ਆਸਟ੍ਰੇਲੀਆ ਵਿੱਚ ਬੱਚਿਆਂ ਨੂੰ ਬਿਮਾਰ ਕਰ ਰਿਹਾ ਫਲੂ ਅਤੇ ਵਾਇਰਸ, ਹਸਪਤਾਲਾਂ ਵਿੱਚ ਛੋਟੇ ਮਰੀਜ਼ਾਂ ਦੀ ਗਿਣਤੀ ਵਧੀ

ਦੇਸ਼ ਅੰਦਰ ਬੀਤੇ ਮਾਰਚ-ਅਪ੍ਰੈਲ ਦੇ ਮਹੀਨੇ ਤੋਂ ਹੁਣ ਤੱਕ ਆਰ.ਐਸ.ਵੀ. (Respiratory Syncytial Virus) ਅਤੇ ਫਲੂ ਦੋਨੋਂ ਹੀ ਮਿਲ ਕੇ ਬੱਚਿਆਂ ਦੀ ਸਿਹਤ ਉਪਰ ਮਾੜਾ ਅਸਰ ਪਾ ਰਹੇ ਹਨ ਅਤੇ ਇਸ ਕਾਰਨ ਹਸਪਤਾਲ ਵਿੱਚ ਬੱਚਿਆਂ (ਮਰੀਜ਼ਾਂ) ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।
ਡਾ. ਮਾਰਗੀ ਡੈਨਚਿਨ (ਸਹਾਇਕ ਪ੍ਰੋ. ਰਾਇਲ ਚਿਲਡਰਨਜ਼ ਹਸਪਤਾਲ) ਨੇ ਇਸ ਦਾ ਖੁਲਾਸਾ ਕਰਦਿਆਂ, ਮਾਪਿਆਂ ਨੂੰ ਅਗਾਹ ਕੀਤਾ ਹੈ ਕਿ ਜੇਕਰ ਤੁਹਾਡੇ ਬੱਚੇ ਵਿੱਚ ਸਾਹ ਸਬੰਧੀ ਸਮੱਸਿਆਵਾਂ, ਬੁੱਲਾਂ ਉਪਰ ਨੀਲਾਪਣ, ਡੀ-ਹਾਈਡ੍ਰੇਸ਼ਨ ਵਰਗੇ ਲੱਛਣ, ਬੱਚੇ ਦਾ ਪਾਣੀ ਘੱਟ ਪੀਣਾ ਜਾਂ ਨਾ ਪੀਣਾ, ਬੱਚੇ ਦਾ ਕਾਫੀ ਥਕਾਨ ਮਹਿਸੂਸ ਕਰਨਾ, ਚਿਹਰੇ ਉਪਰ ਪੀਲਾਪਣ ਆਦਿ ਵਰਗੇ ਲੱਛਣ ਦਿਖਾਈ ਦੇਣ ਤਾਂ ਇਸਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਨਜ਼ਦੀਕੀ ਸਿਹਤ ਕੇਂਦਰ ਜਾਂ ਜੀ.ਪੀ. ਕੋਲ ਜਾਣ ਦੀ ਬਜਾਏ, ਫੌਰਨ ਬੱਚੇ ਦਾ ਐਮਰਜੈਂਸੀ ਸੇਵਾਵਾਂ ਤਹਿਤ ਚੈਕਅਪ ਕਰਵਾਇਆ ਜਾਵੇ ਤਾਂ ਜੋ ਸਮਾਂ ਰਹਿੰਦੇ ਲੋੜੀਂਦਾ ਇਲਾਜ ਕੀਤਾ ਜਾ ਸਕੇ।
ਜੇਕਰ ਬੱਚੇ ਨੂੰ ਬੁਖਾਰ, ਖਾਂਸੀ, ਜ਼ੁਕਾਮ ਆਦਿ ਵਰਗੇ ਮਾਮੂਲੀ ਲੱਛਣ ਹਨ ਤਾਂ ਫੇਰ ਬੱਚੇ ਨੂੰ ਨਜ਼ਦੀਕੀ ਸਵਾਸਥ ਕੇਂਦਰ ਤੇ ਹੀ ਲੈ ਕੇ ਜਾਇਆ ਜਾਵੇ ਅਤੇ ਲੋੜੀਂਦੀ ਦਵਾਈ ਦਿਵਾਈ ਜਾਵੇ।
ਅਜਿਹੇ ਇਨਫਲੂਐਂਜ਼ਾ ਵਰਗੀ ਬਿਮਾਰੀ ਕਾਰਨ, ਨਿਊ ਸਾਊਥ ਵੇਲਜ਼ ਵਿੱਚ ਅਜਿਹੇ 1300 ਦੇ ਕਰੀਬ ਲੋਕਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਅਤੇ 9400 ਦੇ ਕਰੀਬ ਮਰੀਜ਼ਾਂ ਨੂੰ ਆਪਾਤਕਾਲੀਨ ਸੇਵਾਵਾਂ ਤਹਿਤ ਦਾਖਲ ਕਰਨਾ ਪਿਆ ਹੈ।
ਕੁਈਨਜ਼ਲੈਂਡ ਵਿੱਚ ਵੀ ਇਸ ਸਾਲ 26,000 ਦੇ ਕਰੀਬ ਇਨਫਲੂਐਂਜ਼ਾ ਦੇ ਸ਼ਿਕਾਰ ਮਰੀਜ਼, ਹਸਪਤਾਲਾਂ ਵਿੱਚ ਭਰਤੀ ਹੋਏ ਹਨ ਅਤੇ ਇਹ ਗਿਣਤੀ ਬਤੀੇ 5 ਸਾਲਾਂ ਵਿੱਚ ਚਾਰ ਗੁਣਾ ਤੱਕ ਵੱਧ ਗਈ ਹੈ। ਅਤੇ ਇਸ ਦੇ ਨਾਲ ਹੀ ਰਾਜ ਭਰ ਵਿੱਚ 435 ਮਰੀਜ਼ ਕੋਵਿਡ-19 ਕਾਰਨ ਵੀ ਜ਼ੇਰੇ ਇਲਾਜ ਹਨ।