ਸਰਬੱਤ ਖਾਲਸਾ ਦੇ ਪ੍ਰਬੰਧਕਾਂ ਅਤੇ ਕੌਮ ਵੱਲੋਂ ਥਾਪੇ ਜਥੇਦਾਰਾਂ ਤੇ ਦੇਸ ਧਰੋਹੀ ਦੇ ਪਰਚਿਆਂ ਦੀ ਕਵਾਇਦ ਹੁਣ ਸ੍ਰ ਬਾਦਲ ਦੇ ਡਗਮਗਾਉਂਦੇ ਰਾਜਸ਼ੀ ਤਖਤ ਨੂੰ ਠੁਮਣਾ ਨਹੀ ਦੇ ਸਕੇਗੀ

12227841_868021596646842_7158664869159358254_nਜਦੋਂ ਵੀ ਹਕੂਮਤਾਂ ਦੇ ਜਬਰ ਜੁਲਮ ਦੀ ਇੰਤਹਾ ਹੋਈ ਤਾਂ ਖਾਲਸਾ ਪੰਥ ਨੇ ਹਕੂਮਤੀ ਜਬਰ ਦਾ ਮੁਕਾਬਲਾ ਕਰਨ ਲਈ ਸਿਰ ਜੋੜ ਕੇ ਬੈਠਣ ਦਾ ਨਿਰਣਾ ਲਿਆ। ਲੰਘੀ 10 ਨਵੰਬਰ ਨੂੰ ਅਮ੍ਰਿਤਸਰ ਦੇ ਪਿੰਡ ਚੱਬੇ ਵਿੱਚ ਹੋਇਆ ਸਰਬੱਤ ਖਾਲਸਾ ਦਾ ਇਤਿਹਾਸਿਕ ਇਕੱਠ ਵੀ ਸਮੇ ਦੀਆਂ ਸਰਕਾਰਾਂ ਨੂੰ ਇਕ ਅਜਿਹਾ ਹੀ ਸੁਨੇਹਾ ਦੇਣ ਵਿੱਚ ਸਫਲ ਰਿਹਾ ਹੈ ਕਿ ਅੱਜ ਵੀ ਖਾਲਸਾ ਪੰਥ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਤੋਂ ਥਿੜਕਿਆ ਨਹੀ ਬਲਕਿ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਦ੍ਰਿੜ ਸੰਕਲਪ ਹੈ।ਜਦੋਂ ਅਸੀ ਹਕੂਮਤੀ ਜਬਰ ਜੁਲਮ ਦੀ ਗੱਲ ਕਰਦੇ ਹਾਂ ਤਾਂ ਜੁਲਮ ਜਾਬਰ ਬਾਬਰ ਤੋਂ ਸੁਰੂ ਹੋ ਕੇ ਔਰੰਗਜੇਵ,ਅਬਦਾਲੀ ,ਜਕਰੀਆ,ਯਹੀਆ,ਲਖਪਤ, ਮੀਰ ਮੰਨੂ ,ਜਰਨਲ ਡਾਇਰ ਤੋਂ ਵਾਅਦ ਵੀਹਵੀਂ ਸਦੀ ਦੀ ਨਾਗਪੁਰੀ ਸੋਚ ਨੂੰ ਸਮਰਪਿਤ ਇੰਦਰਾ ਗਾਂਧੀ ਤੱਕ ਪਹੁੰਚਦਾ ਪਹੁੰਚਦਾ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਹੈ ਪਰੰਤੂ ਇਹ ਅੰਤਾਂ ਦਾ ਜ਼ਬਰ ਜੁਲਮ ਵੀ ਖਾਲਸੇ ਨੂੰ ਆਪਣੇ ਗਾਡੀ ਰਾਹ ਤੋਂ ਮੋੜ ਸਕਣ ਵਿੱਚ ਅਸਮਰੱਥ ਰਿਹਾ ਹੈ। ਭਾਰਤੀ ਹਾਕਮਾਂ ਨੇ ਸਿੱਖ ਕੌਂਮ ਨੂੰ ਸਾਂਗ ਕੇ ਰੱਖਣ ਲਈ ਪੰਜਾਬ ਨੂੰ ਇਸ ਕਦਰ ਤੋੜ ਮਰੋੜ ਦਿੱਤਾ ਕਿ ਇਹਦੇ ਜਾਇਆਂ ਦੀ ਅਣਖ ਗੈਰਤ ਜਾਗਦੇ ਹੋਣ ਦੇ ਬਾਵਜੂਦ ਵੀ ਪਿੰਜਰੇ ਦੇ ਸੇਰ ਦੀ ਦਹਾੜ ਵਾਲੀ ਬਣ ਕੇ ਰਹਿ ਗਈ ਹੈ ਜਿਹੜੀ ਕੁੱਝ ਵੀ ਨਾ ਕਰ ਸਕਣ ਦੇ ਬਾਵਜੂਦ ਵੀ ਸਾਹਮਣੇ ਵਾਲੇ ਨੂੰ ਧੁਰ ਅੰਦਰ ਤੱਕ ਕੰਬਾ ਕੇ ਰੱਖ ਜਾਂਦੀ ਹੈ ਤੇ ਇਹ ਸੋਚਣ ਲਈ ਮਜਬੂਰ ਕਰ ਜਾਂਦੀ ਹੈ ਕਿ ਜੇ ਕਰ ਪਿੰਜਰਿਆਂ ਵਿੱਚ ਕੈਦ ਕੀਤੇ ਸੇਰਾਂ ਨੇ ਇਹ ਪਿੰਜਰੇ ਤੋੜਨ ਦਾ ਮਨ ਬਣਾ ਲਿਆ ਤਾਂ ਚਿੜੀਆ ਘਰਾਂ ਦੇ ਰਾਖਵਾਲਿਆਂ  ਦਾ ਹਾਲ ਕੀ ਹੋਵੇਗਾ। ਅੰਗਰੇਜੀ ਹਕੂਮਤ ਤੋਂ ਵਾਅਦ ਲੰਮਾ ਸਮਾ ਦੇਸ ਦੀਆਂ  ਕੱਟੜਵਾਦੀ ਹਕੂਮਤਾਂ ਦੀ ਗੁਲਾਮੀ ਝਲਦੀ ਆ ਰਹੀ ਸਿੱਖ ਕੌਮ ਦੀ ਤਰਾਸਦੀ ਇਹ ਰਹੀ ਹੈ ਕਿ ਇਹਨਾਂ ਦੇ ਆਪਣੇ ਆਗੂ ਆਪਣੇ ਨਿੱਜੀ ਮੁਫਾਦਾਂ ਲਈ ਕੇਂਦਰੀ ਹਕੂਮਤਾਂ ਨਾਲ ਸਾਂਝ ਪਾ ਕੇ ਕੌਮ ਧਰੋਹੀ ਬਣਨ ਦੀ ਅਜਿਹੀ ਪਿਰਤ ਪਾ ਕੇ ਚਲੇ ਗਏ ਜਿਹੜੀ ਅੱਜ ਤੱਕ ਬਾ ਦਸਤੂਰ ਜਾਰੀ ਹੈ।ਅੱਜ ਸਿੱਖ ਕੌਂਮ ਅਜਿਹੇ ਧਰਮ ਸੰਕਟ ਵਿੱਚ ਫਸੀ ਹੋਈ ਹੈ ਜਿੱਥੋਂ ਨਿਕਲਣ ਦਾ ਨੇੜ ਭਵਿੱਖ ਵਿੱਚ ਕੋਈ ਰਾਸਤਾ ਦਿਖਾਈ ਨਹੀ ਦਿੰਦਾ। ਜਦੋਂ ਥਾਂ ਥਾਂ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਦੀ ਘੋਰ ਬੇਅਦਬੀ ਦੀਆਂ ਖਬਰਾਂ ਹਰ ਚੜਦੀ ਸਵੇਰ ਸੁਣਨ ਨੂੰ ਮਿਲਦੀਆਂ ਹੋਣ ਤੇ ਸੂਬੇ ਦੀ ਅਖੌਤੀ ਪੰਥਕ ਸਰਕਾਰ ਦੋਸ਼ੀਆਂ ਨੂੰ ਫੜਕੇ ਕੀਤੇ ਦੀ ਸ਼ਜਾ ਦੇਣ ਦੀ ਵਜਾਇ ਆਪਣੇ ਨਾਗਪੁਰੀ ਅਤੇ ਦਿੱਲੀ ਵਾਲੇ ਅਕਾਵਾਂ ਨੂੰ ਖੁਸ਼ ਕਰਨ ਲਈ ਉਲਟਾ ਆਪਣੀ ਹੀ ਕੌਂਮ ਭਾਵ ਹੱਕ ਮੰਗਦੇ ਸਿੱਖਾਂ ਤੇ ਹੀ ਜੁਲਮ ਢਾਹੁਣਾ ਸੁਰੂ ਕਰ ਦੇਵੇ ਫਿਰ 10 ਨਵੰਬਰ ਵਰਗਾ ਇਤਿਹਾਸਿਕ ਦਿਨ ਤਾਂ ਚੜ੍ਹਨਾ ਹੀ ਚੜ੍ਹਨਾ ਸੀ, ਜਿਸ ਨੂੰ ਇਤਿਹਾਸ ਵਿੱਚ ਇੱਕ ਵੱਡੇ ਫੇਰਵਦਲ ਵਜੋਂ ਦੇਖਿਆ ਜਾਵੇਗਾ।ਜਦੋਂ ਵੀ ਸਿੱਖ ਕੌਮ ਦੇ ਮੌਜੂਦਾ ਸੰਘਰਸ ਦੀ ਦਾਸਤਾਨ ਇਤਿਹਾਸ ਵਿੱਚ ਦਰਜ ਹੋਵੇਗੀ ਤਾਂ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ ਸਿੰਘ ਬਾਦਲ ਦਾ ਨਾਮ ਸਭ ਤੋਂ ਮੂਹਰਲੀ ਕਤਾਰ ਦੇ ਪਹਿਲੇ ਕੌਮ ਧਰੋਹੀ ਜਾਲਮ ਹਾਕਮ ਵਜੋਂ ਇਤਿਹਾਸ ਦੇ ਉਹਨਾਂ ਕਾਲੇ ਪੰਨਿਆਂ ਤੇ ਉਘੜਵੇਂ ਰੂਪ ਵਿੱਚ ਦਰਜ ਕੀਤਾ ਜਾਵੇਗਾ, ਜਿਹੜੇ ਸਿੱਖ ਕੌਂਮ ਦੀ ਵੱਖਰੀ ਨਿਆਰੀ ਹਸਤੀ ਨੂੰ ਖਤਮ ਕਰਨ ਲਈ ਸਿੱਖ ਵਿਰੋਧੀ ਤਾਕਤਾਂ ਦੇ ਕੋਝੇ ਹੱਥਕੰਡਿਆਂ ਨੂੰ ਦਰਸਾਉਂਣ ਲਈ  ਲਿਖੇ ਜਾਣਗੇ। ਸਿੱਖੀ ਭੇਸ ਵਿੱਚ ਬੈਠੇ ਇਹਨਾਂ ਕੌਮ ਧਰੋਹੀ ਆਗੂਆਂ ਨੇ ਰਾਜ ਭਾਗ ਦੀ ਜੂਠੀ ਬੁਰਕੀ ਦੇ ਲਾਲਚ ਵਿੱਚ ਆ ਕੇ ਜੋ ਸਿੱਖਾਂ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਕਲੰਕਤ ਕਰਨ ਦਾ ਰਾਹ ਫੜਿਆ ਹੈ ਉਹ ਦਾ ਪੈਂਡਾ ਸੱਚਮੁੱਚ ਹੀ ਐਨਾ ਭਿਆਨਕ ਤੇ ਬਿਖੜਿਆ ਹੋਇਆ ਹੈ ਕਿ ਹੁਣ ਉਸ ਰਾਸਤੇ ਤੇ ਚੱਲਣਾ ਵੀ ਮੌਜੂਦਾ ਹਾਕਮਾਂ ਲਈ ਖਤਰਨਾਕ ਹੈ ਤੇ ਉਸ ਰਾਸਤੇ ਤੋ ਵਾਪਸ ਮੁੜਨਾ ਉਸ ਤੋਂ ਵੀ ਖਤਰਨਾਕ,ਕਿਉਂ ਕਿ ਰਾਜ ਸਤਾ ਦੀ ਅੰਨੀ ਭੁੱਖ ਦੇ ਸਤਾਏ ਇਹਨਾਂ ਭਰਿਸ਼ਟ ਤੇ ਕੌਮੀ ਧੋਖੇਵਾਜ ਹਾਕਮਾਂ ਨੂੰ ਆਪਣੇ ਪਾਪਾਂ ਦਾ ਅੰਦਰਲਾ ਡਰ ਉਹਨਾਂ ਨੂੰ ਪਿੱਛੇ ਮੁੜਨ ਤੋਂ ਰੋਕਦਾ ਹੈ। ਹੁਣ ਸੂਬੇ ਦੇ ਹਾਕਮਾਂ ਦੀ ਹਾਲਤ ਉਸ ਸੱਪ ਵਰਗੀ ਹੋ ਗਈ ਜੋ ਕੋਹੜ ਕਿਰਲੀ ਫੜ ਤਾਂ ਲੈਂਦਾ ਹੈ ਪਰ ਨਾਂ ਹੀ ਖਾਣ ਦਾ ਹੌਸਲਾ ਕਰ ਸਕਦਾ ਹੈ ਤੇ ਨਾ ਹੀ ਛੱਡਣ ਦਾ,ਅਜਿਹੇ ਹਾਲਾਤਾਂ ਵਿੱਚ ਹਾਕਮਾਂ ਦਾ ਬੌਖਲਾਹਟ ਵਿੱਚ ਆ ਕੇ ਹੋਰ ਜੁਲਮੀ  ਹੋ ਜਾਣਾ ਸੁਭਾਵਕ ਹੈ। ਇਹ ਹਾਲਤ ਅੱਜ ਸੂਬੇ ਦੀ ਪ੍ਰਕਾਸ ਸਿੰਘ ਬਾਦਲ ਦੀ ਸਰਕਾਰ ਅਤੇ ਬਾਦਲ ਪਰਿਵਾਰ ਦੀ ਹੋ ਚੁੱਕੀ ਹੈ ਜਿਸ ਨੇ ਕੁਰਸੀ ਭੁੱਖ ਦੀ ਪੂਰਤੀ ਲਈ ਆਪਣੇ ਹੀ ਲੋਕਾਂ ਤੇ ਆਪਣੀ ਹੀ ਕੌਂਮ ਨਾਲ ਹਰ ਵੱਡੇ ਤੋਂ ਵੱਡਾ ਪਾਪ, ਵੱਡੇ ਤੋਂ ਵੱਡਾ ਧੋਖਾ ਅਤੇ ਜਬਰ ਜੁਲਮ ਕਰਨ ਤੋਂ ਵੀ ਕੋਈ ਗੁਰੇਜ ਨਹੀ ਕੀਤਾ।ਸਿੱਖ ਕੌਂਮ ਦੇ ਭੋਲੇਪਣ ਦਾ ਫਾਇਦਾ ਉਠਾ ਕੇ ਪੰਥ ਦੇ ਨਾਮ ਤੇ ਸਿਆਸੀ ਜੂਏ ਦੀ ਵਾਜੀ ਵਿੱਚ ਉਮਰ ਭਰ ਦੇ ਜੇਤੂ ਰਹੇ ਪ੍ਰਕਾਸ ਸਿੰਘ ਬਾਦਲ ਦੀ ਅਖੀਰਲੀ ਵਾਜੀ ਸਾਇਦ ਐਨੀ ਭਾਰੀ ਪੈ ਜਾਵੇਗੀ ਇਹ ਉਹਨਾਂ ਨੇ ਸੁਪਨੇ ਵਿੱਚ ਵੀ ਨਹੀ ਕਿਆਸਿਆ ਹੋਵੇਗਾ। ਸਿੱਖ ਬੰਦੀਆਂ ਦੀ ਰਿਹਾਈ ਲਈ 16 ਜਨਵਰੀ 2015  ਤੋਂ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਤੋਂ ਸੁਰੂ ਹੋਏ ਸਿੱਖ ਸੰਘਰਸ਼ ਤੋਂ ਲੈ ਕੇ ਅੱਜ ਮੌਜੂਦਾ ਸਮੇ ਵਿੱਚ ਸ੍ਰੀ ਗੁਰੂ ਗਰੰਥ ਸਹਿਬ ਦੀ ਯੋਜਨਾਵੱਧ ਤਰੀਕੇ ਨਾਲ ਕੀਤੀ ਜਾ ਰਹੀ ਘੋਰ ਬੇਅਦਬੀ ਦੇ ਰੋਸ਼ ਵਿੱਚੋਂ ਉਠੇ ਫੈਸਲਾਕੁਨ ਸਿੱਖ ਸੰਘਰਸ਼ ਨੇ ਬਾਦਲ ਸਰਕਾਰ ਦਾ ਅਕਸ਼ ਪੂਰੀ ਦੁਨੀਆਂ ਵਿੱਚ ਨੰਗਾ ਕਰ ਦਿੱਤਾ ਹੈ। ਬਾਪੂ ਸੂਰਤ ਸਿੰਘ ਦੇ ਸੰਘਰਸ਼ ਦੌਰਾਨ ਪੁਲਿਸ ਵੱਲੋਂ ਹਸ਼ਨਪੁਰ (ਲੁਧਿਆਨਾ) ਤੋਂ ਸੁਰੂ ਕੀਤੇ ਗਏ ਅਤਿਆਚਾਰਾਂ ਤੋਂ ਲੈ ਕੇ ਬਰਗਾੜੀ ਵਿੱਚ ਗੁਰੂ ਦੀ ਘੋਰ ਬੇਅਦਬੀ ਦੇ ਰੋਸ਼ ਵਿੱਚ ਸਾਂਤਮਈ ਧਰਨਾ ਦੇ ਰਹੇ ਸਿੱਖਾਂ ਤੇ ਲਾਠਾਚਾਰਜ,ਅਥਰੂ ਗੈਸ,ਪਾਣੀ ਦੀਆਂ ਬੁਛਾੜਾਂ ਅਤੇ ਅੰਨੇਵਾਹ ਗੋਲੀ ਚਲਾ ਕੇ ਦੋ ਨੌਜਵਾਨਾਂ ਨੂੰ ਸ਼ਹੀਦ ਕਰਨ ਅਤੇ ਸੈਂਕੜਿਆਂ ਨੂੰ ਜਖਮੀ ਕਰਨ ਤੱਕ ਦਾ ਜੁਲਮੀ ਵਰਤਾਰਾ ਬਾਦਲਕਿਆਂ ਨਾਲ ਰਾਜਨੀਤਕ,ਸਮਾਜਿਕ, ਅਤੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀ ਮੰਗ ਕਰਦਾ ਹੋਇਆ ਸਰਬੱਤ ਖਾਲਸੇ ਦੀ ਪੁਨਰ ਸੁਰਜੀਤੀ ਦੇ ਸੁਭ ਕਾਰਜ ਤੱਕ ਪਹੁੰਚ ਗਿਆ। ਇੱਕੀਵੀਂ ਸਦੀ ਦੇ ਇਸ ਪਹਿਲੇ ਸਰਬੱਤ ਖਾਲਸੇ ਦੀ ਸਫਲਤਾ ਨੂੰ ਬੇਸ਼ੱਕ ਸੂਬਾ ਸਰਕਾਰ ਅਸਫਲ ਕਹਿਣ ਦੀ ਗੁਸਤਾਖੀ ਕਰਕੇ ਇਸ ਵਿੱਚ ਲਏ ਗਏ ਫੈਸਲਿਆਂ ਨੂੰ ਮੰਨਣ ਤੋਂ ਆਕੀ ਵੀ ਰਹੇ ਪਰ ਇਹ ਇਤਿਹਾਸਿਕ ਸਚਾਈ ਨੂੰ ਝੁਠਲਾਉਣਾ ਸ੍ਰ ਪ੍ਰਕਾਸ ਸਿੰਘ ਬਾਦਲ ਵਰਗੇ ਘਾਗ ਸਿਆਸਤਦਾਨ ਦੀ ਦੂਰਦਰਿਸਟੀ ਤੇ ਸਵਾਲੀਆ ਨਿਸਾਨ ਜਰੂਰ ਲਾਉਂਦਾ ਹੈ। ਉੱਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੱਲੋਂ ਸਰਬੱਤ ਖਾਲਸਾ ਵਿੱਚ ਸਾਮਲ ਹੋਏ ਵਿਦੇਸੀ ਸਿੱਖਾਂ ਨੂੰ ਵਿਦੇਸੀ ਤਾਕਤਾਂ ਕਹਿਣਾ ਅਤੇ ਸਿੱਖ ਕੌਮ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਕੌਮ ਦੇ ਬੱਬਰ ਸੇਰ ਕਰਕੇ ਜਾਣੇ ਜਾਂਦੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਥਾਪੇ ਜਾਣ ਤੇ ਇਹ ਕਹਿਣਾ ਕਿ “ਇੱਕ ਮੁਜਰਮ ਨੂੰ ਜਥੇਦਾਰ ਕਿਵੇਂ ਬਣਾਇਆ ਜਾ ਸਕਦਾ ਹੈ,ਕਾਤਲ ਕੌਮ ਨੂੰ ਕੀ ਸੇਧ ਦੇ ਸਕਦਾ ਹੈ” ਅਤੇ ਸਰਬੱਤ ਖਾਲਸੇ ਨੂੰ ਆਈ ਐਸ ਆਈ ਜਾਂ ਕਾਂਗਰਸ ਦੇ ਸਿਆਸੀ ਹਿਤਾਂ ਦੀ ਪੂਰਤੀ ਵਾਲਾ ਇਕੱਠ ਕਹਿਣਾ ਜਿੱਥੇ ਉਹਨਾਂ ਦੀ ਬੌਖਲਾਹਟ ਨੂੰ ਦਰਸਾਉਂਦਾ ਹੈ ਉਥੇ ਉਹਨਾਂ ਦੀ ਸਿੱਖ ਕੌਮ ਦੀਆਂ ਭਾਵਨਾਵਾਂ ਪ੍ਰਤੀ ਬੇਪ੍ਰਬਾਹ ਤੇ ਮਾੜੀ ਸੋਚ ਨੂੰ ਵੀ ਜਾਹਰ ਕਰਦਾ ਹੈ। ਜੇ ਕਰ ਸੁਖਵੀਰ ਸਿੰਘ ਬਾਦਲ ਦੀ ਸਮਝ ਮੁਤਾਬਿਕ ਸਰਬੱਤ ਖਾਲਸਾ ਨੂੰ ਸਿਆਸੀ ਇਕੱਠ ਵੀ ਮੰਨ ਲਿਆ ਜਾਵੇ ਤਾਂ ਵੀ ਸਬਕ ਲੈਣਾ ਬਣਦਾ ਹੈ, ਕਿਉਂ ਕਿ ਸਿੱਖਾਂ ਦਾ ਇਹ ਸਿਆਸੀ ਇਕੱਠ ਤਖਤੇ ਪਲਟਾਉਣ ਦੇ ਸਮਰੱਥ ਹੋ ਨਿਬੜਿਆ ਹੈ।ਪਰੰਤੂ ਸੂਬਾ ਸਰਕਾਰ ਨੇ ਵੀਤੇ ਤੋਂ ਸਬਕ ਨਾ ਲੈ ਕੇ ਮਹਿਜ ਰਾਜ ਭਾਗ ਨੂੰ ਕਾਇਮ ਰੱਖਣ ਲਈ ਅਜਿਹਾ ਜਾਲਮਾਨਾ ਰਾਸਤਾ ਅਖਤਿਆਰ ਕਰਨ ਨੂੰ ਤਰਜੀਹ ਦਿੱਤੀ ਜਿਹੜਾ ਬਾਦਲ ਪਰਿਵਾਰ ਨੂੰ ਸਿੱਖ ਦੁਸ਼ਮਣਾਂ ਦੀ ਮੂਹਰਲੀ ਕਤਾਰ ਵਿੱਚ ਤਾਂ ਖੜਾ ਕਰਦਾ ਹੀ ਹੈ ਬਲਕਿ ਉਹਨਾਂ ਦੇ ਕਦਮਾਂ ਨੂੰ ਹੋਰ ਤੇਜ ਕਰਦਾ ਹੋਇਆ ਪਤਨ ਵੱਲ ਲੈ ਕੇ ਜਾ ਰਿਹਾ ਹੈ। ਸੋ ਅਖੀਰ ਵਿੱਚ ਇਹ ਕਹਿ ਕੇ ਅਸੀਂ ਆਪਣੀ ਗੱਲ ਨੂੰ ਖਤਮ ਕਰਦੇ ਹਾਂ ਕਿ ਸੂਬਾ ਸਰਕਾਰ ਵੱਲੋਂ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਅਤੇ ਕੌਮ ਵੱਲੋਂ ਨਵੇਂ ਥਾਪੇ ਜਥੇਦਾਰ ਸਹਿਬਾਨਾਂ ਤੇ ਦੇਸ਼ ਧਰੋਹੀ ਦੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਸੁੱਟਣ ਦੀ ਸੁਰੂ ਕੀਤੀ ਕਵਾਇਦ ਸ੍ਰ ਬਾਦਲ ਦੇ ਡਗਮਗਾਉਂਦੇ ਰਾਜਸ਼ੀ ਤਖਤ ਨੂੰ ਹੁਣ ਠੁਮਣਾ ਨਹੀ ਦੇ ਸਕੇਗੀ, ਬਲਕਿ ਸਮੁੱਚੀ ਕੌਮ ਨੂੰ ਆਪਸੀ ਭੇਦ ਭਾਵ ਅਤੇ ਧੜੇਵੰਦੀਆਂ ਤੋਂ ਉਪਰ ਉੱਠ ਕੇ 2016 ਦੀ ਵਿਸਾਖੀ ਮੌਕੇ ਹੋਣ ਵਾਲੇ ਸਰਬੱਤ ਖਾਲਸਾ ਵਿੱਚ ਅਜਿਹਾ ਇਤਿਹਾਸ ਸਿਰਜਣ ਦੇ ਸਮਰੱਥ ਜਰੂਰ ਬਣਾ ਦੇਵੇਗੀ ਜਿਹੜਾ ਸਿੱਖ ਕੌਮ ਦੇ ਉਜਲੇ ਭਵਿੱਖ ਨੂੰ ਦਰਸਾਉਂਦੇ ਕੇਸਰੀ ਨਿਸਾਨ ਨੂੰ ਦੁਨੀਆਂ ਦੇ ਨਕਸ਼ੇ ਤੇ ਅਜਾਦ ਤੇ ਵੱਖਰੀ ਕੌਂਮ ਵਜੋਂ ਸਥਾਪਤ ਕਰ ਸਕੇਗਾ।

Install Punjabi Akhbar App

Install
×