ਮੂਰਖ ਲੱਕੜਹਾਰੇ ਦੇ ਵਾਰਿਸ ਹਨ ਬਿਨਾਂ ਸਿੰਗਾਂ ਵਾਲੇ ਮੂਰਖ!!!!

ਸੋਚ ਕੇ ਦੇਖੋ ਕਿ ਜੇ ਮੂਰਖਾਂ ਦੇ ਸਚਮੁੱਚ ਹੀ ਸਿੰਗ ਉੱਗੇ ਹੁੰਦੇ ਤਾਂ ਕੀ ਹੁੰਦਾ? ਮੂਰਖ ਤਾਂ ਬਿਨਾਂ ਸਿੰਗਾਂ ਤੋਂ ਹੀ ਮਾਣ ਨਹੀਂ, ਜੇ ਹੁੰਦੇ ਤਾਂ ਹਰ ਤੀਜੇ ਚੌਥੇ ਬੰਦੇ ਦੀ ਬੱਖੀ ਭਰਿਆੜ ਹੋਈ ਦਿਸਿਆ ਕਰਨੀ ਸੀ। ਪਹਿਚਾਣ ਦੇ ਮਾਮਲੇ ਚ ਮੂਰਖਾਂ ਦਾ ਪਤਾ ਉਹਨਾਂ ਦੀਆਂ ਕਰਤੂਤਾਂ ਤੋਂ ਲੱਗ ਜਾਂਦੈ। ਇਸੇ ਕਰਕੇ ਹੀ ਅਕਸਰ ਇਸ ਸ਼੍ਰੇਣੀ ਦੇ ਲੋਕਾਂ ਬਾਰੇ ਕਿਹਾ ਜਾਂਦੈ ਕਿ “ਹੋਰ ਕਿਹੜਾ ਮੂਰਖਾਂ ਦੇ ਸਿੰਗ ਹੁੰਦੇ ਨੇ।” ਬੇਸ਼ੱਕ ਇਸ ਸ੍ਰੇਣੀ ਵਾਲੇ ਪ੍ਰਾਣੀ ਹਰ ਖੇਤਰ ਵਿੱਚ ਆਮ ਪਾਏ ਜਾਂਦੇ ਹਨ ਪਰ ਸੱਭਿਆਚਾਰ ਦੀ ਸੇਵਾ ਦੇ ਨਾਂਅ ਤੇ ਇਹਨਾਂ ਵੱਲੋਂ ਜੋ ਧੂੜ ਚ ਟੱਟੂ ਭਜਾਇਆ ਜਾ ਰਿਹਾ ਹੈ, ਸਭ ਦੇ ਸਾਹਮਣੇ ਹੈ। ਅਕਲ ਨੂੰ ਬੇਬੇ ਵਾਲੇ ਸੰਦੂਕ ਚ ਰੱਖ ਕੇ ਉੱਪਰੋਂ ਮੁੱਠੀ ਜਿੰਦਰਾ ਮਾਰੀ ਬੈਠੇ ਇਹ ਲੋਕ ਭੁੱਲ ਜਾਂਦੇ ਹਨ ਕਿ ਇਹਨਾਂ ਦੇ ਟੱਟੂ ਦੀ ਉਡਾਈ ਧੂੜ ਲੋਕਾਂ ਦੇ ਦਿਮਾਗਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਕਹਿੰਦੇ ਹਨ ਕਿ “ਬੂਝੜ ਪੁੱਤ ਨਾ ਜੰਮੀਏ, ਧੀ ਅੰਨ੍ਹੀ ਚੰਗੀ”। ਉਹਨਾਂ ਮਾਪਿਆਂ ਤੇ ਤਰਸ ਕਰਨਾ ਬਣਦਾ ਹੈ ਜਿਹਨਾਂ ਦੇ ਘਰ ਇਸ ਸ੍ਰੇਣੀ ਦੇ ਪੁੱਤਾਂ ਨੇ ਅਵਤਾਰ ਧਾਰਿਆ ਹੈ। ਜਿਹੜੇ ਸੱਭਿਅਕ ਜਾਂ ਅਸੱਭਿਅਕ ਦਾ ਫਰਕ ਵੀ ਨਹੀਂ ਜਾਣਦੇ। ਜਵਾਨੀ ਦੀਆਂ ਜੜ੍ਹਾਂ ਚ ਤੇਲ ਦੇਣ ਦਾ ਫ਼ਰਜ਼ ਅਦਾ ਨਿਰੰਤਰ ਕਰੀ ਜਾ ਰਹੇ ਹਨ। ਪੰਜਾਬੀ ਗਾਇਕੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਭੇਡਚਾਲ ਦਾ ਸ਼ਿਕਾਰ ਹੈ ਇਹਨੀਂ ਦਿਨੀਂ। ਜੇ ਇੱਕ ਕੈਸੇਟ ਤੇ ਪੈਸੇ ਖਰਚ ਕਰਨ ਨਾਲੋਂ ਫਿਲਮ ਬਨਾਉਣ ਦੀ ਭੇਡਚਾਲ ਸ਼ੁਰੂ ਹੋਈ ਤਾਂ ਜਣਾ ਖਣਾ ਹੀਰੋ ਬਣਨ ਦਾ ਸੁਪਨਾ ਦੇਖ ਬੈਠਾ। ਆਪਣੀ ਅਕਲ ਤੇ ਸ਼ਕਲ ਦਾ ਜਨਾਜ਼ਾ ਤਾਂ ਕੱਢਿਆ ਹੀ ਸਗੋਂ ਪੰਜਾਬੀ ਫਿਲਮਾਂ ਦੀ ਰਹਿੰਦੀ ਖੂੰਹਦੀ ਬੇੜੀ ਚ ਵੀ ਮੋਰੀਆਂ ਕਰ ਦਿੱਤੀਆਂ। ਕਾਲਜਾਂ ਦੇ ਗੀਤਾਂ ਮਗਰ ਪਏ ਤਾਂ ਹੜ੍ਹ ਲਿਆ ਦਿੱਤਾ। ਚੰਡੀਗੜ੍ਹ ਦੇ ਪੇਇੰਗ ਗੈਸਟ ਹਾਊਸਜ (ਪੀ ਜੀ) ਬਾਰੇ ਗਾਉਣਾ ਸ਼ੁਰੂ ਕੀਤਾ ਤਾਂ ਤੌਬਾ ਤੌਬਾ ਕਰਵਾ ਦਿੱਤੀ। ਫਿਰ ਇੱਕਦਮ ਹੀ ਕਿਸਾਨ ਦੀ ਹੋਣੀ ਦਾ ਵਾਸਤਾ ਪਾਉਂਦੇ ਗੀਤਾਂ ਦੀ ਹਨੇਰੀ ਝੁੱਲ ਗਈ (ਜਿਸਨੂੰ ਸਰਾਹੁਣਾ ਵੀ ਬਣਦਾ ਹੈ) ਤੇ ਉਸਤੋਂ ਇੱਕਦਮ ਬਾਦ ਪਿੰਡਾਂ ਤੇ ਸ਼ਹਿਰਾਂ ਦੇ ਫਰਕਾਂ ਬਾਰੇ ਚਾਨਣਾ ਪਾਉਂਦੇ ਗੀਤਾਂ ਦਾ ਭੁਚਾਲ। ਪਹਿਲਾਂ ਕੰਪਨੀਆਂ ਖੁਦ ਪੱਲਿਉਂ ਪੈਸੇ ਕਰਕੇ ਆਪਣੀਆਂ ਵਸਤਾਂ ਦੀ ਮਸ਼ਹੂਰੀ ਕਰਦੀਆਂ ਸਨ, ਪਰ ਸਾਡੇ ਗਾਇਕਾਂ ਨੇ ਆਪਣੇ ਗੀਤਾਂ ਰਾਹੀਂ ਉਹਨਾਂ ਵਸਤਾਂ ਦੀ ਮੁਫਤੋ ਮੁਫਤ ਮਸ਼ਹੂਰੀ ਕਰ ਛੱਡੀ। “ਤੂੰ ਅਰਮਾਨੀ ਜੀਨ ਪਾਉਣ ਲੱਗ ਗਈ, ਅਸੀਂ ਖਦਰ ਦਾ ਪਜਾਮਾ ਪਾਉਨੇ ਆਂ”, “ਤੇਰੇ ਰੇਅਬੈਨ ਦੀਆਂ ਐਨਕਾਂ ਨੀ, ਸਾਡੀਆਂ ਅੱਖਾਂ ਚ ਲਿਸ਼ਕੋਰਾਂ ਪੈਂਦੀਆਂ”, “ਤੇਰੇ ਕੋਲ ਮਹਿੰਗੇ ਬੈਗ ਆ, ਸਾਡੀ ਖਾਲੀ ਜੇਬ”, “ਜੇ ਤੇਰੇ ਕੋਲ ਐਕਟੀਵਾ ਤਾਂ ਸਾਡੇ ਕੋਲ ਬੁਲਟ ਹੈ”, “ਤੂੰ ਲੈਂਸਰ ਚ ਘੁੰਮਦੀ ਐਂ, ਸਾਡੇ ਕੋਲ ਫੋਰਡ ਹੈ” ਵਗੈਰਾ ਵਗੈਰਾ ਹੋਰ ਵੀ ਬਥੇਰੇ ਅਜਿਹੀ ਸ਼ਬਦਾਵਲੀ ਵਾਲੇ ਗੀਤ ਹੋਣਗੇ ਜੋ ਸਿਰਫ ਤੇ ਸਿਰਫ ਖਾਨਾਪੂਰਤੀ ਲਈ ਲਿਖੇ ਤੇ ਗਾਏ ਜਾ ਰਹੇ ਹਨ। ਭਰਮ ਪਾਲ ਲਿਆ ਜਾਂਦੈ ਕਿ ਅਸੀਂ ਗਾਇਕ ਬਣ ਗਏ, ਗੀਤਕਾਰ ਬਣ ਗਏ। ਗਾਇਕ ਜਾਂ ਗੀਤਕਾਰ ਵੀ ਇਸੇ ਸਮਾਜ ਦਾ ਅੰਗ ਹੈ, ਫਿਰ ਉਹ ਕਿਉਂ ਭੁੱਲ ਜਾਂਦੈ ਕਿ ਇਸ ਸਮਾਜ ਚ ਰਹਿੰਦੇ ਲੋਕ ਪਲ ਪਲ ਦੁਸ਼ਵਾਰੀਆਂ ਦੀ ਮਾਰ ਝੱਲਦੇ ਹਨ। ਕਿਉਂ ਗਾਇਕ ਗੀਤਕਾਰ ਨੂੰ ਸਕੂਲਾਂ ਚ ਪੜ੍ਹਦੀਆਂ ਆਪਣੀਆਂ ਬੇਟੀਆਂ ਦੀ ਉਮਰ ਦੀਆਂ ਕੁੜੀਆਂ ਵੀ ਮਸ਼ੂਕਾਂ ਦਿਸਣ ਲੱਗ ਜਾਂਦੀਆਂ ਹਨ। ਬਿਨਾਂ ਸਿੰਗਾਂ ਵਾਲੇ ਇੱਕ ਮੂਰਖ ਦੇ ਗੀਤ ਦੀ ਵੀਡੀਓ ਦੇਖ ਰਿਹਾ ਸਾਂ ਤਾਂ ਸ਼ਰੂਆਤ ਇੱਕ ਸਰਕਾਰੀ ਸਕੂਲ ਦੇ ਮੁੱਖ ਦਰਵਾਜੇ ਨੂੰ ਦਿਖਾ ਕੇ ਕੀਤੀ ਗਈ। ਮੁੰਡਾ ਸਕੂਲੀ ਵਰਦੀ ਚ ਹੈ ਤੇ ਕੁੜੀ ਫੋਨ ਤੇ ਗੱਲ ਕਰਦੀ ਦਿਖਾਈ ਗਈ ਓਹ ਵੀ ਪਿੰਡ ਦੀ ਕੁੜੀ। ਸੰਘਣੀ ਵਸੋਂ ਵਾਲੇ ਪਿੰਡ ਦੇ ਕੋਠੇ ਟੱਪਦਾ ਮੁੰਡਾ ਕੁੜੀ ਕੋਲ ਪਹੁੰਚਦਾ ਹੈ। ਕੁੜੀ ਦੇ ਕੱਪੜੇ ਅਜਿਹੇ ਪਾਏ ਹੋਏ ਹਨ ਜਿੰਨੇ ਕੁ ਤੈਰਾਕੀ ਦੇ ਖਿਡਾਰੀਆਂ ਦੇ ਪਾਏ ਹੁੰਦੇ ਹਨ। ਇਹ ਸਭ ਕੁਝ ਸ਼ਰੇਆਮ ਟੈਲੀਵਿਜ਼ਨ ਤੇ ਚੱਲ ਰਿਹਾ ਹੈ ਪਰ ਮੋਤੀਆਂ ਵਾਲੀ ਸਰਕਾਰ ਗੂੜ੍ਹੀ ਨੀਂਦ ਸੌਂ ਰਹੀ ਹੈ। ਕਿਸੇ ਭਲੇ ਪੁਰਸ਼ ਨੇ ਇਹ ਵੀ ਉਸ ਗਾਇਕ ਨੂੰ ਪੁੱਛਣ ਦਾ ਹੀਆ ਨਹੀਂ ਕੀਤਾ ਕਿ ਕੀ ਤੁਹਾਡੇ ਘਰ ਇਸ ਤਰ੍ਹਾਂ ਦੇ ਕੱਪੜੇ ਪਹਿਨੇ ਜਾਂਦੇ ਹਨ? ਪਹਿਲਾਂ ਹੀ ਸਰਕਾਰੀ ਮਾਰਾਂ ਝੱਲ ਰਹੇ ਸਰਕਾਰੀ ਸਕੂਲਾਂ ਦਾ ਇਸ ਤਰ੍ਹਾਂ ਦੇ ਗੀਤਾਂ ਚ ਜਿਕਰ ਕਰ ਕੇ ਕਿਸ ਸਾਜ਼ਿਸ਼ ਤਹਿਤ ਬੇੜਾ ਗਰਕ ਕੀਤਾ ਜਾ ਰਿਹਾ ਹੈ? ਪਰ ਇਸ ਗੱਲ ਨੇ ਸੰਤੁਸ਼ਟੀ ਜਰੂਰ ਦਿੱਤੀ ਕਿ ਜਾਗਰੂਕ ਸਿਰ ਖੁਦ ਵੀ ਅਜਿਹੇ ਜੱਭ੍ਹਲ ਪੁੱਤਾਂ ਨੂੰ ਸਵਾਲ ਕਰਨ ਲੱਗੇ ਹਨ। ਇੱਕ ਰੇਡੀਓ ਪੇਸ਼ਕਾਰ ਵੀਰ ਨੇ ਇਸੇ ਗਾਇਕ ਨੂੰ ਸਵਾਲ ਕੀਤਾ ਕਿ “ਵੀਰ ਜੀ, ਤੁਹਾਡੇ ਘਰ ਜਾਂ ਰਿਸ਼ਤੇਦਾਰੀ ਚੋਂ ਮਾਮੇ ਭੂਆ ਦੀ ਕੁੜੀ ਤਾਂ ਹੋਵੇਗੀ ਹੀ ਜਿਸਨੂੰ ਤੁਸੀਂ ਭੈਣ ਕਹਿੰਦੇ ਹੋਵੋਗੇ? ਕੀ ਤੁਹਾਡੇ ਗੀਤ ਤੋਂ ਸਬਕ ਲੈ ਕੇ ਕੋਈ ਹੋਰ ਤੁਹਾਡੀ ਛੱਤ ਤੇ ਨਹੀਂ ਚੜ੍ਹ ਬੈਠੇਗਾ?” ਤਾਂ ਬੇਹੂਦਗੀ ਤੇ ਮੀਸਣੇਪਣ ਦੀ ਹੱਦ ਸੀ ਕਿ ਗਾਇਕ ਸਾਬ੍ਹ ਸਾਫ ਹੀ ਮੁੱਕਰ ਗਏ ਅਖੇ, “ਮੈਂ ਵੀ ਕੱਲਾ ਹੀ ਪੁੱਤ ਹਾਂ ਤੇ ਡੈਡੀ ਵੀ ਕੱਲੇ ਈ ਸੀ।” ਉਸ ਪੇਸ਼ਕਾਰ ਵੀਰ ਨੇ ਗਾਇਕ ਦੇ ਸਾਹਮਣੇ ਹੀ ਅਰਦਾਸ ਕੀਤੀ ਕਿ “ਗੁਰੂ ਮਹਾਰਾਜ ਤੁਹਾਡੇ ਘਰ ਬੇਟੀ ਦੀ ਦਾਤ ਜਰੂਰ ਦੇਣ।” ਇਸ ਦੁਆ ਨੂੰ ਮੈਂ ਉਸ ਗਾਇਕ ਦੇ ਮੂੰਹ ਤੇ ਦੁਨੀਆ ਦਾ ਸਭ ਤੋਂ ਵੱਡਾ ਲੱਫੜ ਵੱਜਿਆ ਮੰਨਦਾ ਹਾਂ ਜਿਸਨੂੰ ਇਹਨਾਂ ਸ਼ਬਦਾਂ ਦੀ ਰੜਕ ਹਰ ਵਕਤ ਪੈਂਦੀ ਰਹੇਗੀ। ਇਹਨੀਂ ਦਿਨੀਂ ਇੱਕ ਹੋਰ ਗੀਤ ਕਾਫੀ ਚਰਚਾ ਚ ਰਿਹਾ ਜਿਸ ਵਿੱਚ ਪਿੰਡਾਂ ਦੇ ਮੁੰਡਿਆਂ ਨੂੰ ਚੱਕਵੀਂ ਮੰਡੀਰ ਦਾ ਖਿਤਾਬ ਬਖਸ਼ਿਆ ਗਿਆ ਹੈ। ਗੀਤ ਚ ਸਹਿਰ ਦੀ ਕੁੜੀ ਨੂੰ ਪਿੰਡਾਂ ਦੇ ਮੁੰਡਿਆਂ ਦੇ ਗੁਣਾਂ ਤੋਂ ਜਾਣੂੰ ਕਰਵਾਇਆ ਗਿਆ ਹੈ। ਬੇਸ਼ੱਕ ਆਪਣੇ ਆਪ ਨੂੰ ਮੰਡੀਰ ਅਖਵਾ ਕੇ  ਅੱਲੜ੍ਹ ਉਮਰ ਦੇ ਮੁੰਡੇ ਖੁੰਡੇ  ਕੱਛਾਂ ਵਜਾ ਰਹੇ ਹੋਣ ਪਰ ਉਹਨਾਂ ਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਅਜਿਹੇ ਗੀਤ ਹੀ ਉਹਨਾਂ ਦੇ ਅਗਲੇ ਰਾਹਾਂ ਲਈ ਕੰਡੇ ਬੀਜ ਰਹੇ ਹਨ। ਜਿਹੜਾ ਸਕੂਲ ਦੇ ਪਿੱਛੋਂ ਦੀ ਵੀ ਪਸ਼ੂ ਲੈ ਕੇ ਨਹੀਂ ਲੰਘਿਆ ਹੁੰਦਾ, ਉਹ ਯੂਨੀਵਰਸਿਟੀਆਂ ਚ ਹੁੰਦੀ ਆਸ਼ਿਕੀ ਦੇ ਗੀਤ ਗਾ ਰਿਹਾ ਹੁੰਦੈ। ਜਿਸਨੂੰ ਪਿੰਡ ਦੇ ਲੋਕ ਵੀ ਸਿੱਧੇ ਮੂੰਹ ਬੁਲਾ ਕੇ ਖੁਸ਼ ਨਾ ਹੋਣ ਉਸਦੇ ਗੀਤਾਂ ਚ ਉਸਨੂੰ ਦੁਨੀਆ ਸਲਾਮਾਂ ਕਰਦੀ ਦਿਸਦੀ ਹੈ। ਜਿਸਨੇ ਕਦੇ ਚੰਡੀਗੜ੍ਹ ਨੂੰ ਜਾਂਦੀ ਬੱਸ ਵੀ ਨਾ ਦੇਖੀ ਹੋਵੇ, ਉਹ ਬਾਪੂ ਦੇ ਸਿਆੜ ਵੇਚ ਕੇ ਚੰਡੀਗੜ੍ਹ ਚ ਹੁੰਦੀ ਆਸ਼ਕੀ ਦੀਆਂ ਬਾਤਾਂ ਸੁਣਾ ਧਰਦੈ। ਇਹਨਾਂ ਬਿਨਾਂ ਸਿੰਗਾਂ ਵਾਲੇ ਮੂਰਖਾਂ ਦੀ ਤੁਲਨਾ ਉਸ ਮੂਰਖ ਲੱਕੜਹਾਰੇ ਨਾਲ ਕਰਨੀ ਬਣਦੀ ਹੈ ਜੋ ਉਸੇ ਟਾਹਣੇ ਨੂੰ ਵੱਢ ਰਿਹਾ ਸੀ ਜਿਸ ਉੱਪਰ ਬੈਠਾ ਸੀ। ਅਜਿਹਾ ਕੁਝ ਹੀ ਅਜੋਕੇ ਦੌਰ ਚ ਹੋ ਰਿਹੈ। ਚੰਡੀਗੜ੍ਹ ਜਾਂ ਹੋਰ ਸ਼ਹਿਰਾਂ ਨੂੰ ਕੁੜੀ ਤੇ ਆਸ਼ਕੀ ਨਾਲ ਜੋੜ ਕੇ ਖੂਬ ਭੰਡਿਆ ਜਾ ਰਿਹੈ। ਇਹਨਾਂ ਨੂੰ ਸਵਾਲ ਕਰਨਾ ਬਣਦੈ ਕਿ ਕੀ ਇਹ ਆਪਣੀ ਧੀ, ਭੈਣ ਨੂੰ ਉਚੇਰੀ ਸਿੱਖਿਆ ਲਈ ਆਪਣੇ ਪਿੰਡ ਹੀ (ਖੁਦ) ਬਾਪੂ ਦੇ 40 ਕਿੱਲਿਆਂ ਦੇ ਟੱਕ ਵਿੱਚ ਯੂਨੀਵਰਸਿਟੀ ਬਣਾ ਕੇ ਪੜ੍ਹਾਉਣਗੇ? ਕੀ ਉਸ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਨਹੀਂ ਲੈਣਗੇ ਜਿਹੜੀ ਚੰਡੀਗੜ੍ਹ ਜਾਂ ਕਿਸੇ ਹੋਰ ਸ਼ਹਿਰ ਚੋਂ ਪੜ੍ਹੀ ਹੋਵੇ?? ਓਏ ਮੂਰਖੋ, ਜਿਸ ਸ਼ੁਹਰਤ ਦੀ ਆਸ ਵਿੱਚ ਗੰਦ ਪਿੱਲ ਗਾ ਰਹੇ ਹੋ, ਉਹ ਵਿਆਜ ਸਮੇਤ ਇੱਕ ਦਿਨ ਤੁਹਾਡੇ ਘਰ ਦੇ ਮੁੱਖ ਦਰਵਾਜੇ ਤੇ ਜਰੂਰ ਪਿਆ ਹੋਵੇਗਾ ਤੇ ਓਸ ਦਿਨ ਤੁਹਾਡਾ ਵੱਡਾ ਹੋਇਆ ਨੱਕ ਚੱਪਣੀ ਚ ਵੀ ਨਹੀਂ ਡੁੱਬਣਾ। ਸ਼ਹਿਰਾਂ ਚ ਰਹਿ ਕੇ ਆਪਣੇ ਪੇਂਡੂਪੁਣੇ ਨੂੰ ਪੱਠੇ ਪਾਉਣ ਵਾਲਿਓ! ਤੁਹਾਡੇ ਇਹਨਾਂ ਗਾਣਿਆਂ ਰੂਪੀ ਕਰਤੂਤਾਂ ਕਰਕੇ ਚੰਗੇ ਭਲੇ ਪੜ੍ਹਨ ਲਿਖਣ ਵਾਲਿਆਂ ਨੂੰ ਵੀ ਸ਼ਹਿਰਾਂ ਚ ਰਹਿਣ ਲਈ ਕਮਰੇ ਕਿਰਾਏ ਤੇ ਨਹੀਂ ਮਿਲਣੇ। ਫਿਰ ਬਾਪੂ ਵਾਲੇ ਟੱਕ ਸ਼ਹਿਰ ਚ ਲਿਆ ਕੇ ਕੋਠੀ ਨਹੀਂ ਪੈਣੀ। ਤਰਸ ਕਰੋ ਤੇ ਆਪਣੀ ਜੀਭਾਂ ਰਾਹੀਂ ਅਜਿਹਾ ਗੰਦ ਹੋਰ ਨਾ ਖਿਲਾਰੋ। ਚੱਕਵੀਂ ਮੰਡੀਰ ਸ਼ਬਦਾਂ ਦੇ ਅਰਥ ਲੱਭਣ ਲੱਗਾ ਤਾਂ ਇੱਕ ਬਜ਼ੁਰਗ ਨੂੰ ਪੁੱਛ ਬੈਠਾ, “ਬਜ਼ੁਰਗੋ, ਭਲਾ ਆਹ ਚੱਕਵੀਂ ਮੰਡੀਰ ਕੀ ਬਲਾ ਹੁੰਦੀ ਐ?” ਬਜ਼ੁਰਗ ਨੇ ਦਾਹੜੇ ਤੇ ਹੱਥ ਫੇਰਦਿਆਂ ਕਿਹਾ, “ਸ਼ੇਰ ਬੱਗਿਆ! ਪਿੰਡਾਂ ਚ ਅਵਾਰਾ ਫਿਰਦੇ ਕੁੱਤਿਆਂ ਨੂੰ ਕਤੀੜ ਕਹਿੰਦੇ ਆ ਤੇ ਅਵਾਰਾ ਫਿਰਦੇ ਵਿਹਲੜਾਂ ਨੂੰ ਮੰਡੀਰ ਕਹਿੰਦੇ ਆ।” ਬਾਬੇ ਨੇ ਇੱਕ ਸਤਰ ਚ ਹੀ ਗੱਲ ਮੁਕਾ ਧਰੀ। ਜਿਹੜੇ ਵੀਰ ਇਸ ਤਰ੍ਹਾ ਦੇ ਗੀਤਾਂ ਦੇ ਪੱਖ ਚ ਆਣ ਖਲੋਂਦੇ ਹਨ, ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਬਾਬੇ ਵੱਲੋਂ ਮੰਡੀਰ ਸ਼ਬਦ ਦੀ ਵਿਆਖਿਆ ਪੜ੍ਹੋ ਫੇਰ ਭਾਵੇਂ ਉੱਚੀ ਆਵਾਜ਼ ਚ ਗੀਤ ਲਾ ਕੇ ਸਾਰਾ ਟੱਬਰ ਭੰਗੜਾ ਪਾਓ।

One thought on “ਮੂਰਖ ਲੱਕੜਹਾਰੇ ਦੇ ਵਾਰਿਸ ਹਨ ਬਿਨਾਂ ਸਿੰਗਾਂ ਵਾਲੇ ਮੂਰਖ!!!!

  1. Bai ji bahut khoobsurat shabad ne swaad aa gia padke … tusin ik jag rook sir wala apna farz poora keeta baaki moorkhan De pale koi gall paini saukha kamm nahi hai..

Comments are closed.

Install Punjabi Akhbar App

Install
×