ਸਰਕਾਰ ਵੱਲੋਂ 80 ਲੱਖ ਲੋਕਾਂ ਨੂੰ ਰੋਜ਼ਾਨਾ ਦੋ ਘੰਟੇ ਬਿਜਲੀ ਨਾ ਵਰਤਣ ਦੀ ਅਪੀਲ
(ਬ੍ਰਿਸਬੇਨ) ਇੱਥੇ ਆਸਟਰੇਲੀਅਨ ਐਨਰਜੀ ਮਾਰਕਿਟ ਆਪਰੇਟਰ (ਏਈਐਮਓ) ਨੇ ਮੌਜੂਦਾ ਪਾਵਰ ਰੁਕਾਵਟਾਂ ਦੇ ਚੱਲਦਿਆਂ ਆਸਟਰੇਲੀਆ ਭਰ ਦੇ ਖਪਤਕਾਰਾਂ ਨੂੰ ਗੰਭੀਰ ਬਿਜਲੀ ਸੰਕਟ ਦੀ ਚਿਤਾਵਨੀ ਦਿੱਤੀ ਹੈ। ਦੇਸ਼ ਵਿੱਚ ਊਰਜਾ ਦੀਆਂ ਵਧਦੀਆਂ ਕੀਮਤਾਂ ਕਾਰਨ ਰਹਿਣ-ਸਹਿਣ ਦੀਆਂ ਲਾਗਤਾਂ ਵਿੱਚ ਨਾਟਕੀ ਵਾਧਾ ਹੋਇਆ ਹੈ ਜਿਸਨੇ ਬਹੁਤੇ ਘਰਾਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਤ ਕੀਤਾ ਹੈ। ਲਗਾਤਾਰ ਵਧ ਰਹੇ ਬਿੱਲ ਅਤੇ ਭੋਜਨ ਦੀ ਘਾਟ ਬਹੁਤ ਸਾਰੇ ਲੋਕਾਂ ਨੂੰ ਸਤਾਉਣ ਲੱਗੀ ਹੈ। ਸਰਕਾਰ ਨੇ ਭਵਿੱਖ ਦੇ ਬਿਜਲਈ ਸੰਕਟਾਂ ਨੂੰ ਘਟਾਉਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ, ਪਰ ਇਹ ਉਹਨਾਂ ਲੋਕਾਂ ਦੀ ਮਦਦ ਕਰਨ ਦੀ ਸੰਭਾਵਨਾ ਨਹੀਂ ਹੈ ਜੋ ਹੁਣ ਸੰਘਰਸ਼ ਕਰ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰਾਂ ਵੱਲੋਂ ਕੋਲੇ ਨਾਲ ਚੱਲਣ ਵਾਲੀਆਂ ਪਾਵਰ ਯੋਜਨਾਵਾਂ ‘ਚ ਕਟੌਤੀ ਅਤੇ ਯੂਕਰੇਨ ਯੁੱਧ ਦੇ ਚੱਲਦਿਆਂ ਗੈਸ ਤੇ ਕੱਚੇ ਤੇਲ ਦੀ ਲਗਾਤਾਰ ਘਾਟ ਨੇ ਸਥਿੱਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਬਿਜਲਈ ਕੰਪਨੀਆਂ ਅਨੁਸਾਰ ਉਤਪਾਦਨ ਅਤੇ ਖ਼ਪਤ ‘ਚ ਵੱਡੇ ਅੰਤਰ ਦੇ ਚੱਲਦਿਆਂ ਪੂਰਤੀ ਲਈ ਬਿਜਲਈ ਜਨਰੇਟਰ ਮਹਿੰਗੇ ਪੈ ਰਹੇ ਹਨ। ਇਸ ਭਿਆਨਕ ਭਵਿੱਖੀ ਬਿਜਲੀ ਸੰਕਟ ਨਾਲ ਨਜਿੱਠਣ ਲਈ ਸਰਕਾਰ ਨੇ 80 ਲੱਖ ਲੋਕਾਂ ਨੂੰ ਰੋਜ਼ਾਨਾ ਦੋ ਘੰਟੇ ਬਿਜਲੀ ਨਾ ਵਰਤਣ ਦੀ ਅਪੀਲ ਕੀਤੀ ਹੈ। ਫੈਡਰਲ ਊਰਜਾ ਮੰਤਰੀ ਕ੍ਰਿਸ ਬੋਵੇਨ (ਲੇਬਰ ਸਰਕਾਰ) ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਦੇ ਰਹਿਣ-ਸਹਿਣ ਦੇ ਮੁੱਖ ਰਾਹਤ ਉਪਾਅ ਅਤੇ ਬਿੱਲਾਂ ਦਾ ਨਕਦ ਭੁਗਤਾਨ ਦੀ ਪੇਸ਼ਕਸ਼ ਇਸ ਸਾਲ ਦੇ ਅੰਤ ਵਿੱਚ ਬਜਟ ‘ਚ ਕਰ ਸਕਦੀ ਹੈ। ਅਲਿੰਟਾ ਐਨਰਜੀ ਦੇ ਕਾਰਜਕਾਰੀ ਨਿਰਦੇਸ਼ਕ ਡੈਨੀਅਲ ਮੈਕਲੇਲੈਂਡ ਨੇ ਕਿਹਾ ਕਿ ਬਿਜਲੀ ਗਾਹਕਾਂ ਨੂੰ ਉੱਚੀਆਂ ਕੀਮਤਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।