ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸਮਰਪਿਤ ਰਹੀ ਅਰਪਨ ਲਿਖਾਰੀ ਸਭਾ ਦੀ ਮੀਟਿੰਗ

ਸਰੀ -ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ। ਇੱਕ ਮਿੰਟ ਦਾ ਮੋਨ ਧਾਰ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਦੁਖੀ ਪਰਿਵਾਰਾਂ ਨਾਲ ਦੁੱਖ ਹਮਦਰਦੀ ਪ੍ਰਗਟ ਕੀਤੀ ਗਈ ਅਤੇ ਭਾਰਤ ਸਰਕਾਰ ਦੀ ਫਿਰਕੂ ਫ਼ਸਾਦ ਕਰਾਉਣ ਦੀ ਨੀਤੀ ਅਤੇ ਪੱਖਪਾਤੀ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।

ਜਗਦੇਵ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ,ਸਰਕਾਰ ਦੀ ਨਮੋਸ਼ੀ ਅਤੇ ਹੋਛੇ ਵਤੀਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਮਾਤਾਵਾਂ ਭੈਣਾਂ ਤੇ ਵੀਰਾਂ ਬਜ਼ੁਰਗਾਂ ਦੇ ਸਬਰ ਸੰਤੋਖ ਅਤੇ ਦ੍ਰਿੜ ਇਰਾਦਿਆਂ ਦੀ ਸ਼ਲਾਘਾ ਕੀਤੀ। ਡਾ. ਮਹਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਲੋਕਤੰਤਰ ਸਿਰਫ਼ ਕਾਗਜ਼ਾਂ ਵਿੱਚ ਹੀ ਹੈ। ਅੱਜ ਜੋ ਘਾਣ ਲੋਕਤੰਤਰ ਦਾ ਹੋ ਰਿਹਾ ਹੈ ਇਸ ਨੂੰ ਤਾਂ ਤਨਾਸ਼ਾਹੀ ਕਿਹਾ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਹਰ ਇਨਸਾਨ ਨੂੰ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਆਪਣੇ ਰੋਲ ਦੇ ਨਕਸ਼ੇ ਕਦਮਾਂ ਤੇ ਚੱਲਣ ਗੱਲ ਵੀ ਕੀਤੀ। ਜਰਨੈਲ ਸਿੰਘ ਨੇ ਭਾਰਤ ਸਰਕਾਰ ਦੀਆਂ ਤਨਾਸ਼ਾਹੀ ਅਤੇ ਸ਼ਰਮਨਾਕ ਹਰਕਤਾਂ ਦੀ ਨਿੰਦਿਆ ਕੀਤੀ ਅਤੇ ਇੱਕ ਗ਼ਜ਼ਲ ਪੇਸ਼ ਕੀਤੀ। ਡਾ. ਮਨਮੋਹਣ ਸਿੰਘ ਬਾਠ ਨੇ ਯਮਲੇ ਜੱਟ ਦਾ ਗੀਤ,‘ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਨੇ ਜ਼ੁਬਾਨੀ’ ਤਰੰਨਮ ਵਿੱਚ ਪੇਸ਼ ਕੀਤਾ। ਅਜਾਇਬ ਸਿੰਘ ਸੇਖੋਂ ਨੇ ਕਿਸਾਨੀ ਘੋਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਆਹੁਤਾ ਜੋੜਿਆਂ ਦੀ ਪਰਿਵਾਰਕ ਜ਼ਿੰਦਗੀ ਨੂੰ ਖੁਸ਼ਹਾਲ ਬਣਾਈ ਰੱਖਣ ਦੇ ਕੀਮਤੀ ਨੁਸਖੇ ਦੱਸਦਿਆਂ ‘ਬੁਢਾਪੇ ਦਾ ਸੰਤਾਪ’ ਲੇਖ ਸਾਂਝਾ ਕੀਤਾ। ਜਗਜੀਤ ਸਿੰਘ ਰਹਿਸੀ ਨੇ ਯਥਾਰਥ ਪੇਸ਼ ਕਰਦੇ ਉਰਦੂ ਦੇ ਚੋਣਵੇਂ ਸ਼ੇਅਰਾਂ ਦੀ ਆਪਣੇ ਨਿਵੇਕਲੇ ਢੰਗ ਨਾਲ ਪੇਸ਼ਕਾਰੀ ਕੀਤੀ।

ਸਰੂਪ ਸਿੰਘ ਮੰਡੇਰ ਨੇ ਮੋਦੀ ਸਰਕਾਰ ਨੂੰ ਲਾਅਨਤਾਂ ਪਾਉਂਦੀ ਕਿਸਾਨ ਮੋਰਚੇ ਦੀ ਕਵਿਤਾ ਕਵੀਸ਼ਰੀ ਰੰਗ ਵਿਚ ਸੁਣਾਈ। ਤੇਜਾ ਸਿੰਘ ਥਿਆੜਾ ਨੇ ਆਪਣੇ ਵਿਚਾਰ ਰੱਖਦਿਆਂ ਡਾ. ਮਹੰਮਦ ਇਕਬਾਲ ਦੇ ‘ਉੱਠੋ ਮੇਰੀ ਦੁਨੀਆਂ ਕੇ ਗ਼ਰੀਬੋਂ ਕੋ ਜਗਾ ਦੋ, ਖਾਕੇ ਉਮਰਾ ਕੇ ਦਰੋ ਦੀਵਾਰ ਹਿਲਾ ਦੋ’ ਵਰਗੇ ਮਕਬੂਲ਼ ਸ਼ੇਅਰਾਂ ਨਾਲ ਹਾਜ਼ਰੀ ਭਰੀ। ਜਸਵੀਰ ਸਿਹੋਤਾ ਨੇ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖਾਂ (ਭਾਈ ਲਾਲੋ,ਬੀਬੀ , ਜੀ ਰਾਏ ਬੁਲਾਰ) ਬਾਰੇ ਜਾਣਕਾਰੀ ਦਿੰਦਿਆਂ ਕਿ ਕਿਵੇਂ ਭਾਈ ਲਾਲੋ ਵਰਗੇ ਕਿਰਤੀ ਗੁਰਬਾਣੀ ਦਾ ਪ੍ਰਚਾਰ ਕਰਦੇ ਸਨ। ਜਸਵੀਰ ਸਿਹੋਤਾ ਨੇ ਸੁਨੀਲ ਕੁਮਾਰ ਨੀਲ ਦੀ ਲਿਖੀ ਪੰਜਾਬੀ ਬੋਲੀ ਬਾਰੇ ਇੱਕ ਕਵਿਤਾ ਵੀ ਸਾਂਝੀ ਕੀਤੀ। ਇਕਬਾਲ ਖ਼ਾਨ ਨੇ ਦੋ ਕਵਿਤਾਵਾਂ (‘ਜਾਗੋ ਲੋਕੋ ਜਾਗੋ’, ਬੱਸ ਵਿਚ ਸਫ਼ਰ ਕਰਦਿਆ’) ਸਾਂਝੀਆਂ ਕੀਤੀਆਂ।

ਜਗਦੇਵ ਸਿੰਘ ਸਿੱਧੂ ਨੇ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੂੰ ਸਰੀ, ਬੀ. ਸੀ. ਦੇ ਸਾਹਿਤਕਾਰਾਂ ਦੀ ਹਾਜ਼ਰੀ ਵਿਚ ‘ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਕੈਨੇਡਾ ਦੇ ਬਾਨੀ ਜੈਤੇਗ ਸਿੰਘ ਅੰਨਤ ਹੋਰਾਂ ਵੱਲੋਂ ਸਨਮਾਨਿਤ ਕੀਤੇ ਜਾਣ ਤੇ ਸਭਾ ਵੱਲੋਂ ਨੀਰ ਨੂੰ ਵਧਾਈ ਦਿੱਤੀ ਗਈ।

ਸਤਨਾਮ ਸਿੰਘ ਢਾਅ ਨੇ ਦੇਸ ਰਾਜ ਛਾਜਲੀ ਦੀ ਲਿਖੀ ‘ਪੰਜਾਬ ਦੀ ਮਿੱਟੀ ਦੀ ਪੁਕਾਰ’ ਨਾਂ ਦੀ ਕਵਿਤਾ ਪੇਸ਼ ਕੀਤੀ ਅਤੇ ਮੀਟਿੰਗ ਵਿਚ ਸ਼ਾਮਲ ਸਾਰੇ ਸਾਹਿਤਕ ਦੋਸਤਾਂ ਦਾ ਧੰਨਵਾਦ ਕੀਤਾ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×