ਮਿਕਸਡ ਮਾਰਸ਼ਲ ਆਰਟਸ ਵਰਲਡ ਚੈਂਪੀਅਨ ਅਰਜਨ ਸਿੰਘ ਭੁੱਲਰ ਦਾ ਸਨਮਾਨ

ਸਰੀ -ਬੀਤੇ ਦਿਨ ਰਿਚਮੰਡ ਦੇ ਗੁਰਦੁਆਰਾ ਨਾਨਕ ਨਿਵਾਸ ਵਿਖੇ ਮਿਕਸਡ ਮਾਰਸ਼ਲ ਆਰਟਸ ਵਿਚ ਵਰਲਡ ਚੈਂਪੀਅਨ ਬਣਨ ਦਾ ਫ਼ਖ਼ਰ ਹਾਸਲ ਕਰਨ ਵਾਲੇ ਅਰਜਨ ਸਿੰਘ ਭੁੱਲਰ ਨੂੰ ਸਨਮਾਨਤ ਕੀਤਾ ਗਿਆ। ਇਸ ਡਰਾਈਵ ਥਰੂ ਸਮਾਗਮ ਵਿਚ ਰਿਚਮੰਡ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਅਤੇ ਆਮ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਅਰਜਨ ਸਿੰਘ ਭੁੱਲਰ ਨੂੰ ਵਧਾਈ ਦਿੱਤੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿੰਗਾਪੁਰ ਵਿਖੇ ਹੋਈ ਚੈਂਪੀਅਨਸ਼ਿਪ ਵਿੱਚ ਅਰਜਨ ਭੁੱਲਰ ਨੇ ਹੈਵੀਵੇਟ ਚੈਂਪੀਅਨ ਬ੍ਰੈਂਡਨ ਵੇਰਾ ਨੂੰ ਦੂਜੇ ਰਾਊਂਡ ਵਿਚ ਹਰਾ ਕੇ ਇਤਿਹਾਸ ਵਿਚ ਮਿਕਸਡ ਮਾਰਸ਼ਲ ਆਰਟਸ ਵਰਲਡ ਚੈਂਪੀਅਨ ਹੋਣ ਦਾ ਫ਼ਖ਼ਰ ਹਾਸਲ ਕੀਤਾ ਹੈ। ਇਹ ਮਾਣ ਹਾਸਲ ਕਰਨ ਵਾਲਾ ਭਾਰਤੀ ਮੂਲ ਦਾ ਉਹ ਪਹਿਲਾ ਖਿਡਾਰੀ ਹੈ।

ਅਰਜਨ ਸਿੰਘ ਭੁੱਲਰ ਲਗਾਤਾਰ ਪੰਜ ਸਾਲ ਕੈਨੇਡੀਅਨ ਰਾਸ਼ਟਰੀ ਟੀਮ ਲਈ ਖੇਡਿਆ। ਸਾਲ 2008 ਤੋਂ 2012 ਤੱਕ ਉਹ 120 ਕਿੱਲੋ ਭਾਰ ਵਰਗ ਵਿੱਚ ਚੈਂਪੀਅਨ ਬਣਿਆਂ। 2010 ਵਿੱਚ ਅਰਜਨ ਨੇ ਦਿੱਲੀ ਵਿੱਚ ਹੋਈਆਂ 19ਵੀਂ ਰਾਸ਼ਟਰਮੰਡਲ ਖੇਡਾਂ ਵਿੱਚ 120 ਕਿੱਲੋਗ੍ਰਾਮ ਫਰੀ-ਸਟਾਈਲ ਰੈਸਲਿੰਗ ਵਿੱਚ ਗੋਲਡ ਮੈਡਲ ਜਿੱਤਿਆ। 2012 ਵਿੱਚ ਉਹ ਪੰਜਾਬੀ ਮੂਲ ਦਾ ਪਹਿਲਾ ਕੈਨੇਡੀਅਨ ਬਣਿਆ ਸੀ, ਜਿਸ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ। ਫਿਰ ਅਰਜਨ ਨੇ ਮਿਕਸ਼ਡ ਮਾਰਸ਼ਲ ਆਰਟਸ ਵੱਲ ਪੈਰ ਧਰਿਆ। ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿੱਪ ਵਿੱਚ ਮੁਕਾਬਲੇ ਲਈ ਭੁੱਲਰ ਨੇ ਦਸਤਾਰ ਸਜਾ ਰਿੰਗ ਵਿੱਚ ਉੱਤਰਨ ਲਈ ਵਿਸ਼ੇਸ਼ ਤੌਰ ’ਤੇ ਆਗਿਆ ਲਈ ਸੀ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×