ਖਰੇ ਸੱਭਿਆਚਾਰ ਨੂੰ ਖੋਰਦੀ ਖੋਟੀ ਗਾਇਕੀ ਤੇ ਗੀਤਕਾਰੀ

ਸਿਆਣੇ ਕਹਿੰਦੇ ਨੇ ਕਿ ਸੱਭਿਆਚਾਰ ਕਿਸੇ ਸਮਾਜ ਦਾ ਆਈਨਾ ਹੁੰਦਾ ਹੈ। ਸੰਪੂਰਨ ਸਮਾਜ ਦੀ ਝਲਕ ਉਸ ਦੇ ਸੱਭਿਆਚਾਰ ਚੋਂ ਝਲਕਦੀ ਹੈ। ਕਿਸੇ ਵੀ ਸਮਾਜ ਦਾ ਸੱਭਿਆਚਾਰ ਉਸ ਸਮਾਜ ਨੂੰ ਇੱਕ ਐਸੀ ਲੜੀ ਚ ਪਰੋ ਕੇ ਰੱਖਦਾ ਹੇ ਜਿਸ ਰਾਹੀਂ ਇਨਸਾਨ ਆਪਣੀ ਹੱਦ ਨੂੰ ਪਾਰ ਨਹੀ ਕਰ ਸਕਦਾ। ਅਤੇ ਜੋ ਇਨਸਾਨ ਇਸ ਹੱਦ ਤੋਂ ਬਾਹਰ ਚਲੇ ਜਾਂਦੇ ਨੇ ਉਨਾਂ ਦਾ ਸਮਾਜ ਨਾਲੋ ਆਪਣਾ ਨਾਤਾ ਖਤਮ ਕਰ ਦਿੰਦਾ ਹੈ।
ਜਦੋਂ ਕਿਤੇ ਪੰਜਾਬੀ ਸੱਭਿਆਚਾਰ ਦੀ ਗੱਲ ਤੁਰਦੀ ਹੈ ਤਾਂ ਇਸ ਦੀਆਂ ਕਦਰਾਂ ਕੀਮਤਾਂ ਦੀ ਵਡਿਆਈ ਕੀਤੇ ਬਿਨਾਂ ਰਹਿਆਂ ਨਈਂ ਜਾ ਸਕਦਾ। ਇਸ ਦੀ ਅਮੀਰ ਸੱਭਿਅਤਾ ਬਹੁਤ ਖਰੀ ਅਤੇ ਸਾਦਗੀ ਵਾਲੀ ਹੈ। ਪੰਜਾਬੀ ਸੱਭਿਆਚਾਰ ਦੀ ਇਹ ਖੁਸ਼ਕਿਸਮਤੀ ਕਹੀ ਜਾ ਸਕਦੀ ਹੈ ਕਿ ਪੰਜਾਬੀ ਗਾਇਕੀ ਨੇ ਹਮੇਸ਼ਾ ਹੀ ਇਸ ਨੂੰ ਚਾਰ ਚੰਨ ਲਾਏ। ਵਕਤ ਦੇ ਨਾਲ ਬੇਸ਼ੱਕ ਇਸ ਵਿੱਚ ਬਦਲਾਅ ਆਉਂਦੇ ਰਹੇ। ਪਰ ਕਦੇ ਵੀ ਪੰਜਾਬੀ ਸਮਾਜ ਚੋਂ ਇਸ ਗਾਇਕੀ ਦੇ ਖਿਲਾਫ ਕੋਈ ਅਵਾਜ ਨਹੀ ਉੱਠੀ। ਜਿਸ ਦਾ ਸਿੱਧਾ ਮਤਲਬ ਹੈ ਕਿ ਸਾਡੇ ਸਮਾਜ ਨੇ ਸਾਡੀ ਗਾਇਕੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ।
ਪਰ ਜੇ ਅਜੋਕੇ ਦੌਰ ਦੀ ਗੱਲ ਕਰੀਏ ਤਾਂ ਸਾਡੀ ਹਾਲਤ ਕਾਫੀ ਪਤਲੀ ਹੋ ਚੁੱਕੀ ਹੈ। ਲੱਚਰਤਾ, ਮਾਰ-ਧਾੜ ਵਾਲੇ ਸੰਦਰਭ ਵਿੱਚ ਪੰਜਾਬੀ ਗਾਇਕੀ ਅੱਜ ਸਭ ਤੋਂ ਮੁਹਰਲੀ ਕਤਾਰ ਚ ਖੜੀ ਹੈ। ਅੱਜ ਜਿੱਥੇ ਸਾਡੀ ਗਾਇਕੀ ਨੇ ਸਾਡੇ ਸੱਭਿਆਚਾਰ ਦੀ ਮਿੱਟੀ ਪੁੱਟਣ ਚ ਕੋਈ ਕਸਰ ਨਹੀਂ ਛੱਡੀ ਉੱਥੇ ਕੱਚੀ ਗੀਤਕਾਰੀ ਨੇ ਵੀ ਇਸ ਦੀਆਂ ਜੜਾਂ ਚ ਕੌੜਾ ਤੇਲ ਪਾਉਣ ਵਰਗਾ ਹੀ ਕਾਰਜ ਕੀਤਾ ਹੈ। ਕਾਲਜਾਂ ਚ ਪੜਦੇ ਗੀਤਕਾਰਾਂ ਨੂੰ ਨਾ ਤਾਂ ਸਾਡੇ ਸੱਭਿਆਚਾਰ ਦੇ ਅਰਥ ਪਤਾ ਹਨ। ਨਿੱਜੀ ਜਿੰਦਗੀ ਚ ਜੋ ਸੋਚਿਆ ਜੋ ਮਹਿਸੂਸ ਕੀਤਾ ਉਸੇ ਨੂੰ ਸ਼ਬਦਾਂ ਚ ਤੂੜ ਕੇ ਗੀਤ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰ ਦਿੱਤਾ। ਅੱਗੇ ਸੁਣਨ ਵਾਲੇ ਵੀ ਸੱਭਿਆਚਾਰ ਤੋਂ ਦੁਰ ਸਨ, ਉਨਾਂ ਦੀ ਸੋਚ ਵੀ ਇਸੇ ਸੰਦਰਭ ਚ ਘੁੰਮ ਰਹੀ ਸੀ ਅਤੇ ਫਿਰ ਅੰਨੇ ਨੂੰ ਕੋੜੀ ਸੌ ਕੋਹ ਤੋਂ ਟੱਕਰਨ ਵਾਲੀ ਕਹਾਵਤ ਸੱਚ ਹੋ ਗਈ।
ਕੋਈ ਕਿਸੇ ਕੁੜੀ ਦੇ ਲੱਕ ਦਾ ਮੇਚ ਲੈ ਰਿਹਾ ਹੈ ਕੋਈ ਉਸ ਦਾ ਵਜਨ ਮਾਪਣ ਦੀ ਗੱਲ ਕਰ ਰਿਹਾ ਹੈ। ਕਮਾਲ ਦੀ ਗੱਲ ਤਾਂ ਇਹ ਐਸੇ ਅੱਤ ਘਟੀਆ ਦਰਜੇ ਦੇ ਗੀਤਾਂ ਨੂੰ ਅਸੀਂ ਸ਼ਰੇਆਮ ਵਿਆਹਾਂ ਸ਼ਾਦੀਆਂ ਚ ਵਜਦੇ ਸੁਣਦੇ ਹਾਂ। ਹੋਰ ਤਾਂ ਹੋਰ ਕਈਂ ਵਿਆਹਾਂ ਚ ਤਾਂ ਇਨਾਂ ਗੀਤਾਂ ਦੀਆਂ ਸਤਰਾਂ ਤੇ ਭੈਣ ਭਰਾ, ਮਾਮੇ ਮਾਸੀਆਂ, ਆਪਸ ਚ ਰਲ ਕੇ ਨੱਚ ਰਹੇ ਹੁੰਦੇ ਨੇ।
ਸਾਡੇ ਗਾਇਕਾਂ ਅਤੇ ਗੀਤਕਾਰਾਂ ਨੇ ਜੇ ਅੱਜ ਪੰਜਾਬੀ ਔਰਤ (ਕੁੜੀ) ਨੂੰ ਹੀ ਹਰ ਗੀਤ ਦਾ ਵਿਸ਼ਾ ਬਣਾਇਆ ਹੈ ਤਾਂ ਇਸ ਵਿੱਚ ਵੱਡਾ ਦੋਸ਼ ਸਾਡਾ ਵੀ ਹੈ। ਕਿਉਂਕਿ ਅਸੀਂ ਜੋ ਲੈ ਰਹੇ ਹਾਂ ਉਹ ਹੀ ਉਹ ਸਾਨੂੰ ਦੇ ਰਹੇ ਨੇ। ਜੇ ਅੱਜ ਕੱਚੀ ਪਿੱਲੀ ਗਾਇਕੀ ਤੇ ਗੀਤਕਾਰੀ ਵਿਕ ਰਹੀ ਹੈ ਤਾਂ ਸਾਨੂੰ ਪਰੋਸੀ ਜਾ ਰਹੀ ਹੈ। ਪੰਜਾਬੀ ਗਾਇਕਾਂ ਨੇ ਉਸ ਔਰਤ ਦੇ ਬਿੰਬ ਨੂੰ ਘਸਮੈਲਾ ਕਰਤਾ ਜਿਸ ਬਾਰੇ ਸਾਡੇ ਗੁਰੂਆਂ ਪੀਰਾਂ ਨੇ ਵੀ ਕਿਹਾ ਸੀ ਕਿ ਔਰਤ ਬਿਨਾਂ ਸਮਾਜ ਦੀ ਹੋਂਦ ਖਤਮ ਹੈ। ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀ ਆਉਂਦੀ ਕਿ ਗਾਇਕ ਔਰਤ ਦੀ ਤਾਰੀਫ ਕਰ ਰਹੇ ਨੇ ਜਾਂ ਨਿੰਦਿਆਂ। ਕੋਈ ਵੀ ਐਸਾ ਵਿਸ਼ਾ ਨਹੀ ਜਿਸ ਵਿੱਚ ਔਰਤ ਦੀ ਗੱਲ ਨਾਂ ਕੀਤੀ ਜਾਦੀ ਹੋਵੇ। ਪੰਜਾਬੀ ਔਰਤ ਦੇ ਨੋਰਏ ਕਿਰਦਾਰ ਨੂੰ ਤਾਰ-ਤਾਰ ਕਰਦੀ ਇਸ ਗਾਇਕੀ ਨੇ ਔਰਤ ਦੇ ਬਾਹਰ ਅੰਦਰ ਜਾਣ ਤੇ ਵੀ ਸਵਾਲੀਆਂ ਨਿਸ਼ਾਨ ਲਾ ਦਿੱਤੇ ਹਨ। ਕੀ ਸਾਡੀਆਂ ਧੀਆਂ ਭੈਣਾਂ ਕਾਲਜਾਂ ਸਕੂਲਾਂ ਚ ਸਿਰਫ ਗਲਤ ਕੰਮਾਂ ਲਈ ਹੀ ਜਾਂਦੀਆਂ ਹਨ? ਕੀ ਉਨਾਂ ਨੇ ਸਿਰਫ ਉੱਥੇ ਜਾ ਕੇ ਮੁੰਡਿਆਂ ਕੋਲੋ ਚਾਹਾਂ ਪੀਣੀਆਂ ਜਾਂ ਸਮੋਸੇ ਹੀ ਖਾਣੇ ਹਨ। ਇਹੀ ਹਨ ਅੱਜ ਪੰਜਾਬੀ ਗਾਇਕੀ ਦੇ ਵਿਸ਼ੇ। ਜਿੱਥੇ ਕੋਈ ਐਤਵਾਰ ਨੂੰ ਵੀ ਕਹਿੰਦਾ ਹੈ ਕਿ ਤੂੰ ਕੋਈ ਬਹਾਨਾਂ ਲਾ ਕੇ ਕਾਲਜ ਆ ਜਾਵੀਂ। ਹੱਦ ਹੋ ਗਈ ਸਾਡੇ ਗੀਤਕਾਰਾਂ ਦੀ ਸੋਚਣੀ ਕਿੱਥੇ ਜਾ ਕੇ ਰੁਕੇਗੀ। ਅੱਜ ਕੋਈ ਵੀ ਮਾਂ ਬਾਪ ਆਪਣੀ ਲੜਕੀ ਨੂੰ ਕਾਲਜ ਭੇਜਣ ਤੋਂ ਪਹਿਲਾਂ ਜਰੂਰ ਸੋਚਦਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਉਹ ਔਰਤ ਜੋ ਸਦੀਆਂ ਤੋਂ ਦਬਾਕੇ ਰੱਖੀ ਗਈ ਜੇ ਅੱਜ ਕੁੱਝ ਕਰਨ ਲੱਗੀ ਹੈ ਤਾਂ ਐਸੇ ਗਾਇਕਾਂ ਨੇ ਉਨਾਂ ਦੇ ਰਾਹ ਚ ਰੋੜਾ ਬਣਕੇ ਦਿੱਕਤਾਂ ਪੈਦਾ ਕਰ ਦਿੱਤੀਆਂ ਹਨ। ਕੀ ਔਰਤ ਦੇ ਹੋਰ ਰੂਪ ਐਸੇ ਗਾਇਕਾਂ ਤੇ ਗੀਤਕਾਰਾਂ ਨੂੰ ਨਜਰ ਨਹੀ ਆਉਂਦੇ? ਔਰਤ ਭੈਣ ਹੈ, ਮਾਂ ਹੈ, ਮਾਸੀ ਹੈ, ਮਾਮੀ ਹੈ, ਭੂਆ ਹੈ, ਹਰ ਰਿਸ਼ਤੇ ਚ ਔਰਤ ਮੌਜੂਦ ਹੈ ਫਿਰ ਕਿਉਂ ਇਹ ਗਾਇਕ ਸਿਰਫ ਇੱਕ ਹੀ ਵਿਸ਼ੇ ਦੀ ਜਨਮ ਦਾਤਾ ਮੰਨਦੇ ਨੇ ਔਰਤ ਨੂੰ?
ਪੰਜਾਬੀ ਸੱਭਿਆਚਾਰ ਅਤੇ ਗਾਇਕੀ ਲਈ ਬੜੇ ਫਖਰ ਦੀ ਗੱਲ ਹੈ ਕਿ ਇਸ ਵਿੱਚ ਜਿੱਥੇ ਮਰਦ ਗਾਇਕਾਂ ਨੇ ਯੋਗਦਾਨ ਪਾਇਆ ਉੱਥੇ ਔਰਤ ਗਾਇਕਾਵਾਂ ਨੇ ਵੀ ਬਹੁਤ ਕੁੱਝ ਦਿੱਤਾ ਪੰਜਾਬੀ ਗਾਇਕੀ ਨੂੰ। ਅੱਜ ਵੀ ਪੰਜਾਬੀ ਗਾਇਕੀ ਚ ਔਰਤਾਂ ਦੀ ਸ਼ਮੂਲੀਅਤ ਘੱਟ ਨਹੀ ਹੈ। ਪਰ ਜੇ ਅੱਜ ਦੀਆਂ ਇਨਾਂ ਔਰਤ ਗਾਇਕਾਵਾਂ ਦੀ ਗੱਲ ਕਰੀਏ ਤਾਂ ਗਿਣਤੀ ਉਂਝ ਬਹੁਤ ਹੈ ਪਰ ਨਰੋਈ ਤੇ ਸੱਭਿਆਚਾਰਕ ਗਾਉਣ ਵਾਲੀਆਂ ਤਾਂ ਉਂਗਲੀਆਂ ਤੇ ਗਿਣੀਆਂ ਜਾ ਸਕਦੀਆਂ ਹਨ। ਅਫਸੋਸ ਕਿ ਅੱਜ ਇਹ ਗਾਇਕ ਕੁੜੀਆਂ ਆਪਣੇ ਅਕਸ਼ ਨੂੰ ਖੁੱਦ ਧੁੰਦਲਾਂ ਕਰ ਰਹੀਆਂ ਹਨ। ਹੋਰ ਤਾਂ ਹੋਰ ਕਈਆਂ ਨੇ ਤਾਂ ਕਪੜੇ ਘੱਟ ਪਾ ਕੇ ਗਾਉਣਾਂ ਸ਼ੁਰੂ ਕਰ ਦਿੱਤਾ ਹੈ। ਅੱਜ ਗਲੇ ਦੀ ਗਾਇਕੀ ਦੇਖਣ ਦੀ ਬਣ ਕੇ ਰਹਿ ਗਈ ਹੈ ਅਤੇ ਦੇਖੇਗਾ ਵੀ ਉਹ ਜੋ ਖੁੱਦ ਘਟੀਆ ਸੋਚ ਦਾ ਧਾਰਨੀ ਹੋਵੇਗਾ। ਕਿਉਂਕਿ ਪਰਿਵਾਰ ਚ ਬੈਠ ਤਾਂ ਵੇਖਿਆ ਨਹੀਂ ਜਾ ਸਕਦਾ। ਖੁੱਦ ਹੀ ਔਰਤ ਅੋਰਤ ਦੀ ਦੁਸ਼ਮਣ ਬਣਦੀ ਜਾ ਰਹੀ ਹੈ। ਖੁੱਦ ਨੂੰ ਸੱਭਿਆਚਾਰ ਦੀ ਸੇਵਾ ਕਰਨ ਵਾਲੀਆਂ ਦੱਸਣ ਵਾਲੀਆਂ ਇਨਾਂ ਕੁੜੀਆਂ ਦੇ ਮਾਂ-ਪਿਓ ਇਹ ਸਭ ਕਿਵੇਂ ਬeਦਾਸ਼ਤ ਕਰਦੇ ਨੇ? ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਕੀ ਪੈਸੇ ਖਾਤਰ ਜਾਂ ਫਿਰ ਔਰਤ ਦੀ ਅਜਾਦੀ ਦਾ ਨਾਮ ਦੇ ਕੇ ਅੱਖਾਂ ਤੇ ਪੱਟੀ ਬੰਨ ਕੇ ਸਭ ਕੁੱਝ ਹੋ ਰਿਹਾ ਹੈ।
ਜੇ ਥੋੜਾ ਜਿਹਾ ਪਿੱਛੇ ਝਾਤੀ ਮਾਰੀਏ ਤਾਂ ਪੰਜਾਬੀ ਗੀਤਾਂ ਚ ਬਹੁਤ ਸਾਰੇ ਗੀਤ ਮਿਲਦੇ ਨੇ ਜਿਨਾਂ ਦਾ ਵਿਸ਼ਾ ਔਰਤ ਹੁੰਦੀ ਸੀ, ਪਰ ਉਨਾਂ ਗੀਤਾ ਚ ਔਰਤ ਦੇ ਅਕਸ਼ ਨੂੰ ਕੋਈ ਢਾਹ ਲਾਉਣ ਵਾਲੀ ਗੱਲ ਨਹੀ ਸੀ। ਸੁਣ ਕੇ ਵੇਖੋ ਪੁਰਾਣੇ ਪੰਜਾਬੀ ਗੀਤ ਔਰਤ ਦਾ ਜਿਕਰ ਜਰੂਰ ਮਿਲਦਾ ਹੈ। ਪਰ ਉਸ ਦੀ ਵਡਿਆਈ ਦੇ ਰੂਪ ਵਿੱਚ ਨਾਂ ਕਿ ਉਸ ਨੂੰ ਸਿਰਫ ਤੇ ਸਿਰਫ ਆਸ਼ਕੀ ਕਰਨ ਲਈ ਹੀ ਵਰਤਿਆ ਗਿਆ ਹੈ।
ਵੇਖੋ ਅੋਰਤ ਅਤੇ ਮਰਦ ਤੋਂ ਬਿਨਾਂ ਸਮਾਜ ਅੱਗੇ ਨਹੀ ਚਲ ਸਕਦਾ। ਸੋ ਇਨਾਂ ਦੇ ਰਿਸ਼ਤੇ ਚ ਹਾਸਾ,ਠੱਠਾ, ਚੋਹਲ.ਮੋਹਲ ਤਾਂ ਚੱਲਦੀ ਰਹੇਗੀ,ਪਰ ਇਸ ਹਾਸੇ ਠੱਠੇ ਨੂੰ ਇਸ ਦੀ ਹੱਦ ਤੋਂ ਬਾਹਰ ਕਰਨ ਦਾ ਜਿੰਮਾ ਲੈ ਰੱਖਿਆ ਹੈ ਅਜੋਕੇ ਗਾਇਕਾਂ ਨੇ।
“ਬੱਲੇ ਨੀ ਪੰਜਾਬ ਦੀਏੇ ਸ਼ੇਰ ਬੱਚੀਏ”
ਵਰਗੇ ਗੀਤਾਂ ਚ ਵੀ ਤਾਂ ਔਰਤ ਦਾ ਹੀ ਜਿਕਰ ਅਇਆ ਹੈ। ਪਰ ਇਸ ਵਿੱਚ ਇਸ ਨੂੰ ਸ਼ੇਰ ਦੀ ਬੱਚੀ ਕਹਿਕੇ ਤਾਰੀਫ ਕੀਤੀ ਗਈ ਹੈ।
“ਪੇਕੇ ਜਾਣ ਵਾਲੀਏ ਕਿੰਨਾ ਚਿਰ ਲਾਂਏਗੀ”
ਵਰਗੇ ਗੀਤ ਵਿੱਚ ਔਰਤ ਦੀ ਸਾਡੇ ਘਰਾਂ ਸਾਡੇ ਸਮਾਜ ਚ ਕਿੰਨੀ ਅਹਿਮੀਅਤ ਹੈ ਦਾ ਜਿਕਰ ਮਿਲਦਾ ਹੈ। ਕੀ ਐਸੇ ਸਾਦਗੀ ਵਾਲੇ ਵਿਸ਼ੇ ਅਜੋਕੇ ਗੀਤਕਾਰਾਂ ਨੂੰ ਨਹੀ ਮਿਲਦੇ? ਭਾਂਵੇ ਪੰਜੇ ਉਂਗਲਾਂ ਬਰਾਬਰ ਤਾਂ ਨਹੀ ਹੁੰਦੀਆਂ, ਕਈਂ ਗੀਤਕਾਰ ਅੱਜ ਵੀ ਨਰੋਆ ਅਤੇ ਸਾਫ ਲਿਖਦੇ ਨੇ, ਪਰ ਇਨਾਂ ਦੀ  ਗਿਣਤੀ ਨਾ-ਮਾਤਰ ਹੀ ਹੈ। ਅੱਜ ਸਾਡੇ ਪੰਜਾਬੀ ਸੱਭਿਆਚਾਰ ਨੂੰ ਕਿਸੇ ਬਾਹਰ ਤੋਂ ਖਤਰਾ ਨਹੀਂ, ਅਕਸਰ ਇਹ ਪੜਨ ਸੁਣ ਨੂੰ ਮਿਲਦਾ ਹੈ ਕਿ ਪੰਜਾਬੀ ਨੂੰ ਖਤਰਾ ਹੈ। ਜਾਂ ਪੰਜਾਬੀ ਖਤਮ ਹੋ ਹੀ ਹੈ। ਉਸ ਪਿੱਛੇ ਵੀ ਕਿਤੇ ਨਾ ਸਾਡੀ ਇਹ ਘਟੀਆ ਗੀਤਕਾਰੀ ਵੀ ਜਿੰਮੇਵਾਰ ਹੈ। ਅੱਜ ਕਿੰਨੇ ਪੰਜਾਬੀ ਗੀਤਾਂ ਚ ਹੋਰ ਭਾਸ਼ਾਵਾਂ ਦੇ ਸ਼ਬਦ ਆਉਂਦੇ ਜਾ ਰਹੇ। ਜਿਸ ਦਾ ਜਿੱਧਰ ਨੂੰ ਲੋਟ ਲਗਦਾ ਉਹ ਲਾਈਨ ਬਣਾ ਲੈਂਦਾ ਤੇ ਗੀਤ ਬਣਾਅ ਦਿੰਦਾ ਹੈ। ਅੰਗਰੇਜੀ, ਹਿੰਦੀ ਦੇ ਸ਼ਬਦਾਂ ਨੂੰ ਪੰਜਾਬੀ ਦੇ ਗੀਤਾਂ ਚ ਫਿੱਟ ਕਰਕੇ ਅਸੀਂ ਇਹ ਆਸ ਕਿਵੇਂ ਕਰਾਂਗੇ ਕਿ ਸਾਡੇ ਬੱਚੇ ਪੰਜਾਬੀ ਬੋਲਣ ਜਾਂ ਸਿੱਖਣ?
ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਹਰ ਗੀਤ ਇੱਕ ਦਾ ਵਿਸ਼ਾ ਔਰਤ ਦਾ ਇੱਕ ਹੀ ਪੱਖ ਸਾਹਮਣੇ ਰੱਖ ਕੇ ਕਿਉਂ ਲਿਖਿਆ ਜਾ ਰਿਹਾ ਹੈ। ਕੀ ਔਰਤ ਸਿਰਫ ਤੇ ਸਿਰਫ ਗਲਤ ਕੰਮਾਂ ਲਈ ਹੀ ਬਣੀ ਹੈ। ਸਾਡੇ ਘਰ ਦੀ ਦਹਿਲੀਜ ਅੰਦਰ ਤਾਂ ਅਸੀਂ ਔਰਤ ਨੂੰ ਸਤਿਕਾਰਦੇ ਹਾਂ, ਪਰ ਬਾਹਰ ਕਿਸੇ ਦੀ ਔਰਤ ਪ੍ਰਤੀ ਸਾਡੀ ਸੋਚ ਵਿੱਚ ਕਿਤੇ ਨਾ ਕਿਤੇ ਅੰਤਰ ਆ ਜਾਂਦਾ ਹੈ।
ਅਸੀਂ ਕਿਸ ਪਾਸੇ ਤੁਰ ਰਹੇਂ ਹਾਂ। ਗੀਤਾਂ ਦੇ ਦੋ-ਅਰਥਾਂ ਵਾਲੇ ਸ਼ਬਦਾਂ ਨੇ ਤਾਂ ਸਾਡੇ ਸੱਭਿਆਚਾਰ ਚੋਂ ਸੰਗ-ਸ਼ਰਮ ਅਤੇ ਸਾਦਗੀ ਦਾ ਪਰਦਾ ਹੀ ਚੁੱਕ ਦਿੱਤਾ ਹੈ। ਮੇਰਾ ਇੱਕ ਦੋਸਤ ਕਹਿ ਰਿਹਾ ਸੀ ਕਿ ਜਦੋਂ ਅਸੀਂ ਸਾਰੇ ਘਰੇ ਇੱਕਠੇ ਬੈਠਦੇ ਹਾਂ ਤਾਂ ਟੈਲੀਵੀਜਨ ਤੇ ਕੋਈ ਹਿੰਦੀ ਦਾ ਸੀਰੀਅਲ ਵੇਖ ਲੈਂਦੇ ਹਾਂ, ਪਰ ਪੰਜਾਬੀ ਚੈੱਨਲ ਕਦੇ ਵੀ ਨਹੀਂ ਲਾਉਂਦੇ। ਜਦੋਂ ਇਸ ਦਾ ਕਾਰਨ ਪੁੱਛਿਆ ਤਾਂ ਕਹਿਣ ਲੱਗਾ ਕਿ ਵੇਖਣ ਜੋਗਾ ਰਿਹਾ ਹੀ ਕੱਖ ਨਹੀ। ਪਰਿਵਾਰ ਕੀ ਇੱਕਲੇ ਬੈਠਕੇ ਨਹੀ ਵੇਖਿਆ ਜਾਂਦਾ। ਫਿਰ ਅਸੀਂ ਕਿਵੇ ਕਹੀਏ ਕਿ ਪੰਜਾਬੀ ਸਭਿਆਚਾਰ ਸ਼ਰਮ ਤੇ ਸਾਦਗੀ ਦੀ ਗਲ ਕਰਦਾ ਹੈ।
ਹੁਣ ਗੱਲ ਇਸ ਦੇ ਖਿਲਾਫ ਤੁਰਨ ਦੀ ਕਰਦੇ ਹਾਂ। ਕਿਉਂਕਿ ਮੇਰੇ ਵਰਗੇ ਪਤਾ ਨੀ ਹੋਰ ਕਿੰਨੇ ਕੁ ਲੋਕਾਂ ਨੇ ਇਸ ਪ੍ਰਤੀ ਆਪਣਾ ਰੋਸ ਪਹਿਲਾਂ ਵੀ ਜਾਹਰ ਕੀਤਾ ਹੋਣਾ। ਕੋਈ ਵੀ ਅਖਬਾਰ, ਮੈਗਜੀਂਨ ਚੁੱਕ ਕੇ ਵੇਖੋ ਪੰਜਾਬੀ ਗਾਇਕੀ ਖਿਲਾਫ ਤਾਂ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ ਤੇ ਲਿਖਿਆ ਜਾ ਵੀ ਰਿਹਾ ਹੈ। ਪਰ ਅਫਸੋਸ ਫਿਰ ਵੀ ਕੋਈ ਠੱਲ ਨਹੀਂ ਪੈ ਰਹੀ। ਕਿਉਂ ਇਹ ਸਭ ਨੰਗਾ ਨਾਚ  ਸ਼ਰੇਆਮ ਚੱਲ ਰਿਹਾ ਹੈ?
ਸ਼ਾਇਦ ਸਾਡੀ ਕਹਿਣੀ ਤੇ ਕਰਨੀ ਚ ਅੰਤਰ ਹੈ। ਅਸੀਂ ਕਹਿ ਲੈਂਦੇ ਹਾਂ ਕਰਦੇ ਨਹੀਂ। ਜਦ ਕਿ ਅੱਜ ਵਕਤ ਹੈ ਇਸ ਦੇ ਖਿਲਾਫ ਖੁੱਦ ਖੜੇ ਹੋਣ ਦਾ। ਕਿਉਂਕਿ ਕੱਲ ਨੂੰ ਸਾਡੇ ਬੱਚਿਆ ਨੇ ਵੀ ਇਸੇ ਸਮਾਜ ਚ ਰਹਿਣਾ ਹੈ। ਜੇ ਅੱਜ ਇਸ ਗੰਦਗੀ ਖਿਲਾਫ ਅਵਾਜ ਬੁਲੰਦ ਨਾ ਕੀਤੀ ਤਾਂ ਸਾਡੇ ਕੋਲ ਪਛਤਾਉਂਣ ਜੋਗਾ ਵਕਤ ਵੀ ਨਹੀਂ ਰਹਿਣਾ।
ਕਿਸੇ ਸਰਕਾਰ ਕਿਸੇ ਸੱਭਿਆਚਾਰ ਜਾਂ ਕਿਸੇ ਹੋਰ ਸਮਾਜਿਕ ਜਥੇਬੰਦੀ ਨੇ ਇਸ ਨੂੰ ਬੰਦ ਕਰਵਾਉਣ ਲਈ ਕਿੰਨੇ ਕੁ ਕਦਮ ਪੁੱਟੇ? ਇਸ ਸਵਾਲ ਦਾ ਜਵਾਬ ਸਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀ। ਇਹ ਸਵਾਲ ਸਾਨੂੰ ਆਪਣੇ ਆਪ ਤੋਂ ਕਰਨਾ ਚਾਹੀਦਾ ਹੈ ਕਿਉਕਿ ਸਰਕਾਰਾਂ ਵੀ ਆਪਾਂ ਹੀ ਬਣਾਉਂਦੇ ਹਾਂ। ਜਥੇਬੰਦੀਆਂ ਜਾਂ ਹੋਰ ਸਮਾਜਿਕ ਗਤੀਵਿਧੀਆਂ ਕਰਵਾਉਣ ਵਾਲੇ ਵੀ ਸਾਡੇ ਚੋਂ ਹੀ ਹੁੰਦੇ ਨੇ। ਜੇ ਸਰਕਾਰ ਕਾਨੂੰਨ ਬਣਾ ਵੀ ਦੇਵੇ ਤਾਂ ਵੀ ਉਸ ਦੇ ਸਾਰਥਕ ਨਤੀਜੇ ਉਦੋਂ ਤੱਕ ਨਹੀ ਮਿਲ ਸਕਦੇ ਜਦੋਂ ਤੱਕ ਉਸ ਸਮਾਜ ਦੇ ਲੋਕਾਂ ਦਾ ਸਮਰਥਨ ਉਸ ਕਾਨੂੰਨ ਨੂੰ ਨਾ ਮਿਲੇ।
ਅਸੀਂ ਬੱਸ ਚ ਵਜਦੇ ਗੰਦੇ ਗੀਤ ਦਾ ਕਦੇ ਵਿਰੋਧ ਕਿਉਂ ਨਹੀ ਕਰ ਪਾਉਂਦੇ? ਚਾਹੇ ਸਾਡੇ ਨਾਲ ਸਾਡੀ ਕੋਈ ਧੀ, ਭੈਣ. ਜਾਂ ਮਾਂ ਹੀ ਕਿਉਂ ਨਾ ਬੈਠੀ ਹੋਵੇ
ਜੇ ਅਸੀਂ ਇਸ ਘਟੀਆਂ ਤੇ ਫੋਕੀ ਗਾਇਕੀ ਦੇ ਖਿਲਾਫ ਹੋ ਜਾਈਏ ਤਾਂ ਮੈ ਮੰਨਦਾ ਹਾਂ ਕਿ ਅੱਧਾ ਕੁ ਫਰਕ ਤਾਂ ਪੈ ਜਾਵੇਗਾ। ਪਰ ਅਸੀਂ ਤੁਰਾਂਗੇ ਕਦ ਜਦ ਕੋਈ ਕਾਨੂੰਨ ਬਣੇਗਾ? ਜਾਂ ਫਿਰ ਕਿਸੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਸਾਨੂੰ ਘਰੋਂ ਬੁਲਾਉਣ ਆਉਣਗੇ?
ਜੇ ਆਪਣੇ ਬੱਚਿਆਂ ਨੂੰ ਕਿਸੇ ਚੰਗੇ ਅਤੇ ਸੱਭਿਅਕ ਸਮਾਜ ਦੇ ਬਸ਼ਿੰਦੇ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਖਿਲਾਫ ਅਵਾਜ ਉਠਾਈਏ। ਫਿਰ ਚਾਹੇ ਇਹ ਗੀਤ ਬੱਸਾਂ ਚ ਵੱਜਦੇ ਹੋਣ ਚਾਹੇ ਸਾਡੇ ਕਿਸੇ ਨੇੜੇ-ਤੇੜੇ ਵਿਆਹ ਸ਼ਾਦੀ ਤੇ।
ਜੇ ਅਸੀਂ ਇਸੇ ਤਰਾਂ ਬੱਸਾਂ ਦੀਆਂ ਸੀਟਾਂ ਤੇ ਬੈਠ ਕੇ ਜਾਂ ਵਿਆਹਾਂ ਚ ਕੁਰਸੀਆਂ ਤੇ ਬਹਿ ਕੇ ਹੇਠਾਂ ਨੂੰ ਮੂੰਹ ਕਰਕੇ ਸਭ ਕੱਝ ਸੁਣਦੇ ਰਹੇ ਤਾਂ ਫਿਰ ਤਾਂ ਰੱਬ ਹੀ ਰਾਖਾ। ਅਤੇ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਕਹਿੰਦੇ ਰੱਬ ਵੀ ਰਾਖੀ ਛੱਡ ਦਿੰਦਾ ਹੈ। ਅੱਜ ਪੰਜਾਬੀ ਗਇਕੀ, ਗੀਤਕਾਰੀ ਦੀ ਵਾੜ ਤੋਂ ਹੀ ਪੰਜਾਬੀ ਸੱਭਿਆਚਾਰ ਨੂੰ ਖਤਰਾ ਹੈ। ਅਤੇ ਸਾਨੂੰ ਇਸ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨਾਂ ਹੀ ਪੈਣਾ।

Install Punjabi Akhbar App

Install
×