ਮੇਰਾ ਟੈਲੀਵਿਜ਼ਨ ਵਿਕਾਊ ਹੈ…

ਪੰਜਾਬੀ ਚੈਨਲ ਅਕਸਰ ਖ਼ਬਰ ਦਾ ਤਮਾਸ਼ਾ ਬਣਾ ਦਿੰਦੇ ਹਨ। ਪੰਜਾਬ ਪੁਲਿਸ ਲਾਰੈਂਸ ਨੂੰ ਦਿੱਲੀ ਤੋਂ ਲੈ ਕੇ ਆਈ ਤਾਂ ʻਸਿੱਧਾ ਪ੍ਰਸਾਰਨʼ ਵੇਖਣ ਵਾਲਾ ਸੀ। ਲੋਕਾਂ ਨੇ, ਦਰਸ਼ਕਾਂ ਨੇ ਆਪਣੇ ਹਾਵ ਭਾਵ ਸ਼ੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਹਨ। ਕਿਸੇ ਨੇ ਲਿਖਿਆ, “ਮੇਰਾ ਟੈਲੀਵਿਜ਼ਨ ਵਿਕਾਊ ਹੈ… ਅੱਜ ਸਵੇਰੇ ਜਦ ਟੀ.ਵੀ. ਲਾਇਆ ਤਾਂ ਇਕ-ਦੋ-ਤਿੰਨ-ਚਾਰ ਹਰ ਪਾਸੇ ਇਕੋ ਗੱਲ ਲਾਰੈਂਸ ਨੂੰ ਇਥੇ ਲੈ ਗਏ, ਲਾਰੈਂਸ ਨੂੰ ਉਥੇ ਲੈ ਗਏ। ਕਈ ਖੁਦ ਹੀ ਪੁਲਿਸ ਅਫ਼ਸਰ ਬਣੇ ਖੜ੍ਹੇ ਕਿ ਹੁਣ ਇਹਦੇ ਤੋਂ ਆਹ ਪੁੱਛਣਗੇ, ਹੁਣ ਔਹ ਪੁੱਛਣਗੇ। ਕੋਲ ਖੜਾ 13 ਕੁ ਸਾਲ ਦਾ ਲੜਕਾ ਕਹਿੰਦਾ, “ਇਹਦੀ ਬੜੀ ਟੌਹਰ ਆ, ਅਸਲੀ ਹੀਰੋ ਇਹ ਆ। ਉਸਦੀ ਗੱਲ ਸੁਣਕੇ ਕੰਬਣੀ ਜਿਹੀ ਛਿੜ ਗਈ ਤਾਂ ਟੀ.ਵੀ. ਸਵਿੱਚ ਬੰਦ ਕਰ ਦਿੱਤਾ।  ਕੇਬਲ ਆਪਰੇਟਰ ਨੂੰ ਫੋਨ ਕੀਤਾ ਕਿ ਭਰਾਵਾ ਕੁਨੈਕਸ਼ਨ ਬੰਦ ਕਰਦੇ। ਇਸਤੋਂ ਪਹਿਲਾਂ ਕਿ ਆਹ ਸਭ ਵੇਖ ਸੁਣ ਕੇ ਬੱਚਾ ਅਜਿਹਾ ਹੀਰੋ ਬਣਨ ਦੀ ਕੋਸ਼ਿਸ਼ ਕਰੇ, ਭਰਾਵੋ ਮੇਰਾ ਟੈਲੀਵਿਜ਼ਨ ਵਿਕਾਊ ਹੈ, ਬਜ਼ਾਰ ਤੋਂ ਘੱਟ ਕੀਮਤ ʼਤੇ ਦੇ ਦਿਆਂਗਾ…।

ਇਕ ਹੋਰ ਨੇ ਫੇਸਬੁੱਕ ʼਤੇ ਲਿਖਿਆ, “ਮੈਨੂੰ ਲੱਗਦਾ ਪੁਲਿਸ ਤੋਂ ਪਹਿਲਾਂ ਟੀ.ਵੀ. ਪੱਤਰਕਾਰਾਂ ਨੇ ਲਾਰੈਂਸ ਤੋਂ ਕਬੂਲ ਕਰਵਾ ਲੈਣਾ। ਸਾਰੀ ਰਾਤ ਨਹੀਂ ਸੁੱਤੇ।

ਇਕ ਹੋਰ ਨੇ ਪੋਸਟ ਪਾਈ, “ਲਾਈਵ ਹੋ ਕੇ ਗੱਡੀਆਂ ਪਿੱਛੇ ਲਾਉਣ ਵਾਲੇ ਮੀਡੀਆ ਨੂੰ ਪੁਲਿਸ ਨੇ ਦਿੱਤਾ ਚਕਮਾ, ਤਿੰਨ ਵੱਖ-ਵੱਖ ਰੂਟਾਂ ʼਤੇ ਗੱਡੀਆਂ ਭੇਜ ਕੇ ਕੀਤਾ ਕਨਫਿਊਜ਼। ਪੁਲਿਸ ਨੂੰ ਐਵੇਂ ਨਾ ਸਮਝੋ।

ਇਸੇ ਸਿਲਸਿਲੇ ਵਿਚ ਕਿਸੇ ਪੋਸਟ ʼਤੇ ਕਿਸੇ ਨੇ ਕਮੈਂਟ ਕੀਤਾ, “ਬਹੁਤ ਬੁਰਾ ਹਾਲ ਹੈ, ਕੋਲੋਂ ਸਵਾਲ ਬਣਾਈ ਜਾਂਦੇ ਕੋਲੋਂ ਜਵਾਬ ਬਣਾਈ ਜਾਂਦੇ।

ਪੰਜਾਬੀ ਚੈਨਲਾਂ ਸਬੰਧੀ ਦਰਸ਼ਕਾਂ ਦੀਆਂ ਉਪਰੋਕਤ ਟਿੱਪਣੀਆਂ ਬਿਲਕੁਲ ਦਰੁਸਤ ਹਨ। ਖ਼ਬਰ ਨੂੰ ਖ਼ਬਰ ਵਾਂਗ ਪੇਸ਼, ਪ੍ਰਸਾਰਿਤ ਨਾ ਕਰਕੇ ਨਾਟਕੀ ਰੰਗਤ ਦੇ ਦਿੰਦੇ ਹਨ। ਅਜਿਹਾ ਇਸ ਕਰਕੇ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਦਰਸ਼ਕ ਲੰਮੇ ਸਮੇਂ ਲਈ ਚੈਨਲ ਨਾਲ ਜੁੜੇ ਰਹਿਣ ਅਤੇ ਟੀ.ਆਰ.ਪੀ. ਵਿਚ ਵੱਡਾ ਵਾਧਾ ਹੋਵੇ। ਪਰੰਤੂ ਅਜਿਹਾ ਨਹੀਂ ਹੈ। ਹੁਣ ਦਰਸ਼ਕ ਸੁਚੇਤ ਤੇ ਸਿਆਣੇ ਹੋ ਗਏ ਹਨ। ਦਰਸ਼ਕਾਂ ਕੋਲ ਵੀ ਵਾਧੂ ਵਿਹਲਾ ਵਕਤ ਨਹੀਂ ਹੈ। ਉਹ ਸੰਖੇਪ ਵਿਚ ਸਹੀ ਅਪ-ਡੇਟ ਲੈਣੀ ਚਾਹੁੰਦੇ ਹਨ, ਜਿਹੜੀ ਕਿਧਰੋਂ ਨਹੀਂ ਮਿਲਦੀ।

ਮੈਂ ਕਈ ਵਾਰ ਸੋਚਦਾ ਹਾਂ ਕਿ ਟੈਲੀਵਿਜ਼ਨ ਚੈਨਲਾਂ ਦੇ ਮਾਲਕ, ਅਧਿਕਾਰੀ, ਨਿਊਜ਼ ਹੈਡ, ਪ੍ਰੋਡਿਊਸਰ, ਐਂਕਰ ਜੇਕਰ ਘਰ ਬੈਠ ਕੇ ਆਰਾਮ ਨਾਲ ਇਕ ਦਿਨ ਆਪਣੇ ਹੀ ਚੈਨਲ ਦੀਆਂ ਖ਼ਬਰਾਂ ਵੇਖਣ ਸੁਣਨ ਤਾਂ ਤੋਬਾ ਕਰ ਜਾਣਗੇ। ਸ਼ਾਇਦ ਉਹ ਟੈਲੀਵਿਜ਼ਨ ਵੇਖਣਾ ਹੀ ਛੱਡ ਦੇਣ ਅਤੇ ਉਪਰਲੀ ਉਦਾਹਰਨ ਵਾਂਗ ਕਹਿਣਗੇ। ʻਮੇਰਾ ਟੈਲੀਵਿਜ਼ਨ ਵਿਕਾਊ ਹੈ…।ʼ

ਨਿਊਜ਼ ਚੈਨਲਾਂ ਦੀ ਵਿਸ਼ਾ-ਸਮੱਗਰੀ, ਪੇਸ਼ਕਾਰੀ ਅਤੇ ਪਹੁੰਚ ਦੇ ਮੱਦੇਨਜ਼ਰ ਰਵੀਸ਼ ਕੁਮਾਰ ਅਕਸਰ ਆਖਦਾ ਹੈ ਕਿ ਟੈਲੀਵਿਜ਼ਨ ਵੇਖਣਾ ਬੰਦ ਕਰ ਦਿਓ। ਨਿਊਜ਼ ਚੈਨਲ ਗੈਰਮਿਆਰੀ ਢੰਗ ਤਰੀਕਿਆਂ ਦੀਆਂ ਨਵੀਆਂ ਨਿਵਾਣਾਂ ਛੂਹ ਰਹੇ ਹਨ।  ਇਹ ਪੱਤਰਕਾਰੀ ਨਹੀਂ ਹੈ। ਯੂ ਟਿਊਬ ਚੈਨਲ ਇਸਤੋਂ ਵੀ ਅੱਗੇ ਲੰਘ ਗਏ ਹਨ। ਖ਼ਬਰ ਦੀ ਚੋਣ, ਖ਼ਬਰ ਦਾ ਟਾਈਟਲ, ਸ਼ਬਦਾਂ ਦੀ ਚੋਣ ਵੇਖ ਪੜ੍ਹ ਕੇ ਪ੍ਰੇਸ਼ਾਨੀ ਹੁੰਦੀ ਹੈ ਕਿ ਅਸੀਂ ਪੱਤਰਕਾਰੀ ਦੇ ਕੇਹੇ ਦੌਰ ਵਿਚ ਦਾਖ਼ਲ ਹੋ ਗਏ ਹਾਂ। ਕੁਝ ਉਦਾਹਰਨਾਂ ਲੈਂਦੇ ਹਾਂ- ਪਾਏ ਪਟਾਕੇ, ਚੂੜੀ ਟੈਟ, ਮਾਂਜਤੇ ਸਾਰੇ, ਚੱਕਤਾ ਪਰਦਾ, ਕੱਢੂਗਾ ਵੱਟ, ਭਗਵੰਤ ਮਾਨ ਵੱਲੋਂ ਪਟਾਕੇ, ਟੰਗੂ ਕੱਲਾ ਕੱਲਾ, ਪਿਆ ਵੱਡਾ ਪੰਗਾ, ਪੈਨਸ਼ਨਾਂ ਨੂੰ ਬਰੇਕਾਂ, ਕਿਸਾਨ ਹੋਏ ਤੱਤੇ, ਠੋਕਵੇਂ ਜਵਾਬ, ਅਦਾਲਤੀ ਬਰੇਕਾਂ, ਚੰਨੀ ਚੀਕਾਂ ਮਾਰੂ ਇਹ ਅਤੇ ਅਜਿਹੀਆਂ ਹੋਰ ਅਨੇਕਾਂ ਉਦਾਹਰਨਾਂ ਹਨ। ਕੀ ਇਹ ਪੱਤਰਕਾਰੀ ਦੀ ਭਾਸ਼ਾ ਹੈ? ਕੇਵਲ ਲਾਈਕ ਬਟੋਰਨ ਲਈ ਜਾਂ ਯੂ ਟਿਊਬ ʼਤੇ ਦਰਸ਼ਕਾਂ ਦੀ ਗਿਣਤੀ ਵਧਾਉਣ ਲਈ ਅਜਿਹਾ ਕਰਨਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ।

ਕੀ ਪੰਜਾਬੀ ਚੈਨਲ ਵਿਸ਼ਾ-ਸਮੱਗਰੀ ਅਤੇ ਭਾਸ਼ਾ ਦੇ ਮਿਆਰ ਪੱਖੋਂ ਘੋਰ ਸੰਕਟ ਵਿਚੋਂ ਲੰਘ ਰਹੇ ਹਨ? ਇਹ ਸਵਾਲ ਦਿਨੋਂ ਦਿਨ ਹੋਰ ਗਹਿਰਾ, ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਭਾਸ਼ਾ ਦੇ ਪ੍ਰਸੰਗ ਵਿਚ ਪਹਿਲਾਂ ਹਿੰਦੀ ਅਤੇ ਅੰਗਰੇਜ਼ੀ ਸ਼ਬਦਾਵਲੀ ਦੀ ਮਿਲਾਵਟ ਦਾ ਮਸਲਾ ਸੀ ਪਰੰਤੂ ਹੁਣ ਗੈਰ-ਮਿਆਰੀ ਸ਼ਬਦ-ਚੋਣ ਦਰਸ਼ਕਾਂ ਦਾ ਮੂੰਹ ਚੜਾ ਰਹੀ ਹੈ। ਲੰਮਾ ਸਮਾਂ ਪੰਜਾਬੀ ਗੀਤਕਾਰੀ ਦੀ ਗੈਰਮਿਆਰੀ ਸ਼ਬਦਾਵਲੀ ਚਰਚਾ ਦਾ ਵਿਸ਼ਾ ਬਣੀ ਰਹੀ। ਉਸੇ ਰਸਤੇ ਹੁਣ ਪੰਜਾਬੀ ਨਿਊਜ਼ ਚੈਨਲ ਤੁਰ ਪਏ ਹਨ। ਪਹਿਲਾਂ ਪਹਿਲ ਜਿਵੇਂ ਦੂਰਦਰਸ਼ਨ ਦੈ ਖ਼ਬਰ ਬੁਲਿਟੇਲ ਨਾਲ ਦਰਸ਼ਕਾਂ ਦੀ ਇਕ ਜਜ਼ਬਾਤੀ ਸਾਂਝੀ ਪੈਦਾ ਹੋ ਜਾਂਦੀ ਸੀ,  ਉਹ ਸਾਂਝ, ਉਹ ਨੇੜਤਾ, ਉਹ ਰਿਸ਼ਤਾ ਹੁਣ ਮਨਫ਼ੀ ਹੈ।

ਟੈਲੀਵਿਜ਼ਨ ਨਿਊਜ਼ ਦੀ ਇਕ ਰੂਪ-ਰੇਖਾ, ਇਕ ਪਰਿਭਾਸ਼ਾ, ਇਕ ਭਾਸ਼ਾ ਹੁੰਦੀ ਹੈ। ਅਸੀਂ ਇਨ੍ਹਾਂ ਤਿੰਨਾਂ ਤੋਂ ਦੂਰ ਜਾ ਚੁੱਕੇ ਹਾਂ। ਚਿੰਤਾ ਇਸ ਗੱਲ ਦੀ ਹੈ ਕਿ ਹੁਣ ਹੋਰ ਕਿੰਨੀ ਕੁ ਦੂਰ ਹੁੰਦੇ ਜਾਵਾਂਗੇ?

ਖ਼ਬਰ ਨੂੰ ਖ਼ਬਰ ਵਾਂਗ ਪੇਸ਼ ਕਰਨਾ ਜ਼ਰੂਰੀ ਹੈ। ਭਾਸ਼ਾ ਦੀ ਮਰਯਾਦਾ ਦਾ ਖਿਆਲ ਰੱਖਣਾ ਹੋਰ ਵੀ ਲਾਜ਼ਮੀ ਹੈ। ਖੇਤਰੀ ਮੀਡੀਆ ਨੇ ਸਥਾਨਕ ਭਾਸ਼ਾ ਦੇ ਕੇਂਦਰੀ ਰੂਪ ਦੀ ਵਰਤੋਂ ਕਰਨੀ ਹੁੰਦੀ ਹੈ। ਪੰਜਾਬੀ ਦੀਆਂ ਬਹੁਤ ਸਾਰੀਆਂ ਉਪ-ਭਾਸ਼ਾਵਾਂ ਹਨ ਪਰੰਤੂ ਪੰਜਾਬੀ ਅਖ਼ਬਾਰਾਂ ਕੇਂਦਰੀ ਪੰਜਾਬੀ ਦਾ ਪ੍ਰਯੋਗ ਕਰਦੀਆਂ ਹਨ। ਕਦੇ ਉਹ ਵੀ ਸਮਾਂ ਸੀ ਜਦ ਅਖਬਾਰਾਂ ਅਤੇ ਦੂਰਦਰਸ਼ਨ ਦੀ ਭਾਸ਼ਾ ਨੂੰ ਮਿਆਰੀ ਤੇ ਨਮੂਨੇ ਦੀ ਮੰਨਿਆ ਜਾਂਦਾ ਸੀ । ਅੱਜ ਟੈਲੀਵਿਜ਼ਨ ਚੈਨਲਾਂ ਨੇ ਖੁਦ ਨੂੰ ਅਜਿਹੇ ਸਵੈ-ਜ਼ਾਬਤੇ ਤੋਂ ਮੁਕਤ ਕਰ ਲਿਆ ਹੈ। ਆਪ-ਹੁਦਰੇਪਨ ਦੀ ਹਿਕ ਦੌੜ, ਇਕ ਹੋੜ ਲੱਗੀ ਹੋਈ ਹੈ। ਇਕ ਕਾਹਲ, ਇਕ ਹੜਬੜੀ ਮੱਚੀ ਹੋਈ ਹੈ। ਇਉਂ ਲੱਗਦਾ ਹੈ ਜਿਵੇਂ ਇਨ੍ਹਾਂ ਨੇ ਸਿੱਖਦਾ, ਸਮਝਣਾ, ਸੋਚਣਾ, ਸਹਿਜ ਰਹਿਣਾ ਤੇ ਮਿਆਰ ʼਤੇ ਵਿਚਰਨਾ ਤਿਆਗ ਦਿੱਤਾ ਹੈ।

(ਪ੍ਰੋ. ਕੁਲਬੀਰ ਸਿੰਘ)

+91 9417153513