ਸਾਲ 1998 ਦੌਰਾਨ ਸਿਡਨੀ ਦਾ ਇੱਕ 13 ਸਾਲਾਂ ਦਾ ਨਵਯੁਵਕ (ਆਰਥਰ ਹੇਨਜ਼) ਜਦੋਂ ਆਪਣੇ ਇੱਕ ਦੋਸਤ ਦੇ ਘਰ (ਵਾਕਰ ਸਟ੍ਰੀਟ -ਵਾਟਰਲੂ) ਵਿੱਚ ਸੁੱਤਾ ਪਿਆ ਸੀ ਤਾਂ ਅਚਾਨਕ ਉਸ ਘਰ ਵਿੱਚ ਅੱਗ ਲੱਗ ਗਈ। ਆਰਥਰ ਉਸ ਅੱਗ ਵਿੱਚ ਫੱਸ ਗਿਆ ਅਤੇ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ ਅਤੇ 11 ਹਫ਼ਤੇ ਦੇ ਇਲਾਜ ਤੋਂ ਬਾਅਦ ਵੀ ਉਸਨੂੰ ਬਚਾਇਆ ਨਾ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ।
ਜਦੋਂ ਪੁਲਿਸ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਅੱਗ, ਕਿਸੇ ਦੁਰਘਟਨਾ ਕਾਰਨ ਨਹੀਂ ਸੀ ਲੱਗੀ ਸਗੋਂ ਜਾਣਬੁੱਝ ਕੇ ਲਗਾਈ ਗਈ ਸੀ। ਇੰਨੀ ਲੰਬੀ ਜਾਂਚ-ਪੜਤਾਲ ਤੋਂ ਬਾਅਦ ਆਖਿਰ ਪੁਲਿਸ ਨੇ ਕੁਈਨਜ਼ਲੈਂਡ ਦੇ ਇੱਕ 55 ਸਾਲਾਂ ਦੇ ਵਿਅਕਤੀ ਨੂੰ ਇਸ ਘਟਨਾ ਦਾ ਦੋਸ਼ੀ ਮਨਦਿਆਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਉਪਰ ਕਤਲ ਦੇ ਦੋਸ਼ ਲਗਾਏ ਹਨ।