ਭਾਈ ਘਨੱਈਆ ਮੁਫਤ ਕੰਪਿਊਟਰ ਸੈਂਟਰ ਦਾ ਦਾਖਲਾ ਸ਼ੁਰੂ

(ਫਰੀਦਕੋਟ):- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਚਲਾਏ ਜਾ ਰਹੇ ਭਾਈ ਘਨੱਈਆ ਕੰਪਿਊਟਰ ਸੈਂਟਰ ਦਾ ਦਾਖਲਾ ਸ਼ੁਰੂ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਅਤੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਨੇ ਦੱਸਿਆ ਕਿ ਸਥਾਨਕ ਹਰਿੰਦਰਾ ਨਗਰ ਵਿਖੇ ਚੱਲ ਰਹੇ ਭਾਈ ਘਨੱਈਆ ਕੰਪਿਊਟਰ ਸੈਂਟਰ ਵਲੋਂ ਸਾਲ 2014 ਤੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਇਸ ਸੈਂਟਰ ‘ਤੇ ਬੱਚਿਆਂ ਨੂੰ 6 ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਕਰਵਾਇਆ ਜਾਂਦਾ ਹੈ ਅਤੇ ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ ਵੀ ਕਰਵਾਈ ਜਾਂਦੀ ਹੈ। ਉਹਨਾਂ ਦੱਸਿਆ ਕਿ 1 ਜੁਲਾਈ ਨੂੰ ਨਵੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਸਾਰੇ ਕੋਰਸ ਅਤੇ ਪੰਜਾਬੀ ਤੇ ਅੰਗਰੇਜੀ ਟਾਈਪਿੰਗ ਦਾ ਕੋਈ ਖਰਚਾ ਨਹੀਂ ਅਰਥਾਤ ਸਾਰੇ ਕਾਰਜ ਬਿਲਕੁੱਲ ਮੁਫਤ ਨੇਪਰੇ ਚਾੜੇ ਜਾ ਰਹੇ ਹਨ। ਇਸ ਮੌਕੇ ਹਰਵਿੰਦਰ ਸਿੰਘ ਮਰਵਾਹ ਅਤੇ ਹਰੀਸ਼ ਵਰਮਾ ਨੇ ਆਖਿਆ ਕਿ 600 ਤੋਂ ਵੱਧ ਬੱਚੇ ਬਿਲਕੁਲ ਮੁਫ਼ਤ ਕੰਪਿਊਟਰ ਸਿੱਖਿਆ ਹਾਸਲ ਕਰਕੇ ਸਰਕਾਰੀ ਜਾਂ ਨਿੱਜੀ ਅਦਾਰਿਆਂ ‘ਚ ਨੌਕਰੀਆਂ ਲੈਣ ਦੇ ਆਸਵੰਦ ਹੋ ਚੁੱਕੇ ਹਨ ਤੇ ਕਈ ਵਿਦਿਆਰਥੀ ਵਿਦੇਸ਼ ‘ਚ ਜਾ ਕੇ ਸੈਟਲ ਹੋ ਗਏ ਹਨ ਤੇ ਉਹਨਾਂ ਨੂੰ ਵੀਜ਼ਾ ਲੈਣ ਵਿੱਚ ਵੀ ਕੋਈ ਦਿੱਕਤ ਨਹੀਂ ਆਈ। ਉਹਨਾ ਦੱਸਿਆ ਕਿ ਸਿੱਖਿਆ ਦੇ ਇਸ ਕਾਰਜ ‘ਚ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦਾ ਵਿਸ਼ੇਸ਼ ਸਹਿਯੋਗ ਹੈ।