ਅੱਜ ਵਿਸ਼ਵ ਭਰ ਵਿੱਚ ‘ਰਫੂਜੀ ਦਿਹਾੜਾ’ ਮਨਾਇਆ ਜਾ ਰਿਹਾ ਹੈ ਅਤੇ ਆਸਟ੍ਰੇਲੀਆ ਵਿੱਚ ਰਫੂਜੀ, ਫੈਡਰਲ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਖਾਤਮਾ, ਉਨ੍ਹਾਂ ਨੂੰ ਸਥਾਈ ਵੀਜ਼ੇ ਦੇ ਕੇ ਕੀਤਾ ਜਾਵੇ ਤਾਂ ਜੋ ਉਹ ਵੀ ਹੋਰਨਾਂ ਵਾਂਗੂੰ, ਦੇਸ਼ ਵਿੱਚ ਮਿਲਣ ਵਾਲੀਆਂ ਪੂਰੀਆਂ ਸਹੂਲਤਾਂ ਦੇ ਲਾਭ ਉਠਾ ਸਕਣ ਅਤੇ ਉਹ ਸੁਫ਼ਨਾ ਪੂਰਾ ਕਰ ਸਕਣ ਜਿਸਨੂੰ ਲੈ ਕੇ ਉਹ ਇਸ ਸੁਹਣੇ ਮੁਲਕ ਵਿੱਚ ਆਏ ਸਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ -ਐਂਥਨੀ ਐਲਬਨੀਜ਼ ਨੇ ਆਪਣੇ ਚੋਣ ਮੁਹਿੰਮਾਂ ਦੌਰਾਨ ਲਗਾਤਾਰ ਇਹ ਗੱਲ ਕਹੀ ਸੀ ਕਿ ਉਹ ਅਜਿਹੇ 19,000 ਲੋਕਾਂ ਨੂੰ ਸਥਾਈ ਵੀਜ਼ਾ ਪ੍ਰਦਾਨ ਕਰਨਗੇ ਜਿਨ੍ਹਾਂ ਨੂੰ ਆਸਟ੍ਰੇਲੀਆਈ ਸਰਕਾਰ ਨੇ ‘ਰਫੂਜੀ’ ਐਲਾਨਿਆ ਹੋਇਆ ਹੈ।
ਇਨ੍ਹਾਂ ਵਿੱਚ ਅਜਿਹੇ ਕਈ ਦੂਸਰੇ ਦੇਸ਼ਾਂ ਤੋਂ ਆਏ ਹੋਏ ਸ਼ਰਣਾਰਥੀ ਹਨ ਜੋ ਕਿ ਬੀਤੇ 9-10 ਸਾਲਾਂ ਤੋਂ ਆਸਟ੍ਰੇਲੀਆ ਰਹਿ ਰਹੇ ਹਨ ਅਤੇ ਕਾਫੀ ਸਰੀਰਕ ਅਤੇ ਮਾਨਸਿਕ ਕਸ਼ਟ ਉਠਾਉਣ ਤੋਂ ਬਾਅਦ ਹੁਣ ਇੱਥੇ ਦੇ ਸਮਾਜਿਕ ਮਾਹੌਲ ਵਿੱਚ ਪੂਰੀ ਤਰ੍ਹਾਂ ਰਚ-ਮਿਚ ਜਾਣ ਦੀ ਕੋਸ਼ਿਸ਼ ਵਿੱਚ ਹਨ -ਪਰੰਤੂ… ਵੀਜ਼ਾ ਉਨ੍ਹਾਂ ਦਾ ਅਸਥਾਈ ਹੀ ਹੈ ਅਤੇ ਉਹ ਇਸ ਉਮੀਦ ਵਿੱਚ ਹਨ ਕਿ ਉਨ੍ਹਾਂ ਨੂੰ ਵੀ ਸਥਾਈ ਵੀਜ਼ਾ ਹੁਣ ਮਿਲ ਜਾਣਾ ਚਾਹੀਦਾ ਹੈ।
ਇਨ੍ਹਾਂ ਸ਼ਰਥਾਰਥੀਆਂ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਪੁਰਸ਼, ਮਹਿਲਾਵਾਂ ਅਤੇ ਬੱਚੇ ਵੀ ਸ਼ਾਮਿਲ ਹਨ ਜੋ ਕਿ ਹਾਲ ਦੀ ਘੜੀ ਨਵੀਂ ਬਣੀ ਐਂਥਨੀ ਐਲਬਨੀਜ਼ ਸਰਕਾਰ ਵੱਲ ਬੜੀਆਂ ਉਮੀਦਾਂ ਨਾਲ ਦੇਖ ਰਹੇ ਹਨ।