ਜਦ ਮੈ ਵੇਸਵਾਵਾਂ ਦੇ ਅੱਡੇ ਤੇ ਚਾਹ ਪੀਤੀ

ਪੰਦਰਾਂ ਕੁ ਸਾਲ ਪਹਿਲਾਂ ਦੀ ਗੱਲ ਹੈ ਜਦ ਮੈ ਆਪਣੇ ਡਰਾਈਵਰਾਂ ਨਾਲ ਟਰੱਕਾਂ ਵਿੱਚ ਰਾਜਸਥਾਨ ਤੋਂ ਅਸਾਮ ਦੇ ਲਈ ਮਾਰਬਲ ਭਰਕੇ ਲੈਕੇ ਗਏ ਅਤੇ ਵਾਪਸੀ ਸਮੇਂ ਗੁਹਾਟੀ ਤੋਂ ਪੰਜਾਬ ਲਈ ਕੋਲਾ ਭਰਕੇ ਲਈ ਆ ਰਹੇ ਸਾਂ । ਆਮ ਲੋਕ ਭਾਵੇਂ ਟਰੱਕ ਡਰਾਈਵਰਾਂ ਨੂੰ ਜਿੰਨਾਂ ਮਰਜੀ ਮਾੜਾ ਕਹੀ ਜਾਣ ਪਰ ਇੰਹਨਾਂ ਦੀ ਜਿੰਦਗੀ ਬਹੁਤ ਹੀ ਮੁਸਕਲ ਹਾਲਤਾਂ ਵਿੱਚ ਜੂਝਦੇ ਬਹਾਦਰਾਂ ਵਾਲੀ ਹੁੰਦੀ ਹੈ । ਇਸ ਕਿੱਤੇ ਬਾਰੇ ਕੋਈ ਸਰਕਾਰੀ ਨਿਯਮ ਕਾਨੂੰਨ ਨਾਂ ਹੋਣ ਕਰਕੇ ਇਹ ਕਿੱਤਾ ਵੀ ਰੱਬ ਆਸਰੇ ਅਤੇ ਬਹੁਤ ਸਾਰੇ ਖਤਰੇ ਝੱਲ ਕੇ ਹੀ ਇਸ ਵਿੱਚ ਮਾੜੀ ਮੋਟੀ ਸਫਲਤਾ ਮਿਲਦੀ ਹੈ । ਸਾਰਾ ਸਾਰਾ ਦਿਨ ਮਾਨਸਿਕ ਸੰਤਾਪ ਹੰਢਾਉਦਿਆਂ ਅਤੇ ਸਰੀਰ ਨੂੰ ਵੀ ਬਹੁਤ ਸਾਰਾ ਕਸ਼ਟ ਦੇ ਕੇ ਹੀ ਡਰਾਈਵਰੀ ਕੀਤੀ ਜਾ ਸਕਦੀ ਹੈ । ਆਪਣੇ ਘਰਾਂ ਤੋਂ ਪਤਾ ਨਹੀਂ ਕਿੰਨੇ ਕੁ ਦਿਨ ਦੂਰ ਰਹਿਣਾਂ ਪੈ ਜਾਵੇ ਕੁੱਝ ਨਹੀਂ ਕਿਹਾ ਜਾ ਸਕਦਾ ਹੁੰਦਾਂ । ਇਸ ਤਰਾਂ ਦੇ ਹਾਲਤਾਂ ਵਿੱਚ ਅਕਸਰ ਹੀ ਇਸ ਕਿੱਤੇ ਦੇ ਲੋਕ ਕੁੱਝ ਪਲਾਂ ਦੀਆਂ ਖੁਸੀਆਂ ਲਈ ਬਦਨਾਮ ਥਾਵਾਂ ਦੇ ਵੱਲ ਮੂੰਹ ਕਰ ਲੈਂਦੇ ਹਨ ਜਿੰਨਾਂ ਤੇ ਜਾਣਾਂ ਅੱਜਕਲ ਏਡਜ ਵਰਗੀਆਂ ਬਿਮਾਰੀਆਂ ਕਾਰਨ ਖਤਰੇ ਦੀ ਘੰਟੀ ਵਾਂਗ ਹੀ ਹੈ ਜੋ ਕਦੇ ਵੀ ਵੱਜ ਸਕਦੀ ਹੈ । ਇਸ ਤਰਾਂ ਦੇ ਹਾਲਾਤਾਂ ਵਿੱਚ ਹੀ ਮੇਰੇ ਡਰਾਈਵਰਾਂ ਨੇ ਵੀ ਵਾਪਸੀ ਤੇ ਪੱਛਮੀ ਬੰਗਾਲ ਵਿੱਚ ਦਾਖਲ ਹੋਣ ਤੇ ਮੇਰੇ ਕੋਲੋਂ ਇਸਲਾਮ ਪੁਰ ਦੇ ਬਦਨਾਮ ਅੱਡਿਆਂ ਤੇ ਜਾਣ ਦੀ ਇਜਾਜਤ ਲੈ ਲਈ ਜਿਸਨੂੰ ਇਹ ਲੋਕ ਸਹੁਰੇ ਜਾਣਾਂ ਹੀ ਕਹਿੰਦੇ ਹਨ । ਜਦ ਸਾਡੇ ਟਰੱਕ ਇਸਲਾਮ ਪੁਰ ਆਕੇ ਰੁਕੇ ਤਾਂ ਉੱਥੋਂ ਦੇ ਹੋਟਲ ਮਾਲਕ ਜਿਸਨੂੰ ਦਾਦਾ ਕਹਿਕੇ ਬੁਲਾਇਆ ਜਾਂਦਾ ਸੀ ਦੁਆਰਾ ਇੱਕ ਬਦਨਾਮ ਅੱਡੇ ਦਾ ਰਾਹ ਦਿਖਾ ਦਿੱਤਾ ਗਿਆ ਕਿਉਂਕਿ ਇੰਹਨਾਂ ਢਾਬੇ ਚਲਾਉਣ ਵਾਲੇ ਦਾਦਿਆਂ ਦੀ ਮੱਦਦ ਨਾਲ ਜਾਣ ਤੇ ਕਿਸੇ ਕਿਸਮ ਦਾ ਪੁਲੀਸ ਵਗੈਰਾ ਦਾ ਡਰ ਨਹੀਂ ਹੁੰਦਾ ।

ਸਹੁਰੇ ਜਾਣ ਸਮੇਂ ਡਰਾਈਵਰਾਂ ਨੇ ਮੈਨੂੰ ਵੀ ਨਾਲ ਚੱਲਣ ਲਈ ਕਿਹਾ ਅਤੇ ਮੈਂ ਵੀ ਸਹਿਮਤੀ ਦੇ ਦਿੱਤੀ । ਕਾਮਰੇਡਾਂ ਦੇ ਅਖੌਤੀ ਵਿਕਾਸ ਵਾਲੇ ਇਸ ਸੂਬੇ ਵਿੱਚ ਅੱਤ ਦੀ ਗਰੀਬੀ ਹੈ । ਇਹ ਬਦਨਾਮ ਅੱਡਾ ਵੀ ਇਸਦੀ ਕਹਾਣੀ ਕਹਿ ਰਿਹਾ ਸੀ ਜੋ ਕਿ ਬਿਲਕੁੱਲ ਕੱਚੇ ਘਰ ਦੇ ਵਿੱਚ ਚਲਾਇਆਂ ਜਾ ਰਿਹਾ ਸੀ । ਮੇਰੇ ਤਿੰਨ ਡਰਾਈਵਰ ਉਸ ਥਾਂ ਤੇ ਜਾਣ ਸਾਰ ਹੀ ਇੱਕ ਇੱਕ ਕੁੜੀ ਦੇ ਨਾਲ ਸਹਿਮਤੀ ਕਰਕੇ ਉਸ ਥਾਂ ਦੇ ਛੋਟੇ ਛੋਟੇ ਕੱਚੇ ਕਮਰਿਆਂ ਦੇ ਵਿੱਚ ਚਲੇ ਗਏ ਪਰ ਮੈਂ ਉਹਨਾਂ ਦੇ ਪਹਿਲੇ ਹੀ ਕਮਰੇ ਜੋ ਆਉਭਗਤ ਕਰਨ ਵਾਲਾ ਰਿਸੈਪਪਸਨਿਸਟ ਕਮਰੇ ਦੇ ਤੌਰ ਤੇ ਸੀ ਹੀ ਵਿੱਚ ਬੈਠਾ ਰਿਹਾ । ਉਹਨਾਂ ਦੀ ਮਾਲਕਣ ਨੇ ਜਦ ਮੈਨੂੰ ਉੱਥੇ ਬੈਠਾ ਦੇਖਿਆ ਤਦ ਉਸਨੇ ਇੱਕ ਨਵੀਂ ਕੁੜੀ ਮੇਰੇ ਕੋਲ ਭੇਜੀ ਪਰ ਮੈਂ ਉਸਨੂੰ ਕਿਸੇ ਬਹਾਨੇ ਵਾਪਸ ਭੇਜ ਦਿੱਤਾ ਇਸ ਤਰਾਂ ਕਰਕੇ ਤਿੰਨ ਕੁੜੀਆਂ ਵਾਰੋ ਵਾਰੀ ਮੇਰੇ ਕੋਲ ਆਈਆਂ ਜੋ ਅਸਲੀਲ ਹਰਕਤਾਂ ਤੋਂ ਵੀ ਪਰਹੇਜ ਨਹੀ ਕਰ ਰਹੀਆਂ ਸਨ ਪਰ ਮੈਂ ਤਿੰਨਾਂ ਨੂੰ ਹੀ ਜਵਾਬ ਦੇਕੇ ਵਾਪਸ ਭੇਜਿਆਂ । ਆਖਰ ਦੇ ਵਿੱਚ ਉਹਨਾਂ ਦੀ ਇੱਕ ਬਹੁਤ ਹੀ ਸੁੰਦਰ ਕੁੜੀ ਨੂੰ ਮੇਰੇ ਕੋਲ ਭੇਜਿਆਂ ਗਿਆਂ ਕਿਉਕਿ ਮਾਲਕਣ ਨਹੀਂ ਚਾਹੁੰਦੀ ਸੀ ਕਿ ਕੋਈ ਆਇਆ ਹੋਇਆ ਗਾਹਕ ਬਿਨਾਂ ਕੁੱਝ ਖਰਚਿਆਂ ਵਾਪਸ ਜਾਵੇ । ਇਸ ਚੌਥੀ ਬਹੁਤ ਹੀ ਸੋਹਣੀ ਕੁੜੀ ਨੇ ਹੱਦ ਤੋਂ ਅੱਗੇ ਜਾਕੇ ਵੀ ਹਰਕਤਾਂ ਕਰਨ ਦੀ ਕੋਸਿਸ ਕੀਤੀ ਜਿਸਨੂੰ ਮੈ ਰੋਕਣ ਲਈ ਪੁੱਛ ਲਿਆ ਕਿ ਕੀ ਤੈਨੂੰ ਕਦੀ ਆਪਣੇ ਮਾਂ ਬਾਪ ਜਾਂ ਭੈਣ ਭਰਾ ਯਾਦ ਆਉਂਦੇ ਹਨ । ਮੇਰੀ ਇਸ ਗੱਲ ਤੇ ਹੀ ਉਸ ਕੁੜੀ ਨੇ ਆਪਣੀਆਂ ਗਲਤ ਹਰਕਤਾਂ ਕਰਨੀਆਂ ਬੰਦ ਕਰ ਦਿੱਤੀਆਂ ਅਤੇ ਇਹ ਗੱਲ ਮੇਰੇ ਮੂੰਹੋਂ ਸੁਣਕੇ ਗੰਭੀਰ ਜਿਹੀ ਹੋਈ ਕਿਸੇ ਡੂੰਘੀ ਸੋਚ ਵਿੱਚ ਗੁਜਰਦਿਆਂ ਪੁੱਛਿਆਂ ਕਿ ਕਿਆ ਆਪ ਨਹੀਂ ਜਾਉਗੇ । ਮੇਰਾ ਨਾਂ ਵਿੱਚ ਜਵਾਬ ਸੁਣਕੇ ਉਹ ਚਲੀ ਗਈ ਅਤੇ ਮਾਲਕਣ ਨੂੰ ਜਾਕੇ ਕਹਿ ਦਿੱਤਾ ਕਿ ਇਹ ਸਰਦਾਰ ਨਹੀਂ ਜਾਏਗਾ । ਇਹ ਸੁਣਕੇ ਉਹਨਾਂ ਦੀ ਮਾਲਕਣ ਨੇ ਵੀ ਉਸਨੂੰ ਅਸਫਲ ਰਹਿਣ ਤੇ ਝਾੜ ਪਾਈ।

ਇਸ ਤੋਂ ਬਾਅਦ ਸਭ ਤੋਂ ਪਹਿਲਾਂ ਵਾਲੀ ਕੁੜੀ ਫਿਰ ਆਈ ਅਤੇ ਮੈਨੂੰ ਪੁੱਛਣ ਲੱਗੀ ਸਰਦਾਰ ਜੀ ਆਪ ਮਾਲਕ ਹੋ ਅਤੇ ਕੀ ਆਪ ਵਿਆਹੇ ਹੋਏ ਹੋ ਮੇਰਾ ਜਵਾਬ ਹਾਂ ਵਿੱਚ ਮਿਲਣ ਤੇ ਉਸ ਨੇ ਫੇਰ ਪੁੱਛਿਆ ਕਿ ਕੀ ਤੁਹਾਡੇ ਬੱਚੇ ਵੀ ਹਨ? ਕੀ ਤੁਹਾਨੂੰ ਉਹਨਾਂ ਦੀ ਯਾਦ ਆਉਂਦੀ ਹੈ ਆਦਿ ਕਈ ਪ੍ਰਸਨ ਪੁੱਛੇ ਗਏ ਅਤੇ ਫਿਰ ਮੈਨੂੰ ਉਸ ਬਿਨਾਂ ਕਿਸੇ ਡਰ ਅਤੇ ਝਿਝਕ ਦੇ ਬੈਠਣ ਲਈ ਕਿਹਾ ਗਿਆ। ਉਸ ਇਹ ਵੀ ਕਿਹਾ ਸਰਦਾਰ ਜੀ ਅਬ ਆਪ ਕੋ ਕੋਈ ਤੰਗ ਨਹੀਂ ਕਰੇਗਾ। ਇਸ ਤੋਂ ਬਾਅਦ ਉਸ ਕੁੜੀ ਨੇ ਮੇਰੇ ਲਈ ਉੱਥੇ ਪਿਆ ਟੀਵੀ ਚਲਾ ਦਿੱਤਾ ਅਤੇ ਕਿਹਾਂ ਸਰਦਾਰ ਜੀ ਆਪ ਸਾਂਤੀ ਨਾਂ ਦਾ ਸੀਰੀਅਲ ਦੇਖੋ ਜਿਸ ਵਿੱਚ ਇੱਕ ਬਹੁਤ ਹੀ ਅੱਛੀ ਪਰੀਵਾਰਕ ਕਹਾਣੀ ਦਿਖਾਈ ਜਾਂਦੀ ਹੈ। ਉਸਨੇ ਮੈਨੂੰ ਚਾਹ ਪੀਣ ਲਈ ਵੀ ਕਿਹਾ ਅਤੇ ਮੇਰੇ ਹਾਂ ਕਰਨ ਤੇ ਥੋੜੀ ਦੇਰ ਬਾਅਦ ਹੀ ਉਹ ਕੁੜੀ ਚਾਹ ਲੈਕੇ ਵਾਪਸ ਆ ਗਈ। ਇਸ ਤਰਾਂ ਉਸ ਬਦਨਾਮ ਕੋਠੇ ਦੀਆਂ ਬਦਨਾਮ ਕੁੜੀਆਂ ਵੱਲੋਂ ਮੇਰੇ ਵੱਲ ਇੱਜਤ ਭਰੀਆਂ ਨਜਰਾਂ ਨਾਲ ਦੇਖਿਆਂ ਗਿਆ। ਉਸ ਕੋਠੇ ਤੇ ਇੱਜਤ ਦੇ ਰੂਪ ਵਿੱਚ ਮਿਲਿਆ ਚਾਹ ਦਾ ਕੱਪ ਮੈਨੂੰ ਹਮੇਸਾਂ ਯਾਦ ਰਹਿੰਦਾਂ ਹੈ। ਮੇਰੇ ਡਰਾਈਵਰ ਜਦ ਇੱਕ ਘੰਟੇ ਦੇ ਬਾਅਦ ਬਾਹਰ ਆਏ ਤਦ ਉਹ ਮੈਨੂੰ ਵੀ ਪੁੱਛਣ ਲੱਗੇ ਬਾਈ ਤੁਸੀ ਨਹੀਂ ਗਏ ਕਿਸੇ ਨਾਲ। ਜਦ ਮੈ ਉਹਨਾਂ ਨੂੰ ਸਾਰੀ ਕਹਣੀ ਦੱਸੀ ਅਤੇ ਇਹ ਵੀ ਕਿਹਾ ਕਿ ਕਿਸ ਤਰਾਂ ਇੰਹਨਾਂ ਨੇ ਮੈਨੂੰ ਤਾਂ ਚਾਹ ਵੀ ਪਿਆਈ ਹੈ। ਇਹ ਸੁਣਕੇ ਉਹ ਵੀ ਬਹੁਤ ਹੱਸੇ ਅਤੇ ਹੈਰਾਨ ਹੋਏ ਕਿਉਂਕਿ ਇੰਹਨਾਂ ਅੱਡਿਆਂ ਤੇ ਇੱਜਤ ਤਾਂ ਰੁਲਦੀ ਰਹਿੰਦੀ ਹੈ ਪਰ ਚਾਅ ਦੇ ਗਲਾਸ ਇੱਜਤ ਦੀ ਥਾਂ ਤੇ ਕਦੇ ਵੀ ਨਹੀਂ ਪੇਸ਼ ਕੀਤੇ ਜਾਂਦੇ।

ਗੁਰਚਰਨ ਪੱਖੋਕਲਾਂ ਫੋਨ 9417727245