ਕਰੋੜਾਂ ਦਰਸ਼ਕ ਵੇਖ ਰਹੇ ਹਨ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ

ਫੀਫਾ ਵਰਲਡ ਕੱਪ 2022 ਕਤਰ ਦਾ ਪ੍ਰਸਾਰਣ ਪੂਰੀ ਦੁਨੀਆਂ ਵਿਚ ਵੇਖਿਆ ਜਾ ਰਿਹਾ ਹੈ। ਇਸ ਫੁੱਟਬਾਲ ਟੂਰਨਾਮੈਂਟ ਵਿਚ ਪੁਰਸ਼ਾਂ ਦੀਆਂ ਉਹ 32 ਟੀਮਾਂ ਸ਼ਾਮਲ ਹਨ ਜਿਹੜੀਆਂ ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ ਨਾਲ ਜੁੜੀਆਂ ਹੋਈਆਂ ਹਨ।

ਇਸਦੇ ਪ੍ਰਸਾਰਨ ਹੱਕ ਵੱਖ-ਵੱਖ ਮੁਲਕਾਂ, ਵੱਖ-ਵੱਖ ਖਿੱਤਿਆਂ ਵਿਚ, ਵੱਖ-ਵੱਖ ਅਦਾਰਿਆਂ ਨੇ ਖਰੀਦੇ ਹੋਏ ਹਨ। ਭਾਰਤ ਵਿਚ ਇਸਦੇ ਅਧਿਕਾਰ ਵਾਇਆਕੌਮ 18 ਕੋਲ ਹਨ। ਫੁੱਟਬਾਲ ਪ੍ਰੇਮੀ ਇਸ ਟੂਰਨਾਮੈਂਟ ਦੇ ਮੈਚ ਸਪੋਰਟਸ 18 ਟੀ.ਵੀ. ਚੈਨਲ ʼਤੇ ਵੇਖ ਰਹੇ ਹਨ।

ਕਤਰ ਵਿਚ ਹੋ ਰਿਹਾ ਫੀਫਾ ਵਰਲਡ ਕੱਪ 2022, 20 ਨਵੰਬਰ ਤੋਂ 18 ਦਸੰਬਰ ਤੱਕ ਚੱਲੇਗਾ। ਇਸ ਦੌਰਾਨ ਕੁੱਲ 64 ਮੈਚ ਖੇਡੇ ਜਾਣਗੇ। ਤਦ ਜਾ ਕੇ ਜੇਤੂ ਦਾ ਫੈਸਲਾ ਹੋਵੇਗਾ।

ਇਸ ਵਾਰ ਫੀਫਾ ਵਰਲਡ ਕੱਪ ਦੀ ਵਿਸ਼ੇਸ਼ਤਾ ਇਹ ਹੈ ਕਿ ਵੱਡੇ ਉੱਲਟਫੇਰ ਹੋ ਰਹੇ ਹਨ। ਉਮੀਦ ਤੋਂ ਪਰੇ। ਖੇਡ ਤਾਂ ਖੇਡ ਹੈ। ਇਕ ਨੇ ਜਿੱਤਣਾ ਹੁੰਦਾ ਹੈ, ਇਕ ਨੇ ਹਾਰਨਾ। ਪਰ ਮਿਹਨਤ, ਅਭਿਆਸ, ਪ੍ਰਤਿਭਾ ਦਾ ਮੁੱਲ ਜ਼ਰੂਰ ਪੈਂਦਾ ਹੈ। ਕਾਲਜ ਵਿਚ ਪੜ੍ਹਦੇ ਸਮੇਂ ਇਕ ਅੰਗਰੇਜ਼ੀ ਫ਼ਿਲਮ ਵੇਖੀ ਸੀ ʻਦਾ ਗੇਮਜ਼ʼ। ਉਸ ਵਿਚ ਦਰਸਾਇਆ ਗਿਆ ਸੀ ਕਿ ਜਿਹੜੀਆਂ ਟੀਮਾਂ, ਜਿਹੜੇ ਖਿਡਾਰੀ ਲਗਾਤਾਰ ਮਿਹਨਤ ਨਹੀਂ ਕਰਦੇ ਉਹ ਭਵਿੱਖ ਵਿਚ ਹੋਣ ਵਾਲੇ ਮੁਕਾਬਲਿਆਂ ਵਿਚ ਪਛੜ ਜਾਂਦੇ ਹਨ।

ਟੈਲੀਵਿਜ਼ਨ ਦਰਸ਼ਕਾਂ ਪੱਖੋਂ ਇਸ ਟੂਰਨਾਮੈਂਟ ਨੇ ਪਿਛਲੇ ਫੁੱਟਬਾਲ ਟੂਰਨਾਮੈਂਟਾਂ ਦੇ ਰਿਕਾਰਡ ਤੋੜ ਦਿੱਤੇ ਹਨ। ਸਭ ਤੋਂ ਵੱਧ ਦਰਸ਼ਕਾਂ ਨੇ ਅਰਜਨਟੀਨਾ ਅਤੇ ਮੈਕਸੀਕੋ ਵਿਚਾਲੇ ਹੋਏ ਮੈਚ ਨੂੰ ਵੇਖਿਆ। ਇਹ ਗਿਣਤੀ 8.9 ਮਿਲੀਅਨ ਸੀ। ਇਸ ਮੈਚ ਦੀ ਕਮੈਂਟਰੀ ਸਪੈਨਿਸ਼ ਭਾਸ਼ਾ ਵਿਚ ਕੀਤੀ ਗਈ ਸੀ।

ਅਮਰੀਕਾ ਦੇ ਫੀਫਾ ਵਰਲਡ ਕੱਪ ਵਚ ਵਾਪਿਸ ਪਰਤਣ ਨਾਲ ਵੀ ਦੁਨੀਆਂ ਦੇ ਦਰਸ਼ਕਾਂ ਦੀ ਦਿਲਚਸਪੀ ਇਸ ਟੂਰਨਾਮੈਂਟ ਵਿਚ ਵਧੀ ਹੈ। ਫੀਫਾ ਵਰਲਡ ਕੱਪ 2018 ਨਾਲੋਂ ਬੜਾ ਕੁਝ ਵੱਖਰਾ, ਬੜਾ ਕੁਝ ਨਵਾਂ ਨਿਵੇਕਲਾ ਵਾਪਰ ਰਿਹਾ ਹੈ।

ਮੇਰੀ ਫੀਫਾ ਵਰਲਡ ਕੱਪ ਵਿਚ ਦਿਲਚਸਪੀ ਪਹਿਲੀ ਵਾਰ ਬਣੀ ਹੈ ਅਤੇ ਇਸਦੀ ਵਜ੍ਹਾ ਰੋਨਾਲਡੋ ਹੈ। ਲਾਕਡਾਊਨ ਦੌਰਾਨ ਟੈਲੀਵਿਜ਼ਨ, ਯੂ ਟਿਊਬ ਲੋਕਾਂ ਲਈ ਵੱਡਾ ਸਹਾਰਾ ਸੀ। ਮੈਂ ਯੂ ਟਿਊਬ ʼਤੇ ਬੜਾ ਕੁਝ ਨਵਾਂ ਵੇਖਦਾ, ਸਿੱਖਦਾ ਰਿਹਾ। ਉਹਦੇ ਵਿਚ ਰੋਨਾਲਡੋ ਦੀਆਂ ਚੋਣਵੀਆਂ ਵੀਡੀਓ ਵੀ ਸ਼ਾਮਲ ਸਨ। ਫੁੱਟਬਾਲ ਜਗਤ ਵਿਚ ਉਸਦਾ ਬੜਾ ਨਾਂ ਸੁਣਿਆ ਸੀ ਪਰ ਉਸਨੂੰ ਕਦੇ ਖੇਡਦੇ ਨਹੀਂ ਤੱਕਿਆ ਸੀ। ਲਾਕਡਾਊਨ ਦੌਰਾਨ ਜਦ ਆਰਾਮ ਨਾਲ ਬੈਠ ਕੇ, ਗਹੁ ਨਾਲ ਉਸਦੀਆਂ ਵੀਡੀਓ ਵੇਖੀਆਂ ਤਾਂ ਵੇਖਦਾ ਹੀ ਰਹਿ ਗਿਆ। ਫੁੱਟਬਾਲ ਦੀ ਦੁਨੀਆਂ ਵਿਚ ਅਜਿਹੇ ਖਿਡਾਰੀ ਵੀ ਹਨ। ਟੁਕੜਿਆਂ ਵਿਚ ਵੇਖੀ ਉਸਦੀ ਫੁੱਟਬਾਲ-ਪ੍ਰਤਿਭਾ ਨੂੰ ਇਸ ਟੂਰਨਾਮੈਂਟ ਦੌਰਾਨ ਭਰਪੂਰ ਰੂਪ ਵਿਚ ਵੇਖਣਾ ਚਾਹੁੰਦਾ ਸਾਂ। ਜਿਸਦੇ ਦਰਸ਼ਨ ਪੁਰਤਗਾਲ ਦੇ ਕੁਝ ਮੈਚਾਂ ਮੌਕੇ ਹੋਏ।

ਅਮਰੀਕਾ ਅਤੇ ਇੰਗਲੈਂਡ ਦਰਮਿਆਨ ਹੋਇਆ ਮੈਚ ਭਾਵੇਂ ਸਿਫ਼ਰ-ਸਿਫ਼ਰ ਨਾਲ ਡਰਾਅ ਰਿਹਾ ਪਰੰਤੂ ਫਾਕਸ ਸਪੋਰਟਸ ਚੈਨਲ ਲਈ 1.53 ਕਰੋੜ ਦਰਸ਼ਕਾਂ ਨਾਲ ਰਿਕਾਰਡ ਬਣਾ ਗਿਆ।

ਕਤਰ ਵਿਚ ਹੋ ਰਹੇ ਫੀਫਾ ਵਰਲਡ ਕੱਪ 2022 ਨੂੰ ਦੁਨੀਆਂ ਦੀ ਕੁਲ ਅਬਾਦੀ ʼਚੋਂ ਅੱਧੇ ਲੋਕ ਵੇਖਣਗੇ। ਇਹ ਗਿਣਤੀ 5 ਅਰਬ ਦੇ ਕਰੀਬ ਬਣਦੀ ਹੈ।

ਵੱਡੇ ਉੱਲਟਫੇਰ ਨਾਲ ਟੂਰਨਾਮੈਂਟ ਦੌਰਾਨ ਕਈ ਰਿਕਾਰਡ ਬਣ ਰਹੇ ਹਨ। ਹਰੇਕ ਮੈਚ ਨਵੀਂ ਤਰ੍ਹਾਂ ਦਾ ਰੋਮਾਂਚ ਲੈ ਕੇ ਆਉਂਦਾ ਹੈ। ਆਪਣੇ ਆਪ ਵਿਚ ਇਹ ਤੱਥ ਬੇਹੱਦ ਦਿਲਚਸਪ ਹੈ ਕਿ ਫੀਫਾ ਵਰਲਡ ਕੱਪ ਪਹਿਲੀ ਵਾਰ ਕਿਸੇ ਖਾੜੀ ਮੁਲਕ ਵਿਚ ਹੋ ਰਿਹਾ ਹੈ।

ਹਰੇਕ ਵਾਰ ਫੀਫਾ ਵਰਲਡ ਕੱਪ ਦੌਰਾਨ ਮੀਡੀਆ ਵਿਚ ਇਹ ਮੁੱਦਾ ਉਠਦਾ ਹੈ ਕਿ ਭਾਰਤ ਦੀ ਟੀਮ ਇਸ ਟੂਰਨਾਮੈਂਟ ਵਿਚ ਕਿਉਂ ਨਹੀਂ ਪਹੁੰਚਦੀ। ਇਸਦਾ ਸਿੱਧਾ ਸਰਲ ਜਵਾਬ ਹੈ ਕਿ ਇਸ ਵਾਸਤੇ ਘੱਟੋ-ਘੱਟ 15 ਸਾਲ ਦੀ ਯੋਜਨਾ ਅਤੇ ਤਿਆਰੀ ਦੀ ਲੋੜ ਹੈ। ਜਿਹੜੇ ਬੱਚੇ 15 ਸਾਲ ਬਾਅਦ 22-23 ਸਾਲ ਦੇ ਹੋਣਗੇ ਉਨ੍ਹਾਂ ʼਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਤਿਆਰ ਕਰਨ ਦੀ ਲੋੜ ਹੈ। ਕੇਵਲ ਇਹੀ ਇਕ ਤਰੀਕਾ ਹੈ ਮਜ਼ਬੂਤ ਟੀਮ ਖੜੀ ਕਰਨ ਦਾ, ਫੀਫਾ ਵਰਲਡ ਕੱਪ ਵਿਚ ਪਹੁੰਚਣ ਦਾ।

ਫੀਫਾ ਵਰਲਡ ਕੱਪ 2018 ਵਿਚ ਫਰਾਂਸ ਜੇਤੂ ਰਿਹਾ ਸੀ। ਇਸ ਵਾਰ ਦੀ ਕਾਫ਼ੀ ਸਾਰੀਆਂ ਟੀਮਾਂ ਮਜ਼ਬੂਤ ਹਨ ਪਰੰਤੂ ਉਲਟਫੇਰ ਵੀ ਬੜੇ ਹੋ ਰਹੇ ਹਨ। ਅੰਕ ਹਾਸਲ ਕਰਨ ਵਿਚ ਫਰਾਂਸ ਸੱਭ ਤੋਂ ਅੱਗੇ ਹੈ। ਨੀਦਰਲੈਂਡ, ਇਕੁਆਡੋਰ, ਇੰਗਲੈਂਡ, ਪੋਲੈਂਡ, ਸਪੇਨ, ਕਰੋਏਸ਼ੀਆ, ਮੋਰੱਕੋ, ਬ੍ਰਾਜ਼ੀਲ, ਘਾਨਾ, ਪੁਰਤਗਾਲ ਅੰਕ ਸੂਚੀ ਵਿਚ ਉਪਰ ਹਨ। ਫਰਾਂਸ ਅਤੇ ਬ੍ਰਾਜ਼ੀਲ ਤੋਂ ਬਾਅਦ 29 ਨਵੰਬਰ ਤੱਕ ਪੁਰਤਗਾਲ ਵੀ ਆਖਰੀ 16 ਵਿਚ ਪਹੁੰਚ ਗਿਆ ਸੀ।

ਬ੍ਰਾਜ਼ੀਲ ਵਾਸੀ ਫੁੱਟਬਾਲ ਖੇਡ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਦੇ ਹਨ। ਇਸੇ ਲਈ ਬ੍ਰਾਜ਼ੀਲ ਹੁਣ ਤੱਕ ਪੰਜ ਵਾਰ ਜੇਤੂ ਰਿਹਾ ਹੈ।  ਜਰਮਨੀ ਅਤੇ ਇਟਲੀ ਚਾਰ ਵਾਰ, ਅਰਜਨਟੀਨਾ ਅਤੇ ਫਰਾਂਸ ਦੋ ਵਾਰ, ਇੰਗਲੈਂਡ ਅਤੇ ਸਪੇਨ ਇਕ ਵਾਰ ਜੇਤੂ ਰਹੇ। ਟੀ.ਵੀ. ਸਕਰੀਨ ਨੇ ਦੁਨੀਆਂ ਨੂੰ ਫੀਫਾ ਵਰਲਡ ਕੱਪ 2022 ਕਤਰ ਨਾਲ ਨੇੜਿਉਂ ਜੋੜਿਆ ਹੋਇਆ ਹੈ।

(ਪ੍ਰੋ. ਕੁਲਬੀਰ ਸਿੰਘ) +91 9417153513