ਮਹਾਨ ਅਦਾਕਾਰ ਦਲੀਪ ਕੁਮਾਰ ਨੂੰ ਸਮਰਪਿਤ ਰਹੀ ਅਰਪਨ ਲਿਖਾਰੀ ਸਭਾ ਦੀ ਇਕੱਤਤਰਤਾ

ਸਰੀ -ਅਰਪਨ ਲਿਖਾਰੀ ਸਭਾ ਕੈਲਗਰੀ ਦੀ ਜ਼ੂਮ ਮੀਟਿੰਗ ਮਹਾਨ ਫ਼ਿਲਮੀ ਅਦਾਕਾਰ ਦਲੀਪ ਕੁਮਾਰ ਨੂੰ ਸਮਰਪਿਤ ਕੀਤੀ ਗਈ। ਸਤਨਾਮ ਸਿੰਘ ਢਾਹ ਨੇ ਸ਼ਰਧਾਂਜਲੀ ਪੇਸ਼ ਕਰਦਿਆਂ ਦਲੀਪ ਕੁਮਾਰ ਦੇ ਲੰਮੇ ਸਫਲ ‘ਤੇ ਆਦਰਸ਼ ਜੀਵਨ ਤੇ ਚਾਨਣਾ ਪਾਇਆ। ਜੋਗਾ ਸਿੰਘ ਸਹੋਤਾ,ਜਸਵੀਰ ਸਹੋਤਾ ਤੇ ਰੂਪਿੰਦਰ ਦਿਓਲ ਨੇ ਕੁਸ਼ਲ ਅਭਿਨੇਤਾ ਦੀ ਬਹੁ- ਪੱਖੀ ਸ਼ਖ਼ਸੀਅਤ ਦੇ ਕਈ ਪੱਖਾਂ ਨੂੰ ਉਘਾੜਿਆ। ਉਨ੍ਹਾਂ ਨੇ ਦਲੀਪ ਕੁਮਾਰ ਦੇ ਪੰਜਾਬੀ ਹੋਣ ਦੇ ਨਾਤੇ ਉਸ ਦੇ ਪੰਜਾਬੀ ਪ੍ਰਤੀ ਪ੍ਰੇਮ ਦੀ ਮਿਸਾਲਾਂ ਦੇ ਕੇ ਭਰਪੂਰ ਪ੍ਰਸੰਸਾ ਕੀਤੀ।

ਇਸ ਰਸਮੀ ਕਾਰਵਾਈ ਤੋਂ ਮਗਰੋਂ ਹਰਮਿੰਦਰ ਕੌਰ ਚੁੱਘ ਨੇ ਇੱਕ ਗੀਤ ਤਰੱਨੁਮ ਵਿੱਚ ਪੇਸ਼ ਕੀਤਾ,ਕੁਝ ਚੋਣਵੇਂ ਸ਼ੇਅਰ ਫਰਮਾਏ। ਇੱਕ ਕਹਾਣੀ ਪਤੀ-ਪਤਨੀ ਦੇ ਤਿੜਕਦੇ ਰਿਸ਼ਤਿਆਂ ਨੂੰ ਕਾਮਯਾਬੀ ਨਾਲ ਸੰਭਾਲਣ ਅਤੇ ਟੁੱਟਣ ਤੋਂ ਬਚਾਉਣ ਦੇ ਵਿਸ਼ੇ ਤੇ ਪੜ੍ਹੀ। ਰੂਪਿੰਦਰ ਦਿਓਲ ਨੇ ਕੈਨੇਡਾ ਵਸਦੇ ਪੰਜਾਬੀਆਂ ਨੂੰ ਇੱਥੋਂ ਦੇ ਕਾਨੂੰਨ ਅਤੇ ਮਾਹੌਲ ਮੁਤਾਬਕ ਢਲਣ ਦਾ ਸੁਨੇਹਾ ਦਿੰਦਾ ਗੀਤ ਪੇਸ਼ ਕੀਤਾ -ਪਾਣੀ, ਹਵਾ ਤੇ ਧਰਤੀ ਏਹ ਦੀ,ਜਾਨੋਂ ਪਿਆਰੀ ਰੱਖਾਂਗੇ। ਜਸਵੀਰ ਸਹੋਤਾ ਨੇ ਪੰਜਾਬ ਤੋਂ ਨਵੇਂ ਆਉਣ ਵਾਲੇ, ਖ਼ਾਸ ਕਰ ਕੇ ਵਿਦਿਆਰਥੀਆਂ ਨੂੰ ਦਰ ਪੇਸ਼ ਮੁਸ਼ਕਲਾਂ ਵੱਲ ਧਿਆਨ ਦਿਵਾਇਆ। ਉਸ ਨੇ ਆਪਣੀ ਕਵਿਤਾ- ਚੰਗੀਆਂ ਨੂੰਹਾਂ ਉੱਤੋਂ ਸੱਸਾਂ ਜਾਨਾਂ ਵਾਰਦੀਆਂ- ਸੁਣਾ ਕੇ ਵਧੀਆ ਮਨੋਰੰਜਨ ਦਾ ਰੰਗ ਛਿੜਕਿਆ। ਅਜਾਇਬ ਸਿੰਘ ਸੇਖੋਂ ਨੇ ਪਿਆਰ ਵਿਸ਼ੇ ਤੇ ਲੇਖ ਪੜ੍ਹਿਆ ਜਿਸ ਵਿੱਚ ਸੰਕੋਚਵੀਂ ਮੁਹਾਰਤ ਨਾਲ ਢੁਕਵੇਂ ਹਵਾਲੇ ਦੇ ਕੇ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਦੀ ਅਹਿਮੀਅਤ ਨੂੰ ਉਜਾਗਰ ਕੀਤਾ।

ਸੁਰਾਂ ਦੇ ਧਨੀ ਜੋਗਾ ਸਿੰਘ ਸਹੋਤਾ ਨੇ ਪੰਜਾਬੀ ਸਾਹਿਤ ਜਗਤ ਦੀ ਪ੍ਰਸਿੱਧ ਕਵਿੱਤਰੀ ਸੁਰਿੰਦਰ ਗੀਤ ਦੀ ਮਕਬੂਲ ਗ਼ਜ਼ਲ –‘ਆਪਣੀ ਪੀੜਾ ਆਪੇ ਪੀ ਕੇ,ਲੋਕਾਂ ਮਰ ਮਰ ਜੀ ਲੈਣਾ’ ਹਰਮੋਨੀਅਮ ‘ਤੇ ਗਾ ਕੇ ਸ਼ਬਦਾਂ ਤੇ ਸੁਰਾਂ ਦੀ ਛਹਿਬਰ ਲਾਈ। ਡਾ. ਮਨਮੋਹਨ ਬਾਠ ਨੇ ਹਮੇਸ਼ਾ ਦੀ ਤਰ੍ਹਾਂ ਮਿੱਠੀ ਆਵਾਜ਼ ਵਿੱਚ ਨਾਲ ਸਾਜ਼ ਵਜਾ ਕੇ ਕਮਾਲ ਦਾ ਗੀਤ ਪੇਸ਼ ਕੀਤਾ,ਜਿਸ ਨੂੰ ਸਭ ਨੇ ਮੰਤਰ ਮੁਗਧ ਹੋ ਕੇ ਸੁਣਿਆ। ਮਲਕੀਤ ਸਿੰਘ ਸਿੱਧੂ ਨੇ ਕੈਨੇਡਾ ਦਿਵਸ ਨੂੰ ਸਮਰਪਿਤ ਗੀਤ ਪੇਸ਼ ਕੀਤਾ- ਕਨੇਡਾ ਮੈਨੂੰ ਜਾਪਦਾ ਪੰਜਾਬ ਹੈ। ਕੈਨੇਡਾ ਅਤੇ ਪੰਜਾਬ ਦੇ ਸੁਹੱਪਣ ਦਾ ਕਲਾਤਮਿਕ ਸੁਮੇਲ ਸੀ। ਜਗਦੇਵ ਸਿੱਧੂ ਨੇ ਜਜ਼ਬਾਤੀ ਰੰਗ ਦੀ ਰੋਮਾਂਚਿਕ ਕਵਿਤਾ- ਹਾਥੂ- ਆਪਣੇ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕੀਤੀ। ਅੰਤ ਵਿਚ ਸਤਨਾਮ ਢਾਹ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks