ਪੋਹ ਮਹੀਨਾ ਸਿੱਖੀ ਦੇ ਸਿਦਕ ਅਤੇ ਸਬਰ ਦੀ ਪਰਖ ਦਾ ਮਹੀਨਾ ਹੈ

Sikhism_symbolਇਹ ਪੋਹ ਦਾ ਮਹੀਨਾ ਹੀ ਤਾਂ ਹੈ ਜਿਹੜਾ ਸਿੱਖਾਂ ਨੂੰ ਸਿੱਖੀ ਸਿਦਕ ਦੀ ਕਾਇਮੀ ਲਈ ਦ੍ਰਿੜਤਾ ਬਖਸ਼ਦਾ ਰਹਿੰਦਾ ਹੈ,ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਮਾਰਗ ਦਰਸਨ ਕਰਦਾ ਹੈ। ਇਹੋ ਕਾਰਨ ਹੈ ਕਿ ਜਿਸ ਮੌਤ ਤੋ ਇਹ ਜੱਗ ਦੇ ਲੋਕ ਡਰਦੇ ਹਨ,ਉਸ ਮੌਤ ਵਾਲੇ ਰਾਹ ਤੇ ਚੱਲਣ ਵਿੱਚ ਖਾਲਸਾ ਖੁਸ਼ੀ ਅਨੁਭਵ ਕਰਦਾ ਹੈ ਮੌਤ ਨੂੰ ਮਖੌਲਾਂ ਕਰਦਾ ਹੈ। ਜਦੋਂ ਗੁਰੂ ਦਾ ਸਿੱਖ ਮੌਤ ਨੂੰ ਹੀ ਪਰਮਾਤਮਾ ਨੂੰ ਮਿਲਣ ਦਾ ਜਰੀਆ ਸਮਝਦਾ ਹੋਵੇ, ਫਿਰ ਦੁਨੀਆ ਦੀ ਕਿਹੜੀ ਸ਼ਕਤੀ ਹੈ ਜੋ ਸਿੱਖ ਦੇ ਸਿਦਕ ਨੂੰ ਡੁਲਾ ਸਕਣ ਦਾ ਦਾਅਵਾ ਕਰ ਸਕਦੀ ਹੈ। ਸਿੱਖ ਧਰਮ ਦੀ ਬੁਨਿਆਦ ਸਬਰ, ਸੰਤੋਖ ਅਤੇ ਸਿਦਕ ਤੇ ਟਿਕੀ ਹੋਈ ਹੈ।ਸਿੱਖਾਂ ਦੇ ਪੰਜਵੇਂ ਨਾਨਕ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਤੱਤੀਆਂ ਤਵੀਆਂ ਤੇ ਬੈਠ ਕੇ,ਤੱਤੀ ਰੇਤ ਸਿਰ ਵਿੱਚ ਪਵਾ ਕੇ ਤੇ ਉਬਲਦੀਆਂ ਦੇਗਾਂ ਵਿੱਚ ਬੈਠ ਕੇ ਵੀ “ਤੇਰਾ ਭਾਣਾ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮਾਂਗੈ” ਕਹਿਣ ਦਾ ਮਤਲਵ ਸਿਰਫ ਤੇ ਸਿਰਫ ਉਹਨਾਂ ਦਾ ਇਹ ਸਬਦ ਆਪਣੀ ਦ੍ਰਿੜਤਾ ਦਾ ਪ੍ਰਗਟਾਵਾ ਹੀ ਨਹੀ ਬਲਕਿ ਆਪਣੇ ਸਬਰ ਸੰਤੋਖ ਤੇ ਸਿੱਖੀ ਸਿਦਕ ਨਾਲ ਸਿੱਖੀ ਦੀਆਂ ਜੜਾਂ ਨੂੰ ਮਜਬੂਤੀ ਬਖਸ਼ਣਾ ਹੈ। ਬੇਸ਼ੱਕ ਆਪਣੇ ਗੁਰੂ ਪਿਤਾ ਦੇ ਹੁਕਮਾਂ ਮੁਤਾਬਿਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਹਿਬ ਜੀ ਨੇ ਅੱਗੇ ਤੋਂ ਸਿੱਖਾਂ ਨੂੰ ਸਸਤਰਧਾਰੀ ਹੋਣਾ ਦ੍ਰਿੜ ਕਰਵਾ ਦਿੱਤਾ ਪਰੰਤੂ ਉਹਨਾਂ ਵੱਲੋਂ ਧਾਰਨ ਕੀਤੀਆਂ ਦੋ ਤਲਵਾਰਾਂ ਵੀ ਸੰਦੇਸ਼ ਇਹੋ ਹੀ ਦਿੰਦੀਆਂ ਹਨ। ਇਹ ਦੋ ਤਲਵਾਰਾਂ ਇੱਕ ਮੀਰੀ ਦੀ,ਇੱਕ ਪੀਰੀ ਦੀ ਭਾਵ ਇੱਕ ਸਕਤੀ ਦੀ ,ਇੱਕ ਭਗਤੀ ਦੀ ਪ੍ਰਤੀਕ ਹੈ,ਇੱਕ ਜਬਰ ਜੁਲਮ ਨਾਲ ਟੱਕਰ ਦੀ ਤੇ ਇੱਕ ਜਾਲਮ ਦੇ ਜੁਲਮ ਨੂੰ ਸਬਰ ਤੇ ਸਿਦਕ ਨਾਲ ਝੱਲਣ ਦੀ ਪ੍ਰਤੀਕ ਹੈ।ਨੌਂਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਹਿਬ ਜੀ ਨੇ ਅਨੇਕਾਂ ਜੰਗਾਂ ਵੀ ਬਹਾਦੁਰੀ ਨਾਲ ਲੜੀਆਂ ਪਰੰਤੂ ਜਦੋਂ ਸ਼ਹਾਦਤ ਦੇਣ ਦਾ ਵਕਤ ਆਇਆ ਤਾਂ ਉਹ ਵੀ ਬੜੇ ਸਿਦਕਦਿਲੀ ਨਾਲ ਦੇ ਕੇ ਸਿੱਖੀ ਦੇ ਬੂਟੇ ਦੀਆਂ ਜੜਾਂ ਨੂੰ ਸਬਰ ਸੰਤੋਖ ਨਾਲ ਸਿਲ੍ਹਾ ਕੀਤਾ ਤਾਂ ਕਿ ਆਉਣ ਵਾਲੇ ਝੱਖੜਾਂ ਤੁਫਾਨਾਂ ਦਾ ਮੁਕਾਬਲਾ ਕਰਨ ਦੇ ਜਲਦੀ ਸਮਰੱਥ ਹੋ ਸਕੇ। ਦਸਵੇਂ ਪਾਤਸ਼ਾਹ ਦੀ ਦਲੇਰੀ, ਉਹਨਾਂ ਦੀ ਦੂਰਅੰਦੇਸੀ, ਉਹਨਾਂ ਦੀ ਸਹਿਣਸ਼ੀਲਤਾ ਅਤੇ ਉਹਨਾਂ ਦੀ ਸਿਦਕਦਿਲੀ ਨੂੰ ਤਾਂ ਦੁਨੀਆਂ ਝੁਕ ਝੁਕ ਕੇ ਸਲਾਮਾਂ ਕਰਦੀ ਹੈ।ਜਿਹੜੇ ਸਾਰਾ ਪਰਿਵਾਰ ਪੋਹ ਮਹੀਨੇ ਦੇ ਇੱਕੋ ਹਫਤੇ ਵਿੱਚ ਵਾਰ ਕੇ ਪੰਜ ਪਿਆਰਿਆਂ  ਦੇ ਹੁਕਮਾਂ ਨੂੰ ਮੰਨਦੇ ਹੋਏ ਕੌਮ ਨੂੰ ਮੁੜ ਜਥੇਵੰਦ ਕਰਨ ਲਈ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਨਿਕਲ ਤੁਰੇ।ਪੰਜ ਅਤੇ ਸੱਤ ਸਾਲਾਂ ਦੀ ਬਾਲ ਅਵਸਥਾ ਵਿੱਚ ਜਦੋਂ ਬੱਚੇ ਨੂੰ ਖਾਣ ਪੀਣ ਦੇ ਲਾਲਚਾਂ ਨਾਲ ਭਰਮਾਇਆ ਅਤੇ ਥੋੜਾ ਜਿਹਾ ਘੂਰ ਘੱਪ ਕੇ ਹੀ ਡਰਾਇਆ ਜਾ ਸਕਦਾ ਹੈ ਉਸ ਅਵੱਸਥਾ ਵਿੱਚ ਗੁਰੂ ਦੇ ਲਾਲਾਂ ਨੇ ਵੱਡੇ ਵੱਡੇ ਲਾਲਚਾਂ ਨੂੰ ਠੋਕਰ ਮਾਰ ਕੇ ਆਪਣੇ ਧਰਮ ਤੇ ਦ੍ਰੜਤਾ ਨਾਲ ਪਹਿਰਾ ਦਿੰਦਿਆਂ ਹਰ ਜਬਰ ਜੁਲਮ ਦਾ ਮੁਕਾਬਲਾ ਸਿਦਕ ਨਾਲ ਕਰਨ ਦਾ ਰਾਹ ਚੁਣ ਲਿਆ। ਸੂਬਾ ਸਰਹਿੰਦ ਦੇ ਧਰਮ ਬਦਲੀ ਲਈ ਦਿੱਤੇ ਜਾ ਰਹੇ ਅਕਿਹ ਅਤੇ ਅਸਿਹ ਤਸੀਹੇ ਉਹਨਾਂ ਨੂੰ ਸਿੱਖੀ ਸਿਦਕ ਤੋਂ ਡੁਲਾ ਨਾ ਸਕੇ। ਗੁਜਰੀ ਦੇ ਪੋਤਿਆਂ ਨੇ ਇਹ ਦਰਸਾ ਦਿੱਤਾ ਕਿ ਸਿੱਖੀ ਦਾ ਮਾਰਗ ਤਾਂ ਧਰਮ ਦੀ ਪੌੜੀ ਹੈ ਜਿਸ ਨੂੰ ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਹੀ ਪਾ ਲਿਆ ਹੈ। ਚੜਦੀ ਜੁਆਨੀ ਵਿੱਚ ਪਰਵੇਸ਼ ਕਰਨ ਤੋਂ ਪਹਿਲਾਂ ਹੀ ਵੱਡੇ ਸਹਿਬਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਐਸ਼ੋ ਇਸ਼ਰਤ ਨੂੰ ਲੱਤ ਮਾਰ ਕੇ ਚਮਕੌਰ ਦੀ ਕੱਚੀ ਗੜੀ ਵਿੱਚੋਂ ਬਾਹਰ ਨਿਕਲ ਕੇ ੧੦ ਲੱਖ ਮੁਗਲੀਆ ਫੌਜਾਂ ਨਾਲ ਟੱਕਰ ਲੈਣ ਦੀ ਕਾਹਲ ਦਰਸਾਉਂਦੀ ਹੈ ਕਿ ਸਿੱਖੀ ਕਿਸ ਹੌਸਲੇ,ਹਿੰਮਤ ਅਤੇ ਦਲੇਰੀ ਭਰੇ ਇਰਾਦਿਆਂ ਵਾਲੀ ਸਪਿਰਟ ਦਾ ਨਾਮ ਹੈ,ਖਾਲਸੇ ਦੇ ਗਾਤਰੇ ਪਾਈਆਂ ਕਰਪਾਨਾਂ ਦੀ ਮਹੱਤਤਾ ਅਤੇ ਮਹਾਨਤਾ ਕੀ ਹੈ? ਜਦੋਂ 40, 42 ਸਿੱੰਘ ਦਸ ਲੱਖ ਫੌਜ ਨਾਲ ਲੜਕੇ ਵੀ ਜਿੱਤ ਪਰਾਪਤ ਕਰ ਲੈਣ ਅਤੇ ਫਿਰ ਇਹ ਹੀ ਵਾਕਿਆ ਸੈਂਕੜੇ ਸਾਲਾਂ ਵਾਅਦ ਵੀ ਵਾਰ ਵਾਰ ਦੁਹਰਾਅ ਜਾਣ ਤਾਂ ਸਿੱਖੀ ਖੰਡਿਉਂ ਤਿੱਖੀ ਹੋਣ ਦੀ ਸਮਝ ਸੁਤੇ ਸਿਧ ਹੀ ਪੈਂ ਜਾਂਦੀ ਹੈ। ਇਹ ਸਿੱਖੀ ਸਿਦਕ ਹੀ ਹੈ ਕਿ ਛੋਟੇ ਸਹਿਬਜਾਦਿਆਂ ਨੂੰ ਨੀਹਾਂ ਵਿੱਚ ਚਿਣਾ ਕੇ ਸ਼ਹੀਦ ਕਰਨ ਵਾਲੀ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਖਾਲਸਾ ਰਾਜ ਕਾਇਮ ਕਰਨ ਵਾਲਾ ਗੁਰੂ ਦਾ ਵਰੋਸਾਇਆ ਇੱਕ ਵੈਰਾਗੀ ਸਾਧ ਤੋਂ ਬੰਦਾ ਸਿੰਘ ਬਹਾਦੁਰ ਬਣਨ ਵਾਲਾ ਸੂਰਮਾ ਜਦੋਂ ਸਿੱਖਾਂ ਦੀ ਆਪਸੀ ਪਾਟੋ ਧਾੜ ਦਾ ਸ਼ਿਕਾਰ ਹੋਣ ਕਾਰਨ ਮੁਗਲਾਂ ਨੇ ਗਿਰਫਤਾਰ ਕਰ ਲਿਆ ਤਾਂ ਉਸ ਨੇ ਜਿਸ ਦ੍ਰਿੜਤਾ ਦਲੇਰੀ ਤੇ ਸਿਦਕਦਿਲੀ ਨਾਲ ਸ਼ਹਾਦਤ ਦਾ ਅਮ੍ਰਿਤ ਪੀਤਾ ਉਹ ਵੀ ਸਿੱਖੀ ਸਿਦਕ ਦੀ ਸਿਖਰਲੀ ਅਵਸਥਾ ਸੀ। ਬਾਬਾ ਬੰਦਾ ਸਿੰਘ ਬਹਾਦੁਰ ਦੇ ਚਾਰ ਸਾਲ ਦੇ ਪੁਤਰ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ, ਬੱਚੇ ਦਾ ਕਲੇਜਾ ਤੱਕ ਕੱਢ ਕੇ ਬਾਬਾ ਬੰਦਾ ਸਿੰਘ ਦੇ ਮੂੰਹ ਵਿੱਚ ਪਾਇਆ ਗਿਆ,ਜਦੋਂ ਫਿਰ ਵੀ ਈਨ ਨਾਂ ਮੰਨੀ ਤੇ ਸਿਦਕ ਤੋਂ ਨਾ ਡੋਲਿਆ ਤਾਂ ਉਹਨਾਂ ਦਾ ਮਾਸ ਜੰਬੂਰਾਂ ਨਾਲ ਨੋਚਿਆ ਗਿਆ ਪਰ ਉਸ ਗੁਰੂ ਦੇ ਸੱਚੇ ਸਿੱਖ ਨੇ ਮੂੰਹ ਚੋਂ ਸੀਅ ਤੱਕ ਨਾ ਵੱਟੀ ਤੇ ਗੁਰੂ ਦੇ ਭਾਣੇ ਵਿੱਚ ਰਹਿ ਕੇ ਜਾਲਮਾਂ ਦਾ ਹਰ ਜੁਲਮ ਹੱਸ ਕੇ ਪਿੰਡੇ ਤੇ ਜਰਿਆ ਪਰ ਈਨ ਮੰਨ ਕੇ ਸਿੱਖੀ ਸਿਦਕ ਨੂੰ ਲਾਜ ਨਹੀ ਲ਼ੱਗਣ ਦਿੱਤੀ, ਅਖੀਰ ਸਬਰ ਸਿਦਕ ਦੀ ਮਸ਼ਾਲ ਬਣਕੇ ਸ਼ਹਾਦਤ ਪਾ ਗਿਆ । ਸਿੱਖੀ ਦੇ ਨਾਲ ਸਿਦਕ ਦੀ ਐਨੀ ਗੂਹੜੀ ਸਾਂਝ ਕੌਮ ਦੇ ਪੁਰਖਿਆਂ ਨੇ ਬਣਾ ਦਿੱਤੀ ਹੈ ਜਿਸ ਨੂੰ ਅਲੱਗ ਅਲੱਗ ਕਰਕੇ ਦੇਖਿਆ ਹੀ ਨਹੀ ਜਾ ਸਕਦਾ। ਸਿੱਖ ਕੌਮ ਦਾ ਜਨਮ ਤੋਂ ਲੈ ਕੇ ਅੱਜ ਤੱਕ ਤਕਰੀਵਨ ਸਾਢੇ ਕੁ ਪੰਜ ਸੌ ਸਾਲ ਦਾ ਸਫਰ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਪੰਜਾਹ ਕੁ ਸਾਲਾਂ ਨੂੰ ਛੱਡ ਕੇ ਬਾਕੀ ਪੰਜ ਸੌ ਸਾਲ ਦਾ ਸਮਾ ਅਣ ਸੁਖਾਵਾ ਹੀ ਰਿਹਾ ਹੈ। ਕੋਈ ਅਜਿਹੀ ਹਕੂਮਤ ਨਹੀ ਆਈ ਜਿਸ ਨੇ ਸਿੱਖਾਂ ਦੇ ਸਬਰ ਅਤੇ ਸਿਦਕ ਨੂੰ ਨਾ ਪਰਖਿਆ ਹੋਵੇ, ਪਰੰਤੂ ਸਿੱਖਾਂ ਨੇ ਹਕੂਮਤਾਂ ਦੇ ਜਬਰ ਜੁਲਮ ਦੇ ਇਮਤਿਹਾਨਾਂ ਨੂੰ ਪਾਸ ਕਰਨ ਵਿੱਚ ਐਨੀ ਮੁਹਾਰਤ ਹਾਸਲ ਕਰ ਲਈ ਕਿ ਇੱਕ ਤੋਂ ਵਧਕੇ ਇੱਕ ਜਾਬਰ ਹਕੂਮਤ ਦੇ ਹੱਦ ਦਰਜੇ ਦੇ ਜੁਲਮ ਵੀ ਉਹਨਾਂ ਨੂੰ ਆਪਣੇ ਸਿਦਕ ਤੋਂ ਨਹੀ ਡੁਲਾਅ ਸਕੇ। ਜਹਾਂਗੀਰ,ਔਰੰਗਜੇਬ ਤੋਂ ਜਰਨਲ ਡਾਇਰ,ਇੰਦਰਾ ਗਾਧੀ ਤੱਕ ਤੇ ਉਸ ਤੋਂ ਅੱਗੇ ਪੰਜਾਬ ਦੇ ਸਿੱਖੀ ਭੇਸ ਵਿੱਚਲੇ ਸੂਬੇਦਾਰ ਬੇਅੰਤ,ਦਰਵਾਰਿਆਂ ਤੋਂ ਲੈ ਕੇ ਬਾਦਲ ਤੱਕ ਨੇ ਆਪਣੇ ਦਿੱਲੀ ਵਾਲੇ ਕੇਂਦਰੀ ਅਕਾਵਾਂ ਨੂੰ ਖੁਸ਼ ਕਰਕੇ ਰਾਜ ਭਾਗ ਸਲਾਮਤ ਰੱਖਣ ਲਈ ਜੁਲਮ ਦੀ ਹਰ ਹੱਦ ਪਾਰ ਕਰਕੇ ਦੇਖ ਲਈ ਪਰ ਸਿੱਖੀ ਸਿਦਕ ਅੱਜ ਵੀ ਸਤਾਰਵੀਂ ਅਠਾਰਵੀਂ ਸਦੀ ਦੀ ਯਾਦ ਨੂੰ ਮੁੜ ਮੁੜ ਤਾਜਾ ਕਰਵਾਉਂਦਾ ਪ੍ਰਤੀਤ ਹੁੰਦਾ ਹੈ।੧੯੭੮ ਦੀ ਵਿਸਾਖੀ ਮੌਕੇ ਕੇਂਦਰ ਅਤੇ ਸੂਬਾ ਸਰਕਾਰ ਦੀ ਸ਼ਹਿ ਤੇ ਵਾਪਰਿਆ ਨਿਰੰਕਾਰੀ ਕਾਂਡ ਹੋਵੇ, ਜੂਨ 1984 ਦਾ ਫੌਜੀ ਹਮਲਾ,ਸਿੱਖ ਖਾੜਕੂ ਲਹਿਰ ਨੂੰ ਖਤਮ ਕਰਨ ਦੇ ਨਾਮ ਥੱਲੇ ਢਾਹਿਆ ਗਿਆ ਜਬਰ ਹੋਵੇ ਜਾਂ ਫਿਰ ਸਿੱਖ ਕੌਂਮ ਦੇ ਪਰਾਣਾਂ ਤੋਂ ਵੀ ਪਿਆਰੇ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਸਿੱਖ ਵਿਰੋਧੀ ਤਾਕਤਾਂ ਦੀ ਸਹਿ ਤੇ ਲਗਾਤਾਰ ਹੋ ਰਹੀ ਬੇਅਦਬੀ ਨੂੰ ਰੋਕਣ ਦਾ ਸੰਘਰਸ਼ ਹੋਵੇ, ਸਰਕਾਰ ਨੇ ਹਰ ਸਮੇ ਜਬਰ ਜੁਲਮ ਨਾਲ ਸਿੱਖਾਂ ਦੇ ਸਬਰ ਅਤੇ ਸਿਦਕ ਨੂੰ ਪਰਖ ਕੇ ਦੇਖਿਆ ਹੈ, ਪ੍ਰੰਤੂ ਗੁਰੂ ਆਸ਼ੇ ਅਤੇ ਬਾਣੀ ਦੇ ਸਿਧਾਂਤ ਤੇ ਪ੍ਰਪੱਕ ਸਿੱਖੀ ਸਿਦਕ ਨੂੰ ਤੋੜਨ ਵਿੱਚ ਹਕੂਮਤਾਂ ਨਾਕਾਮ ਰਹੀਆਂ ਹਨ। ਜਿਸ ਕੌਮ ਦੇ ਪੁਰਖਿਆਂ ਦੀਆਂ ਸ਼ਹਾਦਤਾਂ ਨੇ ਇਤਿਹਾਸ ਨੂੰ ਲਾਲ ਰੰਗਤ ਦਿੱਤੀ ਹੋਵੇ ਉਹਨਾਂ ਨੂੰ ਹਕੂਮਤਾਂ ਨਾਂ ਪਹਿਲਾਂ ਡੁਲਾ ਸਕੀਆਂ ਹਨ ਅਤੇ ਨਾ ਹੀ ਭਵਿੱਖ ਵਿੱਚ ਡੁਲਾ ਸਕਣਗੀਆਂ।