ਨਸਲ, ਫਸਲ ਤੇ ਅਕਲ ਦੀ ਲੜਾਈ

ਮਹਾਰਾਜਾ ਰਣਜੀਤ ਸਿੰਘ ਦੀ ਮੌਤ, ਡੋਗਰਿਆਂ ਦੀ ਸਰਦਾਰੀ ਤੇ ਗਦਾਰੀ ਨੇ ਜਦੋਂ ਅੰਗਰੇਜ਼ਾਂ ਨਾਲ ਸਾਂਠਗਾਂਠ ਕਰਕੇ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਕਰਵਾ ਦਿੱਤਾ ਤੇ ਅਸੀਂ ਅੰਗਰੇਜ਼ੀ ਰਾਜ ਦੇ ਗੁਲਾਮ ਹੋ ਗਏ ਤਾਂ ਸਾਡੀ ਉਸ ਸਮੇਂ ਤੋਂ ਹੀ ਨਸਲਕੁਸ਼ੀ ਸ਼ੁਰੂ ਹੋ ਗਈ। ਕਿਉਂ ਕਿ ਅੰਗਰੇਜ਼ ਸਾਡੇ ਬਾਰੇ ਸਭ ਕੁੱਝ ਜਾਣਦੇ ਸਨ ਕਿ ਇਹੋ ਹੀ ਇਕ ਕੌਮ ਹੈ ਜਿਹੜੀ ਸਾਡੇ ਇੰਡੀਆ ਤੋਂ ਵੀ ਪੈਰ ਉਖਾੜ ਸਕਦੀ ਹੈ। ਅਸੀਂ ਸਾਰੇ ਦੇਸ਼ ਦੇ ਲੋਕਾਂ ਨਾਲ ਮਿਲਕੇ ਅੰਗਰੇਜ਼ਾਂ ਨਾਲ ਆਜ਼ਾਦੀ ਦੀ ਜੰਗ ਲੜਦੇ ਰਹੇ। ਅੰਗਰੇਜ਼ਾਂ ਨੇ ਸਾਡੇ ਵਿੱਚੋਂ ਹੀ ਭੇਖੀ ਸਿੱਖਾਂ ਨੂੰ ਖਰੀਦਕੇ ਸਾਡੇ ਵਿਰੁੱਧ ਵਰਤਿਆ ਅਤੇ ਉਹ ਭੇਖੀ ਅੰਗਰੁੇਜ਼ਾਂ ਨਾਲ ਮਿਲ ਕੇ ਸਾਡੀ ਜਵਾਨੀ ਦਾ ਘਾਣ ਕਰਵਾਉਂਦੇ ਰਹੇ ਅਤੇ ਉਤਲੇ ਮਨੋ ਸਿੱਖ ਹੋਣ ਦਾ ਵਿਖਾਵਾ ਕਰਦੇ ਰਹੇ। ਜਿਸਦੇ ਬਦਲੇ ਉਨ੍ਹਾਂ ਨੂੰ ਅੰਗਰੇਜ਼ਾਂ ਨੇ ਵੱਡੀਆਂ ਜਗੀਰਾਂ ਬਖਸ਼ੀਆਂ ਅਤੇ ਅਸੀਂ ਆਮ ਲੋਕਾਂ ਨੇ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਜਿਆਦਾ ਕੁਰਬਾਨੀਆਂ ਦਿੱਤੀਆਂ। ਬਹੁਤਾ ਵਿਸਥਾਰ ਚ ਨਾਂ ਜਾਈਏ ਆਖਿਰ ਅੰਗਰੇਜ਼ ਭਾਰਤ ਛੱਡਣ ਲਈ ਮਜ਼ਬੂਰ ਹੋਏ ਅਤੇ ਦੇਸ਼ ਦੀ ਵੰਡ ਕਰਨ ਲੱਗਿਆਂ ਪਾਕਿਸਤਾਨ ਦੇ ਆਗੂ ਜਿਨਾਹ ਨੇ ਆਪਣਾ ਮੁਸਲਿਮ ਦੇਸ਼ ਪਾਕਿਸਤਾਨ ਲੈ ਲਿਆ ਅਤੇ ਅੰਗਰੇਜ਼ਾਂ ਨੇ ਸਾਡੇ ਸਿੱਖ ਲੀਡਰਾਂ ਨੂੰ ਆਪਣਾ ਖਾਲਸਾ ਰਾਜ ਦੇਣ ਦੀ ਪੇਸ਼ਕਸ਼ ਕੀਤੀ ਪਰ ਸਾਡੇ ਸਿੱਖ ਲੀਡਰਾਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਬੁੱਕਲ ਚ ਲੈ ਕੇ ਕਈ ਤਰਾਂ ਦੇ ਸਬਜ਼ਬਾਗ ਵਿਖਾਏ ਅਤੇ ਭਾਰਤ ਵਿਚ ਸਿੱਖਾਂ ਦਾ ਇਕ ਵੱਖਰਾ ਖਿੱਤਾ ਦੇਣ ਦੀ ਗੱਲ ਕਹੀ ਜਿਸ ਵਿਚ ਸਿੱਖਾਂ ਨੂੰ ਪੂਰਨ ਆਜ਼ਾਦੀ ਦਾ ਨਿੱਘ ਮਾਨਣ ਦੀਆਂ ਗੱਲਾਂ ਕਰਕੇ ਭਰਮਾ ਲਿਆ ਤੇ ਸਾਡੇ ਉਸ ਸਮੇਂ ਦੇ ਸਿੱਖ ਲੀਡਰਾਂ ਸ: ਬਲਦੇਵ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੇ ਸਾਡੀ ਕਿਸਮਤ ਭਾਰਤ ਨਾਲ ਜੋੜਨ ਦੀ ਸਹਿਮਤੀ ਦੇ ਦਿੱਤੀ। ਅੰਗਰੇਜ਼ਾਂ ਨੇ ਇਸ ਫੈਸਲੇ ਨੂੰ ਮੁੜ ਵਿਚਾਰਨ ਦਾ ਇਸ਼ਾਰਾ ਵੀ ਦਿੱਤਾ ਪਰ ਸਾਡੇ ਘੋਗੜ ਲੀਡਰਾਂ ਨੇ ਇਕ ਬ੍ਰਾਹਮਣ ਪੰਡਿਤ ਜਵਾਹਰ ਲਾਲ ਨਹਿਰੂ ਦੀ ਗੱਲ ਤੇ ਇਤਬਾਰ ਕਰਦਿਆਂ ਸਾਨੂੰ ਮੁੜ ਅੰਗਰੇਜ਼ਾਂ ਚੋਂ ਕੱਢਕੇ ਭਾਰਤ ਦੀ ਗੁਲਾਮੀ ਚ ਧੱਕ ਦਿੱਤਾ ਅਤੇ ਇਸਦੇ ਨਾਲ ਹੀ ਸਾਡੀ ਕੌਮ ਨੂੰ ਦਬਾਕੇ ਰੱਖਣ ਦੀਆਂ ਸਿੱਖਾਂ ਤੋਂ ਹਿੰਦੂ ਚ ਬਦਲਣ ਦੀਆਂ ਸਾਜਿਸ਼ਾਂ ਜਨਸੰਘ ਵਲੋਂ ਆਰੰਭ ਹੋ ਗਈਆਂ।
ਉਂਜ ਅੰਨ ਪੇਦਾ ਕਰਕੇ ਨਿਕੰਮਿਆਂ ਦਾ ਢਿੱਡ ਭਰਨ ਲਈ ਅਤੇ ਪਾਕਿਸਤਾਨ ਨਾਲ ਹੋਈਆਂ ਜੰਗਾਂ ਵਿਚ ਸਾਨੂੰ ਵਡਿਆ ਕੇ ਸਿੱਖ ਫੌਜਾਂ ਨੂੰ ਅੱਗੇ ਕਰਕੇ ਜੰਗਾਂ ਜਿੱਤ ਲਈਆਂ ਅਤੇ ਸਾਡੇ ਹਜ਼ਾਰਾਂ ਜਵਾਨ ਮਰਵਾ ਕੇ ਜਵਾਨੀ ਦਾ ਘਾਣ ਹੁੰਦਾ ਰਿਹਾ। ਪਾਕਿਸਤਾਨ ਦੇ ਇਕ ਫੌਜੀ ਅਫਸਰ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਅਸੀਂ ਸਾਰੀਆਂ ਜੰਗਾਂ ਸਿੱਖਾਂ ਕਰਕੇ ਹਾਰੇ ਹਾਂ। ਕਾਰਗਿੱਲ ਦੀ ਜੰਗ ਵਿਚ ਵੀ ਸਿੱਖ ਫੌਜਾਂ ਦਾ ਹੀ ਵਧੇਰੇ ਜਾਨੀ ਨੁਕਸਾਨ ਹੋਇਆ ਤੇ ਜੰਮੂ ਕਸ਼ਮੀਰ ਵਿਚ ਲਗਾਤਾਰ ਹੋ ਰਿਹਾ ਹੈ । ਜੇਕਰ ਪਿੱਛੇ ਚੀਨ ਨਾਲ ਪੰਗਾ ਪਿਆ ਤਾਂ ਉੱਥੇ ਵੀ ਸਿੱਖ ਫੌਜਾਂ ਮੂਹਰੇ ਲਾ ਕੇ ਸਿੱਖਾਂ ਦਾ ਹੀ ਜਾਨੀ ਨੁਕਸਾਨ ਕਰਵਾਇਆ। ਹਾਲ ਦੀ ਘੜੀ ਜੰਗ ਟਲ ਗਈ ਨਹੀਂ ਤਾਂ ਅੱਗੇ ਲਾਈਆਂ ਸਿੱਖ ਤੇ ਪੰਜਾਬ ਰਜਮੈਂਟਾਂ ਦਾ ਹੀ ਜਾਨੀ ਨੁਕਸਾਨ ਹੋਣਾ ਸੀ। ਚੀਨ ਦੇ ਬਾਰਡਰ ਤੇ ਤਾਂ ਰੱਖਿਆ ਮੰਤਰੀ ਰਾਜਨਾਥ ਵੀ ਬੋਲੇ ਸੋ ਨਿਹਾਲ ਦੇ ਨਾਅਰੇ ਲਗਵਾਉਂਦਾ ਸੀ ਪਰ ਜਦੋਂ ਇਹ ਨਾਅਰੇ ਸਿੱਖ ਉਂਜ ਲਾਉਂਦੇ ਐ ਤਾਂ ਫੇਰ ਕਈਆਂ ਨੂੰ ਸੂਲ ਵਾਂਗ ਚੁੱਭਦੇ ਐ। ਇੱਕ ਨਸਲਕੁਸ਼ੀ ਅਸੀਂ ਆਪ ਹੀ ਕਰ ਲਈ। ਅੱਜ ਕੱਲ੍ਹ ਬਹੁਤੇ ਪਰਿਵਾਰਾਂ ਵਿਚ ਇਕ ਇਕ ਹੀ ਬੱਚਾ ਹੈ, ਜਿਨ੍ਹਾਂ ਵਿਚੋਂ ਬਹੁਤ ਸਾਰੇ ਫੌਜ ਦੀ ਨੌਕਰੀ ਕਰਦੇ ਹਨ। ਜਦੋਂ ਕਿਤੇ ਇਕ ਜਵਾਨ ਦੀ ਸ਼ਹਾਦਤ ਹੋ ਜਾਂਦੀ ਹੈ ਤਾਂ ਉਸਦੇ ਨਾਲ ਪਰਿਵਾਰ ਦਾ ਵਾਧਾ ਉੱਥੇ ਹੀ ਰੁਕ ਜਾਂਦਾ ਹੈ। ਇਸਤੋਂ ਇਲਾਵਾ ਜਵਾਨੀ ਦਾ ਘਾਣ ਸਾਡੇ ਬੇਈਮਾਨ ਅਤੇ ਭ੍ਰਿਸ਼ਟ ਅਤੇ ਭੇਖੀ ਸਿੱਖ ਲੀਡਰਾਂ ਦੁਆਰਾ 1984 ਤੋਂ ਲੈਕੇ 10-15 ਸਾਲ ਅੱਤਵਾਦ ਦੇ ਨਾਂ ਥੱਲੇ ਕਰਵਾ ਕੇ ਆਪ ਦਿੱਲੀ ਦਰਬਾਰ ਦੇ ਹੱਥ ਠੋਕੇ ਬਣ ਕੇ ਸੱਤਾ ਦਾ ਆਨੰਦ ਮਾਣਦੇ ਰਹੇ।
ਉਹ ਕੰਮ ਮੁੱਕਿਆ ਤਾਂ ਰਾਜਨੀਤੀ ਨੂੰ ਵਪਾਰ ਬਣਾ ਕੇ ਪੰਜਾਬ ਦੇ ਲੋਕਾਂ ਦੀ ਹਰ ਪੱਖੋਂ ਲੁੱਟ ਕਰਕੇ ਵੱਡੀਆਂ ਜਾਇਦਾਦਾਂ, ਵੱਡੇ ਹੋਟਲ, ਵੱਡੀਆਂ ਟਰਾਂਸਪੋਰਟਾਂ, ਅਫਸਰੀ ਅਹੁਦਿਆਂ ਦੀਆਂ ਨਿਯੁਕਤੀਆਂ, ਮੁਲਾਜ਼ਮ ਭਰਤੀਆਂ, ਵਿਕਾਸ , ਰੇਤਾ ਬੱਜਰੀ ਦੀ ਕਾਲਾ ਬਾਜ਼ਾਰੀ, ਕਈ ਤਰਾਂ ਦੀਆਂ ਫੈਕਟਰੀਆਂ ਲਾਕੇ ਮੋਟਾ ਧੰਨ ਕਮਾਇਆ ਗਿਆ, ਉੱਥੇ ਪਾਰਟੀਆਂ ਚ ਨੌਜਵਾਨ ਵਿੰਗ ਬਣਾ ਕੇ ਉਨਾਂ ਦੇ ਜੋਸ਼ ਦੀ ਦੁਰਵਰਤੋਂ ਕੀਤੀ ਗਈ ਅਤੇ ਮਹਿੰਗੇ ਨਸ਼ਿਆਂ ਦਾ ਵਪਾਰ ਉਨਾਂ ਰਾਹੀਂ ਕਰਵਾਇਆ ਗਿਆ ਅਤੇ ਨਾਲ ਹੀ ਖਾਣ ਦੀ ਆਦਤ ਵੀ ਬਣਾ ਦਿੱਤੀ। ਜਿਸ ਨਾਲ ਹਜ਼ਾਰਾਂ ਘਰਾਂ ਦੇ ਇਕੱਲੇ ਇਕੱਲੇ ਚਿਰਾਗ ਬੁੱਝ ਗਏ। ਇੱਥੋਂ ਹੀ ਗੈਂਗਸਟਰ ਪੈਦਾ ਕੀਤੇ ਗਏ, ਉਨ੍ਹਾਂ ਨੂੰ ਵਰਤਿਆ ਗਿਆ ਅਤੇ ਮਰਵਾਇਆ ਵੀ ਗਿਆ।
ਰਾਜਨੀਤਕਾਂ ਦੀ ਇਹ ਖੇਡ ਪੰਜਾਬ ਵਿਚ ਅਜੇ ਵੀ ਜਾਰੀ ਹੈ। ਰੋਜ਼ਾਨਾਂ ਹੀ ਨੌਜਵਾਨਾਂ ਦੇ ਜਨਾਜੇ ਘਰਾਂ ਚੋਂ ਉੱਠ ਰਹੇ ਐ ਅਤੇ ਮਾਪੇ ਵਿਲਕ ਰਹੇ ਐ । ਪਿੱਛੇ ਜਾਇਦਾਦਾਂ ਸੰਭਾਲਣ ਵਾਲਾ ਕੋਈ ਨਹੀਂ ਰਿਹਾ। ਪੜ੍ਹੇ ਲਿਖੇ ਮਾਪੇ ਅਤੇ ਸਮਝਦਾਰ ਪਰਿਵਾਰ ਆਪਣੇ ਬੱਚਿਆਂ ਨੂੰ ਇਨ੍ਹਾਂ ਹਾਲਾਤਾਂ ਤੋਂ ਬਚਾਉਣ ਲਈ ਵਿਦੇਸ਼ਾਂ ਨੂੰ ਭੇਜ ਰਹੇ ਹਨ , ਪਰ ਅੱਖੋਂ ਉਹਲੇ ਜੱਗ ਮਰੇ ਵਾਲੀ ਗੱਲ ਐ। ਬਾਹਰ ਵੀ ਕੋਈ ਸੌਖਾ ਕੰਮ ਨਹੀਂ। ਲੜਕੀਆਂ ਲਈ ਵੀ ਹਾਲਾਤ ਠੀਕ ਨਹੀਂ ਅਤੇ ਨੌਜਵਾਨਾਂ ਲਈ ਵੀ ਠੀਕ ਨਹੀਂ, ਕਿਉਂ ਕਿ ਉੱਥੇ ਵੀ ਡਰੱਗ ਦਾ ਵੱਡਾ ਕਾਰੋਬਾਰ ਚਲਦਾ ਹੈ। ਗੈਂਗਵਾਰਾਂ ਹੁੰਦੀਆਂ ਹਨ, ਕਤਲ ਹੁੰਦੇ ਹਨ। ਰਾਜਨੀਂਤਕ ਲੋਕ ਪੰਜਾਬ ਦੀ ਜਵਾਨੀ ਦੀ ਹਿਜਰਤ ਨੂੰ ਰੋਕਣਾ ਨਹੀਂ ਚਾਹੁੰਦੇ। ਕਿਉਂ ਕਿ ਜਿਹੜਾ ਇਕ ਵਾਰ ਵਿਦੇਸ਼ ਚਲਿਆ ਜਾਂਦਾ ਉਹਦੇ ਵਾਪਸ ਪੰਜਾਬ ਪਰਤਣ ਦੇ ਮੌਕੇ ਬਹੁਤ ਘੱਟ ਹਨ ਅਤੇ ਪਿੱਛੇ ਮਾਪੇ ਵੀ ਚਲੇ ਜਾ ਰਹੇ ਹਨ। ਪਿੱਛੇ ਜਾਇਦਾਦਾਂ ਸਾਂਭਣ ਵਾਲਾ ਕੋਈ ਨਹੀਂ ਰਹਿਣਾ , ਜਿਨ੍ਹਾਂ ਨੂੰ ਇਨ੍ਹਾਂ ਰਾਜਨੀਤਕ ਲੋਕਾਂ ਅਤੇ ਇਨ੍ਹਾਂ ਨਾਲ ਮਿਲੀ ਭ੍ਰਿਸ਼ਟ ਅਫਸਰਸ਼ਾਹੀ ਦੀ ਜੁੰਡਲੀ ਨੇ ਖਰੀਦ ਲੈਣਾ ਜਾਂ ਹੜੱਪ ਲੈਣਾ।
ਇਹ ਸੋਚ ਕੇ ਹੀ ਸਭ ਦੀਆਂ ਸਲਾਹਾਂ ਨਾਲ ਖੇਤੀ ਕਾਨੂੰਨ ਲਿਆਂਦੇ ਗਏ ਹਨ ਤਾਂ ਕਿ ਪੰਜਾਬ ਦੀ ਜਰਖੇਜ਼ ਜ਼ਮੀਨ ਅਤੇ ਕੀਮਤੀ ਪਾਣੀ ਹਥਿਆਇਆ ਜਾ ਸਕੇ। ਇਹ ਕਿਹਾ ਜਾ ਰਿਹਾ ਹੈ ਕਿ ਤੀਜੀ ਵਰਡਵਾਰ ਪਾਣੀ ਨੂੰ ਲੈ ਕੇ ਹੋਣੀ ਹੈ। ਕਿਉਂ ਕਿ ਤੇਲ ਵਾਂਗ ਪਾਣੀ ਵੀ ਇਕ ਦਿਨ ਬਹੁਤ ਕੀਮਤੀ ਹੋਵੇਗਾ। ਪੰਜਾਬ ਵਿੱਚੋਂ ਵੱਡੀਆਂ ਹਾਈਵੇ ਸੜਕਾਂ ਦੇਸ਼ਾਂ ਦੇ ਆਪਸੀ ਲੰਬੇ ਚੌੜੇ ਵਪਾਰ ਲਈ ਕੱਢੀਆਂ ਜਾ ਰਹੀਆਂ ਹਨ। ਜਿਸ ਕਰਕੇ ਪੰਜਾਬ ਤੇ ਵੱਡੇ ਕਾਰਪੋਰੇਟਾਂ ਦੀ ਅੱਖ ਹੈ ਅਤੇ ਉਨ੍ਹਾਂ ਵਲੋਂ ਪੰਜਾਬ ਵਿਚ ਸ਼ੁਰੂ ਕੀਤੇ ਜਾਣ ਵਾਲੇ ਹਰੇਕ ਕੰਮ ਵਿਚ ਹਿੱਸੇਦਾਰੀ ਪੰਜਾਬ ਦੇ ਰਵਾਇਤੀ ਰਾਜਨੀਤਕ ਲੋਕਾਂ ਦੀ ਹੋਵੇਗੀ। ਪੰਜਾਬ ਵਿਚ ਪ੍ਰਾਪਰਟੀ ਐਨੀ ਮਹਿੰਗੀ ਹੋ ਜਾਵੇਗੀ ਕਿ ਕੈਨੇਡਾ ਅਮਰੀਕਾ ਦੀ ਕਮਾਈ ਨਾਲ ਸ਼ਾਇਦ ਨਾਂ ਖਰੀਦੀ ਜਾ ਸਕੇ। ਪੰਜਾਬ ਦੇ ਲੋਕਾਂ ਨੂੰ ਸਮਝਦਾਰੀ ਤੋਂ ਕੰਮ ਲੈ ਕੇ ਸਭ ਤੋਂ ਪਹਿਲਾਂ ਆਪਣੀ ਨਸਲ ਅਤੇ ਫਿਰ ਫਸਲ ਭਾਵ ਜਾਇਦਾਦ ਬਚਾਉਣ ਵੱਲ ਧਿਆਨ ਦੇਣਾ ਹੋਵੇਗਾ। ਇਹ ਤਾਂ ਹੀ ਸੰਭਵ ਹੋਵੇਗਾ ਜੇ ਤੁਸੀਂ ਪੰਜਾਬ ਦੀ ਰਵਾਇਤੀ ਲੀਡਰਸ਼ਿਪ ਨੂੰ ਨਕਾਰਕੇ, ਇਨ੍ਹਾਂ ਦੀ ਬੁੱਕਲ ਚੋਂ ਨਿੱਕਲ ਕੇ ਪੰਜਾਬ ਵਿਚ ਨਵੀਂ , ਇਮਾਨਦਾਰ ਲੀਡਰਸ਼ਿਪ ਅੱਗੇ ਲਿਆ ਕੇ ਪੰਜਾਬ ਦਾ ਰਾਜਭਾਗ ਉਸਨੂੰ ਸੌਂਪੋਗੇ।
ਬਹੁਤ ਸਾਰੇ ਵੀਰ ਇਹ ਵਿਚਾਰ ਦੇਣਗੇ ਕਿ ਇਹ ਕਰਨਾਂ ਬੜਾ ਔਖਾ ਐ। ਇਹ ਕੋਈ ਔਖਾ ਨਹੀਂ ਜੇਕਰ ਅਸੀਂ ਸਮਝਦਾਰ ਹੋ ਜਾਈਏ। ਜਿਹੜੇ ਇਨ੍ਹਾਂ ਆਗੂਆਂ ਦੇ ਘੜੰਮ ਚੌਧਰੀ ਅੱਗੇ ਲੱਗਕੇ ਵੋਟਾਂ ਮੁੱਲ ਖਰੀਦਕੇ ਪਵਾਉਂਦੇ ਐ ਇਹ ਗੱਲ ਉਨ੍ਹਾਂ ਨੂੰ ਸਮਝ ਲੈਣੀ ਚਾਹੀਦੀ ਐ ਕਿ ਬਚਣਾ ਉਨ੍ਹਾਂ ਦਾ ਵੀ ਕੁੱਝ ਨਹੀਂ। ਤੁਹਾਡੀ ਹੈਸੀਅਤ ਉਨ੍ਹਾਂ ਸਾਹਮਣੇ ਇਕ ਕਾਰਤੂਸ ਵਰਗੀ ਐ ਜਿਸਨੂੰ ਚਲਾਉਣ ਤੋਂ ਬਾਅਦ ਖੋਖਾ ਵਗਾਹ ਕੇ ਸੁੱਟ ਦਿੱਤਾ ਜਾਂਦਾ। ਹੁਣ ਨਸਲ ਦੇ ਨਾਲ ਨਾਲ ਤੁਹਾਡੀ ਫਸਲ ਤੇ ਵੀ ਹਮਲਾ ਹੋ ਚੁੱਕਾ। 6 ਮਹੀਨਿਆਂ ਤੋਂ ਦਿੱਲੀ ਬਾਰਡਰ ਤੇ ਤੁਸੀਂ ਐਮ ਐਸ ਪੀ ਬਚਾਉਣ ਲਈ ਮੋਰਚਾ ਲਗਾਇਆ ਹੋਇਆ । ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਕਿਸਾਨਾਂ ਦੀਆਂ ਨਿੱਤ ਰੋਜ਼ ਸ਼ਹੀਦੀਆਂ ਹੋ ਰਹੀਆਂ ਤੇ ਖੁਦਕਸ਼ੀਆਂ ਵੀ ਹੋ ਰਹੀਆਂ। ਇੱਥੇ ਹੁਣ ਇਹ ਲੜਾਈ ਸਾਨੂੰ ਅਕਲ ਨਾਲ ਲੜਨੀ ਪਵੇਗੀ। ਸਭ ਤੋਂ ਪਹਿਲੀ ਗੱਲ ਕਿ ਹਰ ਕਿਸਾਨ ਸਿਰ ਬੈਂਕਾਂ ਦਾ ਕਰਜ਼ਾ ਹੈ। ਪਹਿਲਾ ਕਦਮ ਤਾਂ ਅਕਲ ਨਾਲ ਲੜਾਈ ਲੜਨ ਦਾ ਇਹ ਹੈ ਕਿ ਕਿਵੇਂ ਨਾਂ ਕਿਵੇਂ ਆਪਣੇ ਖਰਚੇ ਕੰਟਰੋਲ ਕਰਕੇ ਜਾਂ ਵਿੱਚੋਂ ਥੋੜ੍ਹੀ ਬਹੁਤੀ ਆਪਣੇ ਹਾਲਾਤ ਮੁਤਾਬਕ ਜਾਇਦਾਦ ਵੇਚ ਕੇ ਬੈਂਕਾਂ ਦੇ ਜੂਲੇ ਹੇਠੋਂ ਨਿੱਕਲਿਆ ਜਾਵੇ। ਨਹੀਂ ਤਾਂ ਇਹ ਜਿਹੜੇ ਕਿਸਾਨ ਡਿਫਾਲਟਰ ਐ ਉਨ੍ਹਾਂ ਦੀਆਂ ਜ਼ਮੀਨਾਂ ਕਾਨੂੰਨੀ ਪ੍ਰਕਿਰਿਆ ਰਾਹੀਂ ਨਿਲਾਮ ਕਰਕੇ ਕੌਡੀਆਂ ਦੇ ਭਾਅ ਇਨ੍ਹਾਂ ਰਾਜਨੀਤਕ ਲੁਟੇਰਿਆਂ ਦੀਆਂ ਕੰਪਨੀਆਂ ਨੂੰ ਖਰੀਦਦਾਰ ਬਣਾ ਕੇ ਦੇ ਦੇਣਗੇ ਅਤੇ ਜ਼ਮੀਨ ਦਾ ਮਾਲਕ ਜ਼ਮੀਨ ਤੋਂ ਵਾਂਝਾ ਹੋ ਜਾਵੇਗਾ।
ਉਸਤੋਂ ਬਾਅਦ ਜਿਹੜੇ ਕਿਸਾਨ ਕਰਜ਼ੇ ਹੇਠੋਂ ਨਿਕਲ ਜਾਣ , ਉਹ ਕਣਕ , ਝੋਨੇ ਦੀ ਫਸਲ ਹੇਠੋਂ ਰਕਬਾ ਘਟਾਉਣਾ ਸ਼ੁਰੂ ਕਰ ਦੇਣ। ਇਸਦੀ ਥਾਂ ਹੋਰ ਫਸਲਾਂ ਵੱਲ ਮੁੜਨ , ਸਰਦਾ ਕਿਸਾਨ ਬਾਗ ਲਾਵੇ, ਦਰੱਖਤ ਲਾਵੇ। ਮੇਰੇ ਕਹਿਣ ਤੋਂ ਭਾਵ ਕਿ ਅਸੀਂ ਖਾਣ ਵਾਲੇ ਅਨਾਜ ਦੀ ਪੈਦਾਵਾਰ ਐਨੀ ਘਟਾ ਦੇਈਏ ਕਿ ਭਾਰਤ ਪਹਿਲਾਂ ਵਾਲੀ ਠੂਠਾ ਫੜ੍ਹ ਕੇ ਮੰਗਣ ਵਾਲੀ ਸਥਿੱਤੀ ਵਿਚ ਆ ਜਾਵੇ। ਰਸਾਇਣਕ ਖਾਦਾਂ ਤੋਂ ਨਿਰਭਰਤਾ ਘਟਾਈ ਜਾਵੇ। ਅਸੀਂ ਹਰ ਚੀਜ਼ ਆਪਣੇ ਲਈ ਘਰ ਦੀ ਪੈਦਾ ਕਰ ਸਕਦੇ ਆਂ ਪਰ ਸਾਨੂੰ ਚਿੱਟੇ ਕੱਪੜੇ ਕੁੱਝ ਨਹੀਂ ਕਰਨ ਦਿੰਦੇ। ਮਜ਼ਦੂਰਾਂ ਤੇ ਜਿਆਦਾ ਨਿਰਭਰਤਾ ਘਟਾਈ ਜਾਵੇ। ਭਾਰਤ ਵਿਚ ਕੋਈ ਅਨਾਜ ਜਿਆਦਾ ਨਹੀਂ ਅਜੇ ਵੀ ਕਰੋੜਾਂ ਲੋਕ ਭੁੱਖੇ ਮਰਦੇ ਐ। ਇਹ ਅਨਾਜ ਨੂੰ ਰੋਲ ਕੇ ਇਸ ਕਰਕੇ ਖਰੀਦਦੇ ਹਨ ਕਿ ਕਿਸਾਨ ਇਹਦਾ ਜਿਆਦਾ ਭਾਅ ਨਾਂ ਮੰਗੇ। ਜੇਕਰ ਅਸੀਂ ਦੋ ਕੁ ਸਾਲ ਕਣਕ ਝੋਨਾਂ ਘਟਾ ਦੇਈਏ ਤਾਂ ਇਹ ਐਮ ਐਸ ਪੀ ਮਗਰ ਲੈ ਕੇ ਤੁਰੇ ਫਿਰਨਗੇ।
ਇਸ ਗੱਲ ਦੀ ਮੈਂ ਪਹਿਲਾਂ ਹੀ ਮੁਆਫੀ ਮੰਗ ਲਵਾਂ ਕਿ ਇਹ ਆਰਟੀਕਲ ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਲਿਖਿਆ ਹੈ। ਕੋਈ ਮੈਂ ਬਹੁਤਾ ਵੱਡਾ ਸਲਾਹਕਾਰ ਆਪਣੇ ਆਪਨੂੰ ਨਹੀਂ ਸਮਝਦਾ। ਕਿਸਾਨ ਦਾ ਪੁੱਤ ਹੋ ਕੇ ਕਿਸਾਨੀ ਨਾਲ ਜੁੜਿਆ ਹੋਇਆਂ ਅਤੇ ਉਸ ਤਜਰਬੇ ਚੋਂ ਹੀ ਵਿਚਾਰ ਲਿਖੇ ਹਨ। ਜੇ ਕਿਸੇ ਨੂੰ ਚੰਗੇ ਲੱਗੇ ਤਾਂ ਅਪਨਾਉਣ ਦੀ ਕੋਸ਼ਿਸ਼ ਕਰ ਲਿਉ, ਨਹੀਂ ਤਾਂ ਹੁਣ ਪੰਜਾਬ ਦਾ ਰੱਬ ਈ ਰਾਖਾ ਐ।

Install Punjabi Akhbar App

Install
×