”ਵਿਸ਼ਵ ਅੰਗਹੀਣ ਦਿਵਸ” ‘ਤੇ ਵਿਸ਼ੇਸ਼: ਅਪਾਹਜ ‘ਬੇਚਾਰੇ’ ਨਹੀਂ, ਬਲਕਿ ‘ਵਾਧਿਤ’ ਹਨ

images”ਕਭੀ ਮਹਿਕ ਕੀ ਤਰਹਿ ਹਮ ਗੁਲੋਂ ਸੇ ਉੜਤੇ ਹੈਂ, ਕਭੀ ਧੂੰਏਂ ਕੀ ਤਰਹਿ ਪਰਵਤੋਂ ਸੇ ਉੜਤੇ ਹੈਂ,
ਯੇ ਕੈਂਚੀਆਂ ਹਮੇਂ ਉੜਨੇ ਸੇ ਖਾਕ ਰੋਕੇਂਗੀ? ਕਿਉਂਕਿ ਹਮ ਪਰੋਂ ਸੇ ਨਹੀਂ ਹੌਂਸਲੋਂ ਸੇ ਉੜਤੇ ਹੈਂ!”

ਸਾਲ 2010-11 ਦੇ ਇਕ ਸਰਵੇ ਅਨੁਸਾਰ ਪੂਰੇ ਭਾਰਤ ਵਿਚ ਘੱਟੋ-ਘੱਟ 22.4% ਲੋਕ ਅਪਾਹਜ ਹਨ, ਜਿਨ੍ਹਾਂ ਵਿਚੋਂ 48.2% ਪਿੰਡਾਂ ਵਿਚ ਅਤੇ 51.8% ਸ਼ਹਿਰਾਂ ਵਿਚ ਅਪਾਹਜ ਵਿਅਕਤੀ ਰਹਿੰਦੇ ਹਨ। ਅੰਗਹੀਣਤਾ ਬਾਰੇ ਲੋਕਾਂ ਦੇ ਬਹੁਤ ਸਾਰੇ ਵਿਚਾਰ ਹਨ, ਜਿਵੇਂ ਅਗਰ ਧਾਰਮਿਕ ਪੱਖ ਵਜੋਂ ਦੇਖੀਏ, ਤਾਂ ਲੋਕਾਂ ਦਾ ਮੰਨਣਾ ਹੈ ਕਿ ਇਹ ਤਾਂ ਪਿਛਲੇ ਕਰਮਾਂ ਦਾ ਲੇਖਾ-ਜੋਖਾ ਹੈ। ਅਗਰ ਵਿਗਿਆਨਕ ਪੱਖ ਵਜੋਂ ਦੇਖੀਏ, ਤਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਅੰਗਹੀਣਤਾ ਜਨਮ ਤੋਂ ਹੀ ਸਰੀਰ ਵਿਚ ਕਿਸੇ ਚੀਜ਼ ਦੀ ਕਮੀ ਦਾ ਹੋਣਾ ਜਾਂ ਬਿਮਾਰੀ ਕਾਰਨ ਜਾਂ ਕਈ ਵਾਰ ਅਚਾਨਕ ਹੋਏ ਹਾਦਸਿਆਂ ਕਾਰਨ ਹੁੰਦੀ ਹੈ। ਇਹ ਦੋਵੇਂ ਹੀ ਗੱਲਾਂ ਠੀਕ ਹਨ। ਅੰਗਹੀਣਤਾ ਬਿਮਾਰੀ ਕਾਰਨ, ਜਨਮ ਤੋਂ ਹੀ ਸਰੀਰ ਵਿਚ ਕਿਸੇ ਚੀਜ਼ ਦੇ ਵਿਕਾਸ ਨਾ ਹੋਣ ਕਾਰਨ ਜਾਂ ਅਚਾਨਕ ਹਾਦਸਿਆਂ ਕਾਰਨ ਵੀ ਹੋ ਸਕਦੀ ਹੈ। ਅਪਾਹਜਤਾ ਤਾਂ ਸਰੀਰ ਦੇ ਕਿਸੇ ਵੀ ਅੰਗ ਵਿਚ ਹੋ ਸਕਦੀ ਹੈ, ਪਰ ਅੱਜ ਬਹੁਤ ਸਾਰੇ ਲੋਕ ਸਰੀਰ ਤੋਂ ਨਾਰਮਲ ਹੁੰਦਿਆਂ ਹੋਇਆਂ ਵੀ ਆਪਣੀ ਸੋਚ ਤੋਂ ਹੀ ਅਪਾਹਜ ਹੋਏ ਬੈਠੇ ਹਨ। ਕਿਸੇ ਵੀ ਵਿਅਕਤੀ ਨੂੰ ਆਪਣੀ ਸੋਚ ਤੋਂ ਜਾਂ ਆਪਣੇ ਵਿਚਾਰਾਂ ਤੋਂ ਅਪਾਹਜ ਨਹੀਂ ਹੋਣਾ ਚਾਹੀਦਾ।
ਜੋ ਵਿਅਕਤੀ ਸਰੀਰਕ ਤੌਰ ‘ਤੇ ਅਪਾਹਜ ਹਨ, ਉਨ੍ਹਾਂ ਨੂੰ ਇਸ ਕੁਦਰਤ ਵੱਲੋਂ ਪਈ ਮਾਰ ਤਾਂ ਝੱਲਣੀ ਹੀ ਪੈਣੀ ਹੈ, ਪਰੰਤੂ ਜੋ ਮਾਰ ਸਰਕਾਰਾਂ ਵੱਲੋਂ ਜਾਂ ਸਮਾਜ ਵੱਲੋਂ ਜਾਂ ਉਸ ਦੇ ਆਪਣਿਆਂ ਤੋਂ ਪੈ ਰਹੀ ਹੈ, ਉਸ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਕਿਉਂਕਿ ਅਪਾਹਜ ਹੋਏ ਵਿਅਕਤੀਆਂ ਨੂੰ ਲੋਕਾਂ ਵੱਲੋਂ ‘ਬੇ ਚਾਰਾ’ ਸ਼ਬਦ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ। ਇਹ ਅਪਾਹਜ ‘ਬੇਚਾਰੇ’ ਨਹੀਂ ਹਨ, ਸਗੋਂ ਇਹ ਵਾਧਿਤ ਹਨ। ਇਨ੍ਹਾਂ ਅੱਗੇ ਔਕੜਾਂ ਹਨ, ਜਿਨ੍ਹਾਂ ਨੂੰ ਇਨ੍ਹਾਂ ਅਪਾਹਜਾਂ ਨੇ ਪਾਰ ਕਰਨਾ ਹੈ। ਜਿਵੇਂ ਕਈ ਤਰ੍ਹਾਂ ਦੀ ਦੌੜ ਲਗਾਈ ਜਾਂਦੀ ਹੈ। ਇਕ ਦੌੜ ਤਾਂ ਨਾਰਮਲ ਹੁੰਦੀ ਹੈ, ਜਿਸ ਵਿਚ ਕੇਵਲ ਭੱਜਣਾ ਹੁੰਦਾ ਹੈ, ਪਰੰਤੂ ਇਕ ਦੌੜ ਵਿਚ ਕਈ ਤਰ੍ਹਾਂ ਬਾਧਾਵਾਂ ਲਗਾਈਆਂ ਜਾਂਦੀਆਂ ਹਨ, ਜਿਸ ਨੂੰ ਭੱਜ ਕੇ ਅਤੇ ਜੰਪ ਲਗਾ ਕੇ ਪਾਰ ਕਰਨਾ ਹੁੰਦਾ ਹੈ। ਨਾਰਮਲ ਦੌੜ ਵਿਚ ਤਾਂ ਸਾਰੇ ਨਾਰਮਲ ਵਿਅਕਤੀ ਹੀ ਭੱਜ ਰਹੇ ਹਨ, ਪਰੰਤੂ ਬਾਧਾਵਾਂ ਵਾਲੀ ਦੌੜ ਵਿਚ ਇਹ ਸਾਰੇ ਅਪਾਹਜ ਵਿਅਕਤੀ ਭੱਜ ਰਹੇ ਹਨ। ਇਸ ਲਈ ਇਹ ‘ਬੇਚਾਰੇ’ ਨਹੀਂ, ਬਲਕਿ ਵਾਧਿਤ ਹਨ। ਇਨ੍ਹਾਂ ਅੱਗੇ ਮੁਸ਼ਕਲਾਂ ਤਾਂ ਆ ਸਕਦੀਆਂ ਹਨ, ਪਰੰਤੂ ਅਜਿਹਾ ਨਹੀਂ ਕਿ ਇਹ ਲੋਕ ਮੁਸ਼ਕਲਾਂ ਨੂੰ ਪਾਰ ਨਹੀਂ ਕਰ ਸਕਦੇ, ਲੋੜ ਹੈ ਕੇਵਲ ਆਪਣੀ ਸੋਚ ਨੂੰ ਅਤੇ ਆਪਣੇ ਨਜ਼ਰੀਏ ਨੂੰ ਬਦਲਣ ਦੀ, ਲੋੜ ਹੈ ਕੇਵਲ ਇਨ੍ਹਾਂ ਨੂੰ ਜਰਾ ਕੁ ਸਹਿਯੋਗ ਦੇਣ ਦੀ।

”ਕੁਛ ਔਰ ਨਹੀਂ, ਸਹਿਯੋਗ ਕੀ ਆਸ ਰੱਖਤੇ ਹੈਂ।
ਕਮ ਨਹੀਂ ਸਮਝੋ ਹਮੇਂ, ਹਮ ਭੀ ਦਿਲੋ-ਦਿਮਾਗ ਰੱਖਤੇ ਹੈਂ॥”

ਅੱਜ ਦੀ ਘੜੀ ਕੋਈ ਸੋਚ ਵੀ ਨਹੀਂ ਸਕਦਾ ਕਿ ਕੋਈ ਅੰਨ੍ਹਾ ਵਿਅਕਤੀ ਕੰਪਿਊਟਰ ਵੀ ਚਲਾ ਸਕਦਾ ਹੈ। ਅੰਨ੍ਹੇ ਵਿਅਕਤੀ ਕੰਪਿਊਟਰ ਕੇਵਲ ਚਲਾ ਹੀ ਨਹੀਂ ਸਕਦੇ, ਬਲਕਿ ਨਾਰਮਲ ਵਿਅਕਤੀਆਂ ਨਾਲੋਂ ਕਿਤੇ ਜ਼ਿਆਦਾ ਤੇਜ਼ ਅਤੇ ਵਧੀਆ ਤਰੀਕੇ ਨਾਲ ਚਲਾ ਸਕਦੇ ਹਨ। ਵਿਗਿਆਨ ਨੇ ਅੱਜ ਇੰਨੀ ਤਰੱਕੀ ਕਰ ਲਈ ਹੈ ਕਿ ਅੰਨ੍ਹੇ ਵਿਅਕਤੀਆਂ ਲਈ ਅਜਿਹੇ ਸਾਫ਼ਟਵੇਅਰ ਬਣਾ ਦਿੱਤੇ ਹਨ, ਜਿਨ੍ਹਾਂ ਰਾਹੀਂ ਉਹ ਸਭ ਕੁੱਝ ਸੁਣ ਕੇ ਕੰਪਿਊਟਰ ਨੂੰ ਬੜੇ ਹੀ ਸਹਿਜ ਤਰੀਕੇ ਨਾਲ ਚਲਾ ਰਹੇ ਹਨ। ਇੱਥੇ ਹੀ ਬੱਸ ਨਹੀਂ ਬਲਾਇੰਡਜ਼ ਅਤੇ ਅੰਗਹੀਣ ਵਿਅਕਤੀਆਂ ਵੱਲੋਂ ਲੋਕਾਂ ਦੇ ਮਨੋਰੰਜਨ ਲਈ ਇਕ ਆਨਲਾਈਨ ਰੇਡੀਓ ਸਟੇਸ਼ਨ ਵੀ ਚਲਾਇਆ ਜਾ ਰਿਹਾ ਹੈ। ਇੰਟਰਨੈੱਟ ‘ਤੇ ਇਸ ਰੇਡੀਓ ਨੂੰ www.radioudaan.com ਰਾਹੀਂ ਤੁਸੀਂ ਸੁਣ ਸਕਦੇ ਹੋ। ਇਹ ਰੇਡੀਓ ਸਟੇਸ਼ਨ ਲੁਧਿਆਣਾ ਦੀ ਰਹਿਣ ਵਾਲੀ ਇਕ ਬਲਾਇੰਡ ਲੜਕੀ ‘ਜਯੋਤੀ ਮਲਿਕ’ ਵੱਲੋਂ ਸ਼ੁਰੂ ਕੀਤਾ ਗਿਆ ਸੀ। ਜੋ ਅੱਜ ਸੰਸਾਰ ਦਾ ਨੰਬਰ ਵਨ ਆਨਲਾਈਨ ਰੇਡੀਓ ਸਟੇਸ਼ਨ ਬਣ ਚੁੱਕਾ ਹੈ।
ਪਰ ਮੇਰਾ ਮਨ ਉਸ ਸਮੇਂ ਬਹੁਤ ਪਸੀਜ ਜਾਂਦਾ ਹੈ ਜਦੋਂ ਸਭ ਤੋਂ ਵੱਡੀ ਮਾਰ ਇਨ੍ਹਾਂ ਨੂੰ ਸਰਕਾਰ ਵੱਲੋਂ ਪੈਂਦੀ ਹੈ। ਸਰਕਾਰ ਵੱਲੋਂ ਇਸ ਵਰਗ ਦੇ ਲੋਕਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਹ ਲੋਕ ਇੰਨੇ ਟੇਲੈਂਟਡ ਹੁੰਦਿਆਂ ਹੋਇਆਂ ਵੀ ਘਰਾਂ ਵਿਚ ਵਿਹਲੇ ਬੈਠੇ ਹਨ ਅਤੇ ਆਪਣੇ ਪਰਿਵਾਰ ‘ਤੇ ਨਿਰਭਰ ਹੋ ਕੇ ਰਹਿ ਗਏ ਹਨ। ਸਰਕਾਰ ਵੱਲੋਂ ਇਨ੍ਹਾਂ ਅੰਗਹੀਣ ਵਿਅਕਤੀਆਂ ਲਈ ਨੌਕਰੀਆਂ ਵਿਚ ਕੇਵਲ 3% ਦਾ ਰਾਖਵਾਂਕਰਨ ਦਿੱਤਾ ਗਿਆ ਹੈ, ਜੋ ਹੋਰਾਂ ਵਰਗਾਂ ਦੇ ਰਾਖਵੇਂਕਰਨ ਦੇ ਮੁਕਾਬਲੇ ਬਹੁਤ ਹੀ ਘੱਟ ਹੈ। ਹੋਰ ਵਰਗ ਦੇ ਲੋਕਾਂ ਨੂੰ ਜੇਕਰ ਨੌਕਰੀ ਨਹੀਂ ਮਿਲਦੀ, ਤਾਂ ਉਹ ਕਿਸੇ ਵੀ ਤਰ੍ਹਾਂ ਆਪਣਾ ਕੋਈ ਬਿਜ਼ਨਸ ਜਾਂ ਕੋਈ ਦੁਕਾਨਦਾਰੀ ਚਲਾ ਸਕਦੇ ਹਨ ਜਾਂ ਹੋਰ ਨਹੀਂ ਤਾਂ ਸਬਜ਼ੀ ਵਗ਼ੈਰਾ ਦੀ ਰੇਹੜੀ ਲਗਾ ਕੇ ਵੀ ਆਪਣਾ ਗੁਜ਼ਾਰਾ ਕਰ ਸਕਦੇ ਹਨ, ਪਰੰਤੂ ਇਕ ਅੰਗਹੀਣ ਵਿਅਕਤੀ ਤਾਂ ਰੇਹੜੀ ਵੀ ਨਹੀਂ ਲਗਾ ਸਕਦਾ, ਕੋਈ ਦੁਕਾਨਦਾਰੀ ਵੀ ਨਹੀਂ ਕਰ ਸਕਦਾ। ਤਾਂ ਫਿਰ ਇਕ ਅੰਗਹੀਣ ਵਿਅਕਤੀ ਕਿਸ ਤਰ੍ਹਾਂ ਆਪਣਾ ਰੁਜ਼ਗਾਰ ਚਲਾਵੇ, ਇਹ ਅੰਗਹੀਣ ਸਾਥੀਆਂ ਲਈ ਇਕ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਬਾਕੀ ਹਰੇਕ ਤਰ੍ਹਾਂ ਦਾ ਰਾਖਵਾਂਕਰਨ ਖ਼ਤਮ ਕਰ ਕੇ ਕੇਵਲ ਅੰਗਹੀਣਾਂ ਲਈ ਘੱਟੋ-ਘੱਟ 10% ਤੋਂ 15% ਰਾਖਵਾਂਕਰਨ ਕਰੇ। ਤਾਂ ਹੀ ਇਨ੍ਹਾਂ ਅੰਗਹੀਣ ਸਾਥੀਆਂ ਦੀ ਗੱਡੀ ਲੀਹ ‘ਤੇ ਆ ਸਕੇਗੀ। ਪੰਜਾਬ ਇਕ ਅਮੀਰ ਸੂਬਾ ਹੁੰਦੇ ਹੋਏ ਵੀ ਪੰਜਾਬ ਸਰਕਾਰ ਅੰਗਹੀਣਾਂ ਨੂੰ ਪੈਨਸ਼ਨ ਵੀ ਨਾ ਮਾਤਰ ਦੇ ਰਹੀ ਹੈ, ਜਦਕਿ ਗੁਆਂਢੀ ਸੂਬੇ ਪੰਜਾਬ ਨਾਲੋਂ ਅਮੀਰ ਨਾ ਹੁੰਦੇ ਹੋਏ ਵੀ ਪੰਜਾਬ ਸਰਕਾਰ ਨਾਲੋਂ 4 ਤੋਂ 6 ਗੁਣਾ ਵੱਧ ਪੈਨਸ਼ਨ ਦੇ ਰਹੇ ਹਨ। ਕੁੱਝ ਦਿਨ ਪਹਿਲਾਂ ਹੀ ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ ਸਨ ਕਿ ”ਪੰਜਾਬ ਸਰਕਾਰ ਅੰਗਹੀਣਾਂ ਦੇ ਕਰੋੜਾਂ ਰੁਪਏ ਛੱਕ ਗਈ” ਅਤੇ ਇਕ ਹੋਰ ਖ਼ਬਰ ਅਨੁਸਾਰ ”ਪੰਜਾਬ ਸਰਕਾਰ ਨੇ ਬੁਢਾਪਾ ਅਤੇ ਅੰਗਹੀਣਾਂ ਦੀ ਪੈਨਸ਼ਨ ਦੀ 1500 ਕਰੋੜ ਰੁਪਏ ਦੀ ਰਾਸ਼ੀ ਮੁਫ਼ਤ ਬਿਜਲੀ ਦੇਣ ‘ਚ ਵਰਤੀ।” ਜਿਸ ਕਰ ਕੇ 20 ਲੱਖ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਪੈਨਸ਼ਨ ਰੈਗੂਲਰ ਨਹੀਂ ਮਿਲ ਰਹੀ। ਸਰਕਾਰ ਵੱਲੋਂ ਇਨ੍ਹਾਂ ਦੀ ਪੈਨਸ਼ਨ ਦੀ ਰਾਸ਼ੀ ਮੁਫ਼ਤ ਬਿਜਲੀ ਵਾਲਿਆਂ ਨਾਲ ਐਡਜਸਟ ਕਰ ਲਈ ਗਈ ਅਤੇ ਹੁਣ ਇਨ੍ਹਾਂ ਦੀ ਪੈਨਸ਼ਨ ਦਾ ਪੈਸਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਬਣਾਉਣ ਵਿਚ ਖ਼ਰਚ ਕੀਤਾ ਜਾ ਰਿਹਾ ਹੈ। ਇਸੇ ਲਈ ਅੰਗਹੀਣ ਸਾਥੀਆਂ ਦੀ ਪੈਨਸ਼ਨ ਕਈ-ਕਈ ਮਹੀਨੇ ਨਹੀਂ ਆਉਂਦੀ। ਪਰ ਜੇਕਰ ਸਰਕਾਰ ਇਨ੍ਹਾਂ ਅੰਗਹੀਣ ਸਾਥੀਆਂ ਨੂੰ ਪੈਨਸ਼ਨ ਦੀ ਥਾਂ ਰੁਜ਼ਗਾਰ ਦੇ ਦੇਵੇ, ਤਾਂ ਪੈਨਸ਼ਨ ਦੇਣ ਦੀ ਲੋੜ ਹੀ ਨਹੀਂ ਰਹੇਗੀ। ਜਿਸ ਨਾਲ ਸਰਕਾਰ ਦਾ ਕੰਮ ਵੀ ਹੋਵੇਗਾ ਅਤੇ ਪੈਨਸ਼ਨ ਦੀ ਰਾਸ਼ੀ ਵੀ ਬਚੇਗੀ। ਇਹ ਲੋਕ ਵੀ ਪੈਨਸ਼ਨ ਨਹੀਂ ਚਾਹੁੰਦੇ, ਸਗੋਂ ਪੈਨਸ਼ਨ ਦੀ ਜਗ੍ਹਾ ਰੁਜ਼ਗਾਰ ਦੀ ਹੀ ਮੰਗ ਕਰ ਰਹੇ ਹਨ, ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਇਸ ਅੰਗਹੀਣ ਵਰਗ ਨੂੰ ਨਜ਼ਰਅੰਦਾਜ਼ ਕਰ ਕੇ ਦੂਸਰੇ ਵਰਗਾਂ ਨੂੰ ਤਰਜੀਹ ਦੇ ਰਹੀ ਹੈ। ਇਹ ਮੁਸੀਬਤਾਂ ਭਰੀ ਜ਼ਿੰਦਗੀ ਜਿਊਣ ਵਾਲੇ ਅੰਗਹੀਣ ਸਾਥੀ ਤਾਂ ਸਰਕਾਰ ਮੂਹਰੇ ਰੌਲਾ ਵੀ ਨਹੀਂ ਪਾ ਸਕਦੇ।
ਕੇਂਦਰ ਸਰਕਾਰ ਨੇ ਵਿਕਲਾਂਗ ਵਰਗ ਦੀਆਂ ਅੱਖਾਂ ਪੂੰਝਣ ਲਈ ਇਕ ”ਪਰਸਨਜ਼ ਵਿਦ ਡਿਸੇਬਿਲਿਟੀ ਐਕਟ 1995” ਤਾਂ ਬਣਾ ਦਿੱਤਾ, ਪਰੰਤੂ 20 ਸਾਲ ਦਾ ਲੰਮਾ ਸਮਾਂ ਗੁਜਰਣ ਦੇ ਬਾਵਜੂਦ ਵੀ ਉਸ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਲਾਗੂ ਕਰ ਕੇ ਫ਼ਾਇਦਾ ਵੀ ਕੀ ਹੋਣਾ; ਇਕ ਮਿਸਾਲ ਵਜੋਂ ਉਸ ਵਿਚ ਲਿਖਿਆ ਹੈ ਕਿ ”ਰਾਜ ਸਰਕਾਰਾਂ ਅੰਗਹੀਣ ਵਿਅਕਤੀਆਂ ਲਈ ਹਰ ਸਰਕਾਰੀ ਜਾਂ ਗੈਰ ਸਰਕਾਰੀ ਪਬਲਿਕ ਪੈਲੇਸ ‘ਤੇ ਰੈਂਪ ਬਣਵਾਉਣਗੀਆਂ, ਪਰ ਇਹ ਤਾਂ ਸੰਭਵ ਹੋਵੇਗਾ ਜੇਕਰ ਉਸ ਅਦਾਰੇ ਦੀ ਜੇਬ ਇਜਾਜ਼ਤ ਦਿੰਦੀ ਹੋਵੇਗੀ।” ਕਹਿਣ ਦਾ ਭਾਵ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਚੀਜ਼ਾਂ ਹਨ, ਜਿਨ੍ਹਾਂ ਦੇ ਲਾਗੂ ਹੋਣ ਨਾਲ ਵੀ ਕੁੱਝ ਨਹੀਂ ਹੋਣਾ। ਸਿਆਸੀ ਲੀਡਰ ਆਪਣੀਆਂ ਹੀ ਜੇਬਾਂ ਭਰਨ ਵਿਚ ਲੱਗੇ ਰਹਿੰਦੇ ਹਨ। ਰਾਜ ਸਰਕਾਰਾਂ ਦੇ ਖ਼ਜ਼ਾਨੇ ਤਾਂ ਹਮੇਸ਼ਾ ਹੀ ਖ਼ਾਲੀ ਰਹਿੰਦੇ ਹਨ, ਉਹ ਤਾਂ ਕਦੇ ਭਰ ਹੀ ਨਹੀਂ ਸਕਦੇ ਅਤੇ ਪ੍ਰਾਈਵੇਟ ਅਦਾਰੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਕਰਦੇ। ਫਿਰ ਕਿਸ ਤਰ੍ਹਾਂ ਇਨ੍ਹਾਂ ਅੰਗਹੀਣ ਸਾਥੀਆਂ ਦੀ ਜ਼ਿੰਦਗੀ ਵਿਚ ਕੁੱਝ ਆਰਾਮ ਦੇ ਪਲ ਆਉਣਗੇ? ਇਹ ਕੇਂਦਰ ਸਰਕਾਰ ਅਤੇ ਭਾਰਤ ਦੀਆਂ ਤਮਾਮ ਰਾਜ ਸਰਕਾਰਾਂ ਲਈ ਇਕ ਪ੍ਰਸ਼ਨ ਹੀ ਬਣ ਕੇ ਰਹਿ ਗਿਆ ਹੈ, ਹੋਰ ਕੁੱਝ ਨਹੀਂ। ਇਸ ਦਾ ਹੱਲ ਤਾਂ ਹੀ ਹੋ ਸਕਦਾ ਹੈ, ਜੇਕਰ ”ਪਰਸਨਜ਼ ਵਿਦ ਡਿਸੇਬਿਲਿਟੀ ਐਕਟ 1995” ਕੇਂਦਰ ਸਰਕਾਰ ਅਤੇ ਭਾਰਤ ਦੀ ਹਰੇਕ ਰਾਜ ਸਰਕਾਰ ਵੱਲੋਂ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਅੰਗਹੀਣ ਸਾਥੀਆਂ ਨੂੰ ਰਾਹਤ ਦੇਣ ਜਾਂ ਅੰਗਹੀਣਾਂ ਦੀ ਭਲਾਈ ਦੇ ਮਨੋਰਥ ਲਈ ਅੰਗਹੀਣਾਂ ਨਾਲ ਸਬੰਧਿਤ ਬਹੁਤ ਸਾਰੀਆਂ ਯੂਨੀਅਨਾਂ, ਐਸੋਸੀਏਸ਼ਨਾਂ ਜਾਂ ਸੁਸਾਇਟੀਆਂ ਬਣੀਆਂ ਹੋਈਆਂ ਹਨ। ਪਰ ਇਹ ਸਭ ਆਪਣੇ-ਆਪਣੇ ਲੈਵਲ ‘ਤੇ ਹੀ ਕੰਮ ਕਰ ਰਹੀਆਂ ਹਨ, ਇਕ ਦੂਜੇ ਦਾ ਸਹਿਯੋਗ ਨਹੀਂ ਲੈ ਰਹੇ ਅਤੇ ਇਨ੍ਹਾਂ ਸਭ ਦੀਆਂ ਮੰਗਾਂ ਵੀ ਵੱਖ-ਵੱਖ ਹਨ, ਜਿਸ ਕਰ ਕੇ ਇਨ੍ਹਾਂ ਦੀ ਇਕਮੁੱਠਤਾ ਵੀ ਨਹੀਂ ਬਣ ਰਹੀ। ਜੇਕਰ ਸਾਰੀਆਂ ਯੂਨੀਅਨਾਂ/ਐਸੋਸੀਏਸ਼ਨਾਂ ਇਕ ਹੋ ਜਾਣ, ਸਾਰੇ ਏਕਤਾ ਬਣਾ ਲੈਣ ਅਤੇ ਸਾਰਿਆਂ ਦੀਆਂ ਇੱਕੋ ਜਿਹੀਆਂ ਮੰਗਾਂ ਹੋਣ, ਤਾਂ ਸਰਕਾਰ ‘ਤੇ ਬਹੁਤ ਜ਼ਿਆਦਾ ਦਬਾਅ ਬਣੇਗਾ ਅਤੇ ਸਰਕਾਰ ਇਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਮਜਬੂਰ ਹੋ ਜਾਵੇਗੀ।

”ਮੁਸ਼ਕਲਾਂ ਵੀ ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੁੰਦੀਆਂ ਹਨ, ਮੁਸ਼ਕਲਾਂ ਤੋਂ ਬਿਨਾਂ ਤਾਂ ਸਫਲਤਾ ਦਾ ਆਨੰਦ ਵੀ ਨਹੀਂ ਲਿਆ ਜਾ ਸਕਦਾ।”

ਅੰਤ ਵਿਚ ਮੈਂ ਇਨ੍ਹਾਂ ਅੰਗਹੀਣ ਸਾਥੀਆਂ ਨੂੰ ਇਕ ਅਪੀਲ ਕਰਨੀ ਚਾਹੁੰਦਾ ਹਾਂ ਕਿ ਅੰਗਹੀਣ ਸਾਥੀਓ, ਕਦੇ ਵੀ ਹੌਸਲਾ ਨਾ ਹਾਰੋ। ਅਬ੍ਰਾਹਮ ਲਿੰਕਨ ਵੀ 21 ਸਾਲ ਦੀ ਉਮਰ ਤੋਂ 51 ਸਾਲ ਦੀ ਉਮਰ ਤੱਕ 6 ਵਾਰ ਚੋਣਾਂ ਵਿਚ ਹਾਰਨ ਤੋਂ ਬਾਅਦ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਸੀ, ਕਿਉਂਕਿ ਉਸ ਨੇ ਹੌਸਲਾ ਨਹੀਂ ਛੱਡਿਆ ਸੀ। ਇਸ ਲਈ ਤੁਸੀਂ ਵੀ ਕਦੇ ਹੌਸਲਾ ਨਾ ਛੱਡੋ, ਬਲਕਿ ਇਕ ਹੋ ਜਾਵੋ, ਇਕਮੁੱਠਤਾ ਬਣਾਓ। ਇਸ ਆਸ ‘ਤੇ ਨਾ ਰਹੋ ਕਿ ਸਰਕਾਰ ਆਪਾਂ ਨੂੰ ਕੁੱਝ ਦੇਵੇਗੀ, ਬਲਕਿ ਇਕ-ਮੁੱਠ ਹੋ ਕੇ ਆਪਣੇ ਰੁਜ਼ਗਾਰ ਲਈ ਆਪ ਹੀ ਉਪਰਾਲਾ ਕਰੋ। ਆਪਣੇ ਰੁਜ਼ਗਾਰ ਲਈ ਆਪ ਹੀ ਸਾਧਨ ਪੈਦਾ ਕਰੋ। ਸਾਰੀਆਂ ਯੂਨੀਅਨਾਂ/ਐਸੋਸੀਏਸ਼ਨਾਂ ਇਕਮੁੱਠਤਾ ਬਣਾ ਕੇ ਹਰ ਸ਼ਹਿਰ ਵਿਚ ਕਿਸੇ ਵੀ ਕਿਸਮ ਦੀ ਕੋਈ ਵਰਕਸ਼ਾਪ ਬਣਾਓ, ਜਿੱਥੇ ਅੰਗਹੀਣ ਸਾਥੀਆਂ ਦੇ ਨਾਲ-ਨਾਲ ਨਾਰਮਲ ਵਿਅਕਤੀਆਂ ਨੂੰ ਵੀ ਕੰਮ ਕਰਨ ਦਾ ਮੌਕਾ ਮਿਲੇ। ਕੋਈ ਐਸਾ ਉਪਰਾਲਾ ਕਰੋ ਕਿ ਆਪਾਂ ਅੰਗਹੀਣ ਹੁੰਦੇ ਹੋਏ ਵੀ ਨਾਰਮਲ ਵਿਅਕਤੀਆਂ ਲਈ ਵੀ ਰੁਜ਼ਗਾਰ ਦੇ ਸਾਧਨ ਪੈਦਾ ਕਰੀਏ।

”ਪਰਿੰਦਿਆਂ ਨੂੰ ਨਹੀਂ ਦਿੱਤੀ ਜਾਂਦੀ ਤਾਲੀਮ ਉੜਾਨ ਦੀ, ਉਹ ਖੁਦ ਹੀ ਤਹਿ ਕਰਦੇ ਹਨ ਮੰਜਿਲ ਆਸਮਾਨ ਦੀ।
ਰੱਖਦਾ ਹੈ ਜੋ ਹੌਸਲਾ ਆਸਮਾਨ ਨੂੰ ਛੂਹਣ ਦਾ, ਉਸ ਨੂੰ ਪਰਵਾਹ ਨਹੀਂ ਹੁੰਦੀ ਗਿਰ ਜਾਣ ਦੀ॥”

— ਰੋਹਿਤ ਗਰਗ,
(ਫੋਨ: +91-9501022037, 9781522037) ਪ੍ਰੀਤ ਨਗਰ, ਸੁਨਾਮ (ਜਿਲ੍ਹਾ ਸੰਗਰੂਰ)।
ਜਨਰਲ ਸਕੱਤਰ, ਕੰਨਫੈਡਰੇਸ਼ਨ ਫਾਰ ਚੈਲੇਂਜ਼ਡ ਪਰਸਨਜ਼,
ਮੁੱਖ ਦਫਤਰ ਸੁਨਾਮ।

ਸਰੀਰਕ ਤੌਰ ‘ਤੇ ਅਪਾਹਿਜ
ਨੂੰ
ਮੈਂ ਅਪਾਹਿਜ ਨਹੀਂ ਮੰਨਦੀ,
ਮੇਰੀ ਨਜ਼ਰ ਵਿੱਚ
ਅਪਾਹਿਜ ਉਹ ਨੇ
ਜੋ ਸਰੀਰਕ ਤੌਰ ‘ਤੇ ਪੂਰੇ ਤਾਂ ਹੁੰਦੇ ਨੇ,
ਪਰ ਉਨ੍ਹਾਂ ਦੀ ਸੋਚ
ਅਪਾਹਿਜ
ਹੁੰਦੀ ਹੈ
                                                           (ਭਵਨਦੀਪ ਕੌਰ ਸਮਰਾਉ)

Welcome to Punjabi Akhbar

Install Punjabi Akhbar
×