ਪ੍ਰਧਾਨ ਮੰਤਰੀ ਵੱਲੋਂ ਧਾਰਾ 370 ਨੂੰ ਕਿਸਾਨੀ ਬਿਲਾਂ ਨਾਲ ਜੋੜ ਕੇ ਦੇਖਣ ਦੇ ਅਸਲ ਅਰਥਾਂ ਨੂੰ ਸਮਝਣ ਦੀ ਲੋੜ

ਭਾਂਵੇਂ ਕਿਸਾਨ ਜਥੇਬੰਦੀਆਂ ਸਮੁੱਚੇ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਵੱਲੋਂ ਬਣਾਏ ਕਿਸਾਨੀ ਵਿਰੋਧੀ ਤਿੰਨ ਨਵੇਂ ਕਨੂੰਨਾਂ ਨੂੰ ਰੱਦ ਕਰਵਾਉਣ ਦੀ ਫੈਸਲਾਕੁਨ ਲੜਾਈ ਲੜਨ ਦੇ ਇਰਾਦੇ ਨਾਲ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੀਆਂ ਹੋਈਆਂ ਹਨ ਤੇ ਪੰਜਾਬ ਦੇ ਲੋਕਾਂ ਵੱਲੋਂ ਕਿਸਾਨ ਅੰਦੋਲਨ ਨੂੰ ਬੇ ਮਿਸ਼ਾਲ ਸਹਿਯੋਗ ਵੀ ਮਿਲ ਰਿਹਾ ਹੈ।ਮੁਲਾਜਮ ਜਥੇਬੰਦੀਆਂ,ਸੇਵਾ ਮੁਕਤ ਮਲਾਜਮ ਜਥੇਬੰਦੀਆਂ,ਕੱਚਾ ਆੜਤੀਆ ਐਸੋਸੀਏਸਨਾਂ,ਹਰ ਵਰਗ ਦੇ ਨੌਜੁਆਨ,ਕਲਾਕਾਰ,ਅਦਾਕਾਰ ਕਿਸਾਨਾਂ ਮਜਦੂਰਾਂ ਦੇ ਇਸ ਹੱਕੀ ਘੋਲ ਵਿੱਚ ਜੀਅ ਜਾਨ ਨਾਲ ਡਟੇ ਹੋਏ ਹਨ।ਇਹ ਪਹਿਲਾ ਮੌਕਾ ਹੈ,ਜਦੋ ਕਿਸਾਨ ਘੋਲ ਨੂੰ ਪੰਜਾਬ ਦੇ ਲੋਕਾਂ ਨੇ ਰੱਜਵਾਂ ਸਹਿਯੋਗ ਦਿੱਤਾ ਹੋਵੇ ਤੇ ਇਹ ਕਿਸਾਨੀ ਅੰਦੋਲਨ ਹਰ ਵਰਗ ਦਾ ਸਾਂਝਾ ਅੰਦੋਲਨ ਬਣਿਆ ਹੋਵੇ।ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਧਿਰਾਂ ਤੋ ਸਪੱਸਟ ਦੂਰੀ ਬਣਾਈ ਹੋਣ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਅੰਦੋਲਨ ਦੇ ਸਮੱਰਥਨ ਵਿੱਚ ਆਈਆਂ ਹੋਣ ਅਤੇ ਪੰਜਾਬ ਤੋ ਬਾਹਰ ਹਰਿਆਣਾ ਰਾਜਸਥਾਨ ਸਮੇਤ ਬਹੁਤ ਸਾਰੇ ਸੂਬਿਆਂ ਚ ਇਸ ਅੰਦੋਲਨ ਦਾ ਸੇਕ ਪਹੁੰਚ ਕੇ ਕਿਸਾਨੀ ਲਹੂ ਨੂੰ ਗਰਮਾਇਸ਼ ਦੇਣ ਦੇ ਸਮਰੱਥ ਹੋ ਚੁੱਕਾ ਹੋਵੇ, ਇਸ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਿਰੇਂਦਰ ਮੋਦੀ ਵੱਲੋਂ ਬਹਾਰ ਵਿਧਾਨ ਸਭਾ ਚੋਣਾਂ ਲਈ ਪਰਚਾਰ ਸਮੇ ਅਪਣੀ ਪਹਿਲੀ ਚੋਣ ਰੈਲੀ ਦੌਰਾਨ ਹੀ ਇਹ ਸਪੱਸਟ ਐਲਾਨ ਕਰਨਾ ਕਿ ਕੇਂਦਰ ਸਰਕਾਰ ਕਿਸਾਨੀ ਕਨੂੰਨਾਂ ਦੇ ਮੁੱਦੇ ਤੇ ਕਿਸੇ ਵੀ ਕੀਮਤ ਤੇ ਅਪਣੇ ਫੈਸਲੇ ਤੋ ਪਿਛਾਂਹ ਨਹੀ ਮੁੜੇਗੀ,ਭਾਵ ਕਿਸਾਨੀ ਕਨੂੰਨ ਰੱਦ ਕਰਨ ਦਾ ਸਵਾਲ ਹੀ ਪੈਦਾ ਨਹੀ ਹੁੰਦਾ,ਸਪੱਸਟ ਕਰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨੀ ਅੰਦੋਲਨ ਦੀ ਕੋਈ ਪ੍ਰਵਾਹ ਨਹੀ ਕਰਦੀ,ਬਲਕਿ ਪ੍ਰਧਾਨ ਮੰਤਰੀ ਸ੍ਰੀ ਨਿਰੇਂਦਰ ਮੋਦੀ ਨੇ ਜੰਮੂ ਕਸ਼ਮੀਰ ਚੋਂ ਧਾਰਾ 370 ਖਤਮ ਕਰਨ ਵਰਗੇ ਅਪਣੇ ਸਖਤ ਫੈਸਲੇ ਨੂੰ ਕਿਸਾਨੀ ਕਨੂੰਨਾਂ ਨਾਲ ਜੋੜ ਕੇ ਭਾਰਤ ਦੇ ਲੋਕਾਂ ਖਾਸ ਕਰਕੇ ਪੰਜਾਬ ਦੇ ਸ਼ੰਘਰਸ਼ਸ਼ੀਲ ਲੋਕਾਂ ਨੂੰ ਇਹ ਸੰਕੇਤ ਦੇ ਦਿੱਤਾ ਹੈ ਕਿ ਪਾਸ ਕੀਤੇ ਕਨੂੰਨਾਂ ਦੀ ਪਾਲਣਾ ਕਰਵਾਉਣ ਲਈ ਕੇਂਦਰ ਸਰਕਾਰ ਜੰਮੂ ਕਸ਼ਮੀਰ ਵਾਲੇ ਫੈਸਲੇ ਲੈਣ ਤੋ ਵੀ ਗੁਰੇਜ ਨਹੀ ਕਰੇਗੀ।

ਉਹਨਾਂ ਦਾ ਇਹ ਧਮਕੀ ਭਰਿਆ ਇਸਾਰਾ ਪੰਜਾਬ ਦੇ ਗੈਰਤਮੰਦ ਖੂੰਨ ਲਈ ਗੰਭੀਰ ਚਣੌਤੀ ਵੀ ਹੈ।ਅੱਜ ਜਦੋ ਭਾਰਤ ਦੇ ਅੱਧੀ ਦਰਜਨ ਸੂਬਿਆਂ ਦੇ ਕਿਸਾਨ ਇਹਨਾਂ ਪਾਸ ਕੀਤੇ ਕਾਲੇ ਕਨੂੰਨਾਂ ਨਾਲ ਸਿੱਧੇ ਤੌਰ ਤੇ ਪ੍ਰਭਾਵਤ ਹੋ ਰਹੇ ਹਨ,ਪਰ ਇਹਨਾਂ ਖਿਲਾਫ ਜੋਰਦਾਰ ਢੰਗ ਨਾਲ ਅਵਾਜ ਬੁਲੰਦ ਕਰਨ ਦੀ ਹੀ ਨਹੀ ਬਲਕਿ ਅਪਣੇ ਖੋਹੇ ਜਾ ਰਹੇ ਹੱਕਾਂ ਨੂੰ ਵਾਪਸ ਲੈਣ ਦੀ ਹਿੰਮਤ ਵੀ ਪੰਜਾਬ ਦੇ ਲੋਕਾਂ ਨੇ ਦਿਖਾਈ ਹੈ, ਅਜਿਹੇ ਮੌਕੇ ਇਹ ਸਮਝਣਾ ਕੋਈ ਮੁਸ਼ਕਲ ਵੀ ਨਹੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਧਮਕੀ ਰੋਹਤਾਸ (ਬਿਹਾਰ) ਦੀ ਚੋਣ ਰੈਲੀ ਤੋ ਕਿੱਧਰ ਮੂੰਹ ਕਰਕੇ ਦਿੱਤੀ ਹੈ। ਧਾਰਾ 370 ਦਾ ਕਿਸਾਨੀ ਕਨੂੰਨਾਂ ਦੇ ਨਾਲ ਜੁੜਨਾ ਦੱਸਦਾ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਮਨ ਚ ਕੀ ਚੱਲ ਰਿਹਾ ਹੈ।ਇਹ ਖਦਸ਼ਾ ਤਾਂ ਲੋਕ ਮਨਾਂ ਚ ਉਸ ਮੌਕੇ ਹੀ ਪੈਦਾ ਹੋ ਗਿਆ ਸੀ,ਜਦੋ ਜੰਮੂ ਕਸ਼ਮੀਰ ਚੋ ਕਸ਼ਮੀਰੀਆਂ ਨੂੰ ਅਜਾਦੀ ਦੇ ਹੱਕ ਦੇਣ ਵਾਲੀ ਧਾਰਾ 370 ਨੂੰ ਖਤਮ ਕਰਕੇ ਉਹਨਾਂ ਲੋਕਾਂ ਨੂੰ ਅਣਮਿਥੇ ਸਮੇ ਲਈ ਘਰਾਂ ਅੰਦਰ ਹੀ ਨਜਰਵੰਦ ਕਰਕੇ ਉਹਨਾਂ ਦੇ ਮੁਢਲੇ ਮਨੁੱਖੀ ਹੱਕ ਹਕੂਕ ਖਤਮ ਕਰ ਦਿੱਤੇ ਅਤੇ ਇਸ ਤੋਂ ਵੀ ਹੋਰ ਅੱਗੇ ਜਾਂਦਿਆਂ ਖੁਦ ਮੁਖਤਿਆਰ ਸੂਬੇ ਨੂੰ ਤੋੜ ਕੇ ਦੋ ਟੋਟੇ ਕਰ ਦਿੱਤੇ ਤੇ ਕੇਂਦਰੀ ਪ੍ਰਦੇਸ਼ ਬਣਾ ਦਿੱਤਾ,ਕਸ਼ਮੀਰੀ ਲੋਕ ਧਾਰਾ 370 ਹਟਾਉਣ ਦਾ ਵਿਰੋਧ ਨਾ ਕਰਨ ਅਤੇ ਨਾ ਹੀ ਦੁਨੀਆਂ ਨਾਲ ਅਪਣੇ ਦੁੱਖ ਦਰਦ ਸਾਂਝੇ ਕਰ ਸਕਣ,ਇਸ ਲਈ ਉੱਥੋ ਦੇ ਸੰਚਾਰ ਸਾਂਧਨ  ਮੁਕੰਮਲ ਤੌਰ ਤੇ ਠੱਪ ਕਰ ਦਿੱਤੇ ਗਏ।

ਉਸ ਮੌਕੇ ਵੀ ਜੇਕਰ ਕਸ਼ਮੀਰੀ ਲੋਕਾਂ ਨਾਲ ਕਿਸੇ ਨੇ ਨੰਗੇ ਧੜ ਖੜਨ ਦੀ ਹਿੰਮਤ ਕੀਤੀ ਉਹ ਸਿੱਖ ਭਾਈਚਾਰਾ ਹੀ ਸੀ।ਜਦੋ ਹਰਿਆਣੇ ਵਰਗੇ ਸੂਬੇ ਦੇ ਮੁੱਖ ਮੰਤਰੀ ਨੇ ਕਸ਼ਮੀਰੀ ਬੀਬੀਆਂ ਬਾਰੇ ਬੇਹੱਦ ਨੀਵੇਂ ਦਰਜੇ ਦੀ ਸਬਦਾਵਲੀ ਵਰਤ ਕੇ ਜਨਤਾ ਨੂੰ ਕਸ਼ਮੀਰੀਆਂ ਖਿਲਾਫ ਭੜਕਾਇਆ ਜਾ ਰਿਹਾ ਸੀ,ਉਸ ਮੌਕੇ ਪੰਜਾਬੀ ਲੋਕ ਕਸ਼ਮੀਰੀ ਬਹੂ ਬੇਟੀਆਂ ਦੀ ਇੱਜਤ ਆਬਰੂ ਦੀ ਰਾਖੀ ਲਈ ਡਟ ਗਏ ਸਨ।ਸ੍ਰੀ ਅਕਾਲ ਤਖਤ ਸਾਹਿਬ ਤੋ ਵੀ ਕਸ਼ਮੀਰੀਆਂ ਖਾਸ ਕਰਕੇ ਬੀਬੀਆਂ ਦੀ ਰਾਖੀ ਦਾ ਆਹਿਦ ਲਿਆ ਗਿਆ ਸੀ,ਜਿਸਨੂੰ ਸਿੱਖਾਂ ਨੇ ਬਿਨਾ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਦਬਾਵ ਦੀ ਪ੍ਰਵਾਹ ਕੀਤਿਆਂ ਨਿਭਾਇਆ ਅਤੇ ਕਸ਼ਮੀਰੀ ਨੌਜੁਆਨਾਂ ਅਤੇ ਮੁਟਿਆਰਾਂ ਨੂੰ ਗੁਰੂ ਘਰਾਂ ਚ ਪਨਾਹ ਦਿੱਤੀ ਅਤੇ ਬਾ-ਇੱਜ਼ਤ ਘਰੋ ਘਰੀ ਪਹੁੰਚਾ ਕੇ ਅਠਾਰਵੀ ਸਦੀ ਦੇ ਸਿੱਖਾਂ ਦੀ ਨੇਅਕ ਨੀਅਤੀ ਅਤੇ ਬਹਾਦਰੀ ਦੀ ਮਿਸ਼ਾਲ ਨੂੰ ਮੁੜ ਦੁਹਰਾਇਆ ਸੀ।ਇਹੋ ਕਾਰਨ ਹੈ ਅੱਜ ਕੇਂਦਰ ਦੀ ਸਰਕਾਰ ਅਤੇ ਸਰਕਾਰ ਚਲਾਉਣ ਵਾਲੀਆਂ ਫਿਰਕੂ ਤਾਕਤਾਂ ਨੂੰ ਜੇ ਕਿਸੇ ਕੌਂਮ ਤੋ ਕੋਈ ਸਹਿਮ ਹੈ,ਉਹ ਸਿੱਖ ਕੌਂਮ ਹੀ ਹੈ,ਜਿਸ ਨੂੰ ਹਰ ਹਾਲਤ ਵਿੱਚ ਉਹ ਸਬਕ ਸਿਖਾਉਣਾ ਚਾਹੁੰਦੇ ਹਨ।ਖੇਤੀ ਕਨੂੰਨ ਜਿੱਥੇ ਪੰਜਾਬ ਦੀ ਬਰਬਾਦੀ ਲਈ ਚੁੱਕਿਆ ਗਿਆ ਸੋਚਿਆ ਸਮਝਿਆ ਕਦਮ ਹੈ,ਓਥੇ ਇਹਨਾਂ ਕਨੂੰਨਾਂ ਖਿਲਾਫ ਉੱਠੇ ਲੋਕ ਰੋਹ ਨੂੰ ਦਬਾਉਣ ਦੀ ਆੜ ਚ ਹੀ ਕੇਂਦਰ ਸਰਕਾਰ ਦੇ ਪੰਜਾਬ ਚ ਜੰਮੂ ਕਸ਼ਮੀਰ ਦੀ ਤਰਜ ਤੇ ਕਾਰਵਾਈ ਕਰਨ ਦੇ ਖਦਸ਼ੇ ਵੀ ਬਣੇ ਹੋਏ ਹਨ,ਕਿਉਕਿ ਬਿਹਾਰ ਦੀ ਇੱਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਅਪਣੇ ਭਾਸ਼ਨ ਵਿੱਚ ਜੰਮੂ ਕਸ਼ਮੀਰ ਦੇ ਖੋਹੇ ਹਕੂਕਾਂ ਦਾ ਜਿਕਰ ਕਰਨਾ ਦਰਸਾਉਂਦਾ ਹੈ ਕਿ ਪੰਜਾਬ ਲਈ ਆਉਣ ਵਾਲੇ ਦਿਨ ਬਹੁਤ ਸੁਖਾਵੇਂ ਨਹੀ ਹੋਣਗੇ।

ਜੇਕਰ ਸੱਚਮੁੱਚ ਹੀ ਕੇਂਦਰ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਦਾ ਭਰਮ ਪਾਲੀ ਬੈਠੀ ਹੈ ਤਾਂ ਇੱਥੇ ਕੇਂਦਰੀ ਸਰਕਾਰ ਨੂੰ ਪੰਜਾਬ ਲਈ ਬਣੀ ਇਸ ਅਖਾਣ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ”, ਪੰਜਾਬ ਦੇ ਲੋਕਾਂ ਨੇ ਨਾ ਹੀ ਜੂਨ 84 ਦੀ ਖੂੰਨੀ ਦਹਿਸਤ ਦੀ ਪਰਵਾਹ ਕੀਤੀ,ਬਲਕਿ ਬਾਅਦ ਜਿਸਤਰਾਂ ਰੋਹ ਭੜਕਿਆ ਸੀ,ਉਹ ਦੇ ਬਾਰੇ ਲਿਖਣ ਦੀ ਲੋੜ ਨਹੀ,ਪੂਰੀ ਦੁਨੀਆਂ ਹੀ ਜਾਣਦੀ ਹੈ ਅਤੇ ਨਾ ਹੀ ਪੰਜਾਬ ਨੇ ਮੌਜੂਦਾ ਭਾਜਪਾ ਸਰਕਾਰ ਦੇ ਗੈਰ ਮਨੁੱਖੀ ਜੁਲਮਾਂ ਅੱਗੇ ਸਮੱਰਪਣ ਕਰਨਾ ਹੈ।ਜੇਕਰ ਕੇਂਦਰੀ ਹਕੂਮਤ ਬਹੁਮੱਤ ਦੇ ਨਸ਼ੇ ਵਿੱਚ ਪੰਜਾਬ ਨੂੰ ਵੀ ਜੰਮੂ ਕਸ਼ਮੀਰ ਦੀ ਤਰਜ ਤੇ ਸਬਕ ਸਿਖਾਉਣ ਲਈ ਤਿਆਰੀ ਵਿੱਚ ਹੈ ਤਾਂ ਉਹਨਾਂ ਨੂੰ ਪਹਿਲਾਂ ਪੰਜਾਬ ਦੀ ਮਿੱਟੀ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ,ਕਿਉਕਿ ਇਸ ਮਿੱਟੀ ਨੇ ਤਬੀਆਂ, ਚਰਖੜੀਆਂ, ਆਰਿਆਂ, ਰੰਬੀਆਂ, ਉਬਲਦੀਆਂ ਦੇਗਾਂ ਅਤੇ ਹਾਕਮ ਦੀਆਂ ਜੁਲਮੀ ਤਲਵਾਰਾਂ ਦੀ ਝਾਲ ਝੱਲਣਾ ਅਪਣੀ ਫਿਤਰਤ ਵਿੱਚ ਸ਼ਾਮਲ ਕੀਤਾ ਹੋਇਆ ਹੈ।ਪੰਜਾਬ ਦੀ ਮਿੱਟੀ ਨੂੰ ਗੁਰਬਾਣੀ ਦੇ “ਜੇ ਜੀਵੈ ਪਤਿ ਲਥੀ ਜਾਏ।। ਸਭੁ ਹਰਾਮੁ ਜੇਤਾ ਕਿਛੁ ਖਾਇ।।” ਅਤੇ “ਭੈ ਕਾਹੂ ਕਉ ਦੇਤ ਨਾਹਿ ਨਹਿ ਭੈ ਮਾਨਤ ਆਨ।।”ਵਰਗੇ ਮਹਾਂਨ ਫਲਸਫੇ ਨੇ ਜਰਖੇਜ ਬਣਾ ਦਿੱਤਾ ਹੋਇਆ ਹੈ,ਇਹੋ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਦੀ ਫਿਤਰਤ ਵਿੱਚ ਨਾਂ ਹੀ ਡਰ ਹੈ ਅਤੇ ਨਾ ਹੀ ਡਰਾਉਣਾ ਹੈ,ਪੰਜਾਬੀ ਪਿਆਰ ਵੀ ਰੱਜਵਾਂ ਦਿੰਦੇ ਹਨ ਤੇ ਜੇ ਲੋੜ ਪੈ ਜਾਵੇ ਤਾਂ ਨਫਰਤ ਦੇ ਵਣਜਾਰਿਆਂ ਦੀ ਆਕੜ ਭੰਨਣ ਦਾ ਜੇਰਾ ਵੀ ਸਿੱਦਤ ਨਾਲ ਰੱਖਦੇ ਹਨ।ਇਹ ਨਾ ਹੋਵੇ ਘੁੱਗ ਵਸਦਾ ਪੰਜਾਬ ਇੱਕ ਵਾਰ ਫਿਰ ਬਲਦੀ ਦੇ ਬੁੱਥੇ ਪੈ ਜਾਵੇ, ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਤੇ ਮੁੜ ਗੌਰ ਕਰਨਾ ਬਣਦਾ ਹੈ।

Install Punjabi Akhbar App

Install
×