ਦਿਨ ਦੀਵੀ ਹੋਏ ਸਿੱਖ ਕਤਲੇਆਮ ਦੀ ਦਾਸਤਾਨ

ਜਦੋਂ ਗੱਲ ਸਿੱਖੀ ਤੇ ਹੋਏ ਹਮਲਿਆਂ ਦੀ ਚਲਦੀ ਹੈ, ਜਦੋਂ ਗੱਲ ਸਿੱਖਾਂ ਤੇ ਹੋਏ ਹਮਲਿਆਂ ਦੀ ਚਲਦੀ ਹੈ ਤੇ ਜਦੋਂ ਗੱਲ ਦਿਨ ਦੀਵੀ ਹੋਏ ਸਿੱਖ ਕਤਲੇਆਮ ਦੀ ਚਲਦੀ ਹੈ ਤਾਂ ਦਿੱਲੀ ਦੇ ਦਰਿੰਦਗੀ ਭਰੇ ਕਾਲੇ ਕਾਰਨਾਮਿਆਂ ਨੂੰ ਜਾਨਣ ਲਈ ਇਤਿਹਾਸ ਦੇ ਪੰਨਿਆਂ ਤੇ ਝਾਤ ਪੈਣੀ ਸੁਭਾਵਕ ਹੈ। ਸਿੱਖੀ ਦਾ ਇਤਿਹਾਸ ਮੁੱਢ ਤੋਂ ਹੀ ਸਰਕਾਰੀ ਤੇ ਸਰਕਾਰਾਂ ਦੀ ਸਰਪ੍ਰਸਤੀ ਪਰਾਪਤ ਫਿਰਕੂ ਤਾਕਤਾਂ ਦੇ ਸਿੱਖੀ ਨੂੰ ਖਤਮ ਕਰਨ ਦੇ ਮਨਸੂਬਿਆਂ ਵਾਲੀਆਂ ਮਾਰੂ ਸਾਜਸ਼ਾਂ ਨਾਲ ਭਰਿਆ ਪਿਆ ਹੈ। ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਵੀ ਭਰਦਾ ਹੈ ਕਿ ਬੇਸ਼ੱਕ ਸਮੇ ਸਮੇ ਦੀਆਂ ਜਾਲਮ ਹਕੂਮਤਾਂ  ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਯਤਨ ਵੀ ਕੀਤਾ ਜਾਂ ਖੁਰਾਖੋਜ ਮਿਟਾਉਣ ਵਾਲਿਆਂ ਦਾ ਸਾਥ ਦੇ ਕੇ ਕਈਆਂ ਨੇ ਆਪਣੇ ਆਪ ਨੂੰ ਹਕੂਮਤਾਂ ਦੇ ਵਫਾਦਾਰ ਵਜੋਂ ਵੀ ਪੇਸ ਕੀਤਾ ਪਰ ਸਿੱਖਾਂ ਨੇ ਕਦੇ ਵੀ ਨਾਂ ਹਕੂਮਤਾਂ ਦੇ ਅਤੇ ਨਾ ਹੀ ਉਹਨਾਂ ਦਾ ਸਾਥ ਦੇਣ ਵਾਲਿਆਂ ਦੇ ਮਜਹਬ ਨੂੰ ਕਦੇ ਨਿਸਾਨਾ ਬਨਾਉਣ ਦੀ ਮਾੜੀ ਪਹੁੰਚ ਅਪਨਾਈ। ਸਿੱਖਾਂ ਨੇ ਹਮੇਸਾਂ ਜਬਰ ਜੁਲਮ ਦੇ ਖਿਲਾਫ ਆਪਣੀ ਲੜਾਈ ਜਾਰੀ ਰੱਖੀ ਹੈ, ਉਹ ਭਾਵੇਂ ਕਸਮੀਰੀ ਪੰਡਤਾਂ ਦੇ ਤਿਲਕ ਜੰਝੂ ਦੀ ਰਾਖੀ ਲਈ ਸਿੱਖਾਂ ਦੇ ਨੌਵੇਂ ਗੁਰੂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਦੀ ਆਪਣੇ ਸਿੱਖਾਂ ਦੇ ਨਾਲ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਦਿੱਤੀ ਸ਼ਹਾਦਤ ਦੇ ਰੂਪ ਵਿੱਚ ਹੋਵੇ, ਭਾਵੇਂ ਅਠਾਰਵੀਂ ਸਦੀ ਦੇ ਅਫਗਾਨੀ ਧਾੜਵੀਆਂ ਵੱਲੋਂ ਹਿੰਦੁਸਤਾਨ ਦੀ ਲੱੁਟ ਮਾਰ ਕਰਨ ਤੋਂ ਵਾਅਦ ਇੱਥੋਂ ਦੀਆਂ ਹਿੰਦੂ ਬਹੂ ਬੇਟੀਆਂ ਨੂੰ ਜਬਰੀ ਚੁੱਕ ਕੇ ਗਜਨੀ ਦੇ ਬਜਾਰਾਂ ਵਿੱਚ ਟਕੇ ਟਕੇ ਨੂੰ ਨਿਲਾਮ ਕੀਤੀਆਂ ਜਾਂਦੀਆਂ ਉਹਨਾਂ ਮਜਲੂਮ ਬੱਚੀਆਂ ਦੀ ਇੱਜਤ ਆਬਰੂ ਦੀ ਰਾਖੀ ਲਈ ਗੁਰੂ ਦੇ ਖਾਲਸੇ ਵੱਲੋਂ ਧਾੜਵੀਆਂ ਉੱਤੇ ਰਾਤ ਦੇ ਬਾਰਾਂ ਬਾਰਾਂ ਵਜੇ ਕੀਤੇ ਜਾਂਦੇ ਹਮਲਿਆਂ ਦੇ ਰੂਪ ਵਿੱਚ ਹੋਵੇ, ਸਿੱਖਾਂ ਨੇ ਕਦੇ ਵੀ ਆਪਣੇ ਗੁਰੂ ਦੇ ਆਸ਼ੇ ਤੋਂ ਪਰ੍ਹੇ ਜਾ ਕੇ ਨਸਲੀ ਵਿਤਕਰੇਵਾਜੀ ਨਹੀ ਕੀਤੀ। ਜਦੋਂ ਟਕੇ ਟਕੇ ਨੂੰ ਨਿਲਾਮ ਹੋਣ ਵਾਲੀਆਂ ਬੀਬੀਆਂ ਧਾੜਵੀਆਂ ਤੋਂ ਛੁਡਵਾ ਕੇ ਵਾਪਸ ਲਿਆਂਦੀਆਂ ਜਾਂਦੀਆਂ ਤਾਂ ਕਦੇ ਵੀ ਕਿਸੇ ਸਿੱਖ ਸੂਰਮੇ ਦਾ ਮਨ ਉਹਨਾਂ ਲਾਚਾਰ ਬਹੂ ਬੇਟੀਆਂ ਦੀ ਇੱਜਤ ਨਾਲ ਖਿਲਵਾੜ ਕਰਨ ਲਈ ਨਹੀ ਭਟਕਿਆ ਬਲਕਿ ਉਹਨਾਂ ਨੂੰ ਬਾਇੱਜਤ ਘਰੋ ਘਰੀਂ ਪਹੁੰਚਾਉਣ ਨੂੰ ਆਪਣਾ ਫਰਜ ਤੇ ਧਰਮ ਸਮਝਣ ਵਾਲੇ ਸਿੱਖ ਯੋਧੇ ਆਪਣੇ ਗੁਰੂ ਦੀਆਂ ਖੁਸ਼ੀਆਂ ਪਰਾਪਤ ਕਰਕੇ ਜੁਲਮ ਦਾ ਟਾਕਰਾ ਕਰਦੇ ਰਹੇ ਹਨ।ਸ੍ਰੀ ਗੁਰੂ ਗਰੰਥ ਸਹਿਬ ਦੇ ਮਹਾਨ ਫਲਸਫੇ ਦੇ ਧਾਰਨੀ ਖਾਲਸੇ ਨੇ ਅਜਿਹਾ ਵਿਸ਼ਾਲ ਖਾਲਸਾ ਰਾਜ ਵੀ ਸਥਾਪਤ ਕੀਤਾ ਜਿਹੜਾ ਜਾਤੀ,ਮਜਹਬੀ ਅਤੇ ਨਸਲੀ ਵਿਤਕਰੇ ਤੋਂ ਹਟ ਕੇ ਹਰ ਵਰਗ ਦੀ ਜਾਨ ਮਾਲ ਦੀ ਰਾਖੀ ਦਾ ਅਲੰਬਰਦਾਰ ਹੋ ਨਿਬੜਿਆ। ਖਾਲਸੇ ਦੇ ਪੰਜਾਹ ਸਾਲਾਂ ਦੇ ਇਸ ਹਲੀਮੀ ਸਿੱਖ ਰਾਜ ਵਿੱਚ ਕਦੇ ਵੀ ਅਜਿਹੀ ਇੱਕ ਵੀ ਘਟਨਾ ਨਹੀ ਵਾਪਰੀ ਜਿਹੜੀ ਪਿਛਲੇ ਸਮਿਆਂ ਵਿੱਚ ਖਾਲਸ ਪੰਥ  ਤੇ ਹੋਏ ਭਿਆਨਕ ਜੁਲਮਾਂ ਦਾ ਬਦਲਾ ਲੈਣ ਲਈ ਕਿਸੇ ਵਿਸੇਸ ਫਿਰਕੇ ਨੂੰ ਨਿਸਾਨਾ ਬਣਾਉਣ ਦਾ ਸਬੂਤ ਪੇਸ ਕਰਦੀ ਹੋਵੇ। ਪਰੰਤੂ ਸੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪ੍ਰਧਾਨ ਮੰਤਰੀ ਤੱਕ ਦੇ ਰੁਤਬੇ ਪਾਉਣ ਵਾਲੇ ਡੋਗਰੇ ਹੀ ਸਿੱਖ ਰਾਜ ਦੇ ਪਤਨ ਦਾ ਕਾਰਨ ਜਰੂਰ ਬਣੇ। ਕਹਿਣ ਤੋਂ ਭਾਵ ਹੈ ਕਿ ਸਿੱਖਾਂ ਨੇ ਨਾਂ ਕਦੇ ਬਦਲੇ ਦੀ ਰਾਜਨੀਤੀ ਅਪਣਾਈ ਤੇ ਨਾਂ ਹੀ ਕਦੇ ਕਿਸੇ ਨਾਲ ਧੋਖਾ ਕਰਨ ਵਾਲੀ ਕੋਈ ਗੱਲ ਸਾਹਮਣੇ ਆਈ ਹੈ, ਜਦੋਂ ਕਿ ਸਿੱਖਾਂ ਨਾਲ ਮੁੱਢ ਤੋਂ ਹੀ ਦਿੱਲੀ ਦਰਵਾਰ ਅਤੇ ਇਸ ਦੇ ਪਿਆਦਿਆਂ ਨੇ ਦਿਲ ਵਿੱਚ ਖਾਰ ਹੀ ਨਹੀ ਰੱਖੀ ਬਲਕਿ ਸਿੱਖੀ ਨੂੰ ਖਤਮ ਕਰਨ ਦਾ ਕਦੇ ਕੋਈ ਵੀ ਮੌਕਾ ਹੱਥੋਂ ਖੁੰਝਣ ਨਹੀ ਦਿੱਤਾ। ਉਹ ਭਾਵੇਂ ਔਰੰਗਜੇਵ ਦੀਆਂ ਫੌਜਾਂ ਨਾਲ ਰਲਕੇ ਗੁਰੂ ਗੋਬਿੰਦ ਸਿੰਘ ਤੋਂ ਧੋਖੇ ਨਾਲ ਸ੍ਰੀ ਅਨੰਦਪੁਰ ਦਾ ਕਿਲਾ ਖਾਲੀ ਕਰਵਾਉਣ ਲਈ ਪਹਾੜੀ ਰਾਜਿਆਂ ਦੀਆਂ ਸਾਜਸਾਂ ਹੋਣ,ਭਾਵੇਂ ਗੁਰੂ ਘਰ ਦੇ ਰਸੋਈਏ ਗੰਗੂ ਵੱਲੋਂ ਮਾਤਾ ਗੁਜਰੀ ਅਤੇ ਛੋਟੇ ਸਹਿਬਜਾਦਿਆਂ ਨੂੰ ਲਾਲਚ ਵਸ ਗਿਰਫਤਾਰ ਕਰਵਾਉਣ ਦੀ ਨਾ ਬਖਸਣਯੋਗ ਗੁਸਤਾਖੀ ਹੋਵੇ, ਭਾਵੇਂ ਸਰਹੰਦ ਦੇ ਸੂਬੇਦਾਰ ਨੂੰ ਸੁੱਚਾ ਨੰਦ ਵੱਲੋਂ ਛੋਟੇ ਸਹਿਬਜਾਦਿਆਂ ਨੂੰ ਨੀਹਾਂ ਵਿੱਚ ਚਿਨਾਉਣ ਦੀ ਦਿੱਤੀ ਅਤਿ ਘਿਨਾਉਣੀ ਸਲਾਹ ਹੋਵੇ, ਇਹ ਸਭ ਸਿੱਖਾਂ ਨੂੰ ਖਤਮ ਕਰਨ ਦੀਆਂ ਮੁਢਲੀਆਂ ਸਾਜਸਾਂ ਹਨ ਜਿੰਨਾਂ ਨੂੰ ਅਣਗੌਲਿਆ ਕਰਕੇ ਵਰਤਮਾਨ ਇਤਿਹਾਸ ਨਹੀ ਦੇਖਿਆ ਜਾ ਸਕਦਾ।ਇਸੇ ਤਰਾਂ ਅੰਗਰੇਜਾਂ ਤੋ ਮੁਲਕ ਨੂੰ ਅਜਾਦ ਕਰਵਾਉਣ ਲਈ ਪਾਏ ਗਏ ਨੱਬੇ ਫੀਸਦੀ ਯੋਗਦਾਨ ਦੇ ਬਾਵਜੂਦ ਵੀ ਇਥੋਂ ਦੇ ਫਿਰਕੂ ਸੋਚ ਦੇ ਧਾਰਨੀ ਹਾਕਮਾਂ ਨੂੰ ਸਿੱਖ ਹਮੇਸਾਂ ਕੰਡੇ ਵਾਂਗ ਰੜਕਦੇ ਰਹੇ ਹਨ।ਹਿੰਦ ਪਾਕਿ ਵੰਡ ਸਮੇ ਸਨ 1947 ਵਿੱਚ ਵਾਪਰਿਆ ਨਾ ਭੁੱਲਣੋਗ ਹਾਦਸਾ ਵੀ  ਦੂਰਅੰਦੇਸੀ ਸੋਚ ਵਾਲੀ ਬਹੁਤ ਗਹਿਰੀ ਸਾਜਸ ਸੀ ਜਿਸ ਨੂੰ ਸਮੇ ਸਿਰ ਸਮਝਿਆ ਨਹੀ ਸੀ ਜਾ ਸਕਿਆ।ਇਹ ਸਿੱਖ ਅਤੇ ਮੁਸਲਮਾਨ ਵਿੱਚ ਦੂਰੀ ਬਣਾਈ ਰੱਖਣ ਲਈ ਖਿੱਚੀ ਗਈ ਇੱਕ ਅਜਿਹੀ ਲਕੀਰ ਸੀ ਜਿਹੜੀ ਦਿੱਲੀ ਦੇ ਤਖਤ ਨੂੰ ਭਵਿੱਖ ਵਿੱਚ ਪੰਜਾਬ ਤੋਂ ਹੋਣ ਵਾਲੇ ਖਤਰਿਆਂ ਤੋਂ ਰਾਹਤ ਪਰਦਾਨ ਕਰਨ ਦੇ ਮਨਸੂਬੇ ਨਾਲ ਤਿਆਰ ਕੀਤੀ ਗਈ। ਜੂਨ 1984 ਦੇ ਘੱਲੂਘਾਰੇ ਤੋਂ ਵਾਅਦ ਧੁਰ ਅੰਦਰ ਤੱਕ ਝੰਜੋੜੇ ਜਾਣ ਵਾਲੇ  ਰੋਸ਼ ਵਿੱਚ ਆਏ ਦੇਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰਖਿਆ ਵਿੱਚ ਤਾਇਨਾਤ ਸਿੱਖ ਮੁਲਾਜਮ ਭਾਈ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਸਿੱਖਾਂ ਦੇ ਪਵਿੱਤਰ ਸ੍ਰੀ ਅਕਾਲ ਤਖਤ ਸਹਿਬ ਤੇ ਹਮਲਾ ਕਰਨ ਅਤੇ ਲੱਖਾਂ ਬੇਗੁਨਾਹਾਂ ਨੂੰ ਮਾਰਨ ਦੇ ਗੁਨਾਹ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਵਾਅਦ ਜਿਸ ਤਰਾ ਯੋਜਨਾਬੱਧ ਢੰਂਗ ਨਾਲ ਦਿੱਲੀ ਸਮੇਤ ਪੂਰੇ ਮੁਲਕ ਵਿੱਚ ਸਿੱਖਾਂ ਤੇ ਹਮਲੇ ਹੋਣੇ ਸੁਰੂ ਹੋ ਗਏ ਉਹ ਵੀ ਦੇਸ ਦੇ ਕੱਟੜਵਾਦੀ ਲੋਕਾਂ ਦੀ ਸਿੱਖ ਵਿਰੋਧੀ ਫਿਰਕੂ ਜਹਿਨੀਅਤ ਨੂੰ ਸਪਸਟ ਕਰਦਾ ਹੈ।ਰਾਸਟਰਪਤੀ ਵੱਲੋਂ ਘੋਸਤ ਕੀਤੇ ਗਏ ਦੇਸ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਹ ਕਹਿ ਕੇ ਕਿ “ਜਵ ਬੜਾ ਪੇੜ ਗਿਰਤਾ ਹੈ ਧਰਤੀ ਤੋਂ ਹਿਲਤੀ ਹੀ ਹੈ” ਦਿੱਲੀ ਸਮੇਤ ਦੇਸ ਦੇ ਵੱਖ ਵੱਖ ਸਹਿਰਾਂ ਵਿੱਚ ਦਿਨ ਦਿਹਾੜੇ ਹੋ ਰਹੇ ਸਿੱਖਾਂ ਦੇ ਕਤਲ ਏ ਆਮ ਨੂੰ ਜਾਇਜ ਠਹਿਰਾਅ ਦਿੱਤਾ। ਰਾਜੀਵ ਗਾਂਧੀ ਦੇ ਕਹੇ ਇਹ ਲਫਜ ਸਿੱਖਾਂ ਦੀ ਨਸਲਕੁਸ਼ੀ ਦੀ ਸੋਚੀ ਸਮਝੀ ਸਾਜਸ ਦਾ ਭਾਂਡਾ ਭੰਨਦੇ ਹਨ। ਹੁਣ ਸਭ ਤੋਂ ਮਹੱਤਵਪੂਰਨ ਤੇ ਧਿਆਨ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਦਿੱਲੀ ਵਿੱਚ ਨੌਵੇਂ ਨਾਨਕ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸੀਸ ਕਟਵਾ ਦਿੱਤਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਿੱਖਾਂ ਨੂੰ ਤੂੰਬਾ ਤੂੰਬਾ ਕਰਕੇ ਉਡਾ ਦਿੱਤਾ ਗਿਆ,ਆਰਿਆਂ ਨਾਲ ਚੀਰ ਕੇ ਦੋਫਾੜ ਕਰ ਦਿੱਤਾ ਗਿਆ, ਅੱਜ ਉਹ ਹੀ ਧਰਮ ਦੇ ਕੱਟੜਪੰਥੀ ਲੋਕਾਂ ਨੂੰ ਸਿੱਖ ਸਭ ਤੋਂ ਵੱਡੇ ਦੁਸ਼ਮਣ ਜਾਪਣ ਲੱਗੇ ਹਨ। ਏਸੇ ਦਿੱਲੀ ਵਿੱਚ ਹਿੰਦੂ ਧਰਮ ਦੀ ਰੱਖਿਆ ਲਈ ਸੁਰਖਿਆ ਚਾਦਰ ਬਣਨ ਵਾਲੇ ਗੁਰੂ ਤੇਗ ਬਹਾਦੁਰ ਦੀ ਕੌਮ ਦੇ ਦਿਨ ਦੀਵੀ ਹੋ ਰਹੇ ਕਤਲੇਆਮ ਦੀ ਦਾਸਤਾਂਨ ਹਾਲੇ ਵੀ ਖਤਮ ਨਹੀ ਹੋਈ,ਬਲਕਿ ਸਿੱਖਾਂ ਦੇ ਆਪਣੇ ਘਰ ਤੱਕ ਪਹੁੰਚ ਗਈ ਹੈ ਤੇ ਲਗਾਤਾਰ ਜਾਰੀ ਹੈ। ਇਹ ਕਤਲੇਆਮ 1969-70 ਵਿੱਚ ਬਾਦਲ ਸਰਕਾਰ ਸਮੇਂ ਨਕਸਲਾਇਟ ਮੂਵਮੈਂਟ ਨੂੰ ਖਤਮ ਕਰਨ ਦੇ ਨਾਮ ਤੇ ਨਹਿਰਾਂ ਡਰੇਨਾਂ ਦੇ ਪੁਲਾਂ ਤੋਂ ਹੁੰਦਾ ਹੋਇਆ 1978 ਵਿੱਚ ਨਿਰੰਕਾਰੀ ਕਾਂਡ ਵਿੱਚ ਕੀਤੇ ਗਏ ਸਰੇਆਮ ਸਿੱਖ ਕਤਲੇਆਮ ਤੋਂ  ਲੈ ਕੇ ਅਕਤੂਬਰ 2015 ਤੱਕ ਸ੍ਰੀ ਗੁਰੂ ਗਰੰਥ ਸਹਿਬ ਦੀ ਹੋਈ ਘੋਰ ਬੇਅਦਬੀ ਦੇ ਰੋਸ਼ ਵਜੋਂ ਧਰਨਾ ਦੇ ਰਹੇ ਸਾਂਤਮਈ ਸਿੱਖਾਂ ਦੇ ਕਤਲੇਆਮ ਤੱਕ ਬਾਦਸਤੂਰ ਜਾਰੀ ਹੈ।ਇਥੇ ਸਭ ਤੋਂ ਵੱਧ ਪਰੇਸਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਸਿੱਖਾਂ ਦੇ ਆਗੂ ਵਜੋਂ ਸਿੱਖ ਵੋਟ ਨਾਲ ਪੰਜਾਬ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਵੱਡੇ ਪੰਥ ਦੁਸ਼ਮਣ ਵਾਲੀ ਰਹੀ ਹੈ ਜਿਸ ਦੀ ਸਰਕਾਰ ਦਾ ਪੰਜ ਪੜਾਵਾਂ ਦਾ ਕਾਰਜਕਾਲ ਸਿੱਖ ਕਤਲੇਆਮ ਨਾਲ ਸੁਰੂ ਹੋਕੇ ਸਿੱਖ ਕਤਲੇਆਮ ਨਾਲ ਹੀ ਖਤਮ ਹੋਣ ਜਾ ਰਿਹਾ ਹੈ, ਉਥੇ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਕੀਤੇ ਕਤਲੇਆਮ ਵਿੱਚ ਵੀ ਸਿੱਖ ਕੌਂਮ ਦੀ ਨੁਮਾਇਦਾ ਪਾਰਟੀ ਸਰੋਮਣੀ ਅਕਾਲੀ ਦਲ ਦੀ ਅਖੌਤੀ ਪੰਥਕ ਲੀਡਰਸ਼ਿੱਪ ਵੀ ਕਿਤੇ ਨਾ ਕਿਤੇ ਜੁੰਮੇਵਾਰ ਰਹੀ ਹੈ ਜਿਸ ਦਾ ਖਮਿਆਜ਼ਾ ਕੌਮ ਨੂੰ ਕੇਂਦਰ ਦੀ ਬੇਇਨਸਾਫ਼ੀ ਨਾਲ ਝੱਲਣਾ ਪੈ ਰਿਹਾ ਹੈ। 31 ਸਾਲ ਵੀਤ ਜਾਣ ਦੇ ਬਾਵਜੂਦ ਵੀ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸੀਆਂ ਨੂੰ ਸਜ਼ਾਵਾਂ ਨਾ ਦੇ ਕੇ ਰਾਜ ਸਤਾ ਦੀਆਂ ਕੁਰਸੀਆਂ ਨਾਲ ਨਿਵਾਜ਼ਣਾ ਜਿੱਥੇ ਸਿੱਖ ਕੌਮ ਨੂੰ ਜਾਣਬੁੱਝ ਕੇ ਚਿੜਾਉਂਣ ਵਾਲੀ ਗੱਲ ਹੈ ਉਥੇ ਪੰਜਾਬ ਵਿੱਚ ਵੀ ਬੜੀ ਸੋਚੀ ਸਮਝੀ ਸਾਜਸ ਤਹਿਤ ਸੂਬਾ ਸਰਕਾਰ ਦੇ ਰਾਹੀਂ ਆਏ ਦਿਨ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਲਈ ਕਦੇ  ਡੇਰੇਦਾਰਾਂ ਨਾਲ ਵਿਖੇੜਾ ਖੜਾ ਕਰਵਾ ਕੇ ਅਤੇ ਕਦੇ ਜਗਤ ਗੁਰੂ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਦੀ ਬੇਅਦਬੀ ਕਰਵਾ ਕੇ ਸਿੱਖਾਂ ਦੇ ਸਿਵਿਆਂ ਦੀ ਅੱਗ ਨੂੰ ਬਾਲਣ ਦਿੱਤਾ ਜਾ ਰਿਹਾ ਹੈ। ਅੱਜ ਜਦੋਂ ਅਸੀਂ ਨਵੰਬਰ 1984 ਦੇ ਉਹਨਾਂ ਅਭਾਗੇ ਸਿੱਖਾਂ ਦੀ ਭਿਆਨਕ ਮੌਤ ਦੇ 32ਵੇਂ ਸਾਲ ਵਿੱਚ ਪਹੁੰਚ ਕੇ ਵੀ ਇਨਸਾਫ ਲੈਣ ਤੋਂ ਅਸਮਰਥ ਹਾਂ ਤਾਂ ਸਾਨੂੰ ਸਵੈ ਪੜਚੋਲ ਕਰਨੀ ਵੀ ਜਰੂਰੀ ਹੋ ਜਾਂਦੀ ਹੈ ਕਿ ਆਖਰ ਕਦੋਂ ਤੱਕ ਸਿੱਖਾਂ ਦਾ ਹੋ ਰਿਹਾ ਦਿਨ ਦੀਵੀ ਕਤਲੇਆਮ  ਜਾਰੀ ਰਹੇਗਾ ਤੇ ਲਟ ਲਟ ਬਲਦੇ ਸਿੱਖਾਂ ਦੇ ਸਿਵਿਆਂ ਤੇ ਸਾਡੇ ਹੀ ਆਗੂ ਕਦੋਂ ਤੱਕ ਕੌਮ ਨਾਲ ਧਰੋਹ ਕਮਾ ਕੇ ਸਿਆਸੀ ਰੋਟੀਆਂ ਛੇਕਣ ਵਿੱਚ ਕਾਮਯਾਬ ਹੁੰਦੇ ਰਹਿਣਗੇ। ਇਹਨਾਂ ਜਿਆਦਤੀਆਂ ਨੂੰ ਠੱਲ ਪਾਉਂਣ ਲਈ ਸਿਆਸੀ ਆਗੂਆਂ ਤੋਂ ਟੇਕ ਛੱਡ ਕੇ ਸਮੁੱਚੀ ਕੌਮ ਨੂੰ ਸ੍ਰੀ ਗੁਰੂ ਗਰੰਥ ਸਹਿਬ ਦੀ ਅਗਵਾਈ ਵਿੱਚ ਇੱਕਜੁੱਟ ਹੋਣਾ ਪਵੇਗਾ।