ਕੱਟੜਵਾਦੀ ਸੰਗਠਨ ਆਰ ਐਸ ਐਸ ਦੀਆਂ ਖਤਰਨਾਕ ਸਾਜਸ਼ਾਂ ਤੋਂ ਸਿੱਖ ਕੌਮ ਦਾ ਜਾਗਰਿਤ ਹੋਣਾ ਸਮੇਂ ਦੀ ਮੁੱਖ ਲੋੜ

ਪੰਜਾਬ ਨੂੰ ਜਾਣ ਬੁੱਝ ਕੇ ਬਲਦੀ ਦੇ ਬੁੱਥੇ ਦੇਣ ਦੀਆਂ ਹੋ ਰਹੀਆਂ ਲਗਾਤਾਰ ਸਾਜ਼ਸ਼ਾਂ ਦਾ ਸਭ ਤੋਂ ਮੰਦਭਾਗਾ ਪੱਖ ਇਹ ਹੈ ਕਿ ਇਹਨਾਂ ਸਾਜਸ਼ਾਂ ਵਿੱਚ ਮੁੱਖ ਨਿਸ਼ਾਨਾ ਸਿੱਖਾਂ ਦੇ ਹੀ ਨਹੀ ਬਲਕਿ ਸਮੁੱਚੀ ਮਨੁਖਤਾ ਦੇ ਜਾਗਤ ਜੋਤ ਸਬਦ ਗੁਰੂ, ਸ੍ਰੀ ਗੁਰੂ ਗਰੰਥ ਸਹਿਬ ਨੂੰ ਬਣਾਇਆ ਜਾ ਰਿਹਾ ਹੈ। ਇਸ ਤੋਂ ਵੀ ਮੰਦਭਾਗਾ ਤੇ ਸਰਮਨਾਕ ਹੈ ਸਿੱਖਾਂ ਦੇ ਐਨੇ ਵੱਡੇ ਵਿਰੋਧ ਦੇ ਬਾਵਜੂਦ ਉਹਨਾਂ ਦੇ ਘਰ ਅੰਦਰ ਭਾਵ ਪੰਜਾਬ ਅੰਦਰ ਅਜਿਹੀਆਂ ਹਿਰਦੇਵੇਧਕ ਘਟਨਾਵਾਂ ਦਾ ਲਗਾਤਾਰ ਵਾਪਰਦੇ ਰਹਿਣਾ ਤੇ ਸਰਕਾਰ ਵੱਲੋਂ ਕੋਈ ਵੀ ਸੁਰਾਗ ਲਾਉਣ ਵਿੱਚ ਬੁਰੀ ਤਰਾ ਅਸਫਲ ਹੋਣਾ ਜਾ ਜਾਣਬੁੱਝ ਕੇ ਸਿੱਖਾਂ ਦੇ ਹਿਰਦਿਆਂ ਵਿੱਚ ਮੱਚ ਰਹੀ ਗੁਸ਼ੇ ਦੀ ਅੱਗ ਨੂੰ ਲੱਟ ਲੱਟ ਬਲਦਾ ” ਭਾਵੜ ਬਣਿਆ ਦੇਖਣ ਤੱਕ ਪਾਸਾ ਵੱਟੀ ਜਾਣਾ। ਸਾਇਦ ਇਹ ਹੀ ਕਾਰਨ ਹੋ ਸਕਦਾ ਹੈ ਕੋਟਕਪੂਰਾ ਵਿੱਖੇ ਸਾਂਤਮਈ ਧਰਨਾਂ ਲਾ ਕੇ ਦੋਸੀਆਂ ਦੀ ਗਿਰਫਤਾਰੀ ਦੀ ਮੰਗ ਕਰ ਰਹੇ ਸਿੱਖਾਂ ਤੇ ਅਚਾਨਕ ਹੀ ਇੱਕ ਦਮ ਆ ਕੇ ਲਾਠੀਚਾਰਜ ਕਰਨਾ, ਪਾਣੀ ਦੀਆਂ ਬੁਛਾੜਾ ਛੱਡ ਦੇਣ ਤੋਂ ਇਲਾਵਾ ਅੰਨੇਵਾਹ ਭਾਰੀ ਗੋਲੀਵਾਰੀ ਕਰਕੇ ਉਹਨਾਂ ਦੇ ਸਬਰ ਨੂੰ ਤੋੜਨ ਦਾ ਕੋਝਾ ਯਤਨ ਜਾਂ ਫਿਰ ਸਿੱਖਾਂ ਦੀ ਗੈਰਤ ਦਾ ਇਮਤਿਹਾਨ ਲੈਣ ਲਈ ਹੀ ਇਹ ਦਰਿੰਦਗੀ ਭਰੇ ਵਹਿਸੀ ਕਾਰਨਾਮੇ ਨੂੰ ਅੰਜਾਮ ਦਿੱਤਾ ਗਿਆ ਹੋਵੇ ਤਾਂ ਕਿ ਉਸ ਤੋਂ ਵਾਅਦ ਉੱਠਣ ਵਾਲੀ ਪ੍ਰਤੀ ਕਿਰਿਆ ਤੋਂ ਅੰਦਾਜਾ ਲਾ ਕੇ ਅਗਲੀ ਸਾਜਸ਼ ਨੂੰ ਅੰਜਾਮ ਦਿੱਤਾ ਜਾ ਸਕੇ। ਇਹਨਾਂ ਘਟਨਾਵਾਂ ਦੇ ਲਗਾਤਾਰ ਵਾਪਰਦੇ ਰਹਿਣ ਨੇ ਜਿੱਥੇ ਕੇਂਦਰੀ ਅਜੰਸੀਆਂ ਦੀ ਪੰਜਾਬ ਨੂੰ ਤਬਾਹ ਕਰਨ ਦੀ ਸਾਜਸ਼ ਤੋਂ ਪਰਦਾ ਚੁੱਕ ਦਿੱਤਾ ਹੈ ਉਥੇ ਇੱਕ ਗੱਲ ਹੋਰ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਤਾਕਤਾਂ ਪੰਜਾਬ ਦਾ ਮਹੌਲ ਵਿਗਾੜ ਕੇ ਇੱਥੋਂ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਵੀ ਚਲਦਾ ਕਰਨ ਦਾ ਮਨ ਬਣਾ ਰਹੀਆਂ ਹਨ, ਕਿਉਂ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਸਰੋਮਣੀ ਅਕਾਲੀ ਦਲ ਦੇ ਆਪਣੀ ਸਹਿਯੋਗੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਵੀ ਸਬੰਧ ਸੁਖਾਵੇਂ ਨਹੀ ਰਹੇ। ਕੇਂਦਰ ਵਿੱਚ ਜਦੋਂ ਤੋਂ ਭਾਜਪਾ ਦੀ ਸਰਕਾਰ ਬਣੀ ਹੈ ਉਸ ਸਮੇ ਤੋਂ ਹੀ ਭਾਜਪਾ ਨੇ ਬਾਦਲ ਨੂੰ ਅੱਖਾਂ ਦਿਖਾਉਂਣੀਆਂ ਸੁਰੂ ਕੀਤੀਆਂ ਹੋਈਆਂ ਹਨ।ਪੰਜਾਬ ਦੇ ਮੁਖ ਮੰਤਰੀ ਅਤੇ ਘਾਗ ਸਿਆਸਤਦਾਨ ਕਰਕੇ ਜਾਣੇ ਜਾਂਦੇ ਸ੍ਰ ਪ੍ਰਕਾਸ ਸਿੰਘ ਬਾਦਲ ਨੇ ਭਾਜਪਾ ਨਾਲ ਤਿੜਕਦੇ ਰਿਸਤਿਆਂ ਨੂੰ ਬਚਾਉਣ ਲਈ ਅਤੇ ਆਪਣੀ ਕੁਰਸੀ ਦੀ ਸਲਾਮਤੀ ਲਈ ਹਰ ਉਹ ਹਰਬਾ ਬਰਤਣ ਤੋਂ ਵੀ ਗੁਰੇਜ ਨਹੀ ਕੀਤਾ ਜਿਹੜਾ ਭਾਵੇਂ ਪੰਜਾਬ ਅਤੇ ਪੰਜਾਬੀਅਤ ਨੂੰ ਬਰਬਾਦ ਕਰਨ ਵਾਲਾ ਹੀ ਕਿਉਂ ਨਾ ਹੋਵੇ। ਪੰਜਾਬ ਦੇ ਹਲਾਤਾਂ ਦੀ ਦੁਹਾਈ ਦੇ ਕੇ ਸ੍ਰ ਬਾਦਲ ਭਾਜਪਾ ਹਾਈਕਮਾਂਡ ਨੂੰ ਡਰਾਉਂਦਾ ਰਿਹਾ ਹੈ। ਪੰਜਾਬ ਵਿੱਚ ਬਣੇ ਮੌਜੂਦਾ ਹਾਲਾਤ ਸ੍ਰ ਬਾਦਲ ਦੀ ਘਾਗ ਸਿਆਸਤਦਾਨੀ ਦੀ ਹੀ ਉੱਪਜ ਸਮਝੇ ਜਾ ਸਕਦੇ ਹਨ, ਜਦੋਂ ਕਿ ਆਰ ਐਸ ਐਸ ਬਾਦਲ ਨੂੰ ਸਹਿ ਦੇ ਕੇ ਆਪਣੀ ਚਾਲ ਚਲਣ ਵਿੱਚ ਕਾਮਯਾਬ ਰਹੀ ਹੈ।ਸ੍ਰ ਬਾਦਲ ਨਿਪੁੰਨ ਸਿਆਸਤਦਾਨ ਹੋਣ ਦੇ ਭਰਮ ਵਿੱਚ ਉਮਰ ਦੇ ਇਸ ਆਖਰੀ ਪੜਾਅ ਤੇ ਆ ਕੇ ਐਨਾ ਬੁਰੀ ਤਰਾਂ ਉਲਝ ਕੇ ਰਹਿ ਗਿਆ ਹੈ ਕਿ ਸਾਇਦ ਹੁਣ ਉਹ ਆਪਣੇ ਆਪ ਨੂੰ ਸਥਿਰ ਨਹੀ ਰੱਖ ਸਕੇਗਾ। ਸਿੱਖ ਕੌਂਮ ਦੀ ਹਰ ਦੁਖਦੀ ਰਗ ਦੀ ਜਾਨਕਾਰੀ ਆਰ ਐਸ ਐਸ ਨੇ ਬਰੀਕੀ ਨਾਲ ਹਾਸਲ ਕਰ ਲਈ ਹੈ,ਜਿਸ ਲਈ ਹੁਣ ਉਹਨੂੰ ਬਾਦਲ ਦੇ ਸਹਾਰੇ ਦੀ ਜਰੂਰਤ ਵੀ ਨਹੀ ਰਹੀ।ਭਵਿੱਖ ਦੇ 12 ਸਾਲ ਅੱਗੇ ਦੀ ਸੋਚ ਰੱਖਣ ਵਾਲੇ ਇਸ ਕੱਟੜਵਾਦੀ ਸੰਗਠਨ ਨੇ ਪੰਜਾਬ ਵਿੱਚ ਸ੍ਰੀ ਗੁਰੂ ਗਰੰਥ ਸਹਿਬ ਦੀ ਘੋਰ ਬੇਅਦਬੀ ਦੀ ਅਜਿਹੀ ਲੜੀ ਸੁਰੂ ਕਰ ਦਿੱਤੀ ਹੈ ਜਿਸ ਦੀ ਵਜਾਹ ਕਰਕੇ ਹਰ ਸਵੇਰ ਦਿਲ ਨੂੰ ਲੂਹ ਜਾਣ ਵਾਲੇ ਸੁਨੇਹੇ ਨਾਲ ਹੋਣ ਲੱਗ ਪਈ ਹੈ। ਨਾਗਪੁਰ ਦੇ ਕਰਿੰਦੇ ਪਹਿਲਾਂ ਹੀ ਤਿਆਰ ਕੀਤੀ ਯੋਜਨਾ ਤਹਿਤ ਲਾਈ ਗਈ ਅੱਗ ਤੇ ਫੂਸ ਪਾ ਕੇ ਸਿੱਖਾਂ ਨੂੰ ਧੁਰ ਅੰਦਰ ਤੱਕ ਝੁਲਸ ਦੇਣਾ ਚਾਹੁੰਦੇ ਹਨ ਦੂਜੇ ਪਾਸੇ ਮੌਤੋਂ ਹਮੇਸਾਂ ਹੀ ਬੇ ਪ੍ਰਵਾਹ ਰਹੇ ਸਿੱਖਾਂ ਦਾ ਰੋਹ ਸਾਰੇ ਸਿਸਟਮ ਨੂੰ ਤੋੜ ਦੇਣ ਵਾਲੀ ਸਟੇਜ ਤੱਕ ਪਹੁੰਚਦਾ ਜਾ ਰਿਹਾ ਹੈ। ਪਿਛਲੇ ਦਿਨਾਂ ਵਿੱਚ ਜਗਤ ਗੁਰੂ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਘੋਰ ਬੇਅਦਬੀ ਦੇ ਰੋਸ਼ ਵਿੱਚ ਸੜਕਾਂ ਤੇ ਆਏ ਸਿੱਖਾਂ ਨੂੰ ਲਾਠੀ ਗੋਲੀ ਨਾਲ ਖਿੰਡਾ ਦੇਣ ਦੀ ਸਾਜਸੀ ਸਕੀਮ ਦੇ ਬੁਰੀ ਤਰਾਂ ਪੁੱਠੀ ਪੈ ਜਾਣ ਤੋਂ ਵਾਅਦ ਆਰ ਐਸ ਐਸ ਦੇ ਵਿਦਵਾਨ ਨੀਤੀ ਘਾੜਿਆਂ ਨੇ ਦੁਨੀਆਂ ਵਿੱਚ ਸਿੱਖਾਂ ਦਾ ਅਕਸ ਮਿੱਟੀ ਵਿੱਚ ਮਿਲਾਉਂਣ ਲਈ ਇੱਕ ਨਵੀ ਚਾਲ ਚੱਲੀ ਹੈ। ਜਿਸ ਦੇ ਤਹਿਤ ਉਹਦੇ ਕਰਿੰਦੇ ਕੁੱਝ ਅਜਿਹੇ ਲੋਕਾਂ ਨੂੰ ਸਿੱਖੀ ਭੇਸ ਵਿੱਚ ਦਿਖਾ ਕੇ ਸ੍ਰੀ ਗੁਰੂ ਗਰੰਥ ਸਹਿਬ ਦੀ ਬੇਅਦਬੀ ਕਰਨ ਵਾਲੇ ਦੋਸੀਆਂ ਦੇ ਰੂਪ ਵਿੱਚ ਪੇਸ ਕਰ ਰਹੇ ਹਨ ਤੇ ਉਹਨਾਂ ਤੋਂ ਬਕਾਇਦਾ ਪੁਲਿਸ ਹਿਰਾਸਤ ਵਿੱਚ ਅਜਿਹੇ ਪਹਿਲਾਂ ਹੀ ਤਿਆਰ ਕੀਤੇ ਬਿਆਨ ਜਾਰੀ ਕਰਵਾਏ ਜਾ ਰਹੇ ਹਨ ਜਿੰਨਾਂ ਤੋਂ ਦੁਨੀਆਂ ਦੇ ਲੋਕਾਂ ਵਿੱਚ ਇਹ ਸੁਨੇਹਾ ਜਾਵੇ ਕਿ ਸਿੱਖ ਹੀ ਚੰਦ ਟਕਿਆਂ ਬਦਲੇ ਆਪਣੇ ਗੁਰੂ ਦੀ ਬੇਅਦਬੀ ਕਰਨ ਦੇ ਦੋਸ਼ੀ ਹਨ। ਇਹਨਾਂ ਸਾਜਸ਼ਾਂ ਨੂੰ ਅੰਜਾਮ ਦੇਣ ਲਈ ਪੈਸਾ ਪਾਣੀ ਵਾਂਗੂ ਵਹਾਇਆ ਜਾ ਰਿਹਾ ਹੈ। ਸਿੱਖਾਂ ਨੂੰ ਚਾਰ ਚੁਫੇਰੇ ਤੋਂ ਘੇਰ ਕੇ ਇੱਕੋ ਸਮੇ ਤੇ ਮਾਰੂ ਹਮਲੇ ਕਰਨੇ ਸੁਰੂ ਕਰ ਦਿੱਤੇ ਹਨ ਤਾਂ ਕਿ ਸਿੱਖਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਦਿੱਤਾ ਜਾਵੇ।ਹਰ ਰੋਜ ਗੁਰੂ ਗਰੰਥ ਸਹਿਬ ਦੇ ਪੰਨੇ ਪਾੜ ਕੇ ਸੁੱਟਣ ਵਾਲੀ ਘਟਨਾ ਵੀ ਕੋਈ ਅਚਨਚੇਤੀ ਵਾਪਰੀ ਘਟਨਾ ਨਹੀ ਹੈ ਬਲਕਿ ਇਹ ਨਾਗਪੁਰ ਕੇਂਦਰ ਦੀ ਬਹੁਤ ਪਹਿਲਾਂ ਮਿਥੀ ਸਾਜਿਸ਼ ਹੈ ਜਿਸ ਨੂੰ ਅੰਜਾਮ ਦੇਣ ਲਈ ਢੁਕਵੇਂ ਸਮੇ ਦੀ ਲੰਮੀ ਇੰਤਜਾਰ ਕੀਤੀ ਗਈ। ਗੁਰੂ ਗਰੰਥ ਸਹਿਬ ਦੀ ਘੋਰ ਬੇਅਦਬੀ ਲਈ ਰਾਸਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਲੋਕਾਂ ਨੇ ਆਪ ਖੁੱਲੇ ਛੱਡੇ ਤਾਂ ਕਿ ਦੁਸ਼ਮਣ ਤਾਕਤਾਂ ਨੂੰ ਸਿੱਖੀ ਨੂੰ ਢਾਹ ਲਾਉਣ ਸਮੇ ਕੋਈ ਦਿੱਕਤ ਪੇਸ ਨਾ ਆਵੇ, ਇਸ ਦੇ ਇਵਜ ਵਿੱਚ ਇਹ ਅਕ੍ਰਿਤਘਣ ਲੋਕ ਆਪਣੇ ਨਿੱਜ ਦੀ ਲੋਭ ਪੂਰਤੀ ਕਰਦੇ ਰਹੇ ਹਨ। ਅੱਜ ਥਾਂ ਥਾਂ ਪਾੜ ਕੇ ਗਲੀਆਂ ਵਿੱਚ ਖਿਲਾਰੇ ਜਾ ਰਹੇ ਸਬਦ ਗੁਰੂ ਦੇ ਅੰਗ ਆਰ ਐਸ ਐਸ ਵੱਲੋਂ ਪਹਿਲਾਂ ਹੀ ਖਰੀਦ ਕਰਕੇ ਰੱਖੇ ਵੱਡੀ ਗਿਣਤੀ ਸਰੂਪਾਂ ਵਿੱਚੋਂ ਖੁਦ ਆਪਣੇ ਕਰਿੰਦਿਆਂ ਨੂੰ ਸਪਲਾਈ ਕੀਤੇ ਜਾ ਰਹੇ ਹਨ, ਜਿਹੜੇ ਪੂਰੀ ਜੋਯਨਾਵੰਦੀ ਨਾਲ ਅੱਗੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।ਪੰਜਾਬ ਵਿੱਚ ਮਜਬੂਤੀ ਨਾਲ ਪੈਰ ਪਸਾਰ ਚੁੱਕੀ ਇਹ ਕੱਟੜਵਾਦੀ ਸੰਸਥਾ ਬੇਸ਼ੱਕ ਗੁਰਦੁਾਰਿਆਂ ਵਿੱਚ ਦਾਖਲ ਹੋ ਕੇ ਵੀ ਅਜਿਹੀਆਂ ਗੰਦੀਆਂ ਖੇਡਾਂ ਖੇਡ ਕੇ ਆਪਣੇ ਮਨੋਰਥ ਵਿੱਚ ਕਾਮਯਾਬ ਹੋ ਰਹੀ ਹੈ ਪਰ ਅਸਲ ਸਚਾਈ ਤਾਂ ਇਹ ਹੈ ਕਿ ਗੁਰਦੁਆਰਿਆਂ ਤੇ ਹਮਲੇ ਤਾਂ ਸਿਰਫ ਸਿੱਖਾਂ ਦਾ ਧਿਆਨ ਵੰਡਣ ਅਤੇ ਦਹਿਸਤ ਪੈਦਾ ਕਰਨ ਲਈ ਕੀਤੇ ਜਾ ਰਹੇ ਹਨ ਜਦੋਂ ਕਿ ਬੇਅਦਬੀ ਕਰਨ ਲਈ ਸਰੂਪ ਤਾਂ ਪਹਿਲਾਂ ਹੀ ਉਹਨਾਂ ਕੋਲ ਮੌਜੂਦ ਹਨ।ਇਹ ਪੰਜਾਬ ਵਿੱਚ ਸੰਪਰਦਾਇਕ ਦੰਗੇ ਕਰਵਾਉਣ  ਦੀ ਗਹਿਰੀ ਸਾਜਸ਼ ਹੈ ਤਾਂ ਕਿ ਇੱਕ ਵਾਰ ਫਿਰ ਚੁਰਾਸੀ ਦੇ ਇਤਿਹਾਸ ਨੂੰ  ਦੁਹਰਾਅ ਕੇ ਨਸ਼ਿਆਂ ਦੇ ਮਾਰੂ ਹਮਲੇਂ ਤੋਂ ਬਚੇ ਹੋਏ ਸਿੱਖਾਂ ਦੀ ਨਸਲਕੁਸ਼ੀ ਨੂੰ ਯਕੀਨੀ ਬਣਾਇਆ ਜਾ ਸਕੇ। ਮੌਜੂਦਾ ਦੌਰ ਵਿੱਚ ਆਰ ਐਸ ਐਸ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੇ ਪੂਰਨ ਸਹਿਯੋਗ ਨਾਲ ਅਰੰਭੇ ਹਮਲੇ ਜੂਨ ਚੁਰਾਸੀ ਤੋਂ ਵੀ ਜਿਆਦਾ ਘਾਤਕ ਹੋ ਸਕਦੇ ਹਨ।ਉਪਰੋਕਤ ਮੰਡਰਾਉਂਦੇ ਖਤਰਿਆਂ ਤੋ ਬਚਣ ਲਈ ਸਿੱਖ ਜੁਆਨੀ ਦੇ ਜੋਸ਼ ਨੂੰ ਗੁਮਰਾਹ ਹੋ ਕੇ ਕੁਰਾਹੇ ਪੈਣ ਤੋਂ ਰੋਕਣ ਲਈ ਸਰਕਾਰੀ ਘੁਸਪੈਂਠੀਆਂ ਤੇ ਕਰੜੀ ਨਜਰ ਰੱਖਣੀ ਹੋਵੇਗੀ ,ਜਿਹੜੇ ਕਿਸੇ ਵੀ ਸਮੇ ਤੀਲੀ ਲਾ ਕੇ ਹਿੰਸਾ ਦੇ ਭਾਂਬੜ ਬਾਲਣ ਦਾ ਕੋਈ ਵੀ ਮੌਕਾ ਹੱਥੋਂ ਨਹੀ ਜਾਣ ਦੇਣਗੇ। ਸਿੱਖ ਨੌਜਵਾਨਾਂ ਦਾ ਗਰਮ ਖੂਨ ਗਰਮ ਨਾਹਰਿਆਂ ਅਤੇ ਅੱਗ ਲਾਊ ਭਾਸਨਾਂ ਨੂੰ ਸੁਣ ਕੇ ਜਲਦੀ ਖੌਲਦਾ ਹੈ ਜਿਸ ਨੂੰ ਦੁਸ਼ਮਣ ਆਪਣੇ ਮਨੋਰਥ ਲਈ ਅਸਾਨੀ ਨਾਲ ਵਰਤ ਸਕਦਾ ਹੈ।ਸੋ ਇਹਨਾਂ ਸਾਰੇ ਮੰਦੇ ਮਨਸੂਬਿਆਂ ਤੋਂ ਜਾਗਰਤ ਹੋਣਾ ਇਸ  ਖੂਨੀ ਮੌਸਮ ਵਿੱਚ ਬੇਹੱਦ ਜਰੂਰੀ ਹੈ।ਸਿੱਖ ਸੰਘਰਸ਼  ਦੀ ਅਗਵਾਈ ਕਰ ਰਹੇ ਸਿੱਖ ਆਗੂਆਂ ਤੇ ਕੌਮ ਦੇ ਪਰਚਾਰਕਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਇਸ ਬੇਹੱਦ ਹੀ ਸੰਬੇਦਨਸੀਲ ਮੁੱਦੇ ਨੂੰ ਵਿਚਾਰਨ ਲਈ ਇੱਕ ਮੱਤ ਹੋ ਕੇ ਸੰਗਤਾਂ ਨਾਲ ਸਾਂਝਾ ਕਰਨ ਤਾਂ ਕਿ ਪੁਰ ਅਮਨ ਚੱਲ ਰਹੇ ਸੰਘਰਸ਼ ਨੂੰ ਹਿੰਸਕ ਬਣਾ ਦੇਣ ਦੀ ਆਰ ਐਸ ਐਸ ਹੈਡਕੁਆਰਟਰ ਦੀ ਇਹ ਮਾਰੂ  ਹਰਕਤ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਜਾ ਸਕੇ।

Install Punjabi Akhbar App

Install
×