(ਮੇਰੀ ਆਪ ਵੀਤੀ) “ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ”

ਦੋਸਤੋ ਵੀਤੇ ਗੁਰਪੁਰਬ ਵਾਲੇ ਦਿਨ ਦਪਿਹਰ ਤੋਂ ਵਾਅਦ ਦਾ ਸਮਾ ਮੇਰੀ ਜਿੰਦਗੀ ਵਿੱਚ ੨੦੦੭ ਤੋਂ ਵਾਅਦ ਇੱਕ ਵਾਰ ਫਿਰ ਅਜਿਹੇ ਪਲ ਲੈ ਕੇ ਆਇਆ ਜਦੋਂ ਮੈ ਮਹਿਸੂਸ ਕੀਤਾ ਕਿ ਅੱਜ ਦਾ ਦਿਨ ਸ਼ਾਇਦ ਮੇਰੀ ਜਿੰਦਗੀ ਦਾ ਅੰਤਲਾ ਦਿਨ ਹੈ। ਦੋਸਤੋ ੨੦੦੭ ਵਿੱਚ ਵੀ ਮੈ ਆਪਣੀ ਮੌਤ ਨੂੰ ਆਪਣੇ ਸਿਰਹਾਣੇ ਤੋਂ ਮੁੜਦੀ ਤੱਕਿਆ ਹੈ ਜਦੋਂ ਮੈਨੂ ਸਵੇਰੇ ਚਾਰ ਵਜੇ ਦਿਲ ਦਾ ਹਲਕਾ ਦੌਰਾ ਪਿਆ ਸੀ। ਮੇਰੇ ਪਰਿਵਾਰ ਵਿੱਚ ਮੇਰੇ ਕੋਲ ਉਸ ਸਮੇ ਮੇਰੀ ਪਤਨੀ ਅਤੇ ਦੋਨੋਂ ਬੱਚੇ ਬੇਟਾ ਤੇ ਬੇਟੀ ਜਿਹੜੇ ਉਸ ਸਮੇ ਦਸਵੀਂ ਤੇ ਵਾਹਰਵੀਂ ਕਲਾਸ ਵਿੱਚ ਪੜਦੇ ਸਨ ਮੌਜੂਦ ਸਨ।ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਡਾਕਟਰ ਬਲਾਉਣ ਤੋਂ ਮੈ ਪਰਿਵਾਰ ਨੂੰ ਉਸ ਸਮੇ ਵੀ ਸਖਤੀ ਨਾਲ ਵਰਜ ਦਿੱਤਾ ਸੀ ਕਿਉਂ ਕਿ ਉਸ ਸਮੇ ਸਾਡੀ ਰਿਹਾਇਸ਼ ਖੇਤਾਂ ਵਿੱਚ ਹੋਣ ਕਰਕੇ ਮੈਂ ਨਹੀ ਸੀ ਚਹੁੰਦਾ ਕਿ ਕਿਸੇ ਨੂੰ ਪਰੇਸਾਨ ਕੀਤਾ ਜਾਵੇ। ਅਖੀਰ ਅਸੀਂ ਸਵੇਰੇ ਸੁਵਖਤੇ ਬਰਨਾਲਾ ਦੇ ਇੱਕ ਦਿਲ ਦੇ ਮਾਹਰ ਡਾਕਟਰ ਦੇ ਹਸਪਤਾਲ ਜਾ ਕੇ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਕਿਸੇ ਸਮੇ ਵੀ ਦੁਵਾਰਾ ਦੌਰਾ ਪੈ ਸਕਦਾ ਹੈ। ਡਾਕਟਰ ਤੋਂ ਅੱਖ ਬਚਾ ਕੇ ਮੇਰੇ ਇੱਕ ਦੋਸਤ ਨਾਲ ਮੈ ਹਸਪਤਾਲ ਚੋ ਨਿਕਲ ਗਿਆ ਤੇ ਜਦੋਂ ਮੈ ਤਕਰੀਵਨ ਦੋ ਘੰਟੇ ਵਾਅਦ ਵਾਪਸ ਆਇਆ ਤਾਂ ਡਾਕਟਰ ਹੈਰਾਨ ਪਰੇਸਾਨ ਗੁਸ਼ੇ ਵਿੱਚ ਲਾਲ ਪੀਲਾ ਹੁੰਦਾ ਮੈਨੂੰ ਲਗਾਤਾਰ ਬੋਲੀ ਜਾ ਰਿਹਾ ਸੀ ਤੂੰ ਕਿੱਥੇ ਗਿਆ ਸੀ?,ਕਿਉਂ ਗਿਆ ਸੀ?,ਤੇਰਾ ਇੱਕ ਕਦਮ ਪੁਟਣਾ ਵੀ ਖਤਰੇ ਤੋਂ ਖਾਲੀ ਨਹੀ,ਮੈ ਹੈਰਾਨ ਹਾਂ ਤੂੰ ਚੱਲ ਫਿਰ ਕਿਵੇਂ ਸਕਦਾ ਹੈਂ,ਜਦੋਂ ਕਿ ਮੈ ਤੈਨੂੰ ਬੈੱਡ ਤੋਂ ਨਾ ਉਤਰਨ ਦੀ ਹਦਾਇਤ ਕੀਤੀ ਸੀ। ਅਜਿਹੇ ਅਨੇਕਾਂ ਸਵਾਲਾਂ ਦਾ ਜਵਾਬ ਮੈ ਬੜੇ ਮਜਾਕੀਆ ਅੰਦਾਜ ਵਿੱਚ ਡਾਕਟਰ ਨੂੰ ਦਿੰਦਾ ਰਿਹਾ ਪਰੰਤੂ ਡਾਕਟਰ ਨੇ ਮੈਨੂੰ ਸਮਝਾਇਆ ਕਿ ਤੇਰੇ ਟੈਸਟਾਂ ਦੀਆਂ ਰਿਪੇਰਟਾਂ ਇਸ ਗੱਲ ਵੱਲ ਸਾਫ ਇਸਾਰਾ ਕਰਦੀਆਂ ਹਨ ਕਿ ਤੁਹਾਨੂੰ ਡਾਕਟਰੀ ਇਲਾਜ ਦੀ ਫੌਰੀ ਲੋੜ ਹੈ, ਇਹ ਮਜਾਕ ਨਹੀ ਹੈ,ਤੁਹਾਨੂੰ ਹੁਣੇ ਇਸੀ ਵਕਤ ਕਿਸੇ ਵੀ ਹਸਪਤਾਲ ਵਿੱਚ ਦਾਖਲ ਹੋਣਾ ਪਵੇਗਾ। ਸੋ ਡਾਕਟਰ ਦੀਆਂ ਇਹਨਾਂ ਗੱਲਾਂ ਤੇ ਵਿਸਵਾਸ ਕਰਕੇ ਮੈ ਆਪਣੇ ਵੱਡੇ ਭਰਾ ਨੂੰ ਹਸਪਤਾਲ ਵਿੱਚ ਆਉਣ ਲਈ ਫੋਨ ਕੀਤਾਂ ਤਾਂ ਪਤਾ ਚਲਦਿਆਂ ਹੀ ਉਹਨਾਂ ਦੇ ਨਾਲ ਮੇਰੇ ਬਰਨਾਲਾ ਅਤੇ ਆਸ ਪਾਸ ਦੇ ਪੰਜਾਹ ਸੱਠ ਨੌਜਵਾਨ ਦੋਸਤ ਵੀ ਆ ਗਏ।ਹੱਸਪਤਾਲ ਵਿੱਚ ਲੋੜ ਤੋਂ ਜਿਆਦਾ ਭੀੜ ਹੋ ਗਈ ਮੇਰਾ ਭਰਾ ਅਤੇ ਉਹਨਾਂ ਦੇ ਕੁੱਝ ਮੈਡੀਕਲ ਲਾਈਨ ਦੇ ਸਿਆਣੇ  ਬੰਦੇ ਡਾਕਟਰ ਨਾਲ ਸਲਾਹ ਮਸ਼ਵਰਾ ਹੀ ਕਰ ਸਨ ਕਿ ਮੈਨੂੰ ਦਿਲ ਦਾ ਜਬਰਦਸਤ ਦੌਰਾ ਫਿਰ ਪੈ ਗਿਆ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ,ਮੇਰੇ ਨੌਜਵਾਨ ਦੋਸਤ  ਜਿਹੜੇ ਬਹੁ ਗਿਣਤੀ ਵਿੱਚ ਉਮਰ ਦੇ ਤਜਰਬੇ ਤੋਂ ਸਖਣੇ ਸਨ ਉਹਨਾਂ ਨੇ ਮੇਰਾ ਨੁਕਸਾਨ ਹੋਣ ਦੀ ਸੂਰਤ ਵਿੱਚ ਡਾਕਟਰ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀਆਂ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ। ਜਿਸ ਕਰਕੇ ਡਾਕਟਰ ਵੀ ਘਬਰਾ ਗਿਆ ਉਹਨੇ ਮੈਨੂੰ ਮੁਢਲੀ ਸਹਾਇਤਾ ਦੇ ਕੇ ਪਟਿਆਲਾ ਲਈ ਰੈਫਰ ਕਰ ਦਿੱਤਾ ਤੇ ਤਾਕੀਦ ਵੀ ਕਰ ਦਿੱਤੀ ਕਿ ਇਕ ਵਾਰੀ ਮੈਂ ਕੰਟਰੋਲ ਕਰ ਲਿਆ ਹੈ ਇਸ ਤੋਂ ਉਪਰ ਮੈਂ ਕੁੱਝ ਨਹੀ ਕਰ ਸਕਦਾ, ਇਸ ਲਈ ਜਿੰਨਾ ਜਲਦੀ ਹੋ ਸਕੇ ਤੁਸੀ ਇਹਨਾਂ ਨੂੰ ਪਟਿਆਲੇ ਪੁਜਦਾ ਕਰੋ। ਦੋਸਤੋ ਪਟਿਆਲੇ ੧੦-੧੨ ਦਿਨ ਅਮਰ ਹਸਪਤਾਲ ਵਿੱਚ ਰਹਿਣ ਤੋਂ ਵਾਅਦ ਤੰਦਰੁਸਤੀ ਬਦਲੇ ਕਰਜੇ ਦੀ ਪੰਡ ਨੂੰ ਹੋਰ ਭਾਰੀ ਕਰਕੇ ਮੈ ਖੁਸ਼ੀ ਖੁਸ਼ੀ ਘਰ ਆ ਗਿਆ। “ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ” ਦਾ ਫ਼ਰਮਾਨ ਮੇਰੇ ਤੇ ਬਿਲਕੁਲ ਸਹੀ ਢੁਕਦਾ ਹੈ।ਕਿਉਂ ਕਿ ਸਵੇਰੇ ਚਾਰ ਵਜੇ ਤੋਂ ਲੈ ਕੇ ਦੁਪਿਹਰ ਦੇ ੧੨ ਵਜੇ ਤੱਕ ਤਕਰੀਵਨ ਅੱਠ ਘੰਟੇ ਮੈ ਬੜੀ ਲਾਪ੍ਰਵਾਹੀ ਨਾਲ ਮੌਤ ਨਾਲ ਲ਼ੁਕਣ ਮੀਚੀ ਖੇਡਦਾ ਰਿਹਾ ਹਾਂ। ਡਾਕਟਰਾਂ ਮੁਤਾਵਿਕ ਇਸ ਹਾਲਤ ਵਿੱਚ ਇੱਕ ਕਦਮ ਵੀ ਨਾ ਪੁਟ ਸਕਣ ਵਾਲਾ ਉਸ ਤੋਂ ਵਾਅਦ ਵੀ ਲਗਾਤਾਰ ਦੋ ਘੰਟੇ ਬਜਾਰ ਵਿੱਚ ਦੋਸਤਾਂ ਨਾਲ ਘੁਮਦਾ ਰਿਹਾ ਫਿਰ ਵੀ ਦਿਲ ਦਾ ਦੌਰਾ ਨਹੀ ਪਿਆ ਤੇ ਜਦੋਂ ਪਿਆ ਤਾਂ ਹਸਪਤਾਲ ਵਿੱਚ ਪਹੁੰਚਕੇ ਡਾਕਟਰ ਦੀ ਹਾਜਰੀ ਵਿੱਚ, ਦੋਸਤੋਂ ਇਹ ਕਿਸੇ ਕ੍ਰਿਸਮੇ ਤੋਂ ਘੱਟ ਨਹੀ ਹੈ।ਮੈਂ ਉਸ ਸਮੇ ਤੋਂ ਹੀ ਅੰਗਰੇਜੀ ਦਵਾਈਆਂ ਲਗਾਤਾਰ ਲੈ ਰਿਹਾ ਹਾਂ।ਪਿਛਲੇ ਕੁੱਝ ਦਿਨਾਂ ਤੋਂ ਮੈਂ ਸਰਵਾਇਕਲ ਨਾਲ ਕਾਫੀ ਪਰੇਸਾਨ ਹਾਂ।ਕੱਲ੍ਹ ਵਾਅਦ ਦੁਪਿਹਰ ਫਿਰ ਬਿਲਕੁਲ ਉਹ ਕੁੱਝ ਹੀ ਵਾਪਰਿਆ ਜੋ ੨੦੦੭ ਵਿੱਚ ਵਾਪਰਿਆ ਸੀ। ਮੇਰੀ ਖੱਬੀ ਬਾਹ ਅਤੇ ਦਿਲ ਵਿੱਚ ਜੋਰਦਾਰ ਦਰਦ ਹੋਣਾ ਸੁਰੂ ਹੋ ਗਿਆ, ਮੈਂ ਸੇਰਪੁਰ ਤੋਂ ਚੁੱਪਚਾਪ ਪਿੰਡ ਆ ਗਿਆ ਮੇਰੀ ਬੇਚੈਨੀ ਵਧਦੀ ਜਾ ਰਹੀ ਸੀ,ਮੈਂ ਘਰ ਤੋਂ ਖੇਤਾਂ ਵੱਲ ਨੂੰ ਚਲਾ ਗਿਆ ਉਥੇ ਆਪਣੇ ਆਪ ਨੂੰ ਨਿਕੇ ਮੋਟੇ ਕੰਮਾਂ ਵਿੱਚ ਵਿਅਸਥ ਕਰਨ ਦੀ ਕੋਸਿਸ ਕਰਦਾ ਰਿਹਾ ਪਰ ਤਕਲੀਫ ਵਧ ਰਹੀ ਸੀ, ਉਧਰ ਦਿਨ ਵੀ ਢਲ ਚੁੱਕਿਆ ਸੀ,ਅਖੀਰ ਮੁੜ ਕੇ ਘਰ ਆ ਗਿਆ। ਹੁਣ ਮੈਨੂੰ ਇੰਝ ਪਰਤੀਤ ਹੋ ਰਿਹਾ ਸੀ ਕਿ ਆਉਣ ਵਾਲੀ ਰਾਤ ਮੇਰੀ ਜਿੰਦਗੀ ਦੀ ਅਖੀਰਲੀ ਰਾਤ ਹੋਵੇਗੀ ਕਿਉਂ ਕਿ ੨੦੦੭ ਦੀ ਸਵੇਰ ਵਾਲੇ ਸਾਰੇ ਲੱਛਣ ਮੈਂ ਇੱਕ ਇੱਕ ਕਰਕੇ ਪਿੰਡੇ ਤੇ ਹੰਢਾ ਰਿਹਾ ਸੀ। ਦਿਲ ਦਾ ਦੌਰਾ ਕਿਵੇਂ ਆਉਂਦਾ ਹੈ,ਇਹ ਦੇ ਵਾਰੇ ਮੈਨੂੰ ਕਿਸੇ ਤੋਂ ਪੁੱਛਣ ਦੀ ਜਰੂਰਤ ਨਹੀ ਸੀ। ਮੇਰਾ ਦਿਲ ਬੁਰੀ ਤਰਾਂ ਘਬਰਾ ਰਿਹਾ ਸੀ,ਜੀਅ ਕੱਚਾ ਹੋ ਕੇ ਰਸਤੇ ਵਿੱਚ ਬੜੀ ਜਬਰਦਸਤ ਉਲਟੀ ਆਉਣ ਦੇ ਲਛਣ ਮੈਨੂੰ ਮੌਤ ਦਾ ਭੁਲੇਖਾ ਪਾਉਣ ਲਈ ਕਾਫੀ ਸਨ।ਮੈ ਕਿਸੇ ਵੀ ਪਰਿਵਾਰ ਦੇ ਜੀਅ ਨੂੰ ਇਸ ਵਾਰੇ ਨਾ ਦੱਸਣ ਦਾ ਮਨ ਬਣਾ ਲਿਆ ਸੀ। ਵਾਰ ਵਾਰ ਮਨ ਭਰਕੇ ਡੁੱਲਣਾ ਚਾਹੁੰਦਾ ਸੀ, ਉੱਚੀ ਉੱਚੀ ਰੋਣਾ ਚਾਹੁੰਦਾ ਸੀ। ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਬੁਕਲ ਵਿੱਚ ਲੈਣਾ ਚਾਹੁੰਦਾ ਸੀ,ਦਿਲ ਕਰਦਾ ਸੀ ਕਿ ਬੇਟੇ ਨੂੰ ਆਖਾਂ ਕਿ ਅੱਜ ਮੇਰੇ ਕੋਲ ਹੀ ਪਵੇ,ਬੇਟੀ ਨਾਲ ਗੱਲ ਕਰਨ ਨੂੰ ਮਨ ਕਰ ਰਿਹਾ ਸੀ ਫਿਰ ਪਤਾ ਨਹੀ ਉਹ ਅੰਦਰਲੀ ਕਿਹੜੀ ਤਾਕਤ ਹੈ ਜਿਸ ਨੇ ਅਜਿਹਾ ਕਰਨ ਤੋਂ ਵੀ ਵਰਜ ਦਿੱਤਾ ਤੇ ਅੰਦਰੇ ਅੰਦਰ ਘੁਟਦਾ ਰਿਹਾ। ਮੇਰੀ ਪਤਨੀ ਨੇ ਰੋਟੀ ਫੜਾਈ ਤਾਂ ਫਿਰ ਮਨ ਭਰ ਆਇਆ, ਮੈ ਹਮੇਸਾਂ ਰਾਤ ਸਮੇ ਦੋ ਜਾਂ ਤਿੰਨ  ਰੋਟੀਆਂ ਹੀ ਖਾਂਦਾ ਹਾਂ,ਪਰ ਰਾਤ ਮੱਲੋ ਮੱਲੀ ਦਿਲ ਹੋਰ ਖਾਣ ਨੂੰ ਕਰ ਰਿਹਾ ਸੀ ਸਾਇਦ ਇਸ ਲਈ ਕਿ…… ਜਦੋਂ ਮੈ ਹੋਰ ਰੋਟੀ ਲੈਣ ਲਈ ਕਿਹਾ ਕਿ ਅੱਜ ਇੱਕ ਰੋਟੀ ਹੋਰ ਦੇ ਦਿਉ ਤਾਂ ਬੋਲ ਕੁੱਝ ਥਿੜਕ ਗਏ ਜਿਸ ਤੋਂ ਪਤਨੀ ਨੂੰ ਸ਼ੱਕ ਹੋ ਗਿਆ ਉਹਨਾਂ ਨੇ ਵੀ ਅਨੇਕਾ ਸਵਾਲ ਕਰ ਮਾਰੇ, ਰੋ ਰੋ ਕੇ ਡਾਕਟਰ ਨੂੰ ਬਲਾਉਣ ਦੇ ਵਾਸਤੇ ਪਾਏ,ਅਖੀਰ ਸਾਡੇ ਪਰਿਵਾਰਿਕ ਡਾਕਟਰ ਤੋਂ ਮੇਰਾ ਵੀ ਪੀ ਚੈਕ ਕਰਵਾਇਆ ਤਾਂ ਉਹ ਵੀ ਘਬਰਾ ਗਿਆ ਉਹਨੇ ਟੀਕਾ ਅਤੇ ਗੋਲੀਆਂ ਦੇ ਕੇ ਵੀਪੀ ਨੌਰਮਲ ਲੇਵਲ ਤੇ ਆਉਣ ਤੱਕ ਚੈਕ ਕਰਦੇ ਰਹਿਣ ਲਈ ਕਿਹਾ ਤੇ ਨਾਲ ਹੀ ਸਵੇਰੇ ਸਭ ਤੋਂ ਪਹਿਲਾਂ ਸਾਰੇ ਦਿਲ ਦੇ ਟੈਸਟ ਕਰਵਾਉਣ ਦੀ ਤਾਕੀਦ ਵੀ ਕਰ ਗਿਆ।ਦੋਸਤੋ ਪਤਾ ਨਹੀ ਕਿਉਂ ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਜੋ ਹੋਣਾ ਹੈ ਉਸ ਨੂੰ ਟਾਲਿਆ ਨਹੀ ਜਾ ਸਕਦਾ ਇਸ ਲਈ ਮੈਂ ਆਪਣਾ ਪੱਕਾ ਮਨ ਬਣਾ ਲਿਆ ਹੈ ਕਿ ਮੈਂ ਕੋਈ ਵੀ ਦਿਲ ਦਾ ਟੈਸਟ ਈਸੀਜੀ ਬਗੈਰਾ ਨਹੀ ਕਰਾਵਾਂਗਾ, ਕਿਉ ਕਿ ਇਹਨਾਂ ਦੋਵੇਂ ਘਟਨਾਵਾਂ ਨੇ ਮੇਰਾ ਪ੍ਰਮਾਤਮਾ ਦੀ ਅਸੀਮ ਤਾਕਤ ਤੇ ਨਿਛਚਾ ਦ੍ਰਿੜ ਕਰ ਦਿੱਤਾ ਹੈ ਕਿ ਜਦੋਂ ਸੁਆਸਾਂ ਦੀ ਪੂੰਜੀ ਖਤਮ ਹੋ ਜਾਣੀ ਹੈ ਤਾਂ ਕਿਸੇ ਡਾਕਟਰ ਕੋਲ ਪਹੁੰਚਣ ਦਾ ਸਮਾ ਹੀ ਨਹੀ ਮਿਲੇਗਾ। ਹੁਣ ਮੇਰਾ ਮਨ ਜਿੰਦਗੀ ਵਿੱਚ ਕੀਤੇ ਚੰਗੇ ਮਾੜੇ ਕੰਮਾਂ ਦਾ ਵਿਸਲੇਸਣ ਕਰ ਰਿਹਾ ਹੈ। ਦੋਸਤਾਂ ਮਿਤਰਾਂ ਨਾਲ ਆਪਣੇ ਸਬੰਧਾਂ ਦਾ ਵਿਸ਼ਲੇਸਣ ਕਰ ਰਿਹਾ ਹੈ,ਵਾਹਰੀ ਤੇ ਪਰਿਵਾਰਕ ਰਿਸਤਿਆਂ ਦੀਆਂ ਜੁੰਮੇਵਾਰੀਆਂ ਨੂੰ ਕਿੰਨੀ ਕੁ ਇਮਾਨਦਾਰੀ ਨਾਲ ਨਿਭਾਅ ਸਕਿਆ ਹਾਂ ਇਹਦੇ ਤੋਂ ਵੀ ਮੈਂ ਸੰਤੁਸਟ ਹਾਂ,  ਕਿ ਜਿੰਦਗੀ ਵਿੱਚ ਨਾ ਕਿਸੇ ਆਪਣੇ ਜਾਂ ਵਿਗਾਨੇ ਨੂੰ ਧੋਖੇ ਵਿੱਚ ਰੱਖਿਆ ਹੈ ਤੇ ਨਾ ਗੁਰੂ ਨੇ ਕਿਸੇ ਨਾਲ ਕੋਈ ਧੋਖਾ ਕਰਨ ਦੀ ਸੋਚ ਹੀ ਮਨ ਵਿੱਚ ਪਰਵਲ ਹੋਣ ਦਿੱਤੀ ਹੈ।ਅੱਜ ਮੈ ਜਿੰਦਗੀ ਦੇ ਜਿਸ ਮੁਕਾਮ ਤੇ ਖੜਾ ਹਾਂ ਇਥੇ ਇੱਕ ਗੱਲ ਦੀ ਜਰੂਰ ਮਨ ਨੂੰ ਭਾਰੀ ਠੇਸ ਵੱਜੀ ਹੈ ਉਹ ਇਹ ਕਿ ਮੈਂ ਆਪਣੀ ਕਲਮ ਨਾਲ ਪੰਜਾਬ,ਪੰਜਾਬੀਅਤ ਅਤੇ ਆਪਣੇ ਕੌਂਮ ਪ੍ਰਤੀ ਫਰਜਾਂ ਨੂੰ ਆਪਣੀ ਸੀਮਤ ਸਮੱਤਾ ਦੇ ਜਰੀਏ ਇਮਾਨਦਾਰੀ ਨਾਲ ਪੂਰਾ ਕਰਨ ਦੀ ਕੋਸਿਸ ਕਰਦਾ ਹਾਂ ਜਿਸ ਕਰਕੇ ਮੈਨੂੰ ਕੁੱਝ ਗੰਭੀਰ ਘਰੇਲੂ ਸਮੱਸਿਆਵਾਂ ਨਾਲ ਵੀ ਦੋ ਚਾਰ ਹੋਣਾ ਪੈਂਦਾ ਹੈ ਜਿਹੜੀਆਂ ਕਲੇਸ ਦਾ ਕਾਰਨ ਬਣਕੇ ਮੈਨੂੰ ਪਰੇਸਾਨ ਕਰਦੀਆਂ ਰਹਿੰਦੀਆਂ ਹਨ। ਸਾਇਦ ਇਹ ਸਮੱਸਿਆ ਤਾਂ ਮੇਰੇ ਇਕੱਲੇ ਦੀ ਨਹੀ ਹੈ ਬਲਕਿ ਹਰੇਕ ਉਸ ਇਮਾਨਦਾਰ ਲੇਖਿਕ ਦੀ ਹੋਵੇਗੀ ਜਿਹੜਾ ਸੁਨਿਹਰੀ ਕਲਮ ਨਾਲ ਲਿਖਣ ਤੋਂ ਗੁਰੇਜ ਕਰਦਾ ਹੈ।ਦਿਲ ਉਦੋਂ ਹੋਰ ਵੀ ਦੁਖੀ ਹੋ ਜਾਂਦਾ ਹੈ ਜਦੋਂ ਆਪਣਿਆਂ ਵੱਲੋਂ ਅਜਿਹੇ ਅਣ ਕਿਆਸੇ ਦੋਸ਼ ਵੀ ਲੱਗ ਜਾਣ ਜਿੰਨਾਂ ਨੂੰ ਜਰ ਸਕਣ ਦੀ ਸਰੀਰ ਵਿੱਚ ਤਾਕਤ ਨਾ ਹੋਵੇ ਤੇ ਸਾਰੀ ਉਮਰ ਦੀ ਕਮਾਈ ਹੋਈ ਇੱਜਤ ਦੋ ਬੋਲਾਂ ਨਾਲ ਖਾਕ ਹੋ ਜਾਵੇ।ਕੁੱਝ ਅਜਿਹੇ ਰਿਸਤੇ ਜੋ ਸ਼ਿੱਦਤ ਨਾਲ ਬਣਾਏ ਤੇ ਜੀਏ ਪਰ ਜਦੋਂ ਸਚਾਈ ਤੋ ਪਾਸਾ ਵੱਟ ਕੇ ਮਹਿਜ ਈਰਖਾ ਤੇ ਲਾਲਚ ਵਸ ਖਤਮ ਹੋ ਜਾਣ ਤਾਂ ਅੱਖਾਂ ਸਾਂਹਵੇਂ ਤਿੜਕਦੇ ਉਹ ਅਟੁੱਟ ਰਿਸਤੇ  ਵੀ ਮਨ ਨੂੰ ਜਖਮੀ ਕਰ ਜਾਂਦੇ ਹਨ।ਸੋ ਅਜਿਹੀਆਂ ਕੁੱਝ ਮੰਦਭਾਗੀਆਂ ਪਰਿਵਾਰਿਕ ਘਟਨਾਵਾਂ ਨੂੰ ਛੱਡਕੇ ਅਕਾਲ ਪੁਰਖ ਵੱਲੋਂ ਹੱਥ ਦੇ ਕੇ ਰੱਖਣ ਦੀਆਂ ਇਹ ਦੋਨੋ ਘਟਨਾਵਾਂ ਜਿੱਥੇ ਮੈਨੂੰ ਕੁਦਰਤ ਦੇ ਨੇੜੇ ਕਰਦੀਆਂ ਹਨ, ਉਥੇ ਮੇਰੀ ਕਲਮ ਨੂੰ ਮਨੁਖਤਾ ਦੇ ਭਲੇ ਲਈ ਸੱਚ ਦੀ ਅਵਾਜ਼ ਬਣਕੇ ਬੇਬਾਕੀ ਨਾਲ ਚੱਲਣ ਵਿੱਚ ਮੈਨੂੰ ਬਲ ਬਖਸ਼ਦੀਆਂ ਰਹਿਣਗੀਆ।