ਹਮਾਤੜਾਂ ਦੇ ਸੱਖਣੇ ਰਾਹ

2014_12$largeimg31_Dec_2014_003239060
(ਸੜਕਾਂ ਤੇ ਇਹੋ ਜਿਹੇ ਖੱਡੇ ਆਮ ਹੀ ਦਿਖਦੇ ਹਨ………..)

ਕੋਈ ਵੀ ਪੈਂਡਾ ਸੋਹਣਾ ਆਪਣੇ ਰਾਹਵਾਂ ਕਰਕੇ ਅਤੇ ਉਹਨਾਂ ਰਾਹਵਾਂ ‘ਤੇ ਤੁਰਨ ਵਾਲੇ ਪਾਂਧੀਆਂ ਕਰਕੇ ਹੁੰਦਾ ਹੈ।ਚੀਨ ਦੀ ਇੱਕ ਕਹਾਵਤ ਹੈ ਕਿ ਘੁੰਮਿਆ ਬੰਦਾ ਘਰ ਦੇ ਜ਼ਿਆਦਾ ਨੇੜੇ ਹੁੰਦਾ ਹੈ।ਰਾਹਵਾਂ ਦੇ ਇਸੇ ਦਰਸ਼ਨ ਨੂੰ ਸ਼ੇਰ ਸ਼ਾਹ ਸੂਰੀ ਨੇ ਬਾਖੂਬੀ ਸਮਝਿਆ ਹੋਵੇਗਾ।ਮੋਰੀਆ ਸਮਰਾਜ ‘ਚ ਸਮਰਾਟ ਅਸ਼ੋਕ ਦਾ ਰਾਹਵਾਂ ‘ਤੇ ਦਰਖਤ ਲਾਉਣ ਦੀਆਂ ਗੱਲਾਂ ਇਤਿਹਾਸ ਅੰਦਰ ਕਹਾਣੀਆਂ ਦੇ ਰੂਪ ‘ਚ ਸਾਡੇ ਤੱਕ ਆਮ ਪਹੁੰਚਦੀਆਂ ਹਨ।ਇਹਨਾਂ ਰਾਹਵਾਂ ਦੀ ਦਾਰਸ਼ਨਿਕਤਾ ਨੂੰ ‘ਸੜਕਨਾਮਾ’ ‘ਚ ਬਲਦੇਵ ਸਿੰਘ ਸ਼ੁਰੂਆਤੀ ਸਫੇ ਅੰਦਰ ਬੜੇ ਪਿਆਰੇ ਢੰਗ ਨਾਲ ਬਿਆਨ ਕਰਦਾ ਹੈ।ਉਹ ਬਿਆਨ ਕਰਦਾ ਹੋਇਆ ਅਰਦਾਸ ‘ਚ ਜਾਂਦਾ ਹੈ ਕਿ ਰਾਹ ਕਦੀ ਵੀ ਸੁੰਨੇ ਨਹੀਂ ਹੋਣੇ ਚਾਹੀਦੇ।ਅਕਸਰ ਸੋਚਦਾ ਹਾਂ ਕਿ ਕੀ ਸਰਕਾਰਾਂ ਵੱਲੋਂ ਜਦੋਂ ਵੀ ਕੋਈ ਸ਼ੈਅ ਉਸਾਰੀ ਜਾਂਦੀ ਹੈ ਤਾਂ ਉਸ ਨਾਲ ਜੁੜੀਆਂ ਮਨੁੱਖੀ ਸੰਵੇਦਨਾਵਾਂ ਦਾ ਕਿੰਨਾ ਕੁ ਧਿਆਨ ਰਖਿਆ ਜਾਂਦਾ ਹੈ।ਜੋ ਉਸਾਰਿਆ ਜਾ ਰਿਹਾ ਹੈ ਕੀ ਉਹ ਸਾਡੀ ਜ਼ਰੂਰਤ ਹੈ ਜਾਂ ਕਿਸੇ ਹੋਰ ਦੀ ਅਤੇ ਕਿਤੇ ਇਹ ਤਾਂ ਨਹੀਂ ਕਿ ਅਸੀ ਸਿਰਫ ਉਸ ਸ਼ੈਅ ਲਈ ਮੋਹਰੇ ਮਾਤਰ ਰਹਿ ਗਏ ਹਾਂ।
ਇਹ ਸਭ ਕੁਝ ਸੋਚਦੇ ਹੋਏ ਮੈਂ ਆਪਣਾ ਹਲਕਾ ਸਨੌਰ ਵੇਖਦਾ ਹਾਂ।ਸਨੌਰ ਹਲਕਾ ਪਹਿਲਾਂ ਡਕਾਲਾ ਹਲਕਾ ਵੱਜਦਾ ਸੀ।ਇਸ ਹਲਕੇ ਅੰਦਰ ਪਟਿਆਲਾ ਤੋਂ ਘੜਾਮ ਨੂੰ ਇੱਕ ਸੜਕ ਜਾਂਦੀ ਹੈ।ਇਸ ਸੜਕ ਦੀ ਦੂਰੀ ਲਗਭਗ 45 ਕਿਲੋਮੀਟਰ ਹੋਵੇਗੀ।ਇਸੇ ਸੜਕ ਦਾ ਸਿੱਧਾ ਪਾਸਾ ਪਹੇਵਾ ਨੂੰ ਜਾਂਦਾ ਹੈ ਜੋਕਿ ਅੱਗੇ ਕੁਰਕਸ਼ੇਤਰ ਨੂੰ ਹੁੰਦੇ ਹੋਏ ਦਿੱਲੀ ਜੀਟੀ ਰੋਡ ਨੂੰ ਪੈ ਜਾਂਦਾ ਹੈ।ਜਦੋਂ ਇਸ ਸੜਕ ਦੀ ਖਸਤਾ ਹਾਲਤ ਦਾ ਜ਼ਿਕਰ ਛਿੜਦਾ ਹੈ ਤਾਂ ਹਲਕੇ ਪ੍ਰਤੀ ਮੋਜੂਦਾ ਸਰਕਾਰ ਦੇ ਵਤੀਰੇ ਦੀ ਗੱਲ ਹੋ ਸਕਦੀ ਹੈ।ਸੜਕ ਨੂੰ ਲੈ ਕੇ ਕੇਂਦਰ ਤੋਂ ਪੈਸਾ ਨਾ ਆਉਣ ਦੀ ਗੱਲ ਹੋ ਸਕਦੀ ਹੈ।ਠੇਕੇਦਾਰੀ ਦੇ ਅੰਦਰੂਨੀ ਮਸਲਿਆਂ ਦੀ ਗੱਲ ਹੋ ਸਕਦੀ ਹੈ।ਪਰ ਇਸ ਖਸਤਾ ਹਾਲ ਦੀ ਸੜਕ ਨਾਲ ਜੁੜੀਆਂ ਮਨੁੱਖੀ ਸੰਵੇਦਨਾਵਾਂ ਦੀ ਕਹਾਣੀਆਂ ਕਹਿੰਦੀ ਗੱਲ ਕਦੀ ਨਹੀਂ ਛਿੜੀ ਹੋਵੇਗੀ।ਇਸੇ ਸੜਕ ਦੇ ਉੱਤੋਂ ਚੰਡੀਗੜ੍ਹ ਤੋਂ ਬਠਿੰਡਾ ਹਾਈਵੇਅ ਸੜਕ ਲੰਘ ਰਹੀ ਹੈ।ਇਹਦਾ ਕੰਮ ਜ਼ੋਰਾਂ ‘ਤੇ ਹੈ ਕਿਉਂ ਕਿ ਇਸ ਸੜਕ ਦਾ ਉਦੇਸ਼ ਕਾਰੋਬਾਰ-ਸਿਆਸੀ ਪਿਠਭੂਮੀ ਅਤੇ ਮਿਜਾਜ਼ ਦੇ ਹਿਸਾਬ ਨਾਲ ਵੱਡਾ ਹੈ।
ਜਿਵੇਂ ਕਿ ਜ਼ਿਕਰ ਕਰ ਚੁੱਕਾ ਹਾਂ ਕਿ ਚੰਡੀਗੜ੍ਹ-ਬਠਿੰਡਾ ਹਾਈਵੇਅ ਦੇ ਥੱਲੋਂ ਨਿਕਲਦੀ ਇਸ ਸੜਕ ਦੀ ਕਹਾਣੀ ਹੋਰ ਹੈ।ਸ਼ਾਇਦ ਇਹ ਉਹ ਸੜਕ ਨਹੀਂ ਜੋ ਟਿਪ ਟੋਪ ਬਣੇਗੀ ਅਤੇ ਵੱਧ ਤੋਂ ਵੱਧ ਕਾਰਾਂ ਵਿਕਣਗੀਆਂ।ਇਹ 200 ਕਿਲੋਮੀਟਰ ਨਹੀਂ ਹੈ।ਇਹ ਮਹਿਜ਼ 45 ਕਿਲੋਮੀਟਰ ਹੈ।200 ਕਿਲੋਮੀਟਰ ‘ਤੇ 3-3 ਟੋਲ ਪਲਾਜ਼ੇ ਹੋਣਗੇ ਪਰ 45 ਕਿਲੋਮੀਟਰ ਕਿਸੇ ਤਰ੍ਹਾਂ ਦਾ ਕੋਈ ਮੁਨਾਫਾ ਨਹੀਂ ਦੇ ਰਹੀ। ਪਰ ਇਸ ਸੜਕ ‘ਤੇ ਬਹੁਤ ਸਾਰੇ ਰਿਸ਼ਤੇ ਪ੍ਰਭਾਵਿਤ ਹੋਏ ਹਨ ਅਤੇ ਇਸ ਦੀ ਅਪੀਲ ਵੀ ਕਿਤੇ ਨਹੀਂ ਹੋ ਸਕਦੀ।
ਪਿਛਲੇ ਦਿਨਾਂ ‘ਚ ਮੈਨੂੰ ਇੱਕ ਬੁੱਢੀ ਜਨਾਨੀ ਮਿਲੀ ਸੀ।ਮਾਤਾ ਕਹਿੰਦੀ ਸੀ,”ਪੁੱਤਰਾਂ ਹਾਡੇ ਵੇਲਿਆਂ ‘ਚ ਮੇਰਾ ਪਿਓ ਕਹਿੰਦਾ ਹੁੰਦਾ ਸੀ ਕਿ ਧੀ ਉਸ ਥਾਂ ਵਿਆਹੀਏ ਜਿੱਥੇ ਮੁੰਡਾ ਸਿਰੜੀ ਹੋਏ ਤੇ ਘਰ ਨੂੰ ਰਾਹ ਬੰਨਾ ਸੋਹਣਾ ਲੱਗਦਾ ਹੋਵੇ ਤਾਂ ਕਿ ਕੁੜੀ ਪੇਕਿਓਂ ਸੋਹਰੇ ਅਤੇ ਸੋਹਰਿਓਂ ਪੇਕੇ ਸੁਖਾਲਾ ਆ ਜਾਵੇ।”ਇੱਥੋਂ ਅਸੀ ਸਮਝ ਸਕਦੇ ਹਾਂ ਕਿ ਰਾਹ ਦੀ ਮਹੱਤਤਾ ਆਮ ਹਿਯਾਤੀ ‘ਚ ਕਿੰਨੀ ਹੈ।ਜਦੋਂ ਤੱਕ ਜੀਟੀ ਰੋਡ ਫਿਲੋਰ ਤੋਂ ਨੂਰਮਹਿਲ ਦੀ ਹੁੰਦਾ ਹੋਇਆ ਵਾਇਆ ਨਕੋਦਰ ਸੁਲਤਾਨਪੁਰ ਲੋਧੀ ਨੂੰ ਜਾਂਦਾ ਸੀ ਉਦੋਂ ਤੱਕ ਜ਼ਿਕਰ ਹੈ ਕਿ ਇਹਨਾਂ ਨਗਰਾਂ ਦੀ ਦਾਸਤਾਨ ਬੜੀ ਸੁਨਹਿਰੀ ਸੀ।ਦਾਰਾ ਸ਼ਿਕੋਹ ਵਰਗੀ ਸ਼ਖਸੀਅਤ ਅਤੇ ਔਰੰਗਜ਼ੇਬ ਵਰਗੇ ਮੁਗਲੀਆ ਬਾਦਸ਼ਾਹ ਇੱਥੇ ਵੱਡੇ ਵਿੱਦਿਅਕ ਕੇਂਦਰ ‘ਚ ਪੜ੍ਹਣ ਆਏ ਸਨ।ਸੁਲਤਾਨਪੁਰ ਲੋਧੀ ਹਜ਼ਾਰਾਂ ਦੁਕਾਨਾਂ ਵਾਲਾ ਵੱਡਾ ਕਾਰੀਡੋਰ ਸੀ।ਪਰ ਇੱਥੋਂ ਰਾਹਵਾਂ ਦੇ ਬਦਲਦਿਆਂ ਵਰਤਮਾਨ ਕਿੰਨਾ ਬਦਲ ਚੁੱਕਾ ਹੈ।
ਇਸੇ ਤਰ੍ਹਾਂ ਮੈਨੂੰ ਇੱਕ ਸੱਜਣ ਮਿਲਿਆ।ਪੁਆਧ ‘ਚ ਰਹਿੰਦਾ ਇਹ ਸੱਜਣ ਵੰਡ ਤੋਂ ਪਹਿਲਾਂ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਦੇ ਪਿਛੋਕੜ ਦਾ ਸੀ।ਉਹਦਾ ਦੁਖੜਾ ਨਿੱਜੀ ਤੌਰ ‘ਤੇ ਬਹੁਤ ਭਾਵੁਕ ਸੀ,ਬੇਸ਼ੱਕ ਅਖ਼ਬਾਰੀ ਦੌਰ ‘ਚ ਜਾਂ ਸਿਆਸੀ ਦੌਰ ‘ਚ ਉਹ ਕੋਈ ਮਾਇਨੇ ਨਾ ਰੱਖਦਾ ਹੋਵੇ।ਉਹਦਾ ਬਿਆਨ ਕੁਝ ਅਜਿਹਾ ਸੀ,”ਮੈਨੂੰ ਆਪਣੇ ਆਪ ਦਾ ਖਾਸ ਹੋਣਾ ਉਦੋਂ ਲੱਗਿਆ ਹੀ,ਜਦੋਂ ਮੇਰਾ ਅਜੇ ਉਹਦੇ ਨਾਲ ਰਿਸ਼ਤਾ ਹੋਇਆ ਈ ਹੀ।ਮੈਂ ਖੁਸ਼,ਉਹ ਖੁਸ਼ ਨਾਲੇ ਹਾਡਾ ਟੱਬਰ ਖੁਸ਼૴ਦੋਕੂਂ ਸਾਲਾਂ ਨੂੰ ਹਾਡਾ ਵਿਆਹ ਹੋ ਜਾਣਾ ਹੀ।ਫਿਰ ਬੱਸ ਜੀ ਵਿਚੌਲੇ ਨੇ ਸਨਾਹ ਲਿਆਂਦਾ,”ਕੁੜੀ ਆਲੇ ਜਵਾਬ ਦੇਣ ਡਹੇ ਆ।” ਮਾਤਾ ਹਾਡੀ ਹੋਦੇ ‘ਚ ਆਪਣੀ ਨੂੰਹ ਵੇਖਣ ਡਹੀ ਹੀ।ਬੜਾ ਮੋਹ ਪੈ ਗਿਆ ਹੀ ਹਾਡਾ ਸਾਰਿਆਂ ਦਾ૴ਕਿੰਨਾ ਕਿੰਨਾ ਚਿਰ ਅਹੀਂ ਫੌਨ ‘ਤੇ ਗੱਲੀਂ ਡਹੇ ਰਹਿਣਾ।ਜਦੋਂ ਧਾਨੂੰ ਕੋਈ ਆਪਣਾ ਆਪਣਾ ਜਿਹਾ ਲੱਗਣ ਡਹਿ ਪਏ ਫੇਰ ਓਤੋਂ ਅੱਡ ਕਿਵੇਂ ਹੋ ਸਕਦੇ ਜੇ ? ਪਿੱਛੋਂ ਜਾਕੇ ਪਤਾ ਲੱਗਾ ਭਈ ਸ਼ੜਕ ਦੀ ਮਾੜੀ ਹਾਲਤ ਨੀ ਰਾਸ ਆਈ ਹਾਡੇ ਰਿਸ਼ਤੇ ਨੂੰ૴ਅਸੀ ਬਥੇਰਾ ਕਿਹਾ ਕਿ ਇਹ ਬਣ ਈ ਜਾਣੀ ਆ૴ਆਹ ਕੋਈ ਚੰਗਾ ਲੱਗਦਾ ਰਿਸ਼ਤੇ ‘ਚ ਨੰਨਾ ਪੌਣਾ૴ਆਂਹਦੇ ਜਿਹੜੀ ਹਾਲੇ ਤੱਕ ਨੀ ਬਣੀ ਗਾਂਹ ਕੀ ਬਣੂ૴ਆਂਹਦੇ ਧਾਡੇ ਲਾਕੇ ਦਾ ਨੀ ਕੋਈ ਮਾਂ-ਪਿਓ।ਹਾਇਥੈ ਕੁੜੀ ਵਿਹਾਕੇ ਡੋਬਣੀ ਆਂ।ਹੁਣ ਭਾਜੀ ਤੁਸੀ ਦੱਸੋ ਮੇਰੇ ਟੁੱਟੇ ਰਿਸ਼ਤੇ ਦਾ ਕਾਰਨ ਆ ਸ਼ੜਕ ਬਣੇ ਤਾਂ ਇਹ ਕਿਹੜੀਆਂ ਖ਼ਬਰਾਂ ‘ਚ ਆਉਣਾ।ਇਤੇ ਕਿਹੜੀ ਵਿਧਾਨ ਸਭਾ ਚਰਚਾ ਕਰੂ।”
ਇਹਨਾਂ ਬਿਆਨ ਕੀਤੇ ਸ਼ਬਦਾਂ ਦੀ ਸੱਚਾਈ ਨੂੰ ਕੋਣ ਸਵੀਕਾਰ ਕਰੇਗਾ ? ਕੀ ਅਜਿਹਾ ਹੋ ਸਕਦਾ ਹੈ ? ਰਾਹ ਤਾਂ ਕਿਸੇ ਸਫਰ ‘ਚ ਕਿਸੇ ਮੰਜ਼ਿਲ ਨੂੰ ਪਹੁੰਚਦਾ ਕਰਦੇ ਹਨ ਪਰ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜੋ ਕਿਸੇ ਚੋਣਾਂ ਦਾ ਮੁੱਦਾ ਨਹੀਂ ਹੋਣਗੀਆਂ ਅਤੇ ਨਾ ਹੀ ਕਿਸੇ ਖ਼ਬਰ ਦਾ ਰੂਪ ਲੈਣਗੀਆਂ।ਪਟਿਆਲਾ-ਘੜਾਮ ਸੜਕ ਨਾਲ ਜੁੜੇ ਰਾਹਗੀਰ ਕੁਝ ਵੱਡਾ ਨਹੀਂ ਚਾਹੁੰਦੇ।ਬੱਸ ਉਹ ਚਾਹੁੰਦੇ ਹਨ ਕਿ ਮੌਜੂਦਾ ਸਰਕਾਰ ਦੀ ਵੋਟਾਂ ਤੋਂ ਦੂਰ,ਗੈਰ ਮੁਨਾਫੇ ਵਾਲੇ ਇਸ ਇਲਾਕੇ ਨੂੰ ਇੱਕ ਬੇਹਤਰੀਨ ਸੜਕ ਮਿਲ ਸਕੇ ਤਾਂ ਕਿ ਉਹਨਾਂ ਨੂੰ ਆਪਣੀ ਪੜ੍ਹਾਈ,ਸਿਹਤ ਅਤੇ ਕੋਮਲ ਸੱਧਰਾਂ ਦੇ ਪੂਰੇ ਹੋਣ ਨੂੰ ਲੈ ਕੇ ਜੱਦੋਜਹਿਦ ਨਾ ਕਰਨੀ ਪਵੇ।
ਪਟਿਆਲਾ ਤੋਂ ਹਰਭਜਨ ਕੌਰ ਅਧਿਆਪਕ ਹਨ ਜੋ ਰੋਜ਼ਾਨਾ ਆਪਣੇ ਸਕੂਟਰ ‘ਤੇ ਸਕੂਲ ਪੜ੍ਹਾਉਣ ਜਾਂਦੇ ਸਨ।ਲਗਾਤਾਰ ਇਸੇ ਖਸਤਾ ਹਾਲਤ ਦੀ ਸੜਕ ਤੋਂ ਜਾਂਦੇ ਉਹਨਾਂ ਦੀ ਡਿਸਕ ‘ਚ ਪਰੇਸ਼ਾਨੀ ਏਨੀ ਵੱਧ ਗਈ ਕਿ ਦੇਸੀ ਭਾਸ਼ਾ ‘ਚ ਕਹੀਏ ਤਾਂ ਲੱਕ ‘ਤੇ ਮਣਕੇ ਤੱਕ ਫਿਸ ਗਏ ਸਨ।ਉਹਨਾਂ ਦਾ ਡਿਸਕ ਦਾ ਓਪਰੇਸ਼ਨ (Dissetomy) ਹੋਇਆ।ਹਰਭਜਨ ਕੌਰ ਦੱਸਦੇ ਹਨ ਕਿ ਡਾਕਟਰਾਂ ਮੁਤਾਬਕ ਲਗਾਤਾਰ ਸਕੂਟਰ ‘ਤੇ ਖਸਤਾ ਹਾਲਤ ਸੜਕ ਦੇ ਸਫਰ ਕਰਕੇ ਅਜਿਹਾ ਹੋਇਆ।ਇਸ ਤਕਲੀਫ ਭਰੇ ਓਪਰੇਸ਼ਨ ਨਾਲ ਹਰਭਜਨ ਕੌਰ ਸਿਰਫ ਇੱਕ ਵਾਰ ਨਹੀਂ ਜੂਝੇ ਸਗੋਂ ਪੰਜ ਸਾਲਾਂ ਬਾਅਦ ਓਪਰੇਸ਼ਨ ਦੁਬਾਰਾ ਵੀ ਕਰਨਾ ਪਿਆ।ਉਹਨਾਂ ਮੁਤਾਬਕ ਓਪਰੇਸ਼ਨ ਕਰਾਉਣਾ ਸੌਖਾ ਹੁੰਦਾ ਹੈ ਪਰ ਉਸ ਤੋਂ ਬਾਅਦ ਤੁਸੀ ਮਹਿੰਗਾਈ ਦੇ ਇਸ ਦੌਰ ‘ਚ ਮਹਿੰਗੀਆਂ ਦਵਾਈਆਂ ਨਾਲ ਜੂਝਦੇ ਇੱਕੋ ਮੰਜੇ ‘ਤੇ ਛੱਤ ਨੂੰ ਵੇਖਦੇ ਹੋਏ ਤਨਾਅ ਭਰੇ ਮਾਹੌਲ ‘ਚ ਜੋ ਰਹਿੰਦੇ ਹੋ,ਉਹ ਬਹੁਤ ਤਕਲੀਫ ਭਰਿਆ ਹੁੰਦਾ ਹੈ।
ਸਨੌਰ ਹਲਕੇ ‘ਚ ਜਦੋਂ ਐਲਾਨ ਹੋਇਆ ਕਿ ਅਕਾਲੀ ਦਲ ਵੱਲੋਂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਹੋਣਗੇ ਤਾਂ ਉਹਨਾਂ ਆਉਂਦਿਆਂ ਹੀ ਸੜਕਾਂ ਨੂੰ ਛੇਤੀ ਤੋਂ ਛੇਤੀ ਬਣਾਉਣ ਦੀ ਗੱਲ ਕਹੀ।ਸੜਕ ਦਾ ਤਾਂ ਪਤਾ ਨਹੀਂ ਪਰ ਜਿਵੇਂ ਸੱਥਾਂ ‘ਚ ਆਮ ਹੀ ਗੱਲਾਂ ਤੁਰ ਪੈਂਦੀਆਂ ਹਨ ਤਾਂ ਇੱਕ ਗੱਲ ਤੁਰੀ ਕਿ ਇਹ ਸੜਕ ਕਦੀ ਵੀ ਸਵਾਦ ਨਾਲ ਨਹੀਂ ਬਣੀ ਅਤੇ ਇਸ ਲਈ ਜ਼ਿੰਮੇਵਾਰ ਪੰਜਾਬ ਅੰਦਰ ਸੱਤਾ ਭੋਗ ਚੁੱਕੀਆਂ ਦੋਵੇਂ ਸਰਕਾਰਾਂ ਹੀ ਹਨ।
ਇੱਕ ਸੱਜਣ ਮੁਤਾਬਕ,”ਭਾਜੀ ਕੋਈ ਅੱਠ ਕੁ ਸਾਲ ਪਹਿਲਾਂ ਦੀ ਗੱਲ ਹੋਨੀ ਜੀ,ਇੱਕ ਬਾਈ ਸੀ ਆਪਣਾ,ਪਟਿਆਲਾ ਤੋਂ ਸੰਝ ਨੂੰ ਕੰਮ ‘ਤੇ ਮੁੜ ਰਿਆ ਤਾ ਜੀ।ਬਾਈ ਕਾ ਸਕੂਟਰ૴ਇੱਕ ਸੜਕ ਪਰ ਪਏ ਗੱਡੇ ਮਾ ਜਾ ਪਿਆ,ਬਾਈ 2 ਸਾਲ ਕੌਮਾ ਮਾ ਰਿਆ,ਅਰ ਇਬ ਹੋਸ਼ ਤੋ ਆ ਲੀਏ ਉਸ ਨੂੰ૴ਪਰ ਸਾਫ ਨੀ ਬੋਲਾ૴ਉਸਕੀ ਜੀਭ ਵਲੇਟਨ ਖਾਵਾ,ਬਾਈ ਜੀ ! ਉਸਕੇ ਦੋ ਜਵਾਕ ਆ૴ਅਰ ਹਿੰਮਤ ਆ ਉਸਕੀ ਘਰ ਆਲੀ ਕੀ૴ਪਰ ਉਸ ਦਿਨ ‘ਤੇ ਬੜੀ ਮੁਸ਼ਕਿਲ ਮਾ ਪਰਿਵਾਰ ਦਿਨ ਕੱਟ ਰਿਆ।”
ਇਸੇ ਤਰ੍ਹਾਂ ਕਹਿੰਦੇ ਨੇ ਇੱਕ ਗਰਭਵਤੀ ਜਨਾਨੀ ਦਾ ਜਵਾਕ ਗਰਭ ‘ਚ ਈ ਮਰ ਗਿਆ ਸੀ ਜਦੋਂ ਉਹਨੂੰ ਜਣੇਪੇ ਦੌਰਾਨ ਪਟਿਆਲੇ ਹਸਪਤਾਲ ਲਿਜਾਇਆ ਜਾ ਰਿਹਾ ਸੀ।ਇੰਝ ਹੀ ਪਿਛਲੇ ਦਿਨਾਂ ‘ਚ ਪਟਿਆਲਾ ਤੋਂ ਰੇਤੇ ਦਾ ਭਰਿਆ ਟਿੱਪਰ ਆ ਰਿਹਾ ਸੀ।ਇਸੇ ਸੜਕ ‘ਤੇ ਪੈਂਦੇ ਭੁੱਨਰਹੇੜੀ ਤੋਂ ਇੱਕ ਮੁੰਡਾ ਮੋਟਰਸਾਈਕਲ ‘ਤੇ ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ।ਉਹਦੇ ਵਾਹਨ ਦਾ ਟਾਈਰ ਖੱਡੇ ‘ਚ ਪੈਣ ਕਰਕੇ ਬੇਕਾਬੂ ਹੋ ਗਿਆ ਅਤੇ ਟਿੱਪਰ ਦੇ ਪਿਛਲੇ ਟਾਈਰ ਥੱਲੇ ਵਾਹਨ ਸਨ੍ਹੇ ਦਰੜਿਆ ਗਿਆ।ਪਤਾ ਚੱਲਦਾ ਹੈ ਕਿ ਟਿੱਪਰ ਖਿਲਾਫ ਤਾਂ ਕਾਰੀਵਾਈ ਹੋਈ ਹੈ ਪਰ ਦੱਸਣ ਵਾਲੇ ਦੱਸਦੇ ਹਨ ਕਿ ਟੁੱਟੀ ਸੜਕ ਕਰਕੇ ਹੀ ਇਹ ਹਾਦਸਾ ਹੋਇਆ ਹੈ।ਇਹਨਾਂ ਕਹਾਣੀਆਂ ਦਾ ਸਬੰਧ ਪਤਾ ਨਹੀਂ ਕੋਈ ਸੜਕ ਨਾਲ ਜੋੜਕੇ ਵੇਖਦਾ ਹੈ ਜਾਂ ਨਹੀਂ ਪਰ ਇਹਨਾਂ ਸਾਰੇ ਸੱਜਣਾ ਦੀ ਜ਼ੁਬਾਨੀ ਇਹ ਇਸ ਸੜਕ ਤੋਂ ਲੱਗੇ ਸੇਕ ਦੀ ਵਿਥਿਆ ਹੈ।
ਇਸੇ ਵਿਥਿਆ ‘ਚ ਇੱਕ ਸੱਜਣ ਕਹਿੰਦਾ,”ਭਾਜੀ ਹਾਡੇ ਘਰ ਖੁਸ਼ੀ ਆਉਣ ਵਾਲੀ ਏ,ਨਵੇਂ ਜੀਅ ਦੀ ਆਮਦ ਨਾਲ ਨਵਾਂ ਅਹਿਸਾਸ ਆ ਜੁੜਦਾ ਜੇ ਪਰ ਮੈਂ ਇਸ ਫਿਕਰ ‘ਚ ਰਹਿਨਾ ਵਾ ਕਿ ਜਦੋਂ ਜਣੇਪੇ ਦਾ ਸਮਾਂ ਆਵੇਗਾ૴ਤਾਂ ਮੈਂ ਘਰੋਂ ਹਸਪਤਾਲ ਕਿਵੇਂ ਜਾਵਾਂਗਾ ? ਜੇ ਕੋਈ ਅਬੀ ਨਬੀ ਹੋ ਗਈ ਤਾਂ ਕੀ ਕਰਾਂਗਾ ? ਕਦੀ ਸੋਚੀਦਾ ਜੇ,ਕਿ ਆਖਰੀ ਮਹੀਨੇ ਪਟਿਆਲੇ ਹੀ ਕਿਰਾਏ ‘ਤੇ ਕਮਰਾ ਲੈ ਰਿਹਾ ਜਾਵੇ ਜਾਂ ਪਟਿਆਲੇ ਨੇੜੇ ਲੱਗਦੇ ਕਿਸੇ ਰਿਸ਼ਤੇਦਾਰਾਂ ‘ਤੇ ਜਾਇਆ ਜਾਵੇ।ਆਮ ਜਣੇਪੇ ਤਾਂ ਨੇੜਲੇ ਹਸਪਤਾਲਾਂ ‘ਚ ਹੋ ਜਾਂਦੇ ਜੇ ਪਰ ਵੱਡਾ ਓਪਰੇਸ਼ਨ ਹੋਣ ਕਰਕੇ ਮੈਂ ਬਹੁਤਾ ਡਰਿਆ ਹੋਇਆ ਵਾਂ।”
ਸੋ ਅਜਿਹੇ ਭੱਵਿਖ ਦੀ ਬੁੱਕਲ ‘ਚ ਲੁੱਕੇ ਅਣਚਾਹੇ ਹਾਦਸਿਆਂ ਦੇ ਪਰਛਾਵੇਂ ਥੱਲੇ ਸਨੌਰ ਹਲਕੇ ਦੇ ਬਾਸ਼ਿੰਦੇ ਇਸ ਸੜਕ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ।ਜਿਉਂ ਜਿਉਂ ਉਹ ਇਸ ਸੜਕ ਦਾ ਸਫਰ ਕਰਦੇ ਹਨ ਤਾਂ ਸਬੰਧਿਤ ਸਰਕਾਰਾਂ ਨੂੰ ਬਦ-ਦੁਆਵਾਂ ਦਿੰਦੇ ਹਨ ਕਿਉਂ ਕਿ ਹਮਾਤੜ ਦਾ ਤਗੜੇ ‘ਤੇ ਕੋਈ ਜ਼ੋਰ ਨਹੀਂ ਅਤੇ ਵਿਚਾਰਾ ਇੰਝ ਹੀ ਭੜਾਸ ਕੱਢ ਚੁੱਪ ਹੋ ਜਾਂਦਾ ਹੈ।ਅਜਿਹੀ ਸੜਕਾਂ ਜਿੱਥੇ ਜਿੱਥੇ ਵੀ ਹਨ,ਉਹਨਾਂ ਲੋਕਾਂ ਦੀ,ਇਲਾਕੇ ਦੀ,ਇਹੋ ਵਿਥਿਆ ਹੋਵੇਗੀ।ਅਜਿਹੀ ਵਿਥਿਆ ਬਹੁਤੀ ਵਾਰ ਕਿਸੇ ਖ਼ਬਰ ਦਾ ਹਿੱਸਾ ਨਹੀਂ ਬਣਦੀ૴ਪਰ ਹੈ ਤਾਂ ਇਹ ਵੀ ਜ਼ਿੰਦਗੀ ਹੀ ਹੈ૴

ਹਰਪ੍ਰੀਤ ਸਿੰਘ ਕਾਹਲੋਂ

harpreetsingh.media@gmail.com

Install Punjabi Akhbar App

Install
×