ਵਸੀਏ ਭਾਵੇਂ ਵਿਚ ਵਿਦੇਸ਼ -ਯਾਦ ਰੱਖੀਏ ਆਪਣੀਆਂ ਖੇਡਾਂ ਆਪਣਾ ਦੇਸ਼ 26 ਤੇ 27 ਨਵੰਬਰ ਨੂੰ ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਕਰਾਉਣ ਦਾ ਐਲਾਨ

(ਆਕਲੈਂਡ):-ਨਿਊਜ਼ੀਲੈਂਡ ਦੇ ਵਿਚ ਕ੍ਰਿਸਮਸ ਤੋਂ ਪਹਿਲਾਂ ਹੀ ਛੁੱਟੀਆਂ ਵਾਲਾ ਅਤੇ ਰੌਣਕ ਭਰਿਆ ਮਾਹੌਲ ਸ਼ੁਰੂ ਹੋ ਜਾਂਦਾ ਹੈ। ਇਸ ਚਹਿਲ-ਪਹਿਲ ਵਾਲੇ ਸੀਜ਼ਨ ਦੌਰਾਨ ਭਾਰਤੀਆਂ ਖਾਸ ਕਰ ਪੰਜਾਬੀਆਂ ਨੇ ਵੀ ਆਪਣੀ ਸ਼ਮੂਲੀਅਤ 2019 ਦੇ ਵਿਚ ਸ਼ੁਰੂ ਕੀਤੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਨਾਲ ਕਰ ਰੱਖੀ ਹੈ। ਕਰੋਨਾ ਕਾਰਨ 2021 ਦੀਆਂ ਖੇਡਾਂ ਨਹੀਂ ਹੋ ਸਕੀਆਂ ਅਤੇ 2020 ਦੀਆਂ ਖੇਡਾਂ ਦੌਰਾਨ ਬਾਰਡਰ ਬੰਦ ਹੋਣ ਕਾਰਨ ਬਾਹਰੋਂ ਖਿਡਾਰੀ ਨਹੀਂ ਆ ਸਕੇ। ਇਸ ਸਾਲ ਹੋਣ ਵਾਲੀਆਂ ਖੇਡਾਂ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਸ਼ੁਰੂ ਹਨ। ਇਸ  ਵਾਰ ਖਰਚਾ 5 ਕਰੋੜ ਰੁਪਏ (ਇਕ ਮਿਲੀਅਨ) ਤੋਂ ਉਪਰ ਟੱਪਣ ਦਾ ਅਨੁਮਾਨ ਹੈ।
 ਇਹ ਖੇਡਾਂ ਕਦੋਂ? ਕਿੱਥੇ? ਅਤੇ ਕੀ ਨੇ ਹੁਣ ਤੱਕ ਦੀਆਂ ਤਿਆਰੀਆਂ? ਸਬੰਧੀ ਅੱਜ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੇ ਵਿਚ ਐਲਾਨ ਕਰ ਦਿੱਤਾ ਗਿਆ ਕਿ ਸਾਲ 2022 ਦੀਆਂ ਖੇਡਾਂ 26 ਅਤੇ 27 ਨਵੰਬਰ 2022 ਨੂੰ ਬਰੂਸ ਪੁਲਮਨ ਪਾਰਕ ਵਿਖੇ ਹੀ ਹੋਣਗੀਆਂ। ਖੇਡਾਂ ਦੌਰਾਨ ਵੱਡੀ ਸੱਭਿਆਚਾਰਕ ਸਟੇਜ ਵੀ ਰਹੇਗੀ ਜਿੱਥੇ ਸਥਾਨਕ ਅਤੇ ਅੰਤਰਰਾਸ਼ਟਰੀ ਕਲਾਕਾਰ ਰੌਣਕਾਂ ਲਾਉਣਗੇ। ਵਲੰਟੀਅਰਜ਼ ਦੇ ਲਈ ਸੇਵਾਵਾਂ ਵੀ ਉਪਲਬਧ ਹੋਣਗੀਆਂ। ਖੇਡ ਕਲੱਬ, ਖਿਡਾਰੀ ਅਤੇ ਹੋਰ ਸੰਸਥਾਵਾਂ ਇਸ ਮੌਕੇ ਪਹੁੰਚੀਆਂ। ਪ੍ਰੋਗਰਾਮ ਦੀ ਸ਼ੁਰੂਆਤ ਸ. ਨਵਤੇਜ ਸਿੰਘ ਰੰਧਾਵਾ ਅਤੇ ਸ. ਸ਼ਰਨਜੀਤ ਸਿੰਘ ਨੇ ਸਵਾਗਤੀ ਸ਼ਬਦਾਂ ਨਾਲ ਕੀਤੀ। ਪਿਛਲੀਆਂ ਖੇਡਾਂ ਉਤੇ ਵੀਡੀਓ ਕਲਿਪਾਂ ਰਾਹੀਂ ਝਾਤ ਪਵਾਈ ਗਈ। ਸਿੱਖ ਖੇਡਾਂ ਦੀ ਕਮੇਟੀ ਵਿਚੋਂ ਸ. ਤਾਰਾ ਸਿੰਘ ਬੈਂਸ, ਸ. ਦਲਜੀਤ ਸਿੰਘ ਸਿੱਧੂ, ਸ. ਇੰਦਰਜੀਤ ਸਿੰਘ ਕਾਲਕਟ,  ਸ. ਗੁਰਵਿੰਦਰ ਸਿੰਘ ਔਲਖ, ਸ. ਸੁਰਿੰਦਰ ਸਿੰਘ ਢੀਂਡਸਾ, ਸ. ਗੁਰਜਿੰਦਰ ਸਿੰਘ ਘੁੰਮਣ ਹਾਜ਼ਿਰ ਸਨ। ਸ. ਦਲਜੀਤ ਸਿੰਘ ਸਿੱਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੇ ਵਿਚ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ, ਖਿਡਾਰੀਆਂ ਤੇ ਖੇਡ ਕਲੱਬਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਸਪਾਂਸਰਜ਼ ਨੂੰ ਜੀ ਆਇਆਂ ਆਖਿਆ। ਖੇਡ ਕਮੇਟੀ ਨੇ ਸਾਂਝੇ ਰੂਪ ਵਿਚ ਬਟਨ ਦਬਾ ਕੇ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਕਮੇਟੀ ਦੀ ਆਈ. ਟੀ. ਵੱਲੋਂ ਕਮਲ ਬਸਿਆਲਾ ਨੇ 14 ਜੁਲਾਈ ਨੂੰ ਜਾਰੀ ਕੀਤੀ ਜਾ ਰਹੀ ਐਪ ਬਾਰੇ ਜਾਣਕਾਰੀ ਦਿੱਤੀ। ਸ. ਹਰਜਿੰਦਰ ਸਿੰਘ ਬਸਿਆਲਾ ਵੱਲੋਂ ਸਿੱਖ ਖੇਡਾਂ ਸਬੰਧੀ ਕਵਿਤਾ ਬੋਲ ਕੇ ਸਿੱਖ ਖੇਡਾਂ ਰੂਪ-ਰੇਖਾ ਦਾ ਸ਼ਬਦੀ ਚਿਤਰਣ ਕੀਤਾ। ਸ. ਤਾਰਾ ਸਿੰਘ ਬੈਂਸ ਨੇ ਇਸ ਵਾਰ ਖੇਡਾਂ ਦੇ ਵਿਚ ਇਕ ਹੋਰ ਕਦਮ ਅੱਗੇ ਪੁਟਦਿਆਂ ਐਲਾਨ ਕੀਤਾ ਕਿ ਬੱਚਿਆਂ ਦੇ ਮੁਕਾਬਲੇ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਕਰਵਾ ਕੇ ਬੱਚਿਆਂ ਨੂੰ ਖੇਡਾਂ ਨਾਲ ਜੋੜੀ ਰੱਖਿਆ ਜਾਵੇਗਾ। ਇਸਦੇ ਨਾਲ ਹੀ ਖੇਡਾਂ ਦੇ ਵਿਚ ਸਹਿਯੋਗ ਦੇ ਲਈ ਮਹਿਲਾਵਾਂ ਦੀ ਭਾਗੀਦਾਰੀ ਦੀ ਪੋ੍ਰੜਤਾ ਕਰਦਿਆਂ ਉਨ੍ਹਾਂ ਕਿਹਾ ਕਿ ਮਹਿਲਾਵਾਂ ਖੇਡਾਂ ਦੇ ਵਿਚ ਅਤੇ ਪ੍ਰਬੰਧਨ ਦੇ ਵਿਚ ਅੱਗੇ ਆਉਣ। ਰੇਡੀਓ ਪੇਸ਼ਕਾਰ ਸ੍ਰੀਮਤੀ ਹਰਜੀਤ ਕੌਰ, ਵਾਇਕਾਟੋ ਪੰਜਾਬ ਸਪੋਰਟਸ ਕਲੱਬ ਤੋਂ ਸ੍ਰੀਮਤੀ ਖੁਸ਼ਮੀਤ ਕੌਰ ਸਿੱਧੂ ਹੋਰਾਂ ਮਹਿਲਾਵਾਂ ਦੀ ਸ਼ਮੂਲੀਅਤ ਉਤੇ ਮੋਹਰ ਲਗਾਉਂਦਿਆਂ ਸੁਝਾਅ ਵੀ ਪੇਸ਼ ਕੀਤੇ। ਸ੍ਰੀਮਤੀ ਚਰਨਜੀਤ ਕੌਰ ਸਿੱਧੂ ਅਤੇ ਸ੍ਰੀਮਤੀ ਬਲਜੀਤ ਕੌਰ ਅਟਵਾਲ ਹੋਰਾਂ ਵੀ ਮਹਿਲਾਵਾਂ ਦੀ ਭਾਗੀਦਾਰੀ ਦੀ ਗੱਲ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਸ੍ਰੀਮਤੀ ਗੁਰਪ੍ਰੀਤ ਕੌਰ ਨੇ ਖੇਡਾਂ ਦੌਰਾਨ ਪ੍ਰੋਗਰਾਮ ਦੀ ਜਾਣਕਾਰੀ ਸਕਰੀਨ ਉਤੇ ਦੇਣ ਦੀ ਗੱਲ ਕੀਤੀ। ਸ. ਜਰਨੈਲ ਸਿੰਘ ਰਾਹੋਂ ਨੇ ਨੌਜਵਾਨ ਅੰਮ੍ਰਿਤ ਜਗੈਤ ਦੀ ਢੋਲ ਦੀ ਤਾਲ ਉਤੇ ਇਕ ਗੀਤ ਪੇਸ਼ ਕੀਤਾ। ਪੰਜਾਬੀ ਹੈਰੀਟੇਜ ਡਾਂਸ ਅਕੈਡਮੀ ਤੋਂ ਗੁਰਿੰਦਰ ਸੈਣੀ ਹੋਰਾਂ ਐਲਾਨ ਕੀਤਾ ਕਿ ਇਸ ਵਾਰ 200 ਤੋਂ ਵੱਧ ਬੱਚੇ ਭੰਗੜਾ ਪੇਸ਼ ਕਰਨਗੇ।
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਸ. ਹਰਪ੍ਰੀਤ ਸਿੰਘ ਗਿੱਲ, ਸ. ਤੀਰਥ ਸਿੰਘ ਅਟਵਾਲ, ਸ. ਜਰਨੈਲ ਸਿੰਘ ਰਾਹੋਂ, ਸ. ਪਿ੍ਰਥੀਪਾਲ ਸਿੰਘ ਬਸਰਾ, ਰਾਣੀ ਹੈਰੀ, ਗੁਰਦੁਆਰਾ ਸਾਹਿਬ ਬੰਬੇ ਹਿੱਲ ਤੋਂ ਸ. ਅਵਤਾਰ ਸਿੰਘ, ਸ. ਮਲਕੀਅਤ ਸਿੰਘ ਸਹੋਤਾ, ਮਾਲਵਾ ਕਲੱਬ ਤੋਂ ਪਿ੍ਰਤਪਾਲ ਸਿੰਘ ਗਰੇਵਾਲ, ਵਾਇਕਾਟੋ ਪੰਜਾਬ ਸਪੋਰਟਸ ਕਲੱਬ ਤੋਂ ਹੈਰੀ ਭਲੂਰ, ਸ. ਖੜਗ ਸਿੰਘ, ਸ. ਚਰਨਜੀਤ ਸਿੰਘ ਦੁੱਲਾ, ਬੈਡਮਿੰਟਨ ਦੇ ਤਾਲਮੇਲ ਇੰਚਾਰਜ ਸ. ਸੰਨੀ ਸਿੰਘ, ਸੰਨੀ ਕੌਸ਼ਿਲ, ਸ. ਕੁਲਬੀਰ ਸਿੰਘ ਇਸ ਤੋਂ ਇਲਾਵਾ ਹੋਰ ਵੀ ਕਈ ਬੁਲਾਰਿਆਂ ਨੇ ਇਸ ਮੌਕੇ ਸੰਬੋਧਨ ਵੀ ਕੀਤਾ ਅਤੇ ਸੁਝਾਅ ਵੀ ਪੇਸ਼ ਕੀਤੇ। ਸੀਨੀਅਰ ਕਬੱਡੀ ਖਿਡਾਰੀ ਨੇ 40 ਤੋਂ ਉਪਰ ਵਾਲਿਆਂ ਦੀ ਕਬੱਡੀ ਕਰਾਉਣ ਦੇ ਕੀਤੇ ਵਾਅਦੇ ਉਤੇ ਧਿਆਨ ਦੇਣ ਦੀ ਲੋੜ ਉਤੇ ਜ਼ੋਰ ਦਿੱਤਾ ਅਤੇ ਦੌੜਾਂ ਵੇਲੇ ਤਮਗੇ ਵੰਡਣ ਵੇਲੇ ਹੋਰ ਮਾਨ-ਸਤਿਕਾਰ ਸਹਿਤ ਇਨਾਮ ਵੰਡਣ ਦੀ ਸਲਾਹ ਦਿੱਤੀ। ਸ਼ੇਰ ਏ ਪੰਜਾਬ ਵੱਲੋਂ ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਸ. ਗੁਰਵਿੰਦਰ ਸਿੰਘ ਔਲਖ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਖੇਡਾਂ ਦੇ ਵਿਚ ਸਹਿਯੋਗ ਕਰਨ ਦੇ ਲਈ ਅਪੀਲ ਕੀਤੀ। ਕਿਸੀ ਨੇ ਠੀਕ ਹੀ ਕਿਹਾ ਹੈ ਕਿ ‘‘ਵਸੀਏ ਭਾਵੇਂ ਵਿਚ ਵਿਦੇਸ਼-ਯਾਦ ਰੱਖੀਏ ਆਪਣੀਆਂ ਖੇਡਾਂ ਆਪਣਾ ਦੇਸ਼’’