ਕੀ ਅਸੀਂ ਬਾਬੇ ਨਾਨਕ ਦੇ ਸਿਧਾਂਤਾਂ ਦੇ ਅਨੁਸਾਰ ਚੱਲਦੇ ਹਾਂ?

gurtej singh 191106 ਕੀ ਅਸੀਂ ਬਾਬੇ ਨਾਨਕ ee

ਪੂਰੀ ਦੁਨੀਆਂ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਤਿਆਰੀਆਂ ਕਰ ਰਹੇ ਹਾਂ। ਗੁਰਪੁਰਬ ਮਨਾਉਣਾ ਬੜੀ ਹੀ ਚੰਗੀ ਗੱਲ ਹੈ ਗੁਰੂ ਪ੍ਰਤੀ ਸ਼ਰਧਾ ਹੋਣੀ ਵੀ ਬਹੁਤ ਜ਼ਰੂਰੀ ਹੈ। ਪਰ ਅਸੀਂ ਕਦੇ ਆਪਣੇ ਆਪ ਨੂੰ ਇਹ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਬਾਬੇ ਨਾਨਕ ਦੇ ਸਿਧਾਂਤਾਂ ਦੇ ਅਨੁਸਾਰ ਚੱਲਦੇ ਹਾਂ?

ਨਹੀਂ ਅਸੀਂ ਅੱਜ ਵੀ ਉਸ ਚਿੱਕੜ ਵਿੱਚ ਹੀ ਹਾਂ ਜਿਥੋਂ ਬਾਬੇ ਨਾਨਕ ਨੇ ਸਾਨੂੰ ਅੱਜ ਤੋਂ 500 ਸਾਲ ਪਹਿਲਾਂ ਕੱਢਿਆ ਸੀ। ਅਸੀਂ ਅੱਜ ਵੀ ਵਹਿਮਾਂ-ਭਰਮਾਂ ਦੇ ਜਾਲ ਵਿੱਚ ਜਕੜੇ ਹੋਏ ਹਾਂ ਅੱਜ ਵੀ ਧੀਆਂ ਦੇ ਕੁੱਖ ਵਿੱਚ ਕਤਲ ਕਰਾਉਣ ਲਈ ਸਭ ਤੋਂ ਅੱਗੇ ਹਾਂ।

ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਉਪਦੇਸ਼ ਤੋਂ ਕੋਹਾਂ ਦੂਰ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦੀ ਵਜਾਏ ਅਸੀਂ ਪਤਾ ਨਹੀਂ ਕਿੰਨੇ ਦੇਹਧਾਰੀਆਂ ਨੂੰ ਗੁਰੂ ਅਤੇ ਰੱਬ ਦਾ ਦਰਜਾ ਦੇਈ ਬੈਠੇ ਹਾਂ। ਪਤਾ ਨਹੀਂ ਕਿੰਨੇ ਕੁ ਵਿਹਲੜ ਸਾਧਾਂ ਨੂੰ ਸਿਰ ਤੇ ਚਾੜ੍ਹ ਰੱਖਿਆ ।

ਗੱਲ ਕਰਦੇ ਹਾਂ ਸੰਨ 1000 ਤੋਂ 1800 ਦੇ ਦਹਾਕੇ ਦੀ। ਉਸ ਸਮੇਂ ਹਿੰਦੂ ਅਤੇ ਮੁਸਲਮਾਨ ਰਾਜਿਆਂ ਦਾ ਰਾਜ ਰਿਹਾ। ਸੰਨ 1100ਈਂ ਤੋਂ ਪਹਿਲਾਂ ਪੰਜਾਬੀ ਭਾਸ਼ਾ ਬੋਲੀ ਤਾਂ ਜਾਂਦੀ ਸੀ ਪਰ ਲਿਖਿਆ ਸਿਰਫ਼ ਉਰਦੂ ਵਿਚ ਹੀ ਜਾਂਦਾ ਸੀ। ਸੰਨ 1179 ਤੋਂ 1266ਈਂ ਦੋਰਾਨ ਪੰਜਾਬੀ ਦਾ ਪਹਿਲਾ ਲੇਖਕ ਫਰਾਦੂਦੀਨ ਗੰਜਸੰਕਰ ਹੋਇਆ ਜਿਸ ਨੇ ਪੰਜਾਬੀ ਦੀ ਵਰਣਮਾਲਾ ਲਿਖੀ ਅਤੇ ਸ਼ਾਹਮੁੱਖੀ ਲਿੱਪੀ ਵਿੱਚ ਪੰਜਾਬੀ ਬੋਲੀ ਨੂੰ ਲਿਖਣਾਂ ਸ਼ੁਰੂ ਕੀਤਾ। ਉਸ ਤੋਂ ਬਾਅਦ ਆਮ ਲੋਕਾਂ ਨੇ ਵੀ ਪੰਜਾਬੀ ਬੋਲੀ ਨੂੰ ਮਾਨ ਸਨਮਾਨ ਦਿੱਤਾ।

ਸੰਨ 1100 ਤੋਂ ਲੈ1400 ਦੇ ਦਹਾਕੇ ਵਿੱਚ ਅੌਰਤ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ ਅਤੇ ਸਤੀ ਪ੍ਰਥਾ ਵੀ ਚਲਦੀ ਸੀ ਕਿ ਜੇਕਰ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਤਾਂ ਔਰਤ ਨੂੰ ਪਤੀ ਦੀ ਚਿਖਾ ਵਿਚ ਜਿਉਂਦੀ ਨੂੰ ਸੁੱਟ ਕੇ ਸਾੜ ਕੇ ਮਾਰ ਦਿੱਤਾ ਜਾਂਦਾ ਸੀ।

ਇਸ ਸਮੇਂ ਵਿੱਚ ਕੋਈ ਵੀ ਔਰਤਾਂ ਦੇ ਹੱਕ ਵਿੱਚ ਅੱਗੇ ਨਹੀਂ ਆਇਆ ਕਿਉਂਕਿ ਸਭ ਮੁਗਲ ਸਾਮਰਾਜ ਅਤੇ ਬ੍ਰਾਹਮਣਵਾਦ ਵਹਿਮਾਂ-ਭਰਮਾਂ ਦੇ ਸ਼ਿਕਾਰ ਲੋਕ ਡਰਦੇ ਸਨ। ਜਾਤ ਪਾਤ, ਊਚ ਨੀਚ, ਪੂਰੇ ਜ਼ੋਰਾਂ ਤੇ ਸੀ। ਉੱਚੀ ਜਾਤ ਦੇ ਲੋਕ ਨੀਵੀਆਂ ਜਾਤੀਆਂ ਨੂੰ ਸੂਦਰ ਕਹਿੰਦੇ ਅਤੇ ਉਹਨਾਂ ਨਾਲ ਮਾੜਾ ਵਰਤਾਓ ਕਰਦੇ ਸਨ।

ਸੰਨ 1469ਈਂ ਵਿੱਚ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ।ਆਪ ਨੇ ਵੱਡੇ ਹੋ ਕੇ ਵਿੱਦਿਆ ਹਾਸਿਲ ਕੀਤੀ , ਨੌਕਰੀ ਕੀਤੀ, ਕਿਰਤ ਕੀਤੀ, ਅਤੇ ਲੋਕਾਂ ਨੂੰ ਗਿਆਨ ਰਾਹੀਂ ਕਰਮ ਕਾਂਡਾਂ ਤੋਂ ਮੁਕਤੀ ਦਿਵਾਈ।

ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਲਈ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਬਣੇ। ਆਪ ਨੇ ਆਕਾਲ ਪੁਰਖ, ਪਰਮਾਤਮਾ ਦੀ ਬਾਣੀ ਨੂੰ ਗੁਰਮੁਖੀ ਲਿੱਪੀ ਵਿੱਚ ਪੰਜਾਬੀ ਬੋਲੀ ਵਿੱਚ ਲਿਖਿਆ। ਆਪ ਨੇ ਗਿਆਨ ਅਤੇ ਉਪਦੇਸ਼ ਰਾਹੀਂ ਨੀਚ ਅਤੇ ਨਿਮਾਣੀ ਮੰਨੀ ਜਾਣ ਵਾਲੀ ਔਰਤ ਨੂੰ ਜੱਗ ਜਣਨੀ (ਮਾਂ) ਦਾ ਦਰਜਾ ਦਿੱਤਾ । ਅਤੇ ਲੋਕਾਂ ਨੂੰ ਸਮਝਾਇਆ ਕਿ ਔਰਤ ਹੀ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ। ਅਤੇ ਸਤੀ ਪ੍ਰਥਾ ਨੂੰ ਸਦਾ ਲਈ ਖ਼ਤਮ ਕਰ ਦਿੱਤਾ। ਉਹਨਾਂ ‘ ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ’ ਕਹਿ ਔਰਤ ਦੀ ਸੁਲਾਘਾ ਕੀਤੀ। ਉਹਨਾਂ ਨੇ ਗਿਆਨ ਅਤੇ ਉਪਦੇਸ਼ਾਂ ਨਾਲ ਕੲੀਆਂ ਨੂੰ ਸਿੱਧੇ ਰਸਤੇ ਪਾਇਆ ਨਾ ਕਿਸੇ ਗੈਬੀ ਸ਼ਕਤੀਆਂ ਦੇ ਨਾਲ।

ਜੇ ਮੈਂ ਲਿਖਾਂ ਕਿ ਮੱਕਾ ਨਹੀਂ ਸੀ ਘੁੰਮਾਇਆ ਬਾਬੇ ਨਾਨਕ ਨੇ ਸਗੋਂ ਕਾਜ਼ੀ ਦਾ ਸਿਰ ਘੁੰਮਾ ਦਿੱਤਾ ਸੀ ਸਿੱਖਿਆ ਦਿੱਤੀ ਸੀ ਗਿਆਨ ਨਾਲ।

ਜੇ ਮੈਂ ਲਿਖਾਂ ਕਿ ਰੋਟੀ ਤੋਂ ਦੁੱਧ ਅਤੇ ਲਹੂ ਨਹੀਂ ਕੱਢਿਆ ਸੀ ਬਾਬੇ ਨਾਨਕ ਨੇ ਸਗੋਂ ਮਾਲਕ ਭਾਗੋ ਨੂੰ ਹੱਕ ਦੀ ਕਮਾਈ ਬਾਰੇ ਸਮਝਾਇਆ ਸੀ ਉਹ ਵੀ ਸੱਚ ਦੇ ਗਿਆਨ ਨਾਲ।

ਇਸ ਤਰਾਂ ਦੇ ਕਿੰਨੇ ਹੀ ਇਤਿਹਾਸ ਹਨ ਜਿਨ੍ਹਾਂ ਵਿੱਚ ਸਿੱਖਿਆ ਅਤੇ ਗਿਆਨ ਨਾਲ ਗੁਰੂ ਜੀ ਨੇ ਭੁੱਲੇ ਭਟਕਿਆ ਨੂੰ ਰਾਹ ਦਿਖਾਇਆ। ਤਾਂ ਕੁਝ ਧਰਮ ਦੇ ਠੇਕੇਦਾਰ ਮੈਨੂੰ ਸ਼ਾਇਦ ਧਰਮ ਚੋਂ ਤਲਬ ਕਰਨ ਦੇ ਵਾਰੇ ਬਿਆਨਬਾਜ਼ੀ ਸ਼ੁਰੂ ਕਰ ਦੇਣ। ਪਰ ਸੱਚ ਤਾਂ ਸੱਚ ਹੈ।

ਪਰ ਇਤਿਹਾਸਕਾਰਾਂ ਨੇ ਸਾਡਾ ਇਤਿਹਾਸ ਸ਼ਕਤੀਆਂ ਤੇ ਪਾਖੰਡਾਂ ਵਾਲਾ ਬਣਾ ਕੇ ਰੱਖ ਦਿੱਤਾ। ਜੇਕਰ ਇਸ ਤਰਾਂ ਹੁੰਦਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀਆਂ ਤਵੀਆਂ ਤੇ ਬੈਠ ਸ਼ਹੀਦ ਨਾ ਹੁੰਦੇ, ਗੁਰੂ ਤੇਗ ਬਹਾਦਰ ਜੀ ਦਾ ਸੀਸ ਨਾ ਕੱਟਿਆ ਜਾਂਦਾ ਚਾਂਦਨੀ ਚੌਂਕ ਵਿਚ,ਚਾਰ ਸਾਹਿਬਜ਼ਾਦੇ ਅਤੇ ਲੱਖਾਂ ਦੀ ਗਿਣਤੀ ਵਿੱਚ ਸਿੰਘਾਂ, ਸਿੰਘਣੀਆਂ ਦੀਆਂ ਸ਼ਹੀਦੀਆਂ ਨਾ ਹੁੰਦੀਆਂ।

ਕੁਝ ਕੁ ਨੂੰ ਛੱਡ ਕੇ ਅੱਜ ਵੀ ਇਤਿਹਾਸਕਾਰ, ਪ੍ਰਚਾਰਕ ਸਾਡੇ ਸ਼ਹੀਦੀਆਂ ਵਾਲੇ ਇਤਿਹਾਸ ਨੂੰ ਸ਼ਕਤੀਆਂ ਦਾ ਰੂਪ ਦੇ ਦਿੰਦੇ ਹਨ। ਪਰ ਸਾਡਾ ਇਤਿਹਾਸ ਕੁਰਬਾਨੀਆਂ ਵਾਲਾ, ਚਰਖੜੀਆਂ ਤੇ ਚੜ੍ਹ ਸ਼ਹੀਦ ਹੋਏ ਨੇ ਸਾਡੇ ਪੁਰਖੇ, ਬੰਦ ਬੰਦ ਕਟਵਾਗੇ ਸਾਡੇ ਪੁਰਖੇ, ਖੋਪਰੀਆਂ ਲੁਹਾ ਗੇ ਸਾਡੇ ਪੁਰਖੇ, ਸਰਬੰਸ ਵਾਰ ਗੲੇ ਸਾਡੇ ਪੁਰਖੇ।

ਇਹ ਨਹੀਂ ਕਿ ਜੋ ਇਤਿਹਾਸ ਪ੍ਰਚਾਰਕਾਂ ਨੇ ਪਰੋਸ ਕੇ ਲਿਖ ਦਿੱਤਾ ਜਾਂ ਸੁਣਾ ਦਿੱਤਾ ਉਹ ਹੀ ਠੀਕ ਮੰਨ ਲਵੋ। ਸੰਗਤ ਦਾ ਮਤਲਬ ਇਹ ਹੈ ਕਿ ਜਿੱਥੇ ਆਕਾਲ ਪੁਰਖ, ਪਰਮਾਤਮਾ ਦੀ ਵਡਿਆਈ, ਗੁਰੂਆਂ ਦੇ ਇਤਿਹਾਸ , ਗੁਰੂ ਵਿਚਾਂਰਾਂ ਹੋਣ ਉਸ ਨੂੰ ਸਤਿ ਸੰਗਤ ਆਖਿਆ ਜਾਂਦਾ ਹੈ। ਜੇਕਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਵੇ ਤਾਂ ਉਹ ਹੋਰ ਵੀ ਵਧੀਆ ਹੁੰਦਾ ਹੈ। ਪਰ ਪ੍ਰਚਾਰਕ ਤਾਂ ਕਲਯੁੱਗੀ ਵਿਹਲੜ ਸਾਧਾਂ ਦੀ ਵਡਿਆਈ ਕਰਕੇ ਹੀ ਨਵਾਂ ਤੇ ਢੋਂਗੀ ੲਿਤਿਹਾਸ ਸੁਣਾ ਜਾਂਦੇ ਹਨ। ਉਹਨਾਂ ਨੂੰ ਕਿਸੇ ਦੀ ਪੁੱਛਣ ਦੀ ਜੁਰਤ ਨਹੀਂ ਪੈਂਦੀ ਕਿ ਕਿਥੇ ਲਿਖਿਆ ਸਾਡੇ ਇਤਿਹਾਸ ਵਿੱਚ। ਕੋਈ ਪ੍ਰਚਾਰਕ ਬਾਬਿਆਂ ਤੋਂ ਗੋਲੀਆਂ ਖੁਵਾ ਕੇ ਮੁੰਡੇ ਜੰਮਾਈ ਜਾਂਦਾ ਤੇ ਵੱਖ-ਵੱਖ ਤਰਾਂ ਦੇ ਗੱਪ ਸੁਣਾ ਜਾਂਦੇ ਆ। ਕੀ ਇਹ ਹੈ ਬਾਬੇ ਨਾਨਕ ਦਾ ਸਿਧਾਂਤ ਅਸੀਂ ਉਹਨਾਂ ਨੂੰ ਨਹੀਂ ਪੁੱਛਦੇ। ਕਿਉਂਕਿ ਅਸੀਂ ਖ਼ੁਦ ਹੀ ਬਾਬੇ ਨਾਨਕ ਦੇ ਫ਼ਲਸਫ਼ੇ ਤੋਂ ਦੂਰ ਹਾਂ।

ਬਾਬੇ ਨਾਨਕ ਨੇ ਆਕਾਲ ਪੁਰਖ, ਪਰਮਾਤਮਾ ਦੀ ਬਾਣੀ ਲਿਖੀ ਅਤੇ ਪਹਿਲਾ ਸ਼ਬਦ ੧ਓ ਤੋਂ ਸ਼ੁਰੂ ਕੀਤਾ।

ਜਿਸ ਦਾ ਸਿੱਧਾ ਮਤਲਬ ਪ੍ਰਮਾਤਮਾ ਇੱਕ ਹੈ ਪਰ ਅਸੀਂ ਤਾਂ ਵਿਹਲੜ ਸਾਧਾਂ, ਤਾਂਤਰਿਕਾਂ, ਸੱਪਾਂ, ਜਾਨਵਰ ਨੂੰ ਵੀ ਰੱਬ ਮੰਨ ਪੂਜਾ ਕਰ ਰਹੇਂ ਹਾਂ।  ਕੀ ਅਸੀਂ ਬਾਬੇ ਨਾਨਕ ਦੇ ਸਿਧਾਂਤ ਅਨੁਸਾਰ ਚੱਲਦੇ ਹਾਂ?

ਅਸੀਂ ਪਰਮਾਤਮਾ ਦੇ ਨਾਂ ਪਿੱਛੇ ਹੀ ਲੜ ਰਹੇ ਹਾਂ ਸੋ ਕੁਝ ਸਮਝਣਾ ਚਾਹੀਦਾ ਸੀ ਉਹ ਸਮਝਣ ਦੀ ਵਜਾਏ ਮੀਟ ਖਾਣਾ ਜਾਂ ਨਹੀਂ ਖਾਣਾ, ਦਸਮ ਗ੍ਰੰਥ,ਸੂਰਜ ਕੁੰਡ,ਪਤਾ ਨਹੀਂ ਹੋਰ ਕਿੰਨਿਆਂ ਮੁੱਦਿਆਂ ਵਿੱਚ ਉਲਝ ਗਏ ਹਾਂ। ਸਾਨੂੰ ਕੀ ਲੋੜ ਹੈ ਵਹਿਸ ਕਰਨ ਦੀ ਜਦੋਂ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿੰਨੇ ਵੀ ਗੁਰੂਆਂ, ਭਗਤਾਂ, ਭੱਟਾਂ, ਗੁਰੂ ਦੇ ਸਿੱਖਾਂ ਨੇ ਬਾਣੀ ਲਿਖੀ ਕੇ ਦਸਮੇਸ਼ ਪਿਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ। ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਲਈ ਕਿਹਾ। ਪਰ ਉਦੋਂ ਬੜਾ ਦੁੱਖ ਹੁੰਦਾ ਜਦੋਂ ਅਮ੍ਰਿਤਧਾਰੀ ਸਿੱਖ ਵਾਲ ਖਿਲਾਰ ਕੇ ਕਿਸੇ ਭੂਤਾਂ ਵਾਲੇ ਦੇ ਡੇਰੇ ਤੇ ਖੇਡ ਰਿਹਾ ਹੁੰਦਾ। ਕੀ ਇਹ ਸਿੱਖਿਆ ਦਿੱਤੀ ਸੀ ਸਾਨੂੰ ਬਾਬੇ ਨਾਨਕ ਨੇ?

ਬਾਬੇ ਨਾਨਕ ਨੇ ਖੁਦ ਵੀ ਕਿਰਤ ਕੀਤੀ ਅਤੇ ਕਿਰਤ ਕਰਨ ਲਈ ਕਿਹਾ ਪਰ ਵਿਹਲੜ ਬਾਬੇ, ਪ੍ਰਚਾਰਕ ਡੱਕਾ ਤੋੜ ਕੇ ਦੂਹਰਾ ਨਹੀਂ ਕਰਦੇ ਅਤੇ ਐਸ਼ ਆਰਾਮ ਦੀ ਜ਼ਿੰਦਗੀ ਜਿਉਂਦੇ ਨੇ ਲੋਕਾਂ ਦੇ ਪੈਸੇ ਤੇ। ਕਿਉਂਕਿ ਸਾਡੀ ਸ਼ਰਧਾ ਦੇਹਧਾਰੀਆਂ ਤੇ ਜ਼ਿਆਦਾ ਹੈ ਤੇ ਗੁਰੂ ਜੀ ਦੀ ਬਾਣੀ ਤੇ ਘੱਟ।

ਜੇਕਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚਲਦੇ ਹੁੰਦੇ ਤਾਂ ਧੀਆਂ ਦੇ ਕਾਤਲ ਨਾ ਹੁੰਦੇ

ਜੇਕਰ ਅਸੀਂ ਗੁਰੂਆਂ ਦੀ ਗੁਰਬਾਣੀ ਪੜ੍ਹੀ ਹੁੰਦੀ ਤਾਂ ਅਸੀਂ ਪ੍ਰਮਾਤਮਾ  ਤੋਂ ਬਿਨਾਂ ਹੋਰ ਕਿਸੇ ਨੂੰ ਰੱਬ ਨਾ ਮੰਨਦੇ ਅਤੇ ਨਾ ਥਾਂ ਥਾਂ ਤੇ ਝੁਕਦੇ।

ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹੁੰਦੇ ਤਾਂ ਜਾਤ ਪਾਤ ਤੇ ਭੇਦ-ਭਾਵ ਤੋਂ ਮੁਕਤ ਹੁੰਦੇ । ਵੱਖ ਵੱਖ ਜਾਤੀਆਂ ਦੇ ਗੁਰਦੁਆਰਾ ਸਾਹਿਬ ਨਾ ਬਣਾਏ ਹੁੰਦੇ। ਇੱਕ ਪਿੰਡ ਵਿੱਚ ਇੱਕ ਹੀ ਗੁਰੂਘਰ ਹੁੰਦਾ।

ਜੇਕਰ ਅਸੀਂ ਪਰਮਾਤਮਾ ਦਾ ਸਹੀ ਅਰਥ ਸਮਝ ਜਾਂਦੇ ਤਾਂ ਮੰਦਰ , ਮਸਜਿਦ ਅਤੇ ਗੁਰਦੁਆਰੇ ਵੱਖਰੇ ਵੱਖਰੇ ਨਾ ਹੁੰਦੇ।

ਜੇਕਰ ਅਸੀਂ ਬਾਬੇ ਨਾਨਕ ਦੇ ਪਾਏ ਪੂਰਨਿਆਂ ਤੇ ਚੱਲਦੇ ਤਾਂ ਰੱਬ ਦੇ ਨਾਂ ਪਿੱਛੇ ਨਾ ਲੜਦੇ।

ਕਿੱਥੇ ਲਿਖਿਆ ਗੀਤਾ ਅਤੇ ਕੁਰਾਨਾਂ   ਚ,

ਬਹਿਬਲ ਭੇਦ ਨਾ ਦੱਸਦਾ ਕੋਈ ਇਨਸਾਨਾਂ ਚ,

ਜਾਤਾਂ ਪਾਤਾਂ ਧਰਮ ਵੰਡ ਕੇ ਬੈਠ ਗਿਆ, ਹੋ ਕੇ ਬਹਿ ਗਿਆ ਕੱਲਾ ਰੱਬ ਤਾਂ ਇੱਕੋ ਐ,

ਰੱਬ ਦੇ ਨਾਂ ਦੇ ਪਿੱਛੇ ਮੂਰਖਾ ਲੜਦਾ ਕਿਉਂ, ਚਾਹੇ ਰਾਮ ਕਹੇਂ ਜਾਂ ਅੱਲਾ ਰੱਬ ਤਾਂ ਇੱਕੋ ਐ।

ਚਾਹੇ ਵਾਹਿਗੁਰੂ ਕਹਿ ਜਾਂ ਅੱਲਾ ਰੱਬ ਤਾਂ ਇੱਕੋ ਐ।

ਕੰਨ ਦਾ ਕੇ ਤੂੰ ਸੁਣੀ ਕਦੇ ਗੁਰਬਾਣੀ ਨਾ,

ਪੜੀ ਗੀਤਾ ਪਰ ਅੰਦਰ ਦੀ ਗੱਲ ਜਾਣੀ ਨਾ,

ਪੜ ਪੜ ਭਾਵੇਂ ਪਲਟੇ ਅੰਗ ਕੁਰਾਨਾਂ ਦੇ, ਅਕਲਾਂ ਵਾਜੋਂ ਝੱਲਾ ਰੱਬ ਤਾਂ ਇੱਕੋ ਐ,

ਰੱਬ ਦੇ ਨਾਂ ਦੇ ਪਿੱਛੇ ਮੂਰਖਾ ਲੜਦਾ ਕਿਉਂ, ਚਾਹੇ ਵਾਹਿਗੁਰੂ ਕਹਿ ਜਾਂ ਅੱਲਾ ਰੱਬ ਤਾਂ ਇੱਕੋ ਐ।

ਆਉ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਅਰਦਾਸ ਕਰੀਏ ਕਿ ਸਾਨੂੰ ਮਨਮੁੱਖਾਂ ਨੂੰ ਗੁਰਬਾਣੀ ਨਾਲ ਜੋੜ ਕੇ ਸੱਚ ਦਾ ਗਿਆਨ ਹਾਸਲ ਹੋਵੇ ਤਾਂ ਕਿ ਅਸੀਂ ਬਾਬੇ ਨਾਨਕ ਦੇ ਸਿਧਾਂਤਾਂ ਦੇ ਅਨੁਸਾਰ ਚੱਲ ਸਕੀਏ।

(ਯੋਧਾ ਧਾਲੀਵਾਲ) ਸੈਦੋਕੇ

<jodhadhaliwal80@gmail.com>