ਪੰਜਾਬੀਉ, ਵਿਰੋਧ ਬਥੇਰਾ ਕਰ ਲਿਆ, ਹੁਣ ਰਾਜ ਕਰਨਾ ਸਿੱਖੀਏ !

sikh5

ਪੰਜਾਬ ਦਾ ਬਹੁਤਾ ਇਤਿਹਾਸ ਜੰਗਾਂ – ਯੁੱਧਾਂ ਦੀ ਹੀ ਕਹਾਣੀ ਹੈ। ਸਿਕੰਦਰ ਦੇ ਹਮਲੇ ਤੋਂ ਲੈ ਕੇ ਅੰਗਰੇਜੀ ਰਾਜ ਤੱਕ ਅਸੀਂ ਹਮੇਸ਼ਾ ਹੀ ਬਾਹਰੀ ਹਮਲਾਵਰਾਂ ਨਾਲ ਜੂਝਦੇ ਰਹੇ। 1947 ਤੋਂ ਪਹਿਲਾਂ ਪਿਛਲੇ ਲਗਭਗ 2300 ਸਾਲਾਂ ਵਿੱਚ, ਸਿਰਫ ਮਹਾਰਾਜਾ ਰਣਜੀਤ ਸਿੰਘ ਵਾਲੇ 40 ਸਾਲ ਹੀ ਅਜਿਹੇ ਸਨ ਜਦੋਂ ਸੱਚਮੁੱਚ ਹੀ ਪੰਜਾਬੀਆਂ ਦਾ ਆਪਣਾ ਰਾਜ ਕਾਇਮ ਹੋਇਆ। ਰਾਜੇ ਪੋਰਸ ਦੇ ਰਾਜ ਤੋਂ ਬਾਅਦ ਸ਼ਾਇਦ ਇਹ ਪਹਿਲਾ ਹੀ ਮੌਕਾ ਸੀ ਜਦੋਂ ਕੁਝ ਸਮੇਂ ਲਈ ਪੰਜਾਬੀਆਂ ਦਾ ਸਥਾਈ ਰਾਜ ਕਾਇਮ ਹੋਇਆ। ਕਿਉਂਕਿ ਮੌਰੀਆ, ਗੁਪਤ ਅਤੇ ਵਰਧਨ ਆਦਿ ਵਿਚੋਂ ਕੋਈ ਵੀ ਪੰਜਾਬ ਦੀ ਅਸਲੀ ਧਰਤੀ ਅਤੇ ਪੰਜਾਂ ਪਾਣੀਆਂ ਨੂੰ ਪ੍ਰਣਾਇਆ ਹੋਇਆ ਨਹੀਂ ਸੀ। ਉਹਨਾਂ ਸਾਰਿਆਂ ਦਾ ਮੂਲ ਰੁਝਾਨ ਕਿਤੇ ਹੋਰ ਹੀ ਸੀ। ਕਿਸੇ ਨੇ ਵੀ ਪੰਜਾਬ ਨੂੰ ਆਪਣੇ ਕੇਂਦਰ ਵਜੋਂ ਨਹੀਂ ਵਰਤਿਆ। ਪਰ ਸਮੇਂ ਦਾ ਕੌੜਾ ਸੱਚ ਵੇਖੋ ਕਿ ਪੋਰਸ ਵਰਗਾ ਯੋਧਾ ਜਿਸ ਨੇ ਆਪਣੀ ਜ਼ਿੰਦਾਦਿਲੀ ਨਾਲ, ਸਿਕੰਦਰ ਵਰਗੇ ਹਮਲਾਵਰ ਦਾ ਵੀ ਦਿਲ ਜਿੱਤ ਲਿਆ ਸੀ, ਆਖਰ ਨੂੰ, ਆਪਣੇ ਹੀ ਹਮਸਾਇਆਂ ਹੱਥੋਂ ਕਤਲ ਹੋ ਗਿਆ। ਇਸੇ ਹੀ ਤਰਾਂ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਵੀ ਘਰ ਦੇ ਭੇਤੀਆਂ ਨੇ ਹੀ ਖਤਮ ਕਰਵਾ ਦਿੱਤਾ। ਇਸ ਤਰਾਂ ਭਰਾ – ਮਾਰੂ ਜੰਗ ਉਦੋਂ ਤੋਂ ਲੈ ਕੇ ਹੁਣ ਤੱਕ ਬਾਦਸਤੂਰ ਜਾਰੀ ਹੈ।

ਸਾਡੀ ਬੋਲੀ ਅਤੇ ਸੱਭਿਆਚਾਰ ਵਿੱਚ ਵਿਰੋਧ ਵਾਲੀ ਸ਼ਬਦਾਵਲੀ ਹੀ ਭਾਰੂ ਹੈ, ਰਾਜ ਕਰਨ ਵਾਲੀ ਸ਼ਬਦਾਵਲੀ ਬਿਲਕੁਲ ਨਹੀਂ ਮਿਲਦੀ। ਇਸ ਦਾ ਕਾਰਨ ਸ਼ਾਇਦ ਇਹੀ ਹੈ ਕਿ ਅਸੀਂ ਹਮੇਸ਼ਾ ਵਿਰੋਧ ਕਰਨ ਵਾਲੀ ਸਥਿਤੀ ਵਿੱਚ ਹੀ ਰਹੇ ਹਾਂ। ਬਾਹਰੀ ਦੁਸ਼ਮਣ ਵਾਰੀ – ਵਾਰੀ ਆ ਕੇ ਸਾਨੂੰ ਲੁੱਟਦੇ – ਪੁੱਟਦੇ ਰਹੇ ਪਰ ਅਸੀਂ ਕਦੇ ਵੀ ਉਹਨਾਂ ਬਾਹਰਲਿਆਂ ਦੇ ਖਿਲਾਫ਼ ਕੋਈ ਸਾਂਝਾ ਮੋਰਚਾ ਨਾ ਬਣਾ ਸਕੇ। ਇਸ ਲਈ ਅਸੀਂ ਸੱਪ ਦੇ ਲੰਘਣ ਪਿਛੋਂ ਲਕੀਰ ਨੂੰ ਹੀ ਡਾਂਗਾਂ ਨਾਲ ਕੁੱਟਦੇ ਰਹੇ। ਗੁਪਤ ਘਰਾਣੇ ਦੇ ਰਾਜੇ ਸਕੰਦ ਗੁਪਤ ਤੋਂ ਬਾਅਦ ਇੱਕੋ ਇੱਕ ਜਰਨੈਲ ਹਰੀ ਸਿੰਘ ਨਲੂਆ ਹੀ ਸੀ ਜਿਸਨੇ ਉੱਤਰ – ਪੱਛਮ ਵੱਲੋਂ ਆਉਣ ਵਾਲੇ ਹਮਲਾਵਰਾਂ ਦਾ ਰਾਹ ਖੈਬਰ ਦੇ ਕੋਲ ਹੀ ਰੋਕਿਆ। ਹਰੀ ਸਿੰਘ ਨਲੂਏ ਨੇ ਤਾਂ ਸਗੋਂ ਹਮਲਾਵਰਾਂ ਦੇ ਇਲਾਕੇ ਉੱਤੇ ਉਲਟੇ ਹਮਲੇ ਕਰਕੇ ਉਲਟੀ ਗੰਗਾ ਵੀ ਵਗਾਈ ਰੱਖੀ। ਪਰ ਇਹਨਾਂ ਤੋਂ ਇਲਾਵਾ ਹੋਰ ਕੋਈ ਖਾਸ ਮਿਸਾਲ ਨਹੀਂ ਮਿਲਦੀ ਕਿ ਅਸੀਂ ਵਿਰੋਧ ਕਰਨ ਵਾਲੀ ਧਿਰ ਦੀ ਬਜਾਇ ਕਦੇ ਰਾਜ ਕਰਨ ਵਾਲੀ ਧਿਰ ਬਣ ਕੇ ਵਿੱਚਰੇ ਹੋਈਏ। ਸਿੱਖ ਮਿਸਲਾਂ ਦੇ ਵੇਲੇ ਸਿੰਘ ਸਰਦਾਰਾਂ ਨੇ ਲਾਲ ਕਿਲੇ ਉੱਤੇ ਕਬਜ਼ਾ ਤਾਂ ਜਰੂਰ ਕੀਤਾ ਪਰ ਉਥੇ ਸਥਾਈ ਰਾਜ ਕਾਇਮ ਕਰਨ ਬਾਰੇ ਕਦੇ ਵੀ ਨਾ ਸੋਚਿਆ। ਬੇਸ਼ਕ ਇਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਰਹੇ ਹੋਣਗੇ ਪਰ ਫਿਰ ਵੀ ਵੱਡਾ ਕਾਰਨ ਇਹ ਵੀ ਸੀ ਕਿ ਸਾਨੂੰ ਵਿਰੋਧ ਕਰਨ ਤੋਂ ਅੱਗੇ ਜਾ ਕੇ ਰਾਜ ਕਰਨ ਦੀ ਗੱਲ ਅਕਸਰ ਹੀ ਅਣਹੋਣੀ ਜਿਹੀ ਹੀ ਲੱਗਦੀ ਸੀ। ਇਸੇ ਤਰਾਂ 1849 ਵਿੱਚ ਜਦੋਂ ਖਾਲਸਾ ਰਾਜ ਦਾ ਕੇਸਰੀ ਝੰਡਾ ਉਤਾਰ ਕੇ ਉਸ ਦੀ ਥਾਂ ਅੰਗਰੇਜਾਂ ਦਾ ਯੂਨੀਅਨ ਜੈਕ ਪੰਜਾਬ ਦਾ ਆਕਾਸ਼ ਮੱਲ ਖਲੋਤਾ ਤਾਂ ਪੰਜਾਬੀਆਂ ਦਾ ਦਿਲ ਤਾਂ ਬਹੁਤ ਰੋਇਆ ਤੇ ਉਸ ਰੁਦਨ ਨੂੰ ਸ਼ਾਹ ਮੁਹੰਮਦ ਨੇ ਆਪਣੇ ਲਿਖੇ ਜੰਗਨਾਮੇ ਵਿੱਚ ਵੀ ਬਾਖੂਬ ਪੇਸ਼ ਕੀਤਾ ਹੈ। ਪਰ ਇਸ ਪਿਛੇ ਵੀ ਅਸਲ ਕਾਰਨ ਸ਼ਾਇਦ ਇਹੀ ਸੀ ਕਿ ਸਾਨੂੰ ਵਿਰੋਧ ਕਰਨ ਦੀ ਹੀ ਆਦਤ ਸੀ, ਰਾਜ ਕਰਨ ਦੀ ਨਹੀਂ।

ਇਹ ਵੀ ਧਿਆਨ ਦੇਣ ਯੋਗ ਹੈ ਕਿ ਅੱਜ ਦੇ ਸਮੇਂ ਵਿੱਚ ‘ਰਾਜ ਕਰਨ’ ਤੋਂ ਭਾਵ ਕੋਈ ਆਪਣਾ ਸਾਮਰਾਜ ਸਥਾਪਤ ਕਰਨਾ ਨਹੀਂ ਹੈ। ਹੁਣ ਬਸਤੀਵਾਦੀ ਯੁਗ ਨਹੀਂ ਬਲਕਿ ਲੋਕਰਾਜੀ ਯੁਗ ਹੈ। ਹੁਣ ਸਰਕਾਰਾਂ ਆਮ ਲੋਕਾਂ ਦੀ ਵੋਟ ਨਾਲ ਚੱਲਦੀਆਂ ਹਨ। ਹੁਣ ਡੰਡੇ ਦਾ ਨਹੀਂ , ਲੋਕ ਭਲਾਈ ਦਾ ਜ਼ਮਾਨਾ ਹੈ। ਪਰ ਸਮੱਸਿਆ ਇਹ ਹੈ ਕਿ ਸਾਡੀ ਲੋਕ ਸ਼ਕਤੀ ਨੂੰ ਤੋੜ ਕੇ ਅਤੇ ਸਾਡੇ ਏਕੇ ਨੂੰ ਖੇਰੂੰ – ਖੇਰੂੰ ਕਰਕੇ, ਕੁਝ ਮੁੱਠੀ ਭਰ ਅਮੀਰ ਘਰਾਣਿਆਂ ਨੇ ਸਾਡੇ ਰਾਜ ਨੂੰ ਸਾਡੇ ਤੋਂ ਹਥਿਆ ਲਿਆ ਹੈ। ਸਾਡੇ ਕੁਝ ਨਾਸਮਝ ਭਰਾਵਾਂ ਨੂੰ ਥੋੜੇ ਜਿਹੇ ਨੋਟਾਂ ਅਤੇ ਸ਼ਰਾਬ ਦੀਆਂ ਬੋਤਲਾਂ ਨਾਲ ਖਰੀਦ ਲਿਆ ਜਾਂਦਾ ਹੈ। ਬਾਕੀ ਪੜ੍ਹੇ ਲਿਖੇ ਅਤੇ ਸਿਆਣਿਆਂ ਨੂੰ ਵੀ ਧਰਮ ਅਤੇ ਜਾਤ ਦੇ ਨਾਮ ਤੇ ਭੜਕਾ ਕੇ ਆਪਣੇ ਹੱਕ ਵਿੱਚ ਭੁਗਤਾ ਲਿਆ ਜਾਂਦਾ ਹੈ। ਸਾਡੇ ਲੋਕਾਂ ਨੂੰ ਮੁਫਤਖੋਰੇ ਬਣਾ ਦਿੱਤਾ ਗਿਆ ਹੈ। ਹਰ ਕੋਈ ਮੁਫਤ ਦੀਆਂ ਸਹੂਲਤਾਂ ਦੇ ਚੱਕਰ ਵਿੱਚ ਆਪਣਾ ਈਮਾਨ ਵੇਚ ਰਿਹਾ ਹੈ। ਮੁਫਤ ਦੀਆਂ ਸਹੂਲਤਾਂ ਲੈਣ ਵੇਲੇ ਅਸੀਂ ਭੋਰਾ ਵੀ ਨਹੀਂ ਸੋਚਦੇ ਕਿ ਇਹ ਅਸਲ ਵਿੱਚ ਸਾਡਾ ਹੀ ਸਿਰ ਅਤੇ ਸਾਡੀਆਂ ਹੀ ਜੁੱਤੀਆਂ ਹਨ। ਸਾਡੀ ਇੱਕ ਜੇਬ ਵਿਚੋਂ ‘ਵੱਧ ਪੈਸੇ’ ਕੱਢ ਕੇ ਦੂਜੀ ਜੇਬ ਵਿੱਚ ‘ਥੋੜੇ ਜਿਹੇ ਪੈਸੇ’ ਪਾ ਦਿੱਤੇ ਜਾਂਦੇ ਹਨ। ਅਸੀਂ ਇਸ ਜਾਦੂਗਰੀ ਤੋਂ ਅਨਜਾਣ ‘ਮਹਾਰਾਜ ਦੀ ਜੈ’ ਬੋਲਕੇ ਉਸ ਦੇ ਹੱਕ ਵਿੱਚ ਭੁਗਤ ਜਾਂਦੇ ਹਾਂ। ਫਿਰ ਪੰਜ ਸਾਲ ਉਸ ਨੂੰ ਕੋਸਦੇ ਅਤੇ ਸੜਕਾਂ ਤੇ ਡਾਂਗਾਂ ਖਾਂਦੇ ਹੋਏ ਸਮਝਣ ਲੱਗ ਪੈਂਦੇ ਹਾਂ ਕਿ ਸ਼ਾਇਦ ਹੁਣ ਅਸੀਂ ਸਮਝਦਾਰ ਹੋ ਗਏ ਹਾਂ। ਪਰ ਅਸਲੀਅਤ ਵਿੱਚ ਹੁਣ ਸਾਡੇ ਵਾਸਤੇ ਕੋਈ ਹੋਰ ‘ਚੋਗਾ’ ਤਿਆਰ ਹੋ ਚੁੱਕਾ ਹੁੰਦਾ ਹੈ ਅਤੇ ਅਸੀਂ ਫਿਰ ਤੋਂ ਕਿਸੇ ਹੋਰ ‘ਮਹਾਰਾਜ ਦੀ ਜ਼ਿੰਦਾਬਾਦ’ ਕਰਨ ਨੂੰ ਤਿਆਰ ਹੋ ਰਹੇ ਹੁੰਦੇ ਹਾਂ। ਸਾਡੀਆਂ ਇਹੋ ਜਿਹੀਆਂ ਨਾਦਾਨੀਆਂ ਕਾਰਨ ਅਸੀਂ ਆਪਣੇ ਰੰਗਲੇ ਪੰਜਾਬ ਨੂੰ ਆਰਥਿਕ ਪੱਖੋਂ ਤਾਂ ਬਿਲਕੁਲ ਹੀ ਉਜਾੜੀ ਬੈਠੇ ਹਾਂ। ਕਿਸੇ ਵੇਲੇ ਭਾਰਤ ਦਾ ਸਭ ਤੋਂ ਅਮੀਰ ਸੂਬਾ ਅੱਜ ਕੰਗਾਲੀ ਦੀ ਕਗਾਰ ‘ਤੇ ਪਹੁੰਚ ਚੁੱਕਾ ਹੈ। ਇਸ ਦਾ ਵਾਲ – ਵਾਲ ਕਰਜ਼ੇ ਵਿੱਚ ਫਸਿਆ ਪਿਆ ਹੈ। ਖੁਦ ਅਮੀਰ ਬਣਨ ਦੇ ਚੱਕਰ ਵਿੱਚ ਅਸੀਂ ਆਪਣੇ ਪੰਜਾਬ ਨੂੰ ਦੀਵਾਲੀਆ ਬਣਾਉਣ ਉੱਤੇ ਤੁਲੇ ਬੈਠੇ ਹਾਂ। ਪਰ ਅਸਲੀਅਤ ਇਹੀ ਹੈ ਕਿ ਅਮੀਰ ਤਾਂ ਫਿਰ ਵੀ ਉਹੀ ਲੋਕ ਹੀ ਬਣ ਰਹੇ ਹਨ ਜਿਹਨਾਂ ਕੋਲ ਪਹਿਲਾਂ ਹੀ ਪੈਸਾ ਅਤੇ ਜਾਇਦਾਦ ਸਾਂਭਣ ਨੂੰ ਥਾਂ ਨਹੀਂ ਲੱਭਦੀ। ਨਤੀਜੇ ਵਜੋਂ ਅਸੀਂ ਅੱਜ ਵੀ ਵਿਰੋਧ ਕਰਨ ਵਾਲੀ ਧਿਰ ਵਜੋਂ ਹੀ ਵਿਚਰ ਰਹੇ ਹਾਂ, ਰਾਜ ਕਰਨ ਵਾਲੀ ਧਿਰ ਵਜੋਂ ਨਹੀਂ।

ਪਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਿਆਸਤ ਦੇ ਇਸ ਗੋਰਖ ਧੰਦੇ ਨੂੰ ਸਮਝੀਏ ਅਤੇ ਆਪਣੀ ਸਿਆਸੀ ਸੂਝ – ਬੂਝ ਵਧਾਈਏ। ਅਸੀਂ ਪੰਜ ਸਾਲ ਬਾਅਦ ਜਦੋਂ ਕਿਸੇ ਨੂੰ ਚੁਣੀਏ ਤਾਂ ਇਸ ਤਰਾਂ ਦੀ ਚੋਣ ਕਰੀਏ ਕਿ ਚੁਣ ਕੇ ਅਫਸੋਸ ਨਾ ਹੋਵੇ। ਪੰਜ ਸਾਲਾਂ ਵਾਸਤੇ ਅਸੀਂ ਆਪਣੇ ਸਹਿਯੋਗੀਆਂ ਨੂੰ ਚੁਣੀਏ ਨਾ ਕਿ ਕਿਸੇ ਅਪਰਾਧੀ ਜਾਂ ਚੋਰ ਉਚੱਕੇ ਨੂੰ। ਅਸੀਂ ਸਿਰਫ ਚੰਗੇ ਅਤੇ ਇਮਾਨਦਾਰ ਉਮੀਦਵਾਰਾਂ ਦੇ ਹੱਕ ਵਿੱਚ ਹੀ ਖੜੀਏ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਜਾਂ ਭਾਵੇਂ ਨਵੇਂ ਚਿਹਰੇ ਹੀ ਕਿਉਂ ਨਾ ਹੋਣ। ਪੁਰਾਣੇ, ਭ੍ਰਿਸ਼ਟ ਅਤੇ ਚੱਲ ਚੁੱਕੇ ਕਾਰਤੂਸਾਂ ਉੱਤੇ ਵਾਰ – ਵਾਰ ਭਰੋਸਾ ਕਰਕੇ ਆਪਣੇ ਕੀਮਤੀ ਪੰਜ ਸਾਲ ਬਰਬਾਦ ਨਾ ਕਰੀਏ। ਦੇਸ਼ ਤੋਂ ਬਾਹਰ ਬੈਠੇ ਪੰਜਾਬੀਆਂ ਤੋਂ ਉਹਨਾਂ ਦੇ ਦੇਸ਼ਾਂ ਦੇ ਚੰਗੇ ਸਿਸਟਮ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਅਤੇ ਉਸ ਨੂੰ ਆਪਣੇ ਦੇਸ਼ ਵਿੱਚ ਇਮਾਨਦਾਰੀ ਨਾਲ ਵਰਤੀਏ। ਇਹ ਵੀ ਧਿਆਨ ਰਹੇ ਕਿ ਸਾਡੀ ਇਹ ਸੱਧਰ ਉਦੋਂ ਹੀ ਪੂਰੀ ਹੋ ਸਕੇਗੀ ਜਦੋਂ ਸਾਡੇ ਰਾਜ ਵਿੱਚ ਕੋਈ ਇਮਾਨਦਾਰ ਮਸ਼ੀਨਰੀ ਕੰਮ ਕਰ ਰਹੀ ਹੋਵੇਗੀ। ਇਸ ਲਈ ਸਭ ਤੋਂ ਵੱਧ ਲੋੜ ਹੈ ਇੱਕ ਇਮਾਨਦਾਰ ਲੀਡਰਸ਼ਿਪ ਦੀ ਜੋ ਕਿ ਹਕੀਕੀ ਤੌਰ ਤੇ ਪੰਜਾਬ ਨੂੰ ਸਮਰਪਤ ਹੋਵੇ। ਪਰ ਹਾਲਤ ਇਹ ਹੈ ਕਿ ਅੱਜ ਸਾਡੇ ਕੋਲ ਨੇਤਾ ਤਾਂ ਬਹੁਤ ਹਨ ਪਰ ਨੀਤੀ ਕੋਈ ਨਹੀਂ।

ਵਿਰੋਧ ਕਰਨ ਵਾਲੀ ਧਿਰ ਤੋਂ ਰਾਜ ਕਰਨ ਵਾਲੀ ਧਿਰ ਬਣਨਾ ਤਾਂ ਹੀ ਸੰਭਵ ਹੈ ਜੇਕਰ ਅਸੀਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਸਕੀਏ। ਜਦੋਂ ਤੱਕ ਆਮ ਲੋਕ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਹਨ ਉਦੋਂ ਤੱਕ ਉਹਨਾਂ ਨੂੰ ਮੂਰਖ ਕਹਿ ਕੇ ਨਿੰਦੀ ਜਾਣ ਨਾਲ ਸਾਡਾ ਕੋਈ ਫਰਜ਼ ਨਹੀਂ ਪੂਰਾ ਹੁੰਦਾ। ਜੇ ਅਸੀਂ ਮੂਰਖਾਂ ਨੂੰ ਅਕਲ ਦੇਣ ਵਿੱਚ ਕੋਈ ਹਿੱਸਾ ਨਹੀਂ ਪਾਇਆ ਤਾਂ ਉਹਨਾਂ ਨੂੰ ਮੂਰਖ ਕਹਿਣ ਦਾ ਵੀ ਸਾਨੂੰ ਕੋਈ ਹੱਕ ਨਹੀਂ ਰਹਿ ਜਾਂਦਾ। ਪੁਰਾਣੇ ਸਮਿਆਂ ਵਿੱਚ ਵੀ ਲਗਭਗ ਹਰ ਪੰਜ ਕੁ ਸਾਲ ਬਾਅਦ ਹੀ ਕੋਈ ਨਾ ਕੋਈ ਲੁਟੇਰਾ ਸਾਡੇ ਦੇਸ਼ ਉੱਤੇ ਹਮਲਾ ਕਰ ਕੇ ਸਾਨੂੰ ਲੁੱਟ – ਪੁੱਟ ਕੇ ਅਤੇ ਉਜਾੜ ਕੇ ਤੁਰ ਜਾਂਦਾ ਸੀ। ਅਸੀਂ ਉਹਨਾਂ ਲੁਟੇਰਿਆਂ ਦੇ ਖਿਲਾਫ਼ ਕੋਈ ਸਾਂਝਾ ਮੋਰਚਾ ਨਾ ਬਣਾ ਸਕੇ, ਬੱਸ ਛੋਟੇ ਪੱਧਰ ਉੱਤੇ ਹੀ ਵਿਰੋਧ ਜਤਾਉਂਦੇ ਰਹੇ। ਅਸੀਂ ਆਪਸੀ ਫੁੱਟ ਕਾਰਨ ਇੱਕ ਦੂਸਰੇ ਨੂੰ ਮੂਰਖ ਕਹਿੰਦੇ ਰਹੇ। ਅਸੀਂ ਆਪਣੇ ਘਰ ਵਿੱਚ ਹੀ ਉਲਝੇ ਰਹੇ ਅਤੇ ਦੁਸ਼ਮਣ ਸਾਡੇ ਬੂਹੇ ਵਿੱਚ ਆ ਕੇ ਲਲਕਾਰਦਾ ਰਿਹਾ। ਅਸੀਂ ਆਪਣਾ ਰਾਜ ਨਾ ਕਾਇਮ ਕਰ ਸਕੇ , ਇਸੇ ਲਈ ਬਿਗਾਨਿਆਂ ਦੇ ਗੱਡੇ ਦੇ ਬਲਦ ਹੀ ਬਣਦੇ ਰਹੇ। ਜੇਕਰ ਅੱਜ ਵੀ ਅਸੀਂ ਉਸੇ ਤਰਾਂ ਸਿਰਫ ਵਿਰੋਧ ਕਰਨ ਵਾਲੀ, ਕਮਜ਼ੋਰ ਜਿਹੀ ਧਿਰ ਹੀ ਬਣੇ ਰਹਿਣਾ ਹੈ ਤਾਂ ਅਸੀਂ ਉਸ ਸਦੀਆਂ ਦੇ ਇਤਿਹਾਸ ਤੋਂ ਆਖਰ ਸਿੱਖਿਆ ਕੀ ਹੈ ? ਅਸੀਂ ਤਾਂ ਖੂਹ ਉੱਤੇ ਜੁੜੇ ਬਲਦ ਵਾਂਗ ਇੱਕੋ ਹੀ ਥਾਂ ਉੱਤੇ ਘੁੰਮ ਰਹੇ ਹਾਂ, ਪਰ ਇਸ ਵਹਿਮ ਵਿੱਚ ਵੀ ਹਾਂ ਕਿ ਅਸੀਂ ਬਹੁਤ ਸਫ਼ਰ ਕਰ ਲਿਆ ਹੈ। ਇਸ ਲਈ ਹੁਣ ਸਾਨੂੰ ਲੋੜ ਹੈ ਕਿ ਸਿਰਫ ਵਿਰੋਧ ਕਰੀ ਜਾਣ ਵਾਲੀ ਮਾਨਸਿਕਤਾ ਵਿਚੋਂ ਨਿਕਲ ਕੇ ਆਪਣਾ ਅਸਲੀ ਲੋਕ – ਰਾਜ ਕਾਇਮ ਕਰਨ ਵੱਲ ਕਦਮ ਵਧਾਈਏ।

 

Install Punjabi Akhbar App

Install
×