ਰਾਵਣ ਸਾੜੇ ਰਾਵਣ ਨੂੰ……

Ramesh Sethi Badal 170928 RAWANnnnn
ਬੱਚਿਆਂ ਦੀ ਜ਼ਿੱਦ ਅੱਗੇ ਝੁਕਦੇ ਹੋਏ ਮੈਨੂੰ ਵੀ ਬਦੀ ਉਤੇ ਨੇਕੀ ਦੀ ਵਿਜੈ ਦਾ ਤਿਉਹਾਰ ਦਸਹਿਰਾ ਵੇਖਣ ਜਾਣਾ ਪਿਆ। ਹਰ ਸਾਲ ਦੇਸ਼ ਵਿਚ ਦੀਵਾਲੀ ਤੋ ਲਗਭਗ ਵੀਹ ਦਿਨ ਪਹਿਲਾਂ ਮਨਾਏ ਜਾਣ ਵਾਲੇ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਕਹਿੰਦੇ ਹਨ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਨਰੇਸ਼ ਰਾਵਣ ਨੂੰ ਮਾਰ ਕੇ ਬਦੀ (ਬੁਰਾਈ) ਉੱਪਰ ਨੇਕੀ ਦੀ ਜਿੱਤ ਦਾ ਸੰਦੇਸ਼ ਸਾਰੇ ਸੰਸਾਰ ਨੂੰ ਦਿੱਤਾ ਹੈ। ਹਰ ਸਾਲ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਅਸੀਂ ਦੁਸ਼ਿਹਰਾ ਮਨਾਉਂਦੇ ਹਾਂ। ਸ੍ਰੀ ਰਾਮ ਜੀ ਦੇ ਬਾਨਰ ਸੈਨਿਕ ਜੈ ਸ੍ਰੀ ਰਾਮ ਕਰਦੇ ਹੋਏ ਸ਼ਰਾਬ ਦੇ ਨਸ਼ੇ ਵਿਚ ਮਸਤ ਲੰਕਾ ਪਤੀ ਰਾਵਣ ਦੇ ਸੈਨਿਕਾ ਨਾਲ ਯੁੱਧ ਕਰਦੇ ਹਨ ਅਤੇ ਅੰਤ ਵਿਚ ਰਾਵਣ ਨੂੰ ਖ਼ਾਨਦਾਨ ਸਮੇਤ ਮਾਰ ਦਿੱਤਾ ਜਾਂਦਾ ਹੈ। ਫਿਰ ਬੁਰਾਈ ਦੇ ਪ੍ਰਤੀਕ ਰਾਵਣ, ਕੁੰਭਕਰਣ ਤੇ ਮੇਘ ਨਾਥ ਦੇ ਪਟਾਕਿਆਂ ਨਾਲ ਭਰੇ ਪੁਤਲਿਆਂ ਨੂੰ ਅੱਗ ਲਾਈ ਜਾਂਦੀ ਹੈ।
ਰਾਮ-ਲੀਲ੍ਹਾ ਵਿਚ ਸ੍ਰੀ ਰਾਮ ਜੀ ਦਾ ਰੋਲ ਅਦਾ ਕਰਨ ਵਾਲਾ ਪਾਤਰ ਹੀ ਇਹਨਾਂ ਪੁਤਲਿਆਂ ਨੂੰ ਅੱਗ ਲਾਉਂਦਾ ਹੈ। ਕਹਿੰਦੇ ਹਨ ਕਿ ਰਾਮ ਲੀਲ੍ਹਾ ਵਿਚ ਭਗਵਾਨ ਸ੍ਰੀ ਰਾਮ, ਅਨੁਜ ਲਛਮਣ, ਮਾਤਾ ਸੀਤਾ ਜੀ ਤੇ ਵੀਰ ਪੁਰਸ਼ ਹਨੂਮਾਨ ਜੀ ਦਾ ਰੋਲ ਕਰਨ ਵਾਲੇ ਪਾਤਰ ਇਹਨਾਂ ਰਾਮ ਲੀਲ੍ਹਾ ਦੇ ਦਿਨਾਂ ਵਿਚ ਪੂਰੇ ਭਗਤੀ ਭਾਵ ਵਿਚ ਹੁੰਦੇ ਹਨ। ਉਹ ਪੂਰੀ ਤਰ੍ਹਾਂ ਧਰਮ ਦਾ ਪਾਲਣ ਕਰਦੇ ਹਨ। ਮਾਸ ਮਦਿਰਾ ਤੋ ਦੂਰ ਰਹਿੰਦੇ ਹਨ। ਇਹ ਵੀ ਸੁਣਿਆ ਹੈ ਕਿ ਵੀਰ ਹਨੂਮਾਨ ਜੀ ਦਾ ਰੋਲ ਕਰਨ ਵਾਲੇ ਕਈ ਪਾਤਰ ਤਾਂ ਪੂਰੀ ਤਰ੍ਹਾਂ ਬ੍ਰਹਮਚਾਰਿਆ ਦਾ ਪਾਲਨ ਵੀ ਕਰਦੇ ਹਨ। ਚਾਹੇ ਥੋੜ੍ਹੇ ਸਮੇਂ ਲਈ ਹੀ ਹੋਵੇ ਮਰਿਆਦਾ ਅਪਨਾਉਣ ਦੀ ਕੋਸ਼ਿਸ਼ ਕਰਦੇ ਹਨ।
ਪਰ ਆਹ ਕੀ ਇਸ ਘੋਰ ਕਲਯੁਗ ਵਿਚ ਉਲਟਾ ਹੀ ਦੇਖਣ ਨੂੰ ਮਿਲਿਆ। ਰਾਵਣ ਨੂੰ ਅੱਗ ਲਾਉਣ ਦਾ ਕੰਮ ਵੀ ਰਾਵਣ ਦੇ ਹਵਾਲੇ ਕੀਤਾ ਜਾਂਦਾ ਹੈ। ਅਖ਼ਬਾਰਾਂ ਤੋ ਪਤਾ ਲੱਗਦਾ ਹੈ ਕਿ ਉਸ ਦਿਨ ਸ਼ਹਿਰ ਦੀ ਰਾਮ-ਲੀਲ੍ਹਾ ਕਮੇਟੀ ਵਾਲੇ ਕਿਸੇ ਆਧੁਨਿਕ ਰਾਵਣ ਨੂੰ ਵਿਸ਼ੇਸ਼ ਸੱਦੇ ਤੇ ਬੁਲਾਉਂਦੇ ਹਨ ਤੇ ਉਸਦੇ ਗੁਣ ਗਾਉਂਦੇ ਹੋਏ ਪ੍ਰਸੰਸਾ ਦੇ ਪੁਲ ਬੰਨ੍ਹਦੇ ਹੋਏ ਉਸ ਰਾਵਣ ਕੋਲੋਂ ਰਿਮੋਟ ਦੁਆਰਾ ਰਾਵਣ ਦੇ ਪੁਤਲੇ ਨੂੰ ਅੱਗ ਲਵਾਉਂਦੇ ਹਨ। ਇਸ ਆਧੁਨਿਕ ਰਾਵਣ ਨਾਲ ਵੀ ਆਪਣੀ ਰਾਵਣ ਸੈਨਾ ਹੁੰਦੀ ਹੈ। ਸ਼ਹਿਰ ਦੇ ਦਰਜੇ ਅਨੁਸਾਰ ਤੇ ਰਾਮ-ਲੀਲ੍ਹਾ ਕਮੇਟੀ ਦੀ ਪਹੁੰਚ ਅਨੁਸਾਰ ਅੱਗ ਲਾਉਣ ਲਈ ਆਧੁਨਿਕ ਰਾਵਣ ਦਾ ਪ੍ਰਬੰਧ ਕੀਤਾ ਜਾਂਦਾ ਹੈ । ਕਈ ਵਾਰੀ ਨੰਬਰ ਬਣਾਉਣ ਲਈ ਜਾਂ ਮਾਇਆ ਰਾਣੀ ਲਈ ਇਹਨਾਂ ਰਾਵਣਾਂ ਨੂੰ ਰਾਵਣ ਸਾੜਨ ਦਾ ਮੌਕਾ ਦਿੱਤਾ ਜਾਂਦਾ ਹੈ। ਹੈਰਾਨੀ ਉਦੋਂ ਹੁੰਦੀ ਹੈ ਕਿ ਸ੍ਰੀ ਰਾਮ ਚੰਦਰ ਜੀ ਦੀ ਵੇਸ-ਭੂਸ਼ਾ ਵਿਚ ਸਜਿਆ ਰਾਮ ਪਾਤਰ ਬੇ ਚਾਰਾ ਕੋਲੇ ਖੜ੍ਹਾ ਰਾਵਣ ਹੱਥੋ ਰਾਵਣ ਨੂੰ ਜਲਾਇਆ ਜਾਂਦਾ ਦੇਖ ਰਿਹਾ ਹੁੰਦਾ ਹੈ।
ਇਹ ਰਾਵਣ ਹੱਥੋ ਰਾਵਣ ਕਦੋਂ ਤੱਕ ਸੜਦਾ ਰਹੇਗਾ। ਜੱਦੋ ਕਿ ਉਸ ਰਾਵਣ ਦੇ ਮੁਕਾਬਲੇ ਅੱਜ ਦੇ ਰਾਵਣ ਜ਼ਿਆਦਾ ਖ਼ਤਰਨਾਕ ਹਨ। ਉਹ ਰਾਵਣ ਤਾਂ ਵੇਦਾਂ ਦਾ ਜਾਣਕਾਰ ਸੀ ਤੇ ਟਿੱਕਾਦਾਰ ਪੰਡਤ ਸੀ ਅੱਜ ਦੇ ਬਹੁਤੇ ਰਾਵਣ ਅੰਗੂਠਾ ਛਾਪ ਹਨ। ਉਸ ਰਾਵਣ ਨੇ ਤਾਂ ਇੱਕ ਸੀਤਾ ਦਾ ਅਪਹਰਣ ਕੀਤਾ ਸੀ ਇਹ ਰਾਵਣ ਨਿੱਤ ਨਵੀਂ ਨਵੀਂ ਸੀਤਾ ਵਰਗੀਆਂ ਹੀ ਨਹੀਂ ਸਗੋਂ ਨਬਾਲਗ ਦਾ ਅਪਹਰਣ ਕਰਦੇ ਹਨ। ਉਹ ਰਾਵਣ ਤਾਂ ਅਸੂਲਾਂ ਦਾ ਪੱਕਾ ਸੀ ਉਸ ਨੇ ਅਪਹਰਣ ਤੋਂ ਬਾਅਦ ਮਾਤਾ ਸੀਤਾ ਜੀ ਨੂੰ ਕੁੱਝ ਵੀ ਨਹੀਂ ਸੀ ਆਖਿਆ ਪਰ ਇਹ ਰਾਵਣ ਤਾਂ ਬਲਾਤਕਾਰ ਹੀ ਨਹੀਂ ਕਰਦੇ ਅਜੇਹੀ ਦਰਿੰਦਗੀ ਦਿਖਾਉਂਦੇ ਹਨ ਕਿ ਰਾਖਸ਼ ਵੀ ਸ਼ਰਮਿੰਦਾ ਮਹਿਸੂਸ ਕਰਦੇ ਹਨ। ਉਹ ਰਾਵਣ ਤਾਂ ਰਾਖਸ਼ ਕੁਲ ਵਿਚੋਂ ਸੀ ਜਿਸ ਦੇ ਕੰਮ ਹੀ ਰਾਖਸ਼ਾਂ ਵਾਲੇ ਹੁੰਦੇ ਸਨ।ਤੇ ਉਸ ਨੇ ਅਸੂਲਾਂ ਤੇ ਚੱਲ ਕੇ ਯੁੱਧ ਵੀ ਮਰਿਆਦਾ ਅਨੁਸਾਰ ਕੀਤਾ। ਪਰ ਅੱਜ ਦੇ ਇਹ ਰਾਵਣ ਤਾਂ ਇਨਸਾਨ ਦੀ ਕੁਲ੍ਹ ਵਿਚੋਂ ਹਨ।ਤੇ ਇਹਨਾਂ ਦੇ ਕੰਮਾਂ ਰਾਖਸ਼ਾਂ ਤੋ ਵੀ ਵੱਧ ਵਹਿਸ਼ੀ ਹਨ। ਉਸ ਰਾਵਣ ਨੇ ਆਪਣੇ ਦੇਸ਼ ਨੂੰ ਨਹੀਂ ਸੀ ਲੁੱਟਿਆ ਬਲਕਿ ਸੋਨੇ ਦੀ ਲੰਕਾ ਬਣਾਈ ਸੀ ਪਰ ਇਹਨਾਂ ਰਾਵਣਾ ਨੇ ਤਾਂ ਸੋਨੇ ਦੀ ਚਿੜੀ (ਭਾਰਤ ਮਾਤਾ) ਨੂੰ ਲੁੱਟ ਕੇ ਇੱਕ ਕੰਗਾਲ ਦੇਵੀ ਬਣਾ ਦਿੱਤਾ ਹੈ।ਅੱਜ ਜ਼ਰੂਰਤ ਰਾਵਣ ਦੇ ਪੁਤਲੇ ਸਾੜਨ ਦੀ ਨਹੀਂ ਬਲਕਿ ਇਹਨਾਂ ਚਿੱਟ ਕਪੜੀਏ ਰਾਵਣਾਂ ਨੂੰ ਸਾੜਨ ਦੀ ਲੋੜ ਹੈ। ਨਹੀਂ ਤਾਂ ਇਹ ਰਾਵਣ ਸਾਲਾਂ ਤੱਕ ਹਰ ਸਾਲ ਚੰਦ ਚਾਂਦੀ ਦੇ ਸਿੱਕਿਆਂ ਦੇ ਜ਼ੋਰ ਤੇ ਸੱਤਾ ਦੇ ਨਸ਼ੇ ਵਿਚ ਸ੍ਰੀ ਰਾਮ ਬਣਕੇ ਰਾਵਣ ਨੂੰ ਸਾੜਨ ਦਾ ਢੌਂਗ ਕਰਦੇ ਰਹਿਣਗੇ।

ਰਮੇਸ਼ ਸੇਠੀ ਬਾਦਲ
+91 98 766 27233