ਵੈਨਕੂਵਰ ਵਿਚਾਰ ਮੰਚ ਵੱਲੋਂ ਡਾ. ਸੁਖਦੇਵ ਸਿੰਘ ਸਿਰਸਾ ਨਾਲ ਰੂਬਰੂ

(ਸਰੀ) -ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਤੋਂ ਆਏ ਉੱਘੇ ਵਿਦਵਾਨ ਅਤੇ ਆਲ ਇੰਡੀਆ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦਾ ਆਗਾਜ਼ ਮੋਹਨ ਗਿੱਲ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਮੋਹਨ ਗਿੱਲ ਨੇ ਡਾ. ਸੁਖਦੇਵ ਸਿੰਘ ਸਿਰਸਾ ਨੂੰ ਜੀ ਆਇਆਂ ਆਖਦਿਆਂ ਵੈਨਕੂਵਰ ਵਿਚਾਰ ਮੰਚ ਦੇ ਕਾਰਜ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੰਚ ਉਪਰ ਹਰ ਵਿਚਾਰਧਾਰਾ ਵਾਲੇ ਮਹਿਮਾਨ ਕਲਾਕਾਰਾਂ, ਲੇਖਕਾਂ, ਆਲੋਚਕਾਂ, ਵਿਦਵਾਨਾਂ, ਪੱਤਰਕਾਰਾਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਸੰਵਾਦ ਰਚਾਇਆ ਜਾਂਦਾ ਹੈ। ਉਨ੍ਹਾਂ ਡਾ. ਸੁਖਦੇਵ ਸਿੰਘ ਸਿਰਸਾ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਪੰਜਾਬ ਵਿਚਲੇ ਸਾਹਿਤਕ, ਸਮਾਜਿਕ, ਰਾਜਨੀਤਕ ਵਰਤਾਰੇ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸੱਦਾ ਦਿੱਤਾ।

ਡਾ. ਸੁਖਦੇਵ ਸਿੰਘ ਸਿਰਸਾ ਨੇ ਗੱਲਬਾਤ ਸ਼ੁਰੂ ਕਰਦਿਆਂ ਦੱਸਿਆ ਕਿ ਉਹ ਹਰ ਸਾਲ ਕੈਨੇਡਾ ਦਾ ਟੂਰ ਲਾਉਂਦੇ ਹਨ ਪਰ ਕੋਰੋਨਾ ਕਾਰਨ ਪਿਛਲੇ ਦੋ ਸਾਲ ਇਹ ਸੰਭਵ ਨਹੀਂ ਹੋ ਸਕਿਆ ਸੀ। ਉਨ੍ਹਾਂ ਆਪਣੀ ਗੱਨਬਾਤ ਪੰਜਾਬ ਦੇ ਕਿਸਾਨੀ ਅੰਦੋਲਨ ਤੋਂ ਸ਼ੁਰੂ ਕੀਤੀ ਅਤੇ ਵਿਸਥਾਰ ਵਿਚ ਇਸ ਸੰਘਰਸ਼ ਦੇ ਵੱਖ ਵੱਖ ਪਹਿਲੂਆਂ, ਇਸ ਅੰਦੋਲਨ ਕਾਰਨ ਪੰਜਾਬ ਦੇ ਲੋਕ-ਵਿਵਹਾਰ ਉਪਰ ਪਏ ਪ੍ਰਭਾਵਾਂ ਦੀ ਚਰਚਾ ਕੀਤੀ। ਇਸ ਅੰਦੋਲਨ ਸਦਕਾ ਲੋਕਾਂ ਵਿਚ ਵਧੇ ਆਪਸੀ ਸਿਨੇਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੰਦੋਲਨ ਦੇ ਪਹਿਲੇ ਪੜਾਅ ਦੌਰਾਨ ਹੀ ਅਨੇਕਾਂ ਲੋਕਾਂ ਨੇ ਆਪਸੀ ਝਗੜੇ-ਝੇੜੇ, ਅਦਾਲਤੀ ਕੇਸ ਖਤਮ ਕਰਕੇ ਰਾਜ਼ੀਨਾਵਿਆਂ ਦਾ ਰਾਹ ਅਖ਼ਤਿਆਰ ਕੀਤਾ। ਇਹ ਪਹਿਲਾ ਅੰਦੋਲਨ ਸੀ ਜਿਸ ਵਿਚ ਪੰਜਾਬ ਦੇ ਲੇਖਕਾਂ, ਕਲਾਕਾਰਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਉਨ੍ਹਾਂ ਅੰਦੋਲਨ ਦੌਰਾਨ ਪੰਜਾਬ, ਹਰਿਆਣਾ, ਯੂ.ਪੀ., ਦਿੱਲੀ ਅਤੇ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਵੱਲੋਂ ਹਰ ਪੱਖੋਂ ਦਿੱਤੇ ਭਰਪੂਰ ਯੋਗਦਾਨ ਬਾਰੇ ਵੀ ਆਪਣੇ ਕੁਝ ਨਿਜੀ ਤਜਰਬੇ ਸਾਂਝੇ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਪੰਜਾਬ ਦੀਆਂ ਚੋਣਾਂ ਵਿਚ ਸੰਯੁਕਤ ਕਿਸਾਨ ਮੋਰਚੇ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਪਰ ਪੰਜਾਬ ਦੇ ਲੋਕਾਂ ਵੱਲੋਂ ਵੱਡੇ ਵੱਡੇ ਲੀਡਰਾਂ ਨੂੰ ਰਾਜਨੀਤੀ ਮੰਚ ਤੋਂ ਪਰ੍ਹੇ ਕਰ ਦੇਣਾ ਵੀ ਇਸ ਅੰਦੋਲਨ ਕਾਰਨ ਲੋਕਾਂ ਵਿਚ ਆਈ ਚੇਤਨਾ ਦਾ ਹੀ ਨਤੀਜਾ ਹੈ। ਇਸ ਅੰਦੋਲਨ ਨੇ ਇਸ ਧਾਰਨਾ ਅਤੇ ਸੋਚ ਨੂੰ ਵੀ ਰੱਦ ਕਰ ਦਿੱਤਾ ਹੈ ਕਿ ਪੰਜਾਬ ਦਾ ਹੁਣ ਕੁਝ ਨਹੀਂ ਹੋ ਸਕਦਾ।

ਡਾ. ਸਿਰਸਾ ਨੇ ਸਾਹਿਤਕ ਖੇਤਰ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਲੇਖਕ ਵੀ ਕੰਜ਼ਿਊਮਰ ਕਲਚਰ ਦੀ ਗ੍ਰਿਫਤ ਵਿਚ ਆ ਚੁੱਕੇ ਹਨ ਅਤੇ ਸੱਚ ਕਹਿਣ, ਲਿਖਣ ਅਤੇ ਬੋਲਣ ਦੀ ਜੁਰਅਤ ਸਾਡੇ ਲੇਖਕਾਂ ਵਿਚ ਨਹੀਂ ਰਹੀ। ਉਨ੍ਹਾਂ ਕਿਹਾ ਕਿ ਪੰਜਾਬੀ ਵਿਚ ਬਹੁਤਾਤ ਗਿਣਤੀ ਵਿਚ ਲਿਖੀ ਜਾ ਰਹੀ ਕੱਚ ਘਰੜ ਕਵਿਤਾ ਨੇ ਸਹੀ ਮਾਅਨਿਆਂ ਵਿਚ ਪਾਠਕਾਂ ਨੂੰ ਕਵਿਤਾ ਨਾਲੋਂ ਤੋੜਣ ਦਾ ਹੀ ਕਾਰਜ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਵੱਡੇ ਸਾਹਿਤਕਾਰਾਂ ਦੇ ਸਦੀਵੀ ਵਿਛੋੜੇ ਕਾਰਨ ਪੰਜਾਬੀ ਸਾਹਿਤ ਵਿਚ ਜੋ ਖੱਪਾ ਪਿਆ ਹੈ, ਉਸ ਦੀ ਪੂਰਤੀ ਕਰਨ ਦੇ ਵੀ ਅਸੀਂ ਸਮਰੱਥ ਨਹੀਂ ਹੋ ਸਕੇ।

ਇਸ ਸੰਵਾਦ ਵਿਚ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਨਾਟਕਕਾਰ ਸੁਖਵੰਤ ਹੁੰਦਲ, ਨਾਮਵਰ ਸਾਹਿਤਕਾਰ ਅਜਮੇਰ ਰੋਡੇ, ਅਮਨ ਸੀ ਸਿੰਘ, ਪਰਮਿੰਦਰ ਕੌਰ ਸਵੈਚ ਅਤੇ ਭੁਪਿੰਦਰ ਮੱਲੀ ਨੇ ਵੀ ਆਪਣੇ ਵਿਚਾਰ ਰੱਖੇ। ਅੰਤ ਵਿਚ ਜਰਨੈਲ ਸਿੰਘ ਆਰਟਿਸਟ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਸ਼ਾਇਰ ਹਰਜੀਤ ਦੌਧਰੀਆ, ਭੁਪਿੰਦਰ ਸਿੰਘ ਬੇਦੀ, ਡਾ. ਚਰਨਜੀਤ ਸਿੰਘ, ਚਮਕੌਰ ਸਿੰਘ ਸੇਖੋਂ, ਗੁਰਦੇਵ ਸਿੰਘ ਦਰਦੀ, ਗੁਰਦੀਪ ਸਿੰਘ ਸੰਧੂ ਯੂ.ਕੇ., ਅੰਮ੍ਰਿਤਾ ਕੌਰ ਸੰਧੂ ਯੂ.ਕੇ., ਅੰਗਰੇਜ਼ ਸਿੰਘ ਬਰਾੜ, ਹਰਦਮ ਸਿੰਘ ਮਾਨ ਅਤੇ ਮਲਕੀਤ ਸਿੰਘ ਨੇ ਸ਼ਮੂਲੀਅਤ ਕੀਤੀ।

(ਹਰਦਮ ਮਾਨ)
+1 604 308 6663
maanbabushahi@gmail.com