ਭਾਰਤੀ ਆਜ਼ਾਦੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਰਹੀ ਅਰਪਨ ਲਿਖਾਰੀ ਸਭਾ ਦੀ ਇਕੱਤਰਤਾ

ਸਰੀ -ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਭਾਰਤੀ ਆਜ਼ਾਦੀ ਸੰਘਰਸ਼ ਦੇ ਕੌਮੀ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ। ਸਤਨਾਮ ਸਿੰਘ ਢਾਅ ਨੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਅਖਿਆ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਵਿਚ ਸ਼ਹੀਦਾਂ ਦੇ ਸੁਪਨਿਆਂ ਵਾਲ਼ੀ ਆਜ਼ਾਦੀ ਨਹੀਂ ਮਿਲ਼ੀ ਪਰ ਇਹ ਵੀ ਸੱਚ ਹੈ ਕਿ ਅਸੀਂ ਸਮੇਂ ਸਿਰ ਉੱਚੇ ਸੁੱਚੇ ਇਖਲਾਕ ਵਾਲ਼ੇ ਇਮਾਨਦਾਰ ਲੀਡਰਾਂ ਦੀ ਚੋਣ ਕਰਨ ਵਿੱਚ ਵੀ ਖੁੰਝੇ ਹਾਂ। ਸੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ 1947 ਵਿਚ ਦੇਸ਼ ਦੀ ਵੰਡ ਨੇ ਆਜ਼ਾਦੀ ਦੀ ਖੁਸ਼ੀ ਦੁੱਖਾਂ ਵਿਚ ਬਦਲ ਦਿੱਤੀ। ਕੁਰਸੀ ਖਾਤਰ ਸੁਆਰਥੀ ਰਾਜਨੀਤਿਕ ਲੋਕਾਂ ਵੱਲੋਂ ਧਰਮ ਦੇ ਨਾਂ ਤੇ ਫਿਰਕੂ ਦੰਗੇ ਕਰਵਾ ਕੇ ਨਿਰਦੋਸ਼ ਲੋਕਾਂ ਨੂੰ ਮਾਰਵਾਇਆ ਅਤੇ ਉਜਾੜਿਆ ਗਿਆ। ਉਨ੍ਹਾਂ ਲੋਕਾਂ ਨੂੰ ਵੀ ਯਾਦ ਕੀਤਾ ਜੋ ਇਸ ਉਜਾੜੇ ਵਿੱਚ ਆਪਣੀਆਂ ਜਾਨਾਂ ਗੁਆ ਗਏ। ਅੱਜ ਵੀ ਉਹੀ ਚਾਲਾਂ ਚੱਲੀਆਂ ਜਾ ਰਹੀਆਂ ਹਨ। ਪਰ ਲੋਕਾਂ ਨੂੰ ਇਨ੍ਹਾਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸਭਾ ਵੱਲੋਂ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲਿਆਂ ਯੋਧਿਆਂ ਨੂੰ ਬਰਧਾਂਜਲੀ ਭੇਟ ਕੀਤੀ ਗਈ। ਕਿਸਾਨੀ ਅੰਦੋਲਨ  ਦੌਰਾਨ ਵਿਛੜੇ ਭੈਣਾਂ ਵੀਰਾਂ ਨੂੰ ਯਾਦ ਕਰਦਿਆਂ, ਕਿਸਾਨੀ ਅੰਦੋਲਨ ਬਾਰੇ ਸਰਕਾਰ ਦੇ ਜਿੱਦੀ ਵਤੀਰੇ ਦੀ ਨਿੰਦਿਆ ਕੀਤੀ ਅਤੇ ਕਿਸਾਨੀ ਅੰਦੋਲਨ ਨੂੰ ਹਰ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਰਚਨਾਤਮਿਕ ਦੌਰ ਦਾ ਆਗਾਜ਼ ਜਰਨੈਲ ਸਿੰਘ ਤੱਗੜ ਦੀ ਜ਼ਮੀਰ ਵੇਚਣ ਵਾਲੇ ਲੋਕਾਂ ਤੇ ਚੋਟ ਕਰਦੀ ਕਵਿਤਾ ਨਾਲ ਹੋਇਆ। ਜਗਜੀਤ ਸਿੰਘ ਰਹਿਸੀ ਨੇ ਆਪਣੇ ਸ਼ੇਅਰਾਂ ਨਾਲ ਸਮੇਂ ਦੇ ਹਾਣ ਦੀ ਗੱਲ ਕੀਤੀ। ਡਾ. ਮੋਹਣ ਸਿੰਘ ਬਾਠ ਨੇ ਦੇਸ਼ ਭਗਤੀ ਦਾ ਇੱਕ ਗੀਤ ਸਾਂਝਾ ਕੀਤਾ। ਕੇਸਰ ਸਿੰਘ ਨੀਰ ਨੇ ਆਪਣੀ ਨਵੀਂ ਛਪੀ ਕਿਤਾਬ ‘ਚੋਂ ਦੋ ਗ਼ਜ਼ਲਾਂ ਨਾਲ ਆਪਣੇ ਵਿਛੜ ਚੁੱਕੇ ਛੋਟੇ ਵੀਰ ਇਕਬਾਲ ਅਰਪਨ ਨੂੰ ਯਾਦ ਕੀਤਾ। ਅਜਾਇਬ ਸਿੰਘ ਸੇਖੋਂ ਨੇ ਆਜ਼ਾਦੀ ਦਿਵਸ ਨੂੰ ਕਿਸਾਨੀ ਘੋਲ ਦੇ ਸੰਦਰਭ ਵਿੱਚ ਰੱਖ ਕੇ ਗੱਲ ਕੀਤੀ। ਰੁਪਿੰਦਰ ਦਿਉਲ ਨੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ, ਮਾਂ ਬੋਲੀ ਤੋਂ ਮੁਨਕਰ ਹੋ ਰਹੇ ਲੋਕਾਂ ਨੂੰ ਹਲੂਣਾ ਦਿੰਦੀ ਕਵਿਤਾ ਨਾਲ ਹਾਜ਼ਰੀ ਭਰੀ। ਸੁਖਵਿੰਦਰ ਸਿੰਘ ਤੂਰ ਨੇ ਸ਼ਹੀਦਾਂ ਦੀ ਕੁਰਬਾਨੀ ਬਿਆਨ ਕਰਦੀ ਇੱਕ ਕਵਿਤਾ ਅਤੇ ਨਾਲ ਹੀ ਉਜਾਗਰ ਸਿੰਘ ‘ਕਮਲ’ ਦੀ ਕਵਿਤਾ ਆਪਣੀ ਸੁਰੀਲੀ ਅਵਾਜ਼ ਵਿੱਚ ਸੁਣਾਈ। ਰਾਮ ਸਰੂਪ ਸੈਣੀ ਨੇ ਗੀਤ ਅਤੇ ਸਤਨਾਮ ਸਿੰਘ ਢਾਅ ਨੇ ਪੰਜਾਬ ਦੇ ਸ਼੍ਰੋਮਣੀ ਕਵੀਸ਼ਰ ਜੋਗਾ ਸਿੰਘ ਜੋਗੀ ਦੀਆਂ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਬਾਰੇ ਦੋ ਕਵਿਤਾਵਾਂ ਨਾਲ ਹਾਜ਼ਰੀ ਲਵਾਈ।

ਅੰਤ ਵਿਚ ਸਤਨਾਮ ਸਿੰਘ ਢਾਅ ਨੇ ਇਸ ਇਕੱਤਰਤਾ ਵਿਚ ਸ਼ਾਮਲ ਹੋਏ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕੀਤਾ।

(ਹਰਦਮ ਮਾਨ) +1 604 308 6663
 maanbabushahi@gmail.com

Install Punjabi Akhbar App

Install
×