼ ਕਰਦਿਆਂ ਹੀ ਇਹਨਾਂ ਨੂੰ ਬਿਆਨਣ ਲਈ ਕਲਮ ਕੁਦਰਤ ਨੇ ਇਹਨਾਂ ਦੇ ਹੱਥ ਦਿੱਤੀ ਹੈ।
ਪੁਨਰ ਜਨਮ ਕਹਾਣੀ ਦੀ ਪਾਤਰ ਸਵੀਟੀ ਜ਼ਿੰਦਗੀ ਅਤੇ ਸਮਾਜ ਦੀਆਂ ਹਕੀਕਤਾਂ ਤੋਂ ਅਣਜਾਣ ਅੰਤਰਜਾਤੀ ਪਿਆਰ ਵਿਆਹ ਕਰਨ ਤੋਂ ਬਾਅਦ ਪਤੀ ਅਤੇ ਸਹੁਰੇ ਪਰਿਵਾਰ ਦੇ ਜ਼ੁਲਮ ਸਹਿਣ ਤੋਂ ਬਾਅਦ ਆਖ਼ਰ ਆਪਣੇ ਮਾਂ ਬਾਪ ਕੋਲ ਹੀ ਜਾਣ ਨੂੰ ਮਜਬੂਰ ਹੁੰਦੀ ਹੈ । ਇਹ ਕਹਾਣੀ ਵਰਤਮਾਨ ਸਮੇਂ ਦੇ ਅੱਲ੍ਹੜ ਉਮਰ ਦੇ ਲਏ ਗ਼ਲਤ ਫ਼ੈਸਲਿਆਂ ਤੋਂ ਪਰਦਾ ਚੁੱਕਦੀ ਹੈ। ਸਿਰ ਦਾ ਸਾਈਂ ਕਹਾਣੀ ਵਿਚ ਔਰਤ ਪਾਤਰਾਂ ਆਪਣੇ ਜੀਵਨ ਸਾਥੀਆਂ ਨੂੰ ਬੇਵਫ਼ਾਈਆਂ ਕਰਨ ਤੋਂ ਬਾਅਦ ਵੀ ਸਾਰੀ ਜ਼ਿੰਦਗੀ ਮੁੜ ਆਉਣ ਦੀਆਂ ਉਡੀਕਾਂ ਕਰਦੀਆਂ ਹਨ ਅਤੇ ਮੁੜ ਆਉਣ ਤੇ ਮਾਫ਼ ਕਰਦੀਆਂ ਦਿਖਾਈ ਦਿੰਦੀਆਂ ਹਨ ਜੋ ਇਸਤਰੀ ਜਾਤੀ ਦੇ ਵੱਡੇ ਦਿਲ ਦੀ ਗਵਾਹੀ ਹੈ। ਦੋ ਰੋਟੀਆਂ ਕਹਾਣੀ ਵਿਚ ਸੱਸ ਦੁਆਰਾ ਜੋਬਨ ਉਮਰੇ ਸਤਾਈ ਜੀਤੀ ਬਜ਼ੁਰਗ ਸੱਸ ਨੂੰ ਉਸ ਦੇ ਜ਼ਿੰਦਗੀ ਦੇ ਆਖ਼ਰੀ ਪਹਿਰ ਵਿਚ ਮਾਫ਼ ਕਰ ਦਿੰਦੀ ਹੈ। ਇਸ ਕਹਿਰਵਾਨ ਸੱਸ ਨੂੰ ਜਿਸ ਤਰਾਂ ਦੋ ਰੋਟੀਆਂ ਦੇਣ ਵਿਚ ਜੋ ਇਨਸਾਨੀਅਤ ਸਤਾਈ ਹੋਈ ਜੀਤੀ ਦਿਖਾਉਂਦੀ ਹੈ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਪਾਠਕ ਨੂੰ ਕਿ ਮਾਫ਼ ਕਰ ਦੇਣਾ ਹੀ ਵੱਡਾ ਗੁਣ ਹੈ।
ਜਨਮ ਪੱਤਰੀ ਅਤੇ ਵਿਆਹ ਨਾਂ ਦੀ ਕਹਾਣੀ ਵਿਚ ਅਖੌਤੀ ਧਾਰਮਿਕ ਵਿਸ਼ਵਾਸ਼ ਸਹਾਰੇ ਜੋੜੇ ਰਿਸ਼ਤੇ ਹਕੀਕਤਾਂ ਦੀ ਮਾਰ ਨਾਲ ਅਸਫਲ ਹੁੰਦੇ ਦਿਖਾਏ ਗਏ ਹਨ ਵਰਤਮਾਨ ਸਮੇਂ ਦੀਆਂ ਲੋੜਾਂ ਅਨੁਸਾਰ ਵਿਗਿਆਨਕ ਸੂਝਬੂਝ ਵਿਚੋਂ ਰਿਸ਼ਤਿਆਂ ਦੀ ਨੀਂਹ ਰੱਖਣ ਦੀ ਪਰੇਰਨਾ ਦਿੰਦੀ ਹੈ। ਇਸ ਤਰਾਂ ਹੀ ਇਸ ਕਿਤਾਬ ਦੀ ਹਰ ਕਹਾਣੀ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਅਤੇ ਇਹੋ ਲੇਖਕਾ ਦੀ ਕਲਮ ਦੀ ਸਫਲਤਾ ਹੈ।
ਪਿਛਲੇ ਦਿਨੀਂ ਪਟਿਆਲੇ ਡਾਕਟਰ ਧਰਮਵੀਰ ਗਾਂਧੀ ਜੀ ਦੇ ਘਰ ਜਾਣ ਸਮੇਂ ਇਸ ਲੇਖਕਾ ਦੀਆਂ ਤਿੰਨ ਕਿਤਾਬਾਂ ਪ੍ਰਾਪਤ ਹੋਈਆਂ ਸਨ ਜਿਸ ਵਿਚ ਦੂਸਰੀਆਂ ਦੋ ਕਿਤਾਬਾਂ ਜੋ ਬੱਚਿਆ ਲਈ ਬਾਲ ਸਾਹਿੱਤ ਦੇ ਰੂਪ ਵਿਚ ਕਵਿਤਾਵਾਂ ਦੀਆਂ ਹਨ ਜਿਨ੍ਹਾਂ ਵਿਚ ਸਤਰੰਗੀ ਪੀਂਘ ਅਤੇ ਮਾਂ ਮੈ ਵੀ ਹੁਣ ਪੜ੍ਹਨ ਸਕੂਲੇ ਜਾਵਾਂਗੀ ਸਨ । ਇਸ ਤੋਂ ਪਤਾ ਲੱਗਦਾ ਹੈ ਕਿ ਲੇਖਕਾ ਨੇ ਬਾਲ ਸਾਹਿੱਤ ਤੇ ਵੀ ਕਵਿਤਾ ਰੂਪ ਵਿਚ ਦੋ ਕਿਤਾਬਾਂ ਲਿਖ ਕੇ ਬਾਲ ਸਾਹਿੱਤ ਨੂੰ ਵੀ ਚੰਗਾ ਯੋਗਦਾਨ ਪਾਇਆ ਹੈ। ਬਾਲ ਸਾਹਿੱਤ ਦੀਆਂ ਦੋਨਾਂ ਕਿਤਾਬਾਂ ਵਿਚ ਇਹਨਾਂ ਦੀ ਸਕੂਲ ਪੜ੍ਹਦੀ ਬੇਟੀ ਨੇ ਕਵਿਤਾਵਾਂ ਨਾਲ ਮਿਲਦੇ ਜੁਲਦੇ ਬਹੁਤ ਹੀ ਵਧੀਆ ਜੋ ਰੇਖਾ ਚਿੱਤਰ ਜਾਂ ਸਕੈੱਚ ਬਣਾਏ ਹਨ ਵੀ ਇਹਨਾਂ ਦੀ ਬੇਟੀ ਮੁਸਕਾਨ ਰਿਸ਼ੀ ਦੇ ਜਨਮ ਜਾਤ ਕਲਾ ਦੇ ਇਸ ਗੁਣ ਦੀ ਗਵਾਹੀ ਪਾਉਂਦੇ ਹਨ।
ਸ਼ਹਿਰੀ ਵਾਤਾਵਰਣ ਵਿਚ ਰਹਿ ਰਹੀ ਲੇਖਕਾ ਦੀ ਲਿਖਣ ਸ਼ੈਲੀ ਵਿਚ ਪੇਂਡੂ ਪੰਜਾਬੀ ਸਭਿਆਚਾਰ ਜ਼ਿਆਦਾ ਭਾਰੂ ਹੈ ਜੋ ਪੰਜਾਬੀਅਤ ਦੀ ਜਿੰਦ ਜਾਨ ਹੈ। ਸਰੀਰਕ,ਮਾਨਸਿਕ ਅਤੇ ਪਰਿਵਾਰਕ ਦੁੱਖਾਂ ਵਿਚ ਵਿਚਰਦੀ ਲੇਖਕਾ ਸੁਧਾ ਸ਼ਰਮਾ ਤੋਂ ਪੰਜਾਬੀ ਸਾਹਿੱਤ ਨੂੰ ਹੋਰ ਵੀ ਆਸਾਂ ਬਣੀਆਂ ਰਹਿਣਗੀਆਂ। ਨਵਰੰਗ ਪਬਲੀਕੇਸ਼ਨ ਸਮਾਣਾ ਵੱਲੋਂ ਛਾਪੀਆਂ ਗਈਆਂ ਇਹ ਕਿਤਾਬਾਂ ਵੀ ਉਤਸ਼ਾਹ ਜਨਕ ਵਰਤਾਰਾ ਹੈ, ਲੇਖਕਾ ਅਤੇ ਪਬਲਿਸ਼ਰ ਵਧਾਈ ਦੇ ਪਾਤਰ ਹਨ ਪੰਜਾਬੀ ਸਾਹਿੱਤ ਜਗਤ ਨੂੰ ਇਹ ਕਿਤਾਬਾਂ ਦੇਣ ਲਈ।

 

Install Punjabi Akhbar App

Install
×